ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Jun 2015

ਗਰਮੀ ਦੀ ਰੁੱਤ

 ਗਰਮੀ ਆਪਣੇ ਸਿਖ਼ਰਾਂ ‘ਤੇ ਪਹੁੰਚ ਚੁੱਕੀ ਏ, ਜੂਨ ਦਾ ਮਹੀਨਾ ਜੋ ਚੱਲ ਰਿਹਾ ਏ । ਬਾਹਰ ਮਕਾਨ ਦੀ ਛਾਵੇਂ ਮੰਜੀ ਡਾਹ ਕੇ ਲੰਮਾ ਪਿਆ ਨਾਜਰ ਮੱਖੀਆਂ ਦੀ ਸਰਸਰਾਹਟ ਤੋਂ ਤੰਗ, ਇਹਨਾਂ ਦੁਆਰਾ ਫੈਲਾਈ ਹੋਈ ਦਹਿਸ਼ਤ ਨੂੰ ਆਪਣੇ ਸਿਰ ਦੇ ਮੜਾਸੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨ ਲੱਗਾ । ਉਸਦਾ ਨਿੱਕਾ ਬਾਲ ਗਰਮੀ ਲੱਗਣ ਕਰਕੇ ...ਉਐਂ...ਉਐਂ...ਐਂ ਕਰ ਰਿਹਾ ਏ ਜਿਸ ਨੂੰ ਸੁਣ ਕੇ ਨਾਜਰ  ਦੀ ਘਰਵਾਲੀ ਹਥਲਾ ਕੰਮ ਛੱਡ ਕਾਕੇ ਨੂੰ  ਆਪਣੇ ਦੁਪੱਟੇ ਨਾਲ ਹਵਾ ਝੱਲਣ ਲੱਗੀ। ਓਟੇ ਦੀ ਛਾਵੇਂ ਬੈਠਾ ਇੱਕ ਕੁੱਤਾ ਲੰਬੀ ਜੀਭ ਕੱਢ ਕੇ ਤੇਜ਼ ਰਫ਼ਤਾਰ ਨਾਲ ਹਫ਼ ਰਿਹਾ ਏ “...ਹੈ.ਅ...ਹੈ.ਅ...ਹੈ.ਅ..!” 
ਕਾਂ ਦੀ ਅੱਖ ਕੱਢਣ ਵਾਲੀ ਸਿਖ਼ਰ ਦੁਪਿਹਰੇ ਪਿੰਡਾਂ ਦੀਆਂ ਗਲੀਆਂ ਗਲਿਆਰੇ ਕਿਸੇ ਰਾਤ ਦੇ ਸੰਨਾਟੇ ਵਾਂਗ ਸੁੰਨ-ਸਾਨ ਪਏ ਨੇ। ਨਾਜਰ ਦੇ ਰੋਕਣ ਦੇ ਬਾਵਜੂਦ ਵੀ ਉਸ ਦੇ ਵੱਡੇ ਖੇਡਣ-ਮੱਲਣ ਵਾਲੇ ਜੁਆਕ ਇਸ ਪਿੰਡੇ ਲੂਹਣੀ ਧੁੱਪ ਵਿੱਚ ਬਾਹਰ ਕਿਸੇ ਰੁੱਖ ਦੀ ਛਾਂ ਹੇਠ ਜਾ  ਖੇਡਣ ਲੱਗੇ। ਕੁਝ ਹੋਰ ਉਹਨਾਂ ਦੇ ਸਾਥੀ ਪਿੰਡ ਨੇੜੇ ਵਗਦੀ ਨਹਿਰ ਵਿੱਚ ਛਾਲ਼ਾਂ ਮਾਰਨ, ਤਾਰੀਆਂ ਲਾਉਣ ਅਤੇ ਵਗਦੇ ਸੀਤਲ ਪਾਣੀ ਨਾਲ ਅੱਠਖੇਲੀਆਂ ਕਰਨ 'ਚ ਮਸਤ ਨੇ। ਨਾਜਰ ਵੀ ਹੁਣ ਪਿੰਡ ਦੀ ਫਿਰਨੀ ‘ਤੇ ਲੱਗੇ ਸੰਘਣੇ ਰੁੱਖਾਂ ਦੀ ਛਾਂ ਹੇਠ ਬੈਠੇ ਤਾਸ਼ਾਂ ਖੇਡਦਿਆਂ, ਅਖ਼ਬਾਰਾਂ ਪੜ੍ਹਦਿਆਂ  ਅਤੇ ਪਿੰਡ ਦੀ  ਚੁੰਝ -ਚਰਚਾ 'ਚ ਜਾ ਸ਼ਾਮਿਲ ਹੋਇਆ। 
           ਸਾਹਮਣੇ ਪਿੰਡ ਵਾਲੇ ਟੋਭੇ ਦੇ ਕੰਢੇ 'ਤੇ ਪਾਣੀ ਵਿੱਚ ਤਾਰੀਆਂ ਲਾ ਕੇ ਖੰਭ ਝਾੜਦੇ ਪੰਛੀ, ਟੋਭੇ 'ਚ ਮਸਤੀ ਨਾਲ ਨਹਾਉਂਦੀਆਂ ਮੱਝਾਂ, ਗਾਵਾਂ ਤੇ  ਕੱਟਰੂ-ਵੱਛਰੂ ਆਪੋ-ਆਪਣੇ ਢੰਗ ਨਾਲ ਇਸ ਗਰਮੀ ਨੂੰ ਮਾਤ ਪਾ ਰਹੇ ਹਨ। ਕੁਝ ਚਹਿ-ਚਹਾਉਂਦੇ ਪੰਛੀ ਰੁੱਖਾਂ ‘ਤੇ ਆਲ੍ਹਣਿਆਂ ਵਿੱਚ ਬੈਠੇ ਆਪਣੇ ਬੋਟਾਂ ਨਾਲ ਕਲੋਲਾਂ ਕਰ ਰਹੇ ਨੇ । ਇਹਨਾਂ ਹੀ ਰੁੱਖਾਂ ਦੀ ਛਾਂ ਹੇਠ ਹਾਲ਼ੀ ਵਹਿੜਕੇ, ਬੌਲਦ, ਕੱਟੇ ਅਤੇ ਝੋਟੇ ਉਗਾਲ਼ੀ ਕਰਕੇ ਚਿੱਟੀ-ਚਿੱਟੀ ਝੱਗ ਸੁੱਟਦੇ ਨਜ਼ਰ ਆਉਂਦੇ ਹਨ।

ਜੂਨ ਮਹੀਨਾ  
ਗਿੱਠ ਕੁ ਲੰਬੀ ਜੀਭ
ਮਿਣਦੀ ਤਾਪ। 



ਭੂਪਿੰਦਰ ਸਿੰਘ 

(ਨਿਊ ਯਾਰਕ ) 
ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ।

3 comments:

  1. ਗਰਈਮੀ ਵਿਚ ਪੇਂਡੂੰ ਮਾਹੌਲ ਦਾ ਸੁੰਦਰ ਚਿਤਰਣ ਹੈ । ਬਧਾਈ !

    ReplyDelete
  2. ਗਰਮੀ ਰੁੱਤ ਦੀ ਬੜੀ ਸੁੰਦਰ ਮੂਵੀ ਹੀ ਬਣਾ ਦਿਤੀ ਹੈ |
    ਗਰਮੀ ਨਾਪਨ ਦਾ ਤਰੀਕਾ ਨਵੇਕਲਾ ਹੈ ।

    ReplyDelete
  3. ਗਰਮੀ ਦੀ ਰੁਤ ਦਾ ਚਿਤ੍ਰ ਬਹੁਤ ਬੜਿਆ। ਇਕ ਇਕ ਦਰਿਸ਼ ਕਮਾਲ ਦਾ ਹੈ। ਮੂਵੀ ਬੰਗੂ। ਵ੍ਧਾਯੀ ਭੁਪਿੰਦਰ ਜੀ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ