ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Apr 2015

ਭੁੱਖ ਜਿਹਾ ਦੁੱਖ (ਹਾਇਬਨ)

ਸ਼ਾਮ ਦਾ ਵੇਲਾ.......ਆਗਰੇ ਦਾ ਰੇਲਵੇ ਸਟੇਸ਼ਨ .......ਆਗਰਾ ਕੈਂਟ। ਚਹਿਲ -ਪਹਿਲ ਵਾਲਾ ਮਾਹੌਲ ਉਸ ਸਮੇਂ ਉਦਾਸੀਨ ਹੋ ਗਿਆ ਜਦੋਂ ਇੱਕ 10-12 ਸਾਲ ਦੇ ਲੱਤ ਤੋਂ ਲੰਗੜੇ ਤੇ ਅੱਧਨੰਗੇ ਜਿਹੇ ਬੱਚੇ ਨੇ ਉੱਥੇ ਉੱਚੀ -ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਸਾਡੀ ਗੱਡੀ ਲੇਟ ਸੀ। ਅਸੀਂ ਕਾਫ਼ੀ ਦੇਰ ਤੋਂ ਬੈਠੇ ਹੋਏ ਸਾਂ। ਕੁਝ ਨੰਨੇ ਬੱਚੇ , ਸੁਕੜੇ ਜਿਹੇ ਢਿੱਡ, ਗੰਦੇ ਜਿਹੇ ਚਿਹਰੇ, ਨਿੱਕਰਾਂ ਪਾਈ ਵਾਰ -ਵਾਰ ਯਾਤਰੀਆਂ ਅੱਗੇ ਹੱਥ ਅੱਡ ਰਹੇ ਸਨ। ਕਿਸੇ ਨੂੰ ਇੱਕ ਰੁਪਿਆ ਮਿਲਿਆ ਤਾਂ ਉਸ ਦੇ ਚਿਹਰੇ 'ਤੇ ਖੇੜਾ ਆ ਗਿਆ। ਉਹ ਦੌੜਿਆ। ਦੋ ਉਸ ਦੇ ਮਗਰ ਦੌੜੇ। ਖੂਬ ਲੜਾਈ ਹੋਈ। ਫਿਰ ਵੀ ਉਹ ਬਚਦਾ -ਬਚਾਉਂਦਾ ਸਾਹਮਣੇ ਕਾਫ਼ੀ ਦੇਰ ਤੋਂ ਖਾਲੀ ਖੜ੍ਹੀ ਗੱਡੀ ਦੇ ਡੱਬੇ 'ਚ ਚੜ੍ਹ ਗਿਆ। ਫਿਰ ਦੂਜੇ ਪਾਸੇ ਦੀ ਨਿਕਲਦਾ ਮਰੂੰਡਾ ਲੈਣ ਲੱਗਾ। 
10-12 ਸਾਲ ਦੇ ਲੱਤੋਂ ਲੰਗੜੇ ਬੱਚੇ ਨੂੰ ਤਾਂ ਕਿਸੇ ਨੇ ਪੂਰੀ -ਛੋਲਿਆਂ ਦੀ ਪਲੇਟ ਹੀ ਦੇ ਦਿੱਤੀ ਸੀ। ਉਹ ਅਸਮਾਨ ਵੱਲ ਮੂੰਹ ਚੁੱਕੀ ਦੌੜਿਆ ,ਜਿਵੇਂ ਕਹਿ ਰਿਹਾ ਹੋਵੇ "ਦਾਤਿਆ ਅੱਜ ਕਿਵੇਂ ਮੇਹਰ ਹੋ ਗਈ। " ਉਸੇ ਖਾਲੀ ਖੜ੍ਹੀ ਗੱਡੀ ਦੇ ਡੱਬੇ 'ਚ ਉਹ ਅਜੇ ਚੜ੍ਹਿਆ ਹੀ ਸੀ ਕਿ 30 ਕੁ ਸਾਲ ਦਾ ਇੱਕ ਵੱਡਾ  ਮੰਗਤਾ  ਝਪਟ ਮਾਰ ਕੇ ਉਸ ਦੀ ਪਲੇਟ ਖੋਹ ਕੇ ਭੱਜ ਗਿਆ। ਉਹ ਆਪਣਾ ਢਿੱਡ ਫੜੀ ਉਸ ਦੇ ਮਗਰ ਦੌੜਿਆ ਤੇ ਨਿੱਕੇ ਬੱਚੇ ਵਾਂਗ ਉੱਚੀ -ਉੱਚੀ ਰੋਇਆ......ਜਿਵੇਂ ਬਹੁਤ ਵੱਡੀ ਚੀਜ਼ ਖੁੱਸ ਗਈ ਹੋਵੇ। ਮੈਥੋਂ ਦੇਖਿਆ ਨਹੀਂ ਜਾ ਰਿਹਾ ਸੀ। ਕਈ ਦਿਨ ਉਸ ਦੀ ਛਵੀ ਮੇਰੀਆਂ ਅੱਖਾਂ ਤੋਂ ਓਝਲ ਨਾ ਹੋ ਸਕੀ। ਭੁੱਖ ਦੇ ਦੁੱਖ ਦਾ ਅਹਿਸਾਸ ਉਸ ਬੱਚੇ ਦੀ ਬੇਵਸੀ ਰਾਹੀਂ ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਹੋਇਆ। ਮੈਂ ਸੋਚ ਰਹੀ ਸੀ ਕਿ ਭੁੱਖ ਜਿਹਾ ਕੋਈ ਦੁੱਖ ਨਹੀਂ ਅਤੇ ਰੋਟੀ ਜਿਹੀ ਕੋਈ ਲੋੜ ਨਹੀਂ। 

ਖੁਸ਼ਕ ਹਵਾ 
ਖਾਲੀ ਠੂਠੇ ਨੂੰ ਤੱਕੇ 
ਭਿਖਾਰੀ ਬੱਚਾ। 

ਪ੍ਰੋ . ਦਵਿੰਦਰ ਕੌਰ ਸਿੱਧੂ 
(ਦੌਧਰ -ਮੋਗਾ)
ਨੋਟ: ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ। 


5 comments:

  1. ਬਹੁਤ ਵਧੀਆ ਹਾਇਬਨ। ਜ਼ਿੰਦਗੀ ਦੀਆਂ ਮੁੱਢਲੀਆਂ ਲੋੜਾਂ ਵਿਚੋਂ ਇੱਕ, ਜੋ ਕਿ ਰੋਟੀ ਹੈ,ਦੀ ਕਮੀ (ਭੁੱਖ) ਦਾ ਅਨੋਖਾ ਚਿਤਰਣ ਕਰਦਾ ਹੋਇਆ ਅਧੂਰੀ ਮਨੁੱਖਤਾ ਦਾ ਅਹਿਸਾਸ ਕਰਾਉਂਦਾ ਹੈ।

    ਭੁਪਿੰਦਰ ਨਿਊਯਾਰਕ।

    ReplyDelete
  2. ਦਵਿੰਦਰ ਭੈਣ ਜੀ ਦੀਆਂ ਲਿਖਤਾਂ ਹਮੇਸ਼ਾ ਹੀ ਪ੍ਰਭਾਵਸ਼ਾਲੀ ਹੁੰਦੀਆਂ ਹਨ। ਇਸ ਹਾਇਬਨ 'ਚ ਬੇਵਸੀ ਤੇ ਭੁੱਖ ਦਾ ਚਿਤਰਣ ਵੇਖਣ ਨੂੰ ਮਿਲਿਆ। ਗਰੀਬੀ ਤੇ ਭੁੱਖ ਜਿਹੀ ਕੋਈ ਮਜਬੂਰੀ ਨਹੀਂ ਇਸ ਦੁਨੀਆਂ 'ਚ। ਅਸੀਂ ਇਹੋ ਜਿਹੀਆਂ ਘਟਨਾਵਾਂ ਰੋਜ਼ਾਨਾ ਵੇਖਦੇ ਹਾਂ ਤੇ ਵੇਖ ਕੇ ਵੀ ਅਣਡਿੱਠਾ ਕਰ ਭੁੱਲ ਜਾਂਦੇ ਹਾਂ। ਯਾਦ ਦਿਵਾਉਣ ਲਈ ਸ਼ੁਕਰੀਆ ਭੈਣ ਜੀ।

    ReplyDelete
  3. Wonder picture of humanity
    Klchawla

    ReplyDelete
  4. ਸੋਹਣੀ ਰਚਨਾ ਅਤੇ ਜਿੰਦਗੀ ਨਾਲ ਜੁੜੀ ਹੋਈ ਰਚਨਾ ।

    ReplyDelete
  5. ਦਿਲ ਨੂੰ ਛੂਹਣ ਵਾਲਾ ਸੱਚ। ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕੀਤਾ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ