ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Jul 2015

ਓਦਰੇਵਾਂ

ਯੁੱਧ ਦੀ ਡਾਕੂਮੈਂਟਰੀ ਵੇਖਦਿਆਂ ਉਹ ਓਦਰੇਵੇਂ ਦੀ ਬੁੱਕਲ 'ਚ ਜਾ ਬੈਠੀ ਸੀ। ਚਿਹਰੇ 'ਤੇ ਉਦਾਸੀ ਦੇ ਪਰਛਾਵੇਂ ਛਾ ਗਏ , "....ਪਤਾ ਨਹੀਂ ਇਹ ਯੁੱਧ ਕਿਉਂ ਹੁੰਦੇ ਨੇ, ਕਿਸ ਦਾ ਭਲਾ ਹੋਇਆ ਹੈ ਅੱਜ ਤੱਕ ਯੁੱਧ ਨਾਲ ? ਅਮਨ ਦਾ ਪੰਛੀ ਪਤਾ ਨਹੀਂ ਕਿਹੜੇ ਅੰਬਰਾਂ ਨੂੰ ਉਡਾਰੀ ਮਾਰ ਗਿਆ, ਮੁੜ ਮੇਰੇ ਵਤਨੀਂ ਪਰਤਿਆ ਹੀ ਨਹੀਂ। ਮੇਰੇ ਵਤਨ ਸੁਡਾਨ ਦੇ ਲੱਖਾਂ ਲੋਕ ਬੇਘਰ ਹੋ ਗਏ। ਅਕਸਰ ਬੇਸਹਾਰਾ ਹੋਏ ਤੇ ਆਪਣਿਆਂ ਨੂੰ ਗੁਆ ਚੁੱਕੇ ਲੋਕ ਦਰ -ਬ -ਦਰ ਠੋਕਰਾਂ ਖਾਂਦੇ ਨੇ। ਫੇਰ ਸਹਾਰਿਆਂ ਨੂੰ ਤਲਾਸ਼ਦੇ ਅਣਜਾਣ ਰਾਹਾਂ 'ਤੇ ਤੁਰਦੇ ਅਣਜਾਣੀਆਂ ਥਾਂਵਾਂ ਵੱਲ ਚੱਲ ਪੈਂਦੇ ਨੇ।"
       ਅਚਾਨਕ ਡਰ ਤੇ ਪੀੜਾ ਉਸ ਦੀਆਂ ਅੱਖਾਂ ਰਾਹੀਂ ਵਹਿ ਤੁਰੀ, " ਮੈਂ ਤਾਂ ਜਨਮੀ ਹੀ ਯੁੱਧ 'ਚ ਸਾਂ। ਅਜਿਹੇ ਮਾਹੌਲ 'ਚ ਪਲਣਾ ਆਪਣੇ ਆਪ 'ਚ ਸਰਾਪ ਹੀ ਤਾਂ ਹੈ। ਓਹ ਚੰਦਰਾ ਦਿਨ ਕਿਵੇਂ ਭੁੱਲ ਸਕਦੀ ਹਾਂ, ਜਦੋਂ  ਹਵਾਈ ਫਾਇਰ ਕਰਕੇ  ਦਗੜ -ਦਗੜ ਕਰਦੇ ਫੌਜੀ ਸਾਨੂੰ ਘਰਾਂ 'ਚੋਂ ਕੱਢਣ ਲਈ ਆ ਧਮਕੇ ਸੀ। ਅਫਰੀਕਾ ਦੇ ਜੰਗਲਾਂ 'ਚ ਨੰਗੇ ਪੈਰੀਂ ਤੁਰਦਿਆਂ ਮੇਰੇ ਪੈਰ ਸੁੱਜ ਗਏ ਸਨ।  ਕਈ ਵਰ੍ਹੇ ਭਿਖਾਰੀਆਂ ਜਿਹਾ ਜੀਵਨ ਬੀਤਿਆ ਯੁਗਾਂਡਾ ਦੇ ਕੈਂਪਾਂ 'ਚ। ਜਿੱਥੇ ਆਪਣੇ ਸੰਗੀ ਸਾਥੀਆਂ ਨੂੰ  ਭੁੱਖ ਨਾਲ ਮਰਦੇ ਵੇਖਿਆ ਸੀ । ਰੰਗਲਾ ਬਚਪਨ ਤਾਂ ਮੈਨੂੰ ਕਿਤੇ ਮਿਲਿਆ ਹੀ ਨਹੀਂ। "
        ਫਿਰ ਉਸ ਦੀ ਸੋਚ ਦਾ ਪੰਛੀ ਕੈਂਪ ਦੇ ਉਸ ਰੁੱਖ ਦੀ ਟਹਿਣੀ ਜਾ ਬੈਠਾ ਸੀ ਜਿਸ ਹੇਠ ਬੈਠ ਉਸ ਨੇ ਪਹਿਲੀ ਵਾਰ ਉਂਗਲਾਂ ਨਾਲ ਰੇਤੇ 'ਤੇ ਲਿਖਣਾ ਸਿੱਖਿਆ ਸੀ। ਅਣਗਿਣਤ ਸੱਖਣੇ ਤੇ ਮੁਰਝਾਏ ਪਲਾਂ 'ਚ ਜ਼ਿੰਦਗੀ ਨੇ ਕੁਝ ਰੰਗ ਭਰੇ ਤੇ ਕਿਸਮਤ ਉਸ ਨੂੰ ਸੱਤ ਸਮੁੰਦਰੋਂ ਪਾਰ ਲੈ ਆਈ। ਹੁਣ ਡਰ ਦੀ ਥਾਂ ਉਦਾਸੀ ਨੇ ਲੈ ਲਈ ਸੀ ਤੇ ਆਪਣੀ ਮਿੱਟੀ ਨੂੰ ਛੱਡਣ ਦਾ ਓਦਰੇਵਾਂ ਉਸ ਦੀਆਂ ਅੱਖਾਂ 'ਚੋਂ ਸਾਫ਼ ਝਲਕਦਾ ਸੀ। 

ਟੀ. ਵੀ. 'ਤੇ ਯੁੱਧ 
ਓਦਰੀਆਂ ਅੱਖੀਆਂ 
ਸਿੰਮਣ ਕੋਏ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 49 ਵਾਰ ਪੜ੍ਹੀ ਗਈ।




4 comments:

  1. ਓਦਰੇਵਾਂ
    ਇਹ ਹਇਵਨ ਯੁੱਧ ਦੀ ਦੁਖਦ ਘਟਨਾਵਾਂ ਨਾਲ ਰੂਬਰੂ ਕਰੋਨ ਦੇ ਨਾਲ ਨਾਲ ਉਸ ਦਰਦ ਨੂ ਭੀ ਮਹਸੂਸ ਕਰਾ ਗਿਆ ਮਨ ਨੂੰ। ਉਸੇ ਤਰ੍ਹਾਂ ਦਾ ਮੁੜ ਦਰਿਸ਼ ਦੇਖ ਕੇ ਉਈ ਦਰਦ ਜਾਗ ਜਾਂਦਾ ਹੈ। ਸਚਮੁਚ ਸਾਡੀ ਧਰਤੀ ਸ਼੍ਰਾਪੀ ਹੋਈ ਲਗਦੀ ਆ। ਤੁਹਾਡੀ ਕਲਮ ਨੇ ਇਹ ਲਿਖ ਕੇ ਆਖਾਂ ਨੂੰ ਮਜਬੂਰ ਕਰ ਦਿੱਤਾ ਗਿੱਲੀਆਂ ਹੋਣ ਲੇਈ। ਡਰ ਦੀ ਦਹਸ਼ਤ ਨਹੀ ਭੂਲੀ ਜਾ ਸਕਦੀ । ਵਧਾਈ ਹਰਦੀਪ। ਬਹੁਤ ਦਿਨਾਂ ਬਾਦ ਮਿਲਾ ਕੁਝ ਨਮਾ ਪੜਨ ਨੂੰ।

    ReplyDelete
  2. ਇਹ ਕਿਸਦੀ ਕਹਾਨੀ ਹੈ ?
    ਬਹੁਤ ਦੇਸ਼ਾਂ ਵਿੱਚ ਇਹੀ ਹੋ ਰਿਹਾ ਹੈ
    war-lords ਦਾ ਪੂਰਾ ਜੰਗਲ ਰਾਜ ਹੈ
    ਇਹਨਾ ਦੇਸ਼ਾਂ ਵਿਚ ਸ਼ਾਂਤੀ ਹੋ ਜਾਏ ਗੀ , ਫਿਰ ਹਥਿਆਰਾਂ ਦੇ
    ਕਾਰਖਾਨੇ ਕਿੰਝ ਚਲਣ ਗੇ ।

    ReplyDelete
  3. ਓਦਰੇਵਾਂ ਹਾਇਬਨ ਜੰਗ ਚੋਂ ਗੁਜ਼ਰ ਕੇ ਆਈ ਜਨਤਾ ਦੇ ਦੁੱਖ, ਓਦਰੇਵੇਂ ਤੇ ਉਦਾਸੀ ਦੀ ਸਹੀ ਤਰਜਮਾਨੀ ਕਰਦਾ ਹੈ

    ReplyDelete
  4. Bilkul asliyat beyan kitti hai.
    Dil vich houl jeha uthda hai eh rachna par ke.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ