ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Nov 2015

ਨੰਬਰ ਪਲੇਟ (ਹਾਇਬਨ) -ਡਾ. ਹਰਦੀਪ ਕੌਰ ਸੰਧੂ

          Image result for LUVSON plate car
ਬੱਦਲਵਾਈ ਤੇ ਘੁੱਲੇ ਜਿਹੇ ਬੱਦਲਾਂ ਕਰਕੇ ਅਸਮਾਨ ਘਸਮੈਲਾ ਜਿਹਾ ਹੋ ਗਿਆ ਸੀ। ਤੇਜ਼ ਹਨ੍ਹੇਰੀ ਨਾਲ ਮੀਂਹ ਪੈਣ ਲੱਗਾ । ਆਮ ਦਿਨਾਂ ਨਾਲੋਂ ਵੱਧਿਆ ਟ੍ਰੈਫ਼ਿਕ ਧੀਮੀ ਰਫ਼ਤਾਰ ਨਾਲ ਚੱਲ ਰਿਹਾ ਸੀ। ਅਚਾਨਕ ਤੇਜ਼ੀ ਨਾਲ ਇੱਕ ਸੁਨਹਿਰੀ ਕਾਰ ਮੇਰੇ ਕੋਲੋਂ ਦੀ ਲੰਘੀ। ਮੇਰੀ ਸਰਸਰੀ ਜਿਹੀ ਨਿਗ੍ਹਾ ਓਸ ਕਾਰ ਦੀ ਛੇ ਅੱਖਰੀ ਨੰਬਰ ਪਲੇਟ 'ਤੇ ਪਈ। ਇੱਕ ਨਵੇਕਲੀ ਜਿਹੀ ਤਰਤੀਬ 'ਚ ਸਜੇ ਅੱਖਰ - 'LUVSON' ਮੇਰਾ ਅਵਚੇਤਨ ਮਨ ਆਪਣੀ ਆਦਤ ਮੂਜਬ ਇਹਨਾਂ ਅੱਖਰਾਂ 'ਚ ਲੁਕੇ ਸ਼ਬਦ ਜੋੜ ਪੜ੍ਹਨ ਲੱਗਾ। ਸਮਝ ਆਉਂਦਿਆਂ ਹੀ ਰੂਹ ਸਰਸ਼ਾਰ ਹੋ ਗਈ ਸੀ। ਭਾਵੇਂ ਮਾਪਿਆਂ ਦੇ ਅਮੁੱਕ ਮੋਹ ਨੂੰ ਦਰਸਾਉਣ ਲਈ ਕਿਸੇ ਪ੍ਰਮਾਣਿਤ ਤਖਤੀ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਪੁੱਤਰ ਮੋਹ ਪ੍ਰਗਟਾਉਣ ਦਾ ਇਹ ਅਨੋਖਾ ਅੰਦਾਜ਼ ਮੇਰੇ ਮਨ ਦੇ ਪਾਣੀਆਂ 'ਚ ਰਸ ਘੋਲ ਗਿਆ।
           ਉਹ ਸੁਨਹਿਰੀ ਕਾਰ ਹੁਣ ਮੇਰੇ ਐਨ ਮੂਹਰੇ ਜਾ ਰਹੀ ਸੀ। ਮੇਰੀ ਨਜ਼ਰ ਹੁਣ ਕਾਰ ਦੇ ਪਿਛਲੇ ਸ਼ੀਸ਼ੇ ਦੀ ਲਿਖਾਈ 'ਤੇ ਆ ਟਿਕੀ ਸੀ। ਮਨਮੋਹਕ ਫੁੱਲਾਂ ਦੇ ਸੰਗ ਇੱਕ ਨਾਂ ਜਨਮ ਤੇ ਮੌਤ ਦੀ ਤਾਰੀਖ਼ ਸਮੇਤ ਉਕਰਿਆ ਹੋਇਆ ਸੀ। 'ਜੋ ਉਪਜੈ ਸੋ ਬਿਨਸਿ ਹੈ ' - ਅਜੇ ਤਾਂ ਡੋਡੀ ਨੇ ਫੁੱਲ ਬਣਨਾ ਸੀ। ਕੋਈ ਡੇਢ ਕੁ ਦਹਾਕਾ ਪਹਿਲਾਂ ਕਿਸੇ ਦੀ ਨੰਨ੍ਹੀ ਜਾਨ ਆਪਣੀ ਜ਼ਿੰਦਗੀ ਦੀਆਂ ਕੇਵਲ ਦਸ ਬਹਾਰਾਂ ਮਾਣ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋ ਗਈ ਸੀ। ਹੋਏ ਅਨਰਥ ਦੀਆਂ ਕੁਵੇਲੇ ਝੁੱਲੀਆਂ ਹਨ੍ਹੇਰੀਆਂ ਦੀ ਸ਼ਾਂ -ਸ਼ਾਂ ਮੈਨੂੰ ਹੁਣ ਸਾਫ਼ ਸੁਣਾਈ ਦੇ ਰਹੀ ਸੀ।
             ਕੁਝ ਪਲਾਂ ਬਾਅਦ ਸੁਨਹਿਰੀ ਕਾਰ ਮੇਰੀ ਕਾਰ ਤੋਂ ਥੋੜ੍ਹੀ ਜਿਹੀ ਵਿੱਥ 'ਤੇ ਆ ਖਲੋਈ ਸੀ।  ਇੱਕ ਅੱਧਖੜ ਜਿਹੀ ਉਮਰ ਦੀ ਕਮਜ਼ੋਰ ਜਿਹੀ ਦਿਖਦੀ ਔਰਤ ਓਸ ਕਾਰ 'ਚੋਂ ਉੱਤਰੀ। ਉਹ ਤਾਂ ਰਵਾਂ -ਰਵੀਂ  ਤੁਰਦੀ ਭੀੜ 'ਚ ਕਿਧਰੇ ਅਲੋਪ ਹੋ ਗਈ ਸੀ  ਪਰ ਉਸ ਦੀ ਜ਼ਿੰਦਗੀ ਦੇ ਖਰਵੇਂ ਪਲਾਂ ਦੀ ਦਾਸਤਾਨ ਮੇਰੀਆਂ ਅੱਖਾਂ ਸਾਹਵੇਂ ਸਾਕਾਰ ਹੋਣ ਲੱਗੀ। ਕਦੇ ਉਹ ਮੈਨੂੰ ਜ਼ਿੰਦਗੀ ਦੇ ਖੁਰਦੇ ਕਿਨਾਰਿਆਂ 'ਤੇ ਖਲੋਤੀ ਜਾਪੀ ਤੇ ਕਦੇ ਉਦਾਸੀ ਦੀਆਂ ਪਰਤਾਂ ਫਰੋਲੀਦੀ। ਪੁੱਤਰ ਦੀ ਮੌਤ ਦੇ ਕਰੂਰ ਪ੍ਰਛਾਵਿਆਂ ਨੇ ਉਸ ਦੇ ਮਨ ਨੂੰ ਟੋਟੇ -ਟੋਟੇ ਕਰ ਦਿੱਤਾ ਹੋਣਾ। ਸੋਗੀ ਤੇ ਪੀੜਾ ਭਰੇ ਰਾਹਾਂ 'ਤੇ ਚੱਲਦੀ ਆਪਣੇ ਨਿੱਕੜੇ ਨੂੰ ਉਹ ਆਪਣੇ ਅੰਗ -ਸੰਗ ਮਹਿਸੂਸਦੀ ਹੋਵੇਗੀ। ਕਦੇ ਨਿੱਕੀਆਂ -ਨਿੱਕੀਆਂ ਸ਼ਰਾਰਤਾਂ ਕਰਦੇ ਤੇ ਕਦੇ ਗੱਭਰੂ ਜਵਾਨ ਪੁੱਤ ਨੂੰ ਆਪਣਾ ਸਹਾਰਾ ਬਣੇ। 
                'ਨਾਨਕ ਦੁਖੀਆ ਸਭ ਸੰਸਾਰ'- ਧੰਨ ਹੈ ਓਸ ਮਾਂ ਦਾ ਜਿਗਰਾ ਜਿਸ ਨੇ ਇਹ ਸਭ ਕੁਝ ਆਪਣੀ ਰੂਹ 'ਤੇ ਝੱਲਿਆ ਤੇ ਫੇਰ ਕਿਵੇਂ ਇਹ ਸਭ ਕੁਝ ਲਿਖਣ ਦਾ ਵੀ ਹੌਸਲਾ ਕੀਤਾ ਹੋਣਾ। ਇਹ ਵੀ ਤਾਂ ਸੱਚ ਹੈ ਕਿ ਦੁੱਖ ਵੰਡਿਆਂ ਘੱਟਦੈ। ਉਸ ਨੇ ਤਾਂ ਆਪਣੇ ਦੁੱਖ ਦੀ ਸਾਂਝ ਸਾਰੇ ਜੱਗ ਨਾਲ ਪਾ ਲਈ ਸੀ ਤਾਂ ਕਿ ਉਹ ਆਪਣੀ ਜ਼ਿੰਦਾ ਲਾਸ਼ ਦੇ ਬੋਝ ਨੂੰ ਢੋਂਹਦੀ ਜਿਉਣ ਜੋਗੀ ਹੋ ਜਾਵੇ। ਅੱਥਰੂ ਭਿੱਜੇ ਦਿਨ ਕੁਝ ਸੁਖਾਲੇ ਹੋ ਜਾਣ। 
            ਮੈਨੂੰ ਲੱਗਾ ਕਿ ਅੱਜ ਕੁਦਰਤ ਵੀ ਉਸ ਨਾਲ ਸੋਗ ਮਨਾ ਰਹੀ ਸੀ। ਹੁਣ ਮੀਂਹ ਵੀ ਬੰਦ ਹੋ ਗਿਆ ਸੀ ਤੇ ਉੱਚਾ ਹੋਇਆ ਆਸਮਾਨ ਤਰੋ -ਤਾਜ਼ਾ ਦਿਖ ਰਿਹਾ ਸੀ। ਲੱਗਦਾ ਸੀ ਕਿ ਉਹ ਵੀ ਰੋ ਕੇ ਥੋੜਾ ਜਿਹਾ ਉਸ ਵਾਂਗ ਦੁੱਖੋਂ  ਹੌਲਾ ਹੋ ਗਿਆ ਹੋਵੇਗਾ।


ਤੇਜ਼ ਹਵਾਵਾਂ 

ਨਿਖਰਿਆ ਅੰਬਰ 
ਮੀਂਹ ਮਗਰੋਂ।

ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 82 ਵਾਰ ਪੜ੍ਹੀ ਗਈ।

            

6 comments:

 1. ਪ੍ਰੀਤਮ ਕੌਰ15.11.15

  ਦਿਲ ਨੂੰ ਟੁੰਬਦੀ ਗਈ ਸਚੀਂ। ਮਨ ਭਰ ਆਇਆ। ਜੋ ਉਪਜੈ ਸੋ ਬਿਨਸਿ ਹੈ -ਬਿਲਕੁਲ ਸਹੀ ਲਿਖਿਆ ਹੈ।
  ਪ੍ਰੀਤਮ ਕੌਰ

  ReplyDelete
 2. ਸੁੰਦਰ ਉਦਹਾਰਣ

  ReplyDelete
 3. ਤੁਸੀਂ ਨੰਬਰ ਪਲੇਟ ਹੀ ਨਹੀਂ ਪੜ੍ਹੀ ਬਲਕਿ ਇਸ ਪਲੇਟ ਰਹਿਣ ਉਸਦੀ ਜ਼ਿੰਦਗੀ ਦੀ ਪਲੇਟ ਹੀ ਪੜ੍ਹ ਦਿੱਤੀ ਹੈ।

  ReplyDelete
 4. Comment received via e-mail:
  प्रिय हरदीप
  सति सिरी अकाल।
  बहुत ख़ुशी हुई एक और लिखत हमें जल्दी ही पढ़ने को मिली। इस लिखित ने तो हृदय को उस माँ की पीड़ा से सरावोर करदिया इस अथाह पीड़ा को सहने की शक्ति सिर्फ ईश्वर ही दे सकता है। इंसान के पास तो सहानुभूति के दो शब्द ही होते हैं ढाढ़स बधाने को। तुम ने अवश्य उस माँ के दर्द को अपने पढ़ने वालों तक पहुंचा कर पुण्य का काम किया है हर दिल से उसके लिए 'यह सदमा सहने की शक्ति मिले' की प्रार्थना ही निकलेगी।तेरी वर्णन शैली मुझे बहुत अच्छी लगती है।


  कमला
  (Kamla Ghataura)

  ReplyDelete
 5. Comment received via e-mail:
  ਨੰਬਰ ਪਲੇਟ
  ‘ਨਾਨਕ ਦੁਖੀਆ ਸਭ ਸੰਸਾਰ’ ਇਸ ਕੜਵੀ ਸਚਾਈ ਦਾ ਵਰਣਨ ਕੀਤਾ ਗਿਆ ਹੈ ਇਸ ਹਾਇਬਨ ‘ਚ। ਹਰਦੀਪ ਜੀ ਦੇ ਕਰੁਣਾ ਭਰੇ ਦਿਲ ਨੇ ਦੁਖੀ ਮਾ ਦੇ ਦਰਦ ਨੂ ਅਥਰੂ ਭਰੇ ਮਨ ਨਾਲ ਚਿਤ੍ਰਿਤ ਕੀਤਾ ਹੈ। ਉਸ ਦਰਦ ਦੀ ਸਾਡੇ ਨਾਲ ਸਾਂਝ ਭੀ ਪਾਈ ਹੈ। ਇਨਸਾਨ ਜਦ ਭਾਣੇ ਨੂ ਦਿਲ ਤੇ ਪੱਥਰ ਰਖ ਕੇ ਸਹਾਰਨ ਦੀ ਸ਼ਕਤੀ ਬਟੋਰ ਲੇੰਦਾ ਹੈ ਤਾਂ ਕੁਦਰਤ ਭੀ ਉਸ ਪਾਸ ਆਪਣਾ ਸੋਗ ਮਨੋਉਂਦੀ ਦਿਖਦੀ ਹੈ। ਸਾਰੀ ਕਥਾ ਇਹ ਹਾਇਕੁ ਦਸ ਦਿੰਦਾ ਹੈ। … ਤੇਜ ਹਵਾਵਾਂ /ਨਿਖਰਿਆ ਅੰਬਰ /ਮੀਂਹ ਮਗਰੋਂ। ਹਰਦੀਪ ਜੀ ਦੇ ਲੇਖਨ ਦੀ ਇਸ ਕਲਾ ਕੋ ਨਮਨ ਅੋਰ ਬਧਾਈ।
  Kamla Ghataaura

  ReplyDelete
 6. A message via an e-mail:
  Gagar vich sagar. A touching depiction of mamta from innermost layers of a mother's heart.

  Teri massi
  Surinder Kaur Sidhu

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ