ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 May 2015

ਅਦਿੱਖ ਪੀੜ

ਉਸ ਦਾ ਸਰੀਰ ਅੱਜ ਟੁੱਟ ਰਿਹਾ ਸੀ......ਤਨ ਦਾ ਦਰਦ ਅੱਖਾਂ ਰਾਹੀਂ ਵਹਿ ਰਿਹਾ ਸੀ। ਇਓਂ ਲੱਗਦਾ ਸੀ ਜਿਵੇਂ ਉਹਨਾਂ ਅੱਖਾਂ 'ਚ ਸੂਰਜ ਡੁੱਬ ਗਿਆ ਹੋਵੇ।  ਪਰ ਉਹ ਖਾਮੋਸ਼ ਮੰਜੇ 'ਤੇ ਪਈ ਅਥਾਹ ਜੰਮਣ ਪੀੜਾਂ ਸਹਿ ਰਹੀ ਸੀ। ਬਰਦਾਸ਼ਤ ਚਾਹੇ ਜਵਾਬ ਦੇ ਚੁੱਕੀ ਸੀ ਪਰ ਪਤਾ ਨਹੀਂ ਫਿਰ ਵੀ ਕਿਵੇਂ ਉਹ ਬਿਨ-ਆਵਾਜ਼ ਕੀਤਿਆਂ ਪੀੜਾਂ ਨਾਲ ਜੂਝ ਰਹੀ ਸੀ। ਕੋਲ਼ ਬੈਠੀ ਉਸ ਦੀ ਮਾਂ ਨੇ ਡਾਕਟਰ ਨੂੰ ਬੁਲਾ ਕੇ ਇੱਕ ਵਾਰ ਉਸ ਦਾ ਚੈਕਅਪ ਕਰਨ ਲਈ ਅਰਜ਼ ਕੀਤੀ। ਤਸੱਲੀ ਦੇ ਰਹੀ ਡਾਕਟਰ ਨੇ ਕਿਹਾ, "ਅਜੇ ਬਹੁਤ ਸਮਾਂ ਹੈ ਬੱਚੇ ਦੇ ਜਨਮ 'ਚ ..... ਏਥੇ ਤਾਂ ਚੀਖਾਂ ਵੱਜਦੀਆਂ ਨੇ, ਇਸ ਦੀਆਂ ਇਹ ਪੀੜਾਂ ਤਾਂ ਅਜੇ ਕੁਝ ਵੀ ਨਹੀਂ ਹਨ।" 
               ............ਪਰ ਉਹ ਦਰਦਾਂ ਨਾਲ ਹਾਲੋਂ -ਬੇਹਾਲ ਹੋਈ ਪਈ ਸੀ। ਉਸ ਦੀ ਤਾਂ ਜਿਵੇਂ ਜਾਨ ਨਿਕਲ ਰਹੀ ਸੀ ਪਰ ਜਦੋਂ ਵੀ ਉਸ ਦੇ ਦਰਦ ਉੱਠਦਾ ਉਹ ਬੁੱਲ੍ਹਾਂ ਨੂੰ ਚਿੱਥਦੀ, ਆਕੜਾਂ ਭੰਨਦੀ ਅੰਦਰੋਂ -ਅੰਦਰੀਂ ਹੀ ਘੁੱਟ ਲੈਂਦੀ ਸੀ। ਜ਼ਿਹਨ ਦੀ ਗੁੰਝਲਾਈ ਜ਼ੁਲਫ਼ ਨੂੰ ਕੰਘੀ ਕਰਦੀ ਉਹ ਇਸ ਔਖੇ ਵਕਤ ਦੇ ਖਤਮ ਹੋਣ ਦੀ ਉਡੀਕ ਕਰ ਰਹੀ ਸੀ। ਮਾਂ ਤੋਂ ਉਸ ਦਾ ਦਰਦ ਝੱਲਿਆ ਨਹੀਂ ਜਾ ਰਿਹਾ ਸੀ। ਮਾਂ ਨੇ  ਫਿਰ ਡਾਕਟਰ ਨੂੰ ਕਿਹਾ," ਮੈਂ ਆਪ ਵਾਂਗ ਡਾਕਟਰ ਤਾਂ ਨਹੀਂ ਹਾਂ ਜੋ ਜਾਂਚ ਕਰਕੇ ਦੇਖ ਸਕਾਂ ....ਪਰ ਇਸ ਦੀ ਮਾਂ ਜ਼ਰੂਰ ਹਾਂ .....  ਮੇਰੀ ਧੀ ਦੀ ਅਸਹਿ ਤੇ ਅਕਹਿ ਪੀੜਾ ਮੈਨੂੰ ਦਿਖਾਈ ਦੇ ਰਹੀ ਹੈ .....ਉਸ ਦੇ ਚਿਹਰੇ ਪਸਰੀ ਅਦਿੱਖ ਪੀੜ ਮੈਨੂੰ ਆਪਣੇ ਪੋਰ -ਪੋਰ 'ਚ ਮਹਿਸੂਸ ਹੋ ਰਹੀ ਹੈ .....ਮੇਰੀ ਧੀ ਬਹੁਤ ਪੀੜਾ 'ਚ ਹੈ....ਉਸ ਨੂੰ ਅੰਦਰ ਲੈ ਜਾਓ।" 
              ਡਾਕਟਰ ਅਣਮੰਨੇ ਜਿਹੇ ਮਨ ਨਾਲ ਉਸ ਨੂੰ ਲੇਬਰ ਰੂਮ 'ਚ ਲੈ ਗਈ ....... ਤੇ ਅਗਲੇ ਕੁਝ ਪਲਾਂ ਬਾਦ ਹੀ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦੇਣ ਲੱਗੀ। ਸੋਹਣਾ ਲੜਕਾ ਹੋਇਆ ਸੀ ... ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਸਨ। ਮਾਂ ਡਾਕਟਰ ਤੋਂ ਆਪਣੀ ਧੀ ਦਾ ਹਾਲ ਪੁੱਛਦੀ ਉਸ ਦੇ ਸਿਹਤ ਅਫ਼ਜ਼ਾ ਹੋਣ ਦੀ ਦੁਆ ਕਰ ਰਹੀ ਸੀ। 

ਲੇਬਰ ਰੂਮ -
ਪੀੜਾਂ 'ਚ ਕੁਰਲਾਏ 
ਅੱਖਾਂ ਪੂੰਝੇ ਮਾਂ ।  

ਡਾ.ਹਰਦੀਪ ਕੌਰ ਸੰਧੂ  

ਨੋਟ: ਇਹ ਪੋਸਟ ਹੁਣ ਤੱਕ 70 ਵਾਰ ਪੜ੍ਹੀ ਗਈ। 

7 comments:

  1. ਮਾਂ ਜਿਸ ਪੀੜਾ ‘ਚੋ ਗੁਜਰ ਚੁਕੀ ਹੁੰਦੀ ਹੈ। ਉਹ ਦਰਦ ਮਾਂ ਹੀ ਜਾਣਦੀ ਹੈ ਤੇ ਮਹਸੂਸ ਕਰ ਸਕਦੀ ਹੈ। ਡਾਕਟਰ।
    ਓਹ ਪੀੜਾ ਕੀ ਜਾਣਨ। ਮਸ਼ੀਨੀ ਪੁਰਜ਼ੇ। ਕਮਾਲ ਕਰ ਦਿੱਤਾ ਹਰਦੀਪ ਤੁਸਾਂ। ਬਧਾਈ। ਦਰਦ ਦੀ ਜੀਂਦੀ ਜਾਗਦੀ ਤਸਵੀਰ ਖਿਚ ਕੇ।

    ReplyDelete
  2. ਜਨਮ ਦਿਨ ਦੀ ਵਧਾਈ

    ਅੱਜ 17 ਮਈ ਹੈ। ਤੇਰਾ ਜਨਮ ਦਿਨ। ਇਸ ਦਿਹਾੜੇ ਦੀ ਲੱਖ ਲੱਖ ਵਧਾਈ।
    ਪ੍ਰਮਾਤਮਾ ਨੂ ਮੇਰੀ -
    ਦੁਆ ਹੈ ਕਾਮਯਾਬੀ ਦੇਵੇ
    ਹਰ ਸ਼ਿਖਰ ਤੇ ਤੇਰਾ ਨਾਮ ਹੋਵੇ।
    ਤੇਰੇ ਕਦਮਾ ‘ਤੇ ਦੁਨੀਆਂ ਦਾ ਸਲਾਮ ਹੋਵੇ।
    ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣੇ।
    ਸੁਖਾਂ ਦੀ ਵਗਦੀ ਹਵਾ ਹੋਵੇ।

    ‘ਦੀਪ’ (ਹਰਦੀਪ) ਜੋ ਇੱਕ ਨਹੀ ਅਨੇਕਾਂ ਰੋਸ਼ਨੀ ਦੇ ਰੂਪ ਵਿਚ ਪ੍ਰਾਪਤ ਹੋਇਆ ਸਾਨੂੰ ਵਰਦਾਨ ਪ੍ਰਭੂ ਦਾ।
    ਮਾਂ ਜਨਣੀ ਨੂ ਮਿਲਿਆ ਅਨਮੋਲ ਕੰਨਿਆ ਰਤਨ। ਸਹੁਰਿਆਂ ਨੂੰ ਮਿਲੀ ਗੁਣਾਂ ਦੀ ਗੁੱਥਲੀ ਬਹੂ -ਰਾਣੀ।
    ਹਰ ਘਰੇਲੂ ਕੰਮ ‘ਚ ਨਿਪੁਨ ਸੁਆਣੀ। ਸਾਹਿਤਕ ਦੋਸਤਾ ਨੂ ਮਿਲੀ ਇੱਕ ਸੁਹਿਰਦ ,ਮਿੱਠਾ ਬੋਲਣ ਵਾਲੀ ਇੱਕ ਸਖੀ -ਸਹੇਲੀ, ਜੋ ਆਪਣੀ ਚੁਬੰਕੀ ਸ਼ਕਤੀ ਨਾਲ ਦੂਜਿਆਂ ਨੂ ਆਪਣੀ ਵੱਲ ਸਿਰਫ਼ ਖਿੱਚਦੀ ਹੀ ਨਹੀਂ ਬਲਕਿ ਆਪਣੀ ਚੁੰਬਕੀ ਸ਼ਕਤੀ ਨਾਲ ਉਹਨਾਂ ਦੇ ਗੁਣਾ ਨੂ ਵਿਕਸਤ ਕਰਨ ਦੀ ਸਮਰੱਥਾ ਵੀ ਰੱਖਦੀ ਹੈ। ਆਪਣੇ ਵਿਦਿਆਰਥੀਆਂ ਦੀ ਪਿਆਰੀ ਅਧਿਆਪਕਾ ,ਜੋ ਸੱਚੀ ਲਗਨ ਨਾਲ ਜੁੱਟ ਜਾਂਦੀ ਹੈ ਜਿਸ ਵਿਦਿਆਰਥੀ ਨੂੰ ਜਦੋਂ ਕੁਝ ਸਮਝ ਨਹੀਂ ਆਉਂਦਾ ,ਉਸ ਨੂ ਸਮਝਾਉਣ।

    ਸਾਲਾਂ ਤੋਂ ਤਲਾਸ਼ ਸੀ ਮੈਨੂੰ ਇੱਕ ਅਜਿਹੀ ਹੀ ਕਿਸੇ ਸਾਹਿਤਕ ਸਹੇਲੀ ਦੀ....ਸੋ ਮਿਲ ਗਈ ਹੈ ਅੱਜ ਮੇਰੇ ਸੁਭਾਗ ਨਾਲ। ਅੱਜ ਉਸਦੇ ਜਨਮ ਦਿਨ ‘ਤੇ ਢੇਰ ਅਸੀਸਾਂ ਲੈ ਕੇ ਆਈ ਹਾਂ।
    ਕਮਲਾ ਮਾਸੀ

    ReplyDelete
  3. ਮਾਂ ਦੀਆਂ ਅੱਖਾਂ ਵਿੱਚ ਧੀ ਪ੍ਰਤੀ ਵੇਦਨਾ .....ਕਮਾਲ ਦਾ ਹਾਇਬਨ।


    ReplyDelete
  4. Only mother understand the feeling of her daughter. So touching. Beautiful rachna.

    ReplyDelete
  5. ਅਦਿੱਖ ਪੀੜ ਪੜ੍ਹਨ ਵਾਲੇ ਸਾਰੇ ਪਾਠਕਾਂ ਦਾ ਤਹਿ ਦਿਲੋਂ ਧੰਨਵਾਦ ਜਿਹਨਾਂ ਕੁਝ ਪਲ ਖਲੋ ਕੇ ਮਾਂ ਦੀ ਸੰਵੇਦਨਾ ਨੂੰ ਪੜ੍ਹਨ ਲਈ ਸਮਾਂ ਕੱਢਿਆ।
    ਕਮਲਾ ਜੀ, ਦਵਿੰਦਰ ਭੈਣ ਤੇ ਰੁਚੀ - ਮਾਵਾਂ -ਧੀਆਂ ਦੇ ਰਿਸ਼ਤੇ ਦੀ ਸਾਂਝ ਦਾ ਹੁੰਗਾਰਾ ਭਰਨ ਲਈ ਸ਼ੁਕਰੀਆ। ਖਾਸ ਕਰਕੇ ਕਮਲਾ ਜੀ ਦਾ -ਆਪ ਨੇ ਬਹੁਤ ਹੀ ਸੋਹਣੀ ਸੁਗਾਤ ਭੇਜੀ ਹੈ ਆਪਣੇ ਮੋਹ 'ਚ ਭਿਓਂ ਕੇ।
    ਇਹ ਲਿਖਤ ਮੈਂ ਆਪਣੇ ਜਨਮ ਦਿਨ 'ਤੇ ਮੇਰੀ ਮਾਂ ਨੂੰ ਸਮਰਪਿਤ ਕੀਤੀ ਹੈ- ਪਰ ਇਸ ਧੰਨਵਾਦ ਲਈ ਸ਼ਬਦਾਂ ਦੀ ਕਮੀ ਭਾਸਦੀ ਰਹੇਗੀ।

    ReplyDelete
  6. ਲੇਬਰ ਰੂਮ ਵਿਚ ਇਕ ਹੋਰ ਮਾਂ ਦਾ ਵੀ ਜਨਮ ਹੋਇਆ । ਦੋ ਮਾਵਾਂ ਦੀ ਵਖਰੀ ਵਖਰੀ ਪੀੜ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ