ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Nov 2015

ਅੰਬਰੀਂ ਪੀਂਘ (ਸਫ਼ੈਦ ਰਿਬਨ ਦਿਵਸ 'ਤੇ ਵਿਸ਼ੇਸ਼ -25 ਨਵੰਬਰ )


(ਹਰ ਸਾਲ 25 ਨਵੰਬਰ ਨੂੰ ਦੁਨੀਆਂ ਭਰ ਵਿੱਚ ਵਾਈਟ ਰਿਬਨ ਦਿਵਸ ਮਨਾਇਆ ਜਾਂਦਾ ਹੈ - National Day to Stop Men’s Violence against Women )


ਪਲ -ਪਲ ਮਿਜ਼ਾਜ ਬਦਲਦਾ ਮੌਸਮ। ਕਦੇ ਛੜਾਕੇ ਨਾਲ ਮੀਂਹ ਪੈਣ ਲੱਗ ਜਾਂਦਾ ਤੇ ਕਦੇ ਤਿੱਖੀ ਧੁੱਪ। ਇਸ ਅਣਕਿਆਸੇ ਜਿਹੇ ਮੌਸਮ ਵਿੱਚ ਅੱਜ ਸਕੂਲਾਂ -ਕਾਲਜਾਂ ਦੇ ਵਿਦਿਆਰਥੀ ਸਫ਼ੈਦ ਪਹਿਰਾਵੇ 'ਚ ਤਿੱਤਰ ਖੰਭੀ ਬੱਦਲਾਂ ਵਾਂਗ ਸੜਕਾਂ 'ਤੇ ਉੱਤਰ ਆਏ ਸਨ। ਔਰਤ 'ਤੇ ਹੁੰਦੇ ਤਸ਼ੱਦਦ ਵਿਰੁੱਧ ਆਵਾਜ਼ ਬੁਲੰਦ ਕਰਨ ਲਈ। ਸਫ਼ੈਦ ਰਿਬਨ ਟੁੰਗਦੇ ਹੋਏ ਰਾਹ 'ਚ ਹੋਰ ਲੋਕ ਜੁੜਦੇ ਗਏ ਤੇ ਕਾਫ਼ਲਾ ਤੁਰਦਾ ਗਿਆ। ਵੱਡੇ ਚੌਂਕ 'ਚ ਪਹੁੰਚ ਧੂੰਆਂਧਾਰ ਤਕਰੀਰਾਂ ਤੋਂ ਬਾਦ ਹਜੂਮ 'ਚ ਸ਼ਾਮਿਲ ਸਾਰੇ ਮਰਦਾਂ ਨੂੰ ਖੜ੍ਹਾ ਕਰਕੇ ਔਰਤ ਦਾ ਸਨਮਾਨ ਕਰਨ ਲਈ ਸਹੁੰ ਚੁਕਾਈ ਗਈ।
         ਗੰਭੀਰ ਜਿਹੀ ਦਿੱਖ ਵਾਲੀ ਇੱਕ ਬੀਬੀ ਚੁੱਪੀ ਦੀ ਬੁੱਕਲ ਮਾਰੀ ਮੂਹਰਲੀ ਕਤਾਰ 'ਚ ਖੜ੍ਹੀ ਸਭ ਕੁਝ ਸੁਣ ਰਹੀ ਸੀ। ਪਰ ਉਸ ਦੀ ਚੁੱਪੀ 'ਚ ਭੁੱਬਲ ਵਰਗੀ ਸੁਲਘਣ ਸੀ। ਉਸ ਦੀ ਬੇਚੈਨੀ ਵੱਧਦੀ ਜਾ ਰਹੀ ਸੀ। ਅਚਾਨਕ ਉਸਦੀ ਚੁੱਪੀ ਰੋਹ 'ਚ ਬਦਲ ਗਈ । ਸਟੇਜ ਸਕੱਤਰ ਨੂੰ ਪਰਾਂ ਧਕੇਲਦੀ ਉਹ ਭੁੜਕ ਪਈ , " ਇੱਥੇ ਖੜ੍ਹੇ ਹਰ ਮਰਦ ਨੂੰ ਅੱਜ ਮੈਂ ਪੁੱਛਦੀ ਹਾਂ - ਕੀ ਕਦੇ ਉਸ ਸੋਚਿਆ ਹੈ ਕਿ ਔਰਤ ਬਿਨਾਂ ਉਹ ਕਿੰਨਾ ਅਧੂਰਾ ਹੈ ? ਕਦੇ 'ਕੱਲਾ ਬਹਿ ਕੇ ਸੋਚੀਂ ਵੇ ਅਸੀਂ ਕੀ ਨੀ ਕੀਤਾ ਤੇਰੇ ਲਈ। ਆਪਣਾ ਆਪਾ ਮਾਰ ਖੁਦ ਨੂੰ ਤੇਰੇ ਰੰਗ 'ਚ ਰੰਗਿਆ ਤੇ ਤੂੰ ਮੈਨੂੰ ਸਿਫ਼ਰ ਕਰਕੇ ਜਾਣਿਆ। ਖੁਦ ਨੂੰ ਏਕਮ ਦਾ ਯੱਕਾ ਮੰਨਣ ਵਾਲਿਆ ਸ਼ਾਇਦ ਤੈਨੂੰ ਨਹੀਂ ਪਤਾ ਕਿ ਏਥੇ 'ਕੱਲੇ ਏਕੇ ਦਾ ਕੋਈ ਮੁੱਲ ਨਹੀਂ। ਇਹ ਸਿਫ਼ਰ ਹੀ ਹੈ ਜਿਹੜੀ ਤੈਨੂੰ ਲੱਖਾਂ -ਕਰੋੜਾਂ ਬਣਾ ਦਿੰਦੀ ਹੈ। ਪਰ ਫਿਰ ਵੀ ਇੱਥੇ ਹਰ ਗਾਲ ਔਰਤ ਲਈ ਤੇ ਹਰ ਦੁਆ ਮਰਦ ਦੇ ਹਿੱਸੇ ਆਈ ਹੈ। "
        ਚੁਫ਼ੇਰੇ ਪਸਰੀ ਮੜੀਆਂ ਵਰਗੀ ਚੁੱਪ ਹੋਰ ਚੁੱਪ ਹੋ ਗਈ ਸੀ। ਆਪਾ ਝੰਜੋੜੂ ਹਿਰਦੇਵੇਦਕ ਸੱਚ ਨੂੰ ਨੰਗਾ ਕਰਦੀ ਉਹ ਤਾਂ ਗਲੋਟੇ ਵਾਂਗ ਉਧੜੀ ਹੀ ਜਾ ਰਹੀ ਸੀ। "ਮੇਰੀਆਂ ਭਾਵਨਾਵਾਂ ਤੇ ਸ਼ੌਕ ਨੂੰ ਕੁਚਲਣਾ ਤੇਰੀ ਆਦਤ ਬਣ ਗਈ ਹੈ। ਮੈਨੂੰ ਮੋਹਰਾ ਬਣਾ ਆਪਣਾ ਉੱਲੂ ਸਿੱਧਾ ਕਰਕੇ  ਹਰ ਹੀਲੇ ਮੈਨੂੰ ਹੀ ਗਲਤ ਸਾਬਤ ਕਰਦਾ ਆ ਰਿਹਾ ਹੈਂ । 'ਥੋਥਾ ਚਨਾ ਬਾਜੇ ਘਣਾ' ਕੇਵਲ ਗੱਲਾਂ ਨਾਲ ਹੀ ਪਹਾੜ ਖੜ੍ਹਾ ਕਰਦੈਂ । ਆਪਣੀਆਂ ਖੁਦ ਦੀਆਂ ਕਮੀਆਂ ਨੂੰ ਕੱਜਣ ਲਈ ਕਦੇ ਮੈਨੂੰ ਗੁਣਹੀਣ -ਬਦਚਲਨ ਤੇ ਕਦੇ ਪੈਰ ਦੀ ਜੁੱਤੀ ਕਹਿੰਦੈਂ । ਪਰ ਜਦੋਂ ਇਹ ਜੁੱਤੀ ਤੇਰੇ ਸਿਰ ਵੱਜੇਗੀ ਓਦੋਂ ਹੀ ਤੈਨੂੰ ਅਕਲ ਆਏਗੀ। ਹਰ ਵਕਤ ਮੇਰੇ 'ਚ ਬੁਰਾਈ ਲੱਭਣ ਵਾਲਿਆ ਤੂੰ ਤਾਂ ਓਹ ਮੱਖ ਹੈਂ ਜੋ ਕੇਵਲ ਜ਼ਖਮ 'ਤੇ ਹੀ ਬੈਠਣਾ ਜਾਣਦਾ। ਗੱਲ -ਗੱਲ 'ਤੇ ਮੈਨੂੰ ਬੇਘਰ ਕਰਨ ਦੀ ਧਮਕੀ ਦਿੰਦਾ ਆਇਆ ਹੈਂ, ਪਰ ਯਾਦ ਰੱਖੀਂ ਮੇਰੇ ਬਿਨਾਂ ਤੇਰਾ ਇਹ ਘਰ ਖੜ੍ਹੇ ਰਹਿਣ ਜੋਗਾ ਇੱਕ ਮਕਾਨ ਵੀ ਨਹੀਂ ਰਹਿਣਾ।"
       ਅਦਬ ਦਾ ਪੱਲਾ ਫੜ ਉਸ ਬੋਲਣਾ ਜਾਰੀ ਰੱਖਿਆ , "ਓ ਭਲਿਆ ਲੋਕਾ ਮੈਂ ਤਾਂ ਤਹਿਜ਼ੀਬ ਦੀ ਰੱਸੀ ਅਜੇ ਵੀ ਫੜੀ ਹੋਈ ਹੈ। ਤੇਰੇ ਏਸ ਅਖੌਤੀ ਘਰ ਦੀ ਇੱਜ਼ਤ ਨੂੰ ਆਪਣੇ ਪੱਲੂ 'ਚ ਸਮੇਟਿਆ ਹੋਇਆ ਹੈ। ਅੱਠੋ ਪਹਿਰ ਕੰਮ ਕਰਕੇ ਤੈਥੋਂ ਮੰਗਿਆ ਹੀ ਕੀ ਹੈ -ਦੋ ਡੰਗ ਦੀ ਰੋਟੀ ਤੇ ਥੋੜਾ ਜਿਹਾ ਆਦਰ।ਪਰ ਤੇਰੇ ਕੁਸੈਲੇ ਬੋਲ ਤੇ ਕੁਰੱਖਤ ਨਜ਼ਰਾਂ ਹਰ ਪਲ ਮੇਰੀ ਰੂਹ ਨੂੰ ਵਿੰਨੀ ਜਾਂਦੀਆਂ ਨੇ। ਮੇਰੀ ਚੁੱਪੀ ਨੂੰ ਮੇਰੀ ਕਮਜ਼ੋਰੀ ਨਾ ਸਮਝ ਬੈਠੀਂ। ਜਵਾਬ ਦੇਣਾ ਮੈਨੂੰ ਵੀ ਆਉਂਦਾ ਹੈ। "
         ਹੁਣ ਚੁਫ਼ੇਰੇ ਤਾੜੀਆਂ ਦੀ ਗੂੰਜ ਸੀ ਤੇ ਉਸ ਦੀਆਂ ਅੱਖਾਂ 'ਚ ਜਿੱਤ ਦੀ ਚਮਕ । ਉਸ ਨੇ ਦੂਰ ਅਸਮਾਨ 'ਤੇ ਪਈ ਸੱਤਰੰਗੀ ਪੀਂਘ ਵੱਲ ਤੱਕਿਆ। ਇਓਂ ਲੱਗਾ ਜਿਵੇਂ ਅੰਬਰੋਂ ਲਹਿ ਸੱਤ ਰੰਗ ਉਸ ਦੇ ਸਫ਼ੈਦ ਰਿਬਨ ਤੇ ਚੁੰਨੀ 'ਤੇ ਬਿਖਰ ਗਏ ਹੋਣ।


ਥੰਮਿਆ ਮੀਂਹ 
ਸੱਤਰੰਗ ਝਲਕੇ 
ਅੰਬਰੀਂ ਪੀਂਘ ।

ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 42 ਵਾਰ ਪੜ੍ਹੀ ਗਈ।

               

3 comments:

 1. ਟਿੱਪਣੀ
  ਘਰ ਦੀ ਸੁਖ ਸ਼ਾਂਤੀ ਬਣਾਏ ਰਖਣ ਲੇਈ ਔਰਤ ਹਰ ਪੀੜ੍ਹਾ ਨੂ ਮੀਰਾ ਦੇ ਵਿਸ਼ ਦੇ ਪਿਆਲੇ ਵਾੰਗ ਪੀ ਜਾਂਦੀ ਹੈ। ਪਤੀ ਦਾ ਸਾਥ ਬਣਾ ਰਹੇ ਓਹ ਓਹਨੁ ਆਪਣੇ ਪਿਆਰ ਦੇ ਲਾਇਕ ਸਮਝੇ। ਇੱਜਤ ਮਾਨ ਦੇਵੇ। ਐਸਾ ਨਹੀ ਹੁੰਦਾ। ਹਰ ਔਰਤ ਨੂ ਆਪਣੇ ਹਕ ਦੀ ਲੜਾਈ ਲੜਨ ਲੇਈ ਖੁਦ ਅੱਗੇ ਆਨਾ ਪੜੇਗਾ ਗਾ। ਇਹੀ ਦ੍ਰ੍ਸ਼ੋੰਦਾ ਹਾਇਬਨ ਮਨ ਕੋ ਭਾ ਗਿਆ। ਬਧਾਈ ਹਰਦੀਪ ਜੀ। ਤੁਸੀਂ ਹਰ ਵਾਰ ਬੜਿਆ ਲਿਖਤ ਲੇਕੇ ਆਤੇ ਹੋ। ਮਨ ਮੋਹ ਲੇਤੇ ਹੋ।

  अम्बरी पींघ
  औरतों पर हो रहे जुल्मों को रोकने का दिन 25 नवंबर को विश्व भर में मनाया जाता है। यह दिन मनाने के वाबजूद स्त्रिओं पर होने वाले सितम कम नही हुए। जब तक खुद स्त्री सामने आकर जबाव नहीं माँगती।
  यही हाइबन में हमें देखने को मिलता है।
  हरदीप जी ने जिस तरीके से स्त्रिओं के दर्द को पीड़ा को हाइबन का रूप देकर प्रस्तुत किया दिल को छू गया है।बहुत अच्छा लगा। बहुत ठंडक पहुँची मन को। स्त्री आज 21 वीं सदी में आकर कुछ अपवाद को छोड़ कर वहीं की वहीं है। बल्कि अपनी अहमियत जताने के लिए अपने आप को दुगुनी चक्की में पीसती है । फिर भी बात वहीं की वहीं। पुरुष के मन का भाव कभी नही बदल सकता। हाइबन पेश करने का सामयिक समस्याओं को प्रस्तुत करने का सुंदर तरीका बढ़िया लगा। बढ़िया लगी उपमायें।

  ReplyDelete
 2. Comments via e-mail:
  Pritam Kaur-"ਔਰਤ ਨੂੰ ਪੈਰ ਦੀ ਜੁੱਤੀ" ਦਾ ਵਧੀਆ ਜਵਾਬ ਦਿੱਤਾ ਹੈ। ਵਧੀਆ ਲਿਖਤ ਲਈ ਵਧਾਈ ਦੇ ਪਾਤਰ ਹੋ
  Jakiran - Thoughtful Writing.

  ReplyDelete
 3. ਦੀਪੀ ਤੇਰੀ ਰਚਨਾ ਅੰਬਰੀਂ ਪੀਂਘ ਬਹੁਤ ਹੀ ਹਿਰਦੇਵੇਦਕ ਅਤੇ ਸਚਾਈ ਨਾਲ ਓਤ -ਪ੍ਰੋਤ ਹੈ। ਤੇਰੀ ਸ਼ਬਦਾਵਲੀ ਤੇ ਤੇਰਾ ਲੇਖਣ ਢੰਗ ਹੋਰ ਵੀ ਨਿਖਰ ਗਿਆ ਹੈ।
  ਦਵਿੰਦਰ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ