ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 May 2015

ਜੁਗਨੀਨਾਮਾ - 3. ਬੇਬੇ ਦੀ ਚਿੱਠੀ

 ਸਿਆਲੂ ਰੁੱਤ 'ਚ ਕੱਚੇ ਬਨੇਰਿਆਂ 'ਤੇ ਡੁੱਲਦਾ ਚੜ੍ਹਦੀ ਟਿੱਕੀ ਦਾ ਸੂਹਾ ਚਾਨਣ। ਕੋਸੀ -ਕੋਸੀ ਧੁੱਪ ਸੇਕਦੀ ਬੇਬੇ ਦੇ ਬੋਲਾਂ ਦਾ ਅੰਮ੍ਰਿਤ ਅੱਜ ਇੰਝ ਝਰ ਰਿਹਾ ਸੀ ਜਿਵੇਂ ਨਿੱਤਰਿਆ ਪਾਣੀ ਤ੍ਰਿਹਾਈਆਂ ਫਸਲਾਂ ਨੂੰ ਸਿੰਜ ਰਿਹਾ ਹੋਵੇ। ਬੇਬੇ ਦੇ ਇਹਨਾਂ ਅਣਤੋਲੇ ਬੋਲਾਂ ਨੂੰ ਬੋਚ-ਬੋਚ ਕਾਗਜ਼ ਦੀ ਹਿੱਕ 'ਤੇ ਉਕਰ ਰਹੀ ਸੀ ਜੁਗਨੀ ....'ਬੇਬੇ ਦੇ ਇਲਾਹੀ ਪੈਂਡਿਆਂ ਦਾ ਚਾਨਣ ਖਿਲੇਰਦੀ ਚਿੱਠੀ ਦੇ ਰੂਪ 'ਚ। 
 "ਅੰਤਾਂ ਪਿਆਰੀਓ ਧੀਓ, ਜਿਉਂਦੀਆਂ ਵੱਸਦੀਆਂ ਰਓ। ਰੱਬ ਥੋਨੂੰ ਬਹੁਤਾ ਦੇਵੇ। ਧਰ -ਧਰ ਭੁੱਲੋ। ਹਰਾਨੀ ਤਾਂ ਪੁੱਤ ਥੋਨੂੰ ਬੌਤ ਹੋਊ ਬਈ ਇਹ ਕਿਹੜਾ ਆ ਅਜੇ ਬੀ ਗਏ ਗੁਜਰੇ ਜਮਾਨੇ ਦੀਆਂ ਬਾਤਾਂ ਪਾਈ ਜਾਂਦੈ। ਕੰਪੂਟਰਾਂ ਦੇ ਜਮਾਨੇ 'ਚ ਬੀ ਚਿੱਠੀਆਂ ਪਾਈ ਜਾਂਦੈ। ਪੁੱਤ ਥੋਡਾ ਕੋਈ ਆਵਦਾ ਹੀ ਇਹ ਹੱਕ ਜਤਾ ਸਕਦੈ। ਥੋਡੇ ਨਾਲ ਗੱਲਾਂ ਕਰਨ ਨੂੰ ਤਾਂ ਮੈਂ ਕਦੋਂ ਦੀ ਤਕਾਉਂਦੀ ਸਾਂ, ਬੱਸ ਬਿੰਦ -ਝੱਟ ਕਰਦੀ ਨੂੰ ਆ ਵੇਲਾ ਆ ਗਿਆ।ਚਿੱਠੀ -ਪੱਤਰੀ ਤਾਂ ਪੁੱਤ ਥੋਡੇ ਆ ਚੰਦਰੇ ਫੂਨਾਂ -ਕੰਪੂਟਰਾਂ ਨੇ  ਖਾ ਲੀ।
ਮੈਂ ਸਦਕੇ ਜਾਮਾਂ ਪੁੱਤ ਤਰੱਕੀ ਤਾਂ ਤੁਸੀਂ ਬੌਤ ਕਰਲੀ। ਬੌਤ ਪੜ੍ਹ -ਲਿਖ ਗਈਓਂ। ਬੌਤਾ ਪੜ੍ਹ ਕੇ ਲੱਗਦੈ ਥੋਡਾ ਡਮਾਕ ਚੱਕਿਆ ਗਿਐ। ਡੁੱਬੜੀਆਂ ਨੂੰ ਨਾ ਕੋਈ ਫਿਕਰ -ਨਾ ਫਾਕਾ। ਨਾ ਕੋਈ ਚੜ੍ਹੀ ਦੀ ਨਾ ਲੱਥੀ ਦੀ। ਕਿੰਨੀਆਂ ਅਲਗਰਜ਼ ਹੋ ਗਈ ਓਂ ਨੀ ਤੁਸੀਂ। ਆਵਦੇ ਮਾਂ -ਪਿਓ ਨੂੰ ਬੋਲਣ ਲੱਗੀਆਂ ਅੱਗਾ -ਪਿੱਛਾ ਨੀ ਵੇਂਹਦੀਆਂ। ਚੰਗੇ -ਚੰਗੇ ਘਰਾਂ ਦੀਆਂ ਧੀਆਂ ਐਂ ਲੱਪਰ -ਲੱਪਰ ਜਬਾਨ ਚਲਾਉਂਦੀਆਂ ਨੇ ਆਵਦੀਆਂ ਮਾਂਵਾਂ ਨੂੰ। ... ਅਖੇ ਗੋਲ ਰੋਟੀ ਪਕਾਉਣ ਦੀਆਂ ਨਸੀਹਤਾਂ ਸਾਨੂੰ ਹੀ ਕਿਓਂ ਦਿੰਨੇ ਓਂ , ਮੁੰਡੇ ਕਿਓਂ ਨੀ ਸਿੱਖਦੇ ? ਚੁੱਲ੍ਹਾ -ਚੌਂਕਾ ਤਾਂ ਹੁਣ ਰਿਹਾ ਨੀ ਜਿਹੜਾ ਬਈ ਏਨਾ ਨੇ ਲਿੱਪਣਾ ਆ, ਰੋਟੀ -ਟੁੱਕ ਕਰਦੀਆਂ ਦੀ ਡੁੱਬੜੀਓ ਥੋਡੀ ਜਾਨ ਨਿਕਲਦੀ ਆ। 

ਬੀਰ, ਰੱਬ ਝੂਠ ਨਾ ਬਲਾਵੇ….ਸਾਡੇ ਵੇਲ਼ਿਆਂ ‘ਚ ਕੁੜੀਆਂ ਬੌਤਾ ਨੀ ਸੀ ਪੜ੍ਹਦੀਆਂ। ਬੱਸ ਚਿੱਠੀ-ਚਪਾਠੀ ਲਿਖਣ ਜੋਗਾ ਈ ਜਾਣਦੀਆਂ ਸੀ। ਮੂੰਹ -ਨ੍ਹੇਰੇ ਉੱਠ ਮਾਲ- ਡੰਗਰ ਸਾਂਭਦੀਆਂ…ਧਾਰਾਂ ਕੱਢ…ਦੁੱਧ ਰਿੜਕਦੀਆਂ… ਰੋਟੀ-ਟੁੱਕ ਨਬੇੜ ਖੇਤ ਨੂੰ ਰੋਟੀ ਲੈ ਕੇ ਜਾਂਦੀਆਂ। ਵਿਹਲੇ ਵੇਲ਼ੇ ਚੁੱਲ੍ਹਾ-ਚੌਂਕਾ ਲਿੱਪਦੀਆਂ-ਸੁਆਰਦੀਆਂ। ਬਹੁਤੀਆਂ ਸਚਿਆਰੀਆਂ ਪਰੋਲ਼ਾ ਫੇਰ ਲੈਂਦੀਆਂ…ਕੰਧੋਲ਼ੀ -ਓਟਿਆਂ ‘ਤੇ ਫੁੱਲ-ਬੂਟੇ ਤੇ ਤੋਤੇ ਮੋਰਨੀਆਂ ਛਾਪਦੀਆਂ। ਕੱਢਣਾ-ਕੱਤਣਾ ਹਰ ਕੁੜੀ -ਕੱਤਰੀ ਦਾ ਸ਼ੌਕ ਹੁੰਦਾ। ਦਰੀਆਂ-ਖੇਸ ਬੁਣਦੀਆਂ…ਚਾਦਰਾਂ-ਸਰਾਣੇ ਤੇ ਬਾਗ-ਫੁਲਕਾਰੀਆਂ ਕੱਢਦੀਆਂ। ਪੱਖੀਆਂ-ਬੋਹੀਏ…ਮੰਜੇ-ਪੀੜ੍ਹੀਆਂ ਬੁਣਦੀਆਂ। ਫੇਰ ਪਿੰਡਾਂ ‘ਚ ਜਦੋਂ ਸਿਲਾਈ ਮਸ਼ੀਨਾਂ ਆਗੀਆਂ…ਕੱਪੜੇ ਸਿਊਣਾ ਸਿੱਖੀਆਂ। ਕੋਟੀਆਂ-ਸਵਾਟਰ ਬੁਣਨ ਲੱਗਪੀਆਂ। ਕੁੜੇ ਨੌਂ ਨੀ ਔਂਦਾ..ਓਹ ਗਿੱਠ ਕ ਜਿਹੀ ਸਲ਼ਾਈ ਦਾ….ਆਹੋ ਸੱਚ….ਕਰੋਸ਼ੀਆ …’ਤੇ ਭਾਂਤ-ਸਭਾਂਤੇ ਨਮੂਨੇ ਲਾਹੁਣ ਲੱਗਪੀਆਂ। 


ਪੁੱਤ ਜਮਾਨਾ ਬਦਲ ਗਿਆ..ਮੈਂ ਕਦੋਂ ਮੁੱਕਰਦੀਆਂ। ਕੁੜੇ ਜੈ-ਖਾਣੇ ਦੀ ਕੁਦਰਤ ਤਾਂ ਨੀ ਬਦਲੀ। ਕਈ ਕੰਮ ਕੁਦਰਤੋਂ ਈ ਕੁੜੀਆਂ ਨੂੰ ਸੋਭਦੇ ਆ।ਜੇ ਕੁਦਰਤ ਆਵਦਾ ਨੇਮ ਨੀ ਤੋੜਦੀ ਤਾਂ ਮਾਤੜਾਂ-ਧਮਾਤੜਾਂ ਨੇ ਤੋੜਕੇ ਤਾਂ ਔਖੇ ਹੀ ਹੋਣਾ ਆ। ਨਿਆਣੇ ਤਾਂ ਤੀਮੀਆਂ ਈ ਜੰਮਦੀਆਂ ਨੇ। ਧੁਰੋਂ ਮਿਲ਼ੀ ਦਾਤ ਥੋਨੂੰ “ਮਾਂ” ਬਣਾਉਂਦੀਆ। ਮਾਂ ਦੇ ਰੁੱਤਬੇ ਨੂੰ ਚੰਗੂ ਹੰਢਾਉਣ ਲਈ…ਪੁੱਤ ਕੁੜੀਆਂ-ਕੱਤਰੀਆਂ ਨੂੰ ਕੂਨੀਆਂ -ਸਚਿਆਰੀਆਂ ਬਣਨਾ ਹੀ ਪੈਣਾ।ਹੁਣ ਤਾਂ ਬੱਸ ਇੱਕੋ ਹੀ ਸੰਸਾ ਆ…ਬਈ ਬੱਡੀਆਂ ਪਟਰਾਣੀਆਂ ਡੱਕਾ ਭੰਨ ਕੇ ਦੂਹਰਾ ਕਰਦੀਆਂ ਨੀ …ਸਚਿਆਰੀਆਂ ਇਨ੍ਹਾਂ ਸੁਆਹ ਬਣਨਾ। 
ਲਿਖਤਮ ਬੇਬੇ ਧੰਨ ਕੁਰ। 
 ਗਹਿਰ -ਗੰਭੀਰ ਗੱਲਾਂ ਦਾ ਪੈਂਡਾ ਕਰਦੀ  ਬੇਬੇ ਦੀਆਂ ਅੱਖਾਂ 'ਚ ਰੋਹ ਤੇ ਚਿੰਤਾ ਦੇ ਰਲਵੇਂ ਜਿਹੇ ਭਾਵ ਵੇਖਦਿਆਂ ਜੁਗਨੀ ਦੀ ਚੱਲਦੀ ਕਲਮ ਰੁੱਕ ਗਈ। .........ਉਹ ਹੁਣ ਸੋਚ ਝਨਾਵਾਂ 'ਚ ਗੋਤੇ ਖਾ ਰਹੀ ਸੀ। 

ਖੂਹ ਦੀ ਖੇਲ 

ਖੜ੍ਹਾ ਗੰਧਲਾ ਪਾਣੀ 
ਪਿਆਸਾ ਰਾਹੀ। 

ਡਾ. ਹਰਦੀਪ ਕੌਰ ਸੰਧੂ 


(ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ


ਨੋਟ: ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ।

4 comments:

  1. ਕੁਦਰਤ ਦਾ ਸਚ , ਮਾਵਾਂ ਤਾਂ ਕੁੜੀਆਂ ਹੀ ਬਣਦੀਆਂ ਹਨ ।
    ਮਾਂ ਦੇ ਕੰਮ ਤਾਂ ਮਾਂ ਨੇ ਹੀ ਕਰਣੇ ਨੇ । ਸਚ ਹੈ ।

    ReplyDelete
  2. ਬੇਬੇ ਦਾ ਸਮਝਾਉਣ ਕਦੇ ਝਿੜਕ ਕੇ ਕਦੇ ਪਿਆਰ ਨਾਲ, ਮਿਹਨਤ ਨਾਲ ਕੰਮ ਕਰਨ ਲਈ ਸਾਨੂੰ ਉਤਸ਼ਾਹਿਤ ਕਰਨਾ ਤੇ ਕਿੰਨੀ ਫਿਕਰ ਹੈ ਬੇਬੇ ਨੂੰ ਸਾਡੀ ਸਾਰਿਆਂ ਦੀ। ਬਹੁਤ ਹੀ ਵਧੀਆ ਲਿਖਿਆ ਹੈ।
    ਪਰਮ

    ReplyDelete
  3. ਬੇਬੇ ਧੰਨ ਕੋਰ ਜੀ,
    ਸਤਿ ਸਿਰੀ ਅਕਾਲ।
    ਤੁਹਾਡਾ ਖ਼ਤ ਪੜ ਪੜ ਮੈ ਤਾਂ ਉਸ ਜਮਾਨੇ ਬਿਚ ਗੁਆਚ ਗਈ।
    ਕਿੰਨਾ ਫਿਕਰ ਹੈ ਤੁਹਾਨੂ ਇਸ ਪੀੜੀ ਦਾ। ਤੁਹਾਡੀਆ ਸਾਰੀਆਂ ਗਲਾਂ ਮਨ ਮੋਹਣੀਆ ਹਨ । ਨ੍ਸੀਤਾਂ ਵਾਲੀਆਂ। ਇਹ ਸ਼ਬਦ ਚਿਤ੍ਰ ਮਨ ਦੇ ਪਿਆਰ ਦਾ ,ਅਸ਼ਿਸ਼ਾਂ ਦੀ ਵਰਖਾ ਕਰਦਾ ਅਤੇ ਇਕ ਤਾਜਗੀ ਦੇਂਦਾ ਉਸ ਯੁਗ ਤੋਂ ਸਾਨੂ 21ਵੀੰ ਸਦੀ ਤਕ ਲੈ ਆਯਾ ਇਸ ਸਦੀ ਦੇ ਭੀ ਸੁੰਦਰ ਚਿਤ੍ਰ ਨਾਲ ਰੂਬਰੂ ਕਰਾ ਗਿਆ। ਇਕ ਗਲ ਕਿਉਂ ਛਡ ਦਿਤੀ ਚੱਕੀ ਪੀਸਨਾ ਤਦ ਜਾਕੇ ਤਾਂ ਸ਼ਾ ਵੇਲਾ ਪਕਦਾ ਸੀ । ਬੇਬੇ ਆਪਣੇ ਅਟੇਰਨੇ ਬਿਚ ਜਿਆਦਾ ਮਗਨ ਹੋ ਗਈ ਜਾਪਦੀ ਹੈ। ਗਲਾਂ ਦਾ ਸਿਲਸਿਲਾ ਜਦੋਂ ਸ਼ੁਰੂ ਹੁੰਦਾ ਇੰਜ ਹੀ ਹੁੰਦਾ ਹੈ ।
    ਬੇਬੇ ਜੀ ਫੇਰ ਭੀ ਖਤ ਲਿਖਾਤੇ ਰਹਿਓ।
    ਆਵਦੀ ਪਾਠਿਕਾ।
    ਕਮਲਾ ਘਾਟੋਰਾ

    ReplyDelete
  4. ਬੇਬੇ ਦੀ ਚਿੱਠੀ ਦਾ ਜਵਾਬ ਦੇਣ ਵਾਲੇ ਸਾਰੇ ਪਾਠਕਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ।
    ਇੱਕ ਗੱਲ ਵੱਲ ਵਿਸ਼ੇਸ਼ ਧਿਆਨ ਦਵਾਉਣ ਚਾਹੁੰਦੀ ਹਾਂ ਕਿ ਹਾਇਬਨ ਦੇ ਅੰਤ 'ਚ ਲਿਖੇ ਹਾਇਕੁ ਵੱਲ ਜ਼ਰੂਰ ਧਿਆਨ ਦਿਆ ਕਰੋ ਤੇ ਜੇ ਹੋ ਸਕੇ ਤਾਂ ਇਸ ਨੂੰ ਹਾਇਬਨ ਨਾਲ ਜੋੜ ਕੇ ਪੜ੍ਹਨ ਤੇ ਵਿਆਖਿਆ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ।
    ਬੇਬੇ ਦੀ ਚਿੱਠੀ ਦੇ ਅੰਤ ਵਿੱਚ ਲਿਖਿਆ ਹਾਇਕੁ ਬਿੰਬਾਤਮਕ ਹੈ -
    ਖੂਹ ਦੀ ਖੇਲ 'ਚ ਖੜ੍ਹਾ ਗੰਧਲਾ ਪਾਣੀ - ਖੂਹ ਇੱਥੇ ਵੱਡੇਰਿਆਂ ਨੂੰ ਪ੍ਰਗਟਾਉਂਦਾ ਹੈ ਜੋ ਗੁਣਾਂ ਨਾਲ ਭਰਪੂਰ ਨੇ ਤੇ ਖੇਲ ਅਜੋਕੀ ਪੀੜ੍ਹੀ ਨੂੰ ਦਰਸਾਉਂਦੀ ਹੈ ਜਿਸ 'ਚ ਖੂਹ 'ਚੋਂ ਪਾਣੀ ਕੱਢ ਕੇ ਪਾ ਤਾਂ ਦਿੱਤਾ ਗਿਆ ਹੈ ਪਰ ਇਹ ਖੜ੍ਹਾ ਹੈ -ਭਾਵ ਮਾਪਿਆਂ ਨੇ ਗੁਣ ਤਾਂ ਦੇ ਦਿੱਤੇ ਆਪਣੇ ਬੱਚਿਆਂ ਨੂੰ ਪਰ ਉਹ ਇਹਨਾਂ ਨੂੰ ਸਵੀਕਾਰ ਕਰਨ ਤੋਂ ਇਨਕਾਰੀ ਨੇ -ਗੱਲ ਸੁਣਦੇ ਨਹੀਂ ਮੰਨਦੇ ਨਹੀਂ ਕੋਈ ਹਲੀਮੀ ਨਹੀਂ। ਪੜ੍ਹ ਲਿਖ ਕੇ ਜੋ ਨਿਮਰਤਾ ਆਉਣੀ ਚਾਹੀਦੀ ਸੀ, ਗੁਣਾਂ ਦੇ ਖਜ਼ਾਨੇ ਭਰਪੂਰ ਹੋਣੇ ਚਾਹੀਦੇ ਸਨ -ਸੱਖਣੇ ਪਏ ਨੇ - ਜਿਸ ਦੀ ਘਾਟ ਨਾਲ ਉਹਨਾਂ ਦੀ ਸੋਚ ਗੰਧਲੀ ਹੋ ਰਹੀ ਹੈ, ਬਿਲਕੁਲ ਖੇਲ 'ਚ ਖੜ੍ਹੇ ਪਾਣੀ ਵਾਗ ਤੇ ਰਾਹੀ ਪਿਆਸੇ ਹੀ ਰਹਿ ਜਾਂਦੇ ਨੇ - ਮਾਪੇ, ਦੋਸਤ ਤੇ ਹੋਰ ਜਾਣੂਆਂ ਦੇ ਅੰਤਰਮਨ ਤੇਹ ਨਹੀਂ ਬੁੱਝੜੀ ਉਹਨਾਂ ਦੀ ਇਸ ਗੰਧਲੀ ਸੋਚ ਕਰਕੇ।
    ਆਸ ਕਰਦੀ ਹਾਂ ਕਿ ਆਪ ਨੂੰ ਇਹ ਵਿਆਖਿਆ ਸਹੀ ਲੱਗੇਗੀ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ