ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

3 Dec 2015

ਚੁੰਬਕੀ ਮੁਸਕਾਨ

ਐਤਵਾਰ ਦਾ ਠੰਡ ਵਾਲਾ ਦਿਨ। ਅਖੰਡਪਾਠ ਦੇ ਭੋਗ 'ਤੇ ਜਾਣ ਲਈ ਹੰਸਲੋ ਤੋਂ ਈਸਟ ਲੰਡਨ ਤੱਕ ਅੰਡਰ ਗਰਾਉਂਡ ਟਿਊਬ ਦਾ ਸਫ਼ਰ। ਬਾਹਰ ਠੰਡ ਤੇ ਮਨ 'ਚ ਗਰਮਾ -ਗਰਮ ਵਿਚਾਰੋਂ ਦਾ ਸੰਘਰਸ਼। ਤੇਜ਼ੀ 'ਚ ਟਰੇਨਾਂ 'ਚ ਧੱਕੇ ਖਾਂਦੇ ਜਾਓ ਤੇ ਹਨ੍ਹੇਰਾ ਹੋਣ ਦੇ ਡਰ ਨਾਲ ਝੱਟ ਮੁੜ ਪਓ। ਨਾ ਕਿਸੇ ਨਾਲ ਠੀਕ ਤਰਾਂ ਮਿਲਿਆ ਜਾਂਦਾ ਤੇ ਨਾ ਹੀ ਕੋਈ ਗੱਲ ਬਾਤ।
         ਛੁੱਟੀ ਵਾਲੇ ਦਿਨ ਵੀ ਬਹੁਤ ਭੀੜ ਸੀ ਟ੍ਰੇਨ 'ਚ। ਕਿਸਮਤ ਨਾਲ ਸੀਟ ਮਿਲ ਗਈ ਸੀ। ਸਮਾਨ ਦੇ ਨਾਲ ਲੋਕਾਂ ਦਾ ਚੜ੍ਹਨਾ -ਉਤਰਨਾ ਹੋਣ ਕਰਕੇ ਗੋਡੇ 'ਕੱਠੇ ਕਰਕੇ ਬਹਿਣਾ ਪਿਆ। ਹਰ ਸਟੇਸ਼ਨ 'ਤੇ ਜਿੰਨੇ ਉਤਰਦੇ ਓਨੇ ਹੀ ਚੜ੍ਹ ਜਾਂਦੇ। ਭੀੜ ਓਵੇਂ ਦੀ ਓਵੇਂ। ਕਿਸੇ ਨੂੰ ਕਿਸੇ ਤੋਂ ਕੋਈ ਪਰੇਸ਼ਾਨੀ ਨਹੀਂ ਸੀ। ਪਰ ਫਿਰ ਵੀ ਠੰਡੇ ਮੌਸਮ 'ਚ ਅਣਚਾਹੇ ਮਨ ਨਾਲ ਸਫ਼ਰ ਕਰਦਿਆਂ ਮੇਰਾ ਆਪਣੇ ਆਪ ਨੂੰ ਸਹਿਜ ਰੱਖਣ ਵਾਲਾ ਮਖੌਟਾ ਹੌਲੀ ਹੌਲੀ ਉਤਰਨ ਲੱਗਾ। ਮੈਂ ਵਾਰ ਵਾਰ ਸਟੇਸ਼ਨ ਗਿਣਦੀ ਕਿ ਕਿੰਨੇ ਬਾਕੀ ਹਨ।
          ਮੇਰੀ ਦ੍ਰਿਸ਼ਟੀ ਮੁਸਾਫਰਾਂ ਨੂੰ ਘੁੰਮ -ਘੁੰਮ ਕੇ ਵੇਖ ਰਹੀ ਸੀ। ਬਾਹਰੀ ਦੁਨੀਆਂ ਤੋਂ ਬੇਖਬਰ ਸਾਰੇ ਆਪਣੇ ਆਪ 'ਚ ਮਸਤ ਆਪਣੀ ਮੰਜ਼ਿਲ ਵੱਲ ਜਾ ਰਹੇ ਸਨ। ਮੌਨ ਧਾਰਨ ਕੀਤੇ ਹੋਏ। ਹਰ ਸਟੇਸ਼ਨ 'ਤੇ ਨਵੇਂ ਚਿਹਰੇ ਦਿਖਦੇ ਪੁਰਾਣੇ ਉਤਰ ਜਾਂਦੇ। ਦੇਸ਼ -ਵਿਦੇਸ਼ ਤੋਂ ਵੱਖੋ ਵੱਖਰੇ ਲੋਕ। ਧਿਆਨ ਓਦੋਂ ਹੀ ਭੰਗ ਹੁੰਦਾ ਜਦੋਂ ਆਉਣ ਵਾਲੇ ਸਟੇਸ਼ਨ ਦੀ ਅਨਾਊਸਮੈਂਟ ਹੁੰਦੀ ਤੇ ਸਟੇਸ਼ਨ ਆਉਣ 'ਤੇ ਸਾਵਧਾਨ ਕੀਤਾ ਜਾਂਦਾ," ਮਾਇੰਡ ਦਾ ਗੈਪ ਬਿਟਵੀਨ ਸਟੇਸ਼ਨ ਐਂਡ ਪਲੇਟਫਾਰਮ। "
        ਓਦੋਂ ਹੀ ਡੱਬੇ 'ਚ ਇੱਕ ਹੱਸਮੁੱਖ ਚਿਹਰੇ ਨੇ ਪ੍ਰਵੇਸ਼ ਕੀਤਾ। ਉਸਦੀ ਮੁਸਕਾਨ ਨੇ ਸਾਰੇ ਡੱਬੇ  ਨੂੰ ਜਗਮਗਾ ਦਿੱਤਾ। ਤਾਜ਼ੇ ਗੁਲਾਬ ਦੀ ਖਿੜੀ ਜਿਹੀ ਮੁਸਕਾਨ ਦੀ ਸੁਗੰਧ ਨੇ ਜਿਵੇਂ ਕਿਸੇ ਬਾਗ 'ਚ ਪਹੁੰਚਾ ਦਿੱਤਾ। ਖਿਝ ਵੀ ਗਾਇਬ ਹੋ ਗਈ।ਉਸਦੇ ਚਿਹਰੇ ਦੀ ਚੁੰਬਕੀ ਮੁਸਕਾਨ ਨੇ ਮੇਰੀ ਨਜ਼ਰ ਨੂੰ ਬੰਨ ਲਿਆ ਸੀ। ਮੇਰੇ ਅੰਦਰ ਜੋ ਨਿਰਾਸਤਾ ਭਰੀ ਸੀ ਪਤਾ ਨਹੀਂ ਕਿੱਥੇ ਚਲੀ ਗਈ ? ਨਾ ਉਹ ਜਾਣ -ਪਛਾਣ ਵਾਲੀ ਸੀ ਨਾ ਹੀ ਕੋਈ ਸਖੀ ਸਹੇਲੀ। ਕਿਸ ਦੇਸ਼ ਤੋਂ ਸੀ ? ਚਿਹਰੇ ਤੋਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਸੀ। ਉਹ ਕਿਤੋਂ ਸ਼ਾਇਦ ਛੁੱਟੀਆਂ ਕੱਟ ਕੇ ਆ ਰਹੀ ਸੀ। ਸਮਾਨ ਨਾਲ ਲੱਦੇ ਹੋਏ ਦੋ ਭਾਰੀ ਅਟੈਚੀ। ਏਅਰ ਪੋਰਟ ਦੇ ਟੈਗ ਵੀ ਅਜੇ ਲੱਗੇ ਹੋਏ ਸਨ। 
         ਕੋਈ ਅਣਜਾਨ ਆਪਣੀ ਮਿੱਠੀ ਮੁਸਕਾਨ ਨਾਲ ਆਕਰਸ਼ਿਤ ਕਰਦਾ ਹੋਇਆ ਕਈਆਂ ਨੇ ਦੇਖਿਆ ਹੋਵੇਗਾ। ਲੇਕਿਨ ਅਜਿਹੀ ਚੁੰਬਕੀ ਮੁਸਕਾਨ ਕਿਤੇ ਨਹੀਂ ਮਿਲਦੀ। ਸਾਡਾ ਇੱਕ ਦੂਜੇ ਨਾਲ ਮੂਕ ਵਾਰਤਾਲਾਪ ਕੁਝ ਪਲਾਂ ਦਾ ਹੀ ਸੀ। ਮੇਰਾ ਸਟੇਸ਼ਨ ਵੀ ਆ ਗਿਆ ਸੀ। ਮੈਂ ਉਤਰ ਕੇ ਮੁੜ ਕੇ ਦੇਖਿਆ ਜਿਵੇਂ ਉਸ ਤੋਂ ਵਿਦਾ ਲੈ ਰਹੀ ਹੋਵਾਂ। ਪਰ ਟਰੇਨ ਜਾ ਚੁੱਕੀ ਸੀ। ਮਨ ਉਦਾਸ ਸੀ ਕਿ ਉਸ ਮੁਸਕਾਨ ਦੀ ਸ਼ੀਤਲਤਾ ਤੇ ਮਧੁਰਤਾ ਭਰੀ ਖਿੱਚ ਕਿਤੋਂ ਮਿਲਣ ਵਾਲੀ ਨਹੀਂ ਸੀ। ਐਨੇ ਵੱਡੇ ਵਿਸ਼ਵ 'ਚ ਬਿਨਾ ਨਾਮ ਪਤੇ ਤੋਂ ਕਿਸੇ ਨੂੰ ਕਿਵੇਂ ਲੱਭਿਆ ਜਾ ਸਕਦਾ ਹੈ। ਓਦੋਂ ਹੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਉਸਨੂੰ ਟਰੇਨ 'ਚ ਛੱਡ ਕੇ ਨਹੀਂ ਆਈ ਬਲਕਿ ਉਹ ਤਾਂ ਮੇਰੇ ਨਾਲ -ਨਾਲ ਚੱਲੀ ਆਈ ਹੈ ਮੇਰੇ ਮਨ 'ਚ ਬੈਠ ਕੇ, ਜੁਦਾ ਨਾ ਹੋਣ ਲਈ। ਉਦਾਸੀ ਭਰੇ ਮਨ ਨੂੰ ਸ਼ੀਤਲਤਾ ਦਾ ਛਿੜਕਾਵ ਕਰਕੇ ਜਿਵੇਂ ਪ੍ਰਭੂ ਦੀ ਮਾਇਆ ਹੀ ਆਪਣੀ ਜਾਦੁਈ ਮੁਸਕਾਨ ਬਿਖੇਰਨ ਆਈ ਸੀ ਉਹ। ਮੇਰੇ ਕਦਮ ਬਿਨਾਂ ਕਿਸੇ ਆਨਾ ਕਾਨੀ ਤੋਂ ਟਰੇਨ ਸਟੇਸ਼ਨ ਤੋਂ ਬਾਹਰ ਆਪਣੀ ਰਾਹ ਚੱਲ ਪਏ। 

ਛਟੇ ਬੱਦਲ
ਸੂਰਜ ਦੀ ਕਿਰਨ
ਕੀਤਾ ਉਜਾਲਾ।

ਕਮਲਾ ਘਟਾਔਰਾ 

ਨੋਟ: ਇਹ ਪੋਸਟ ਹੁਣ ਤੱਕ 25 ਵਾਰ ਪੜ੍ਹੀ ਗਈ।

2 comments:

  1. ਵਧੀਆ ਢੰਗ ਨਾਲ ਸਿਆਲਾਂ ਦੀ ਰੁੱਤ 'ਚ ਸਫ਼ਰ ਨੂੰ ਚਿੱਤਰਤ ਕੀਤਾ ਹੈ। ਤੇ ਫੇਰ ਓਸ ਅਨੋਖੀ ਮੁਸਕਾਨ ਨਾਲ ਸਾਡੀ ਸਾਂਝ ਪੁਆਈ ਜੋ ਅਜੇ ਵੀ ਲੇਖਕਾ ਦੇ ਕੋਲ ਬੈਠੀ ਉਸ ਨੂੰ ਤਰੋ -ਤਾਜ਼ਾ ਕਰ ਰਹੀ ਹੈ। ਕਮਲਾ ਜੀ ਆਪ ਵਧੀਆ ਲਿਖਤ ਲਈ ਵਧਾਈ ਦੇ ਪਾਤਰ ਹੋ। ਸਾਂਝ ਬਣਾਈ ਰੱਖਣਾ।
    ਹਰਦੀਪ

    ReplyDelete
  2. ਹਰਦੀਪ ਜੀ। ਆਪਣੇ ਹਾਇਕੂ ਲੋਕ ਨਾਲ ਜੋੜਕੇ ਮੇਰਾ ਮਾਨ ਬੜਾ ਦਿਤਾ। ਨਿਮਾਣੀ ਜੇਈ ਲੇਖਣੀ ਨੂ ਲਿਖਨ ਦੀ ਜਾਂਚ ਨਹੀ ਹੈ ਫਿਰ ਭੀ ਤੁਸਾਂ ਆਪਣਾ ਸਹ੍ਜੋਗ ਦੇ ਕੇ ਮੈਨੂ ਅੱਗੇ ਬੜਨ ਦੀ ਪ੍ਰੇਰਣਾ ਦਿਤੀ ਹੈ। ਤੁਸੀਂ ਹੋਸਲਾ ਅਫਜਾਈ ‘ਚ ਕਦੀ ਪਿਛੇ ਨਹੀ ਹਟਦੇ। ਬਹੁਤ ਬਹੁਤ ਧਨਬਾਦ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ