ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Feb 2016

ਅਡੋਲ ਥੰਮ

    ਅਡੋਲ ਥੰਮ

ਸੰਘਣੀ ਧੁੰਦ ਤੇ ਕਾਲੇ ਬੱਦਲਾਂ ਕਰਕੇ ਦਿਨੇ ਹੀ ਹਨ੍ਹੇਰਾ ਜਿਹਾ ਹੋ ਗਿਆ ਲੱਗਦਾ ਸੀ। ਕਹਿਰ ਦੇ ਛਾਏ ਬੱਦਲਾਂ ਨੇ ਸਾਰੇ ਟੱਬਰ ਦਾ ਵਜੂਦ ਹੀ  ਕੁੱਬਾ ਕਰ ਦਿੱਤਾ ਸੀ। ਸਭ ਦੇ ਚਿਹਰੇ ਮੁਰਝਾਏ ਹੋਏ ਸਨ। ਉਸ ਦਾ ਜੀਵਨ ਮੌਤ ਦੇ ਮੂੰਹ ਜੋ ਪਿਆ ਦਿਖਾਈ ਦੇ ਰਿਹਾ ਸੀ। ਪਰ ਉਸ ਦਾ ਮਨੋਬਲ ਅੰਬਰਾਂ ਨੂੰ ਛੂਹ ਰਿਹਾ ਸੀ। ਕਿਸੇ ਗੰਭੀਰ ਰੋਗ ਨਾਲ ਪੀੜਤ ਅਪ੍ਰੇਸ਼ਨ ਬੈਡ 'ਤੇ ਪਿਆ ਵੀ ਉਹ ਖੁਦ ਸਾਰਿਆਂ ਦਾ ਹੌਸਲਾ ਵਧਾ ਰਿਹਾ ਸੀ। 
      ਓਸ ਦਿਨ ਮੇਰੀ ਰੂਹ ਵੀ ਉਸ ਦੇ ਮੰਜੇ ਦਾ ਇੱਕ ਕੋਨਾ ਮੱਲੀ ਬੈਠੀ ਸੀ ਐਨ ਕੋਲ ਜਿਹੇ।  ਉਸ ਦੀ ਜ਼ਿੰਦਗੀ ਦੇ ਦਿਸਹੱਦਿਆਂ ਦੇ ਆਰ -ਪਾਰ ਤੱਕਦੀ। ਰੁੱਤਾਂ ਬਦਲੀਆਂ ਤੇ ਜ਼ਿੰਦਗੀ ਦਾ ਰਹਿਬਰ ਸਮਾਂ ਲੰਘਦਾ ਗਿਆ। ਪਰ ਸਮੇਂ ਦੀ ਨਬਜ਼ ਪਛਾਣ ਏਸ ਨੂੰ ਆਪਣੇ ਮੁਤਾਬਕ ਢਾਲਣ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਉਹ ਬਿਲਕੁਲ ਅਜਿਹਾ ਹੀ ਤਾਂ ਹੈ ਜੋ ਦੂਜਿਆਂ ਦੇ ਹਿਤਾਂ ਦੀ ਰਾਖੀ ਕਰਦਾ ਜ਼ਿੰਦਗੀ 'ਚ ਅਨੋਖੇ ਰੰਗ ਭਰਦਾ ਗਿਆ।
       ਬਟਵਾਰੇ ਵੇਲੇ ਉਸ ਦੀ ਉਮਰ ਮਸਾਂ ਸੱਤ ਕੁ ਸਾਲਾਂ ਦੀ ਹੋਵੇਗੀ। ਹਾਏ ਕੁਰਲਾਪ ਦੇ ਕਹਿਰ ਭਰੇ ਦਿਨਾਂ ਦਾ ਅਸਰ ਉਸ ਅਨਭੋਲ ਦੇ ਮਨ 'ਤੇ ਕਿਤੇ ਗਹਿਰਾ ਉਕਰਿਆ ਗਿਆ ਸੀ। ਸਾਂਦਲ ਬਾਰ ਨੂੰ ਛੱਡਣ ਦੇ ਹਉਕੇ ਉਸ ਨੂੰ ਸੁਪਨਿਆਂ 'ਚ ਵੀ ਸੁਣਾਈ ਦਿੰਦੇ। ਜਿਨ੍ਹਾਂ 'ਚ ਉਹ ਅਕਸਰ ਉਹਨਾਂ ਖੇਤਾਂ ਦੀ ਸੈਰ ਕਰਦਾ ਜਿੱਥੇ ਬਾਪੂ ਨੇ ਕਦੇ ਹੱਲ ਵਾਹਿਆ ਸੀ। ਪਰ ਬਾਪੂ ਹਮੇਸ਼ਾਂ ਓਸ ਮਿੱਟੀ ਦੇ ਮੋਹ ਨੂੰ ਤਿਆਗ ਅੱਗੇ ਵੱਧਣ ਦੀ ਸਲਾਹ ਦਿੰਦਾ ਤੇ ਉਸ ਦੇ ਲਏ ਨਿੱਕੇ -ਨਿੱਕੇ ਫੈਸਲਿਆਂ ਦੀ ਤਰਜ਼ਮਾਨੀ ਵੀ ਕਰਦਾ। ਬਾਪੂ ਦੀ ਥਾਪੀ ਨੇ ਉਸ ਨੂੰ ਅਡਿੱਗ ਤੇ ਅਡੋਲ ਰਹਿਣ ਵਾਲਾ ਦਰਸ਼ਨੀ ਜਵਾਨ ਬਣਾ ਦਿੱਤਾ ਸੀ।
     ਉਸ ਦੀ ਖੂਬਸੂਰਤ ਸਖਸ਼ੀਅਤ ਵੇਖ ਕੇ ਸਵਰਗ ਦੇ ਰੰਗ ਵੀ ਫਿੱਕੇ ਪੈ ਜਾਂਦੇ। ਉਹ ਕਦੇ ਵੀ ਪੋਚਾ ਫੇਰੂ ਗੱਲਾਂ ਨਾ ਕਰਦਾ। ਕੱਚੇ ਦੁੱਧ ਦੀ ਘੁੱਟ ਵਰਗੇ ਬੰਦੇ ਹੀ ਉਸ ਦੇ ਮਿੱਤਰ ਬਣੇ। ਪਰਿਵਾਰ ਦੇ ਹਰ ਨਿੱਕੇ -ਵੱਡੇ ਫ਼ੈਸਲੇ 'ਚ ਉਹ ਮੋਹਰੀ ਹੁੰਦਾ। ਮੁੱਢ ਤੋਂ ਹੀ ਉਹ ਦਿਲੋਂ ਦਲੇਰ ਸੀ। ਹਰ ਇੱਕ ਦੇ ਕਸ਼ਟ ਸਾਹ ਰੋਕ ਕੇ ਸੁਣਦਾ ਤੇ ਫੇਰ ਬੜੇ ਵਿਵੇਕ ਨਾਲ ਉਸਦਾ ਹੱਲ ਵੀ ਲੱਭ ਲੈਂਦਾ। ਕਈ ਵਰ੍ਹੇ ਉਹ ਪਿੰਡ ਦਾ ਸਰਪੰਚ ਵੀ ਰਿਹਾ। ਆਪਣੀ ਜਾਦੂਮਈ ਆਵਾਜ਼ ਨਾਲ ਉਹ ਸਰੋਤਿਆਂ ਨੂੰ ਕੀਲਣ ਦੀ  ਸਮਰੱਥਾ ਰੱਖਦਾ ਹੈ। ਰੱਬ ਦੀ ਹੋਂਦ ਤੋਂ ਭਾਵੇਂ ਉਹ ਅੱਜ ਵੀ ਮੁਨਕਰ ਹੈ ਪਰ "ਘੱਲੇ ਆਵੇ ਨਾਨਕਾ ਸੱਦੇ ਉਠ ਜਾਏ" ਤੁਕ ਦੀ ਪ੍ਰੋੜਤਾ ਕਰਨ ਵਾਲਾ ਨਾਸਤਿਕ ਵੀ ਤਾਂ ਨਹੀਂ ਹੋ ਸਕਦਾ। 
     ਸਾਹਿਤ ਸਿਰਜਣਾ ਦੀ ਉੱਤਮ ਕਲਾ ਉਸ ਦੀਆਂ ਰਗਾਂ 'ਚ ਦੌੜਦੀ ਹੈ। ਉਸ ਦੀਆਂ ਸਾਰੀਆਂ ਲਿਖਤਾਂ ਅੱਜ ਵੀ ਉਸ ਦੇ ਜ਼ਿਹਨ 'ਚ ਜਿਉਂਦੀਆਂ ਨੇ। ਪਰ ਅੱਜ ਤਾਈਂ ਕਿਸੇ ਕੋਰੇ ਵਰਕੇ 'ਤੇ ਆਪਣਾ ਹੱਕ ਨਹੀਂ ਜਤਾ ਸਕੀਆਂ। ਜੇ ਕਿਧਰੇ ਕਿਸੇ ਸਫ਼ੇ 'ਤੇ ਮੋਤੀ ਬਣ ਬਿਖਰੀਆਂ ਵੀ ਤਾਂ ਜ਼ਿੰਦਗੀ ਦੀਆਂ ਤੇਜ਼ ਹਨ੍ਹੇਰੀਆਂ 'ਚ ਪਤਾ ਨਹੀਂ ਉਹ ਵਰਕੇ ਕਿਧਰੇ ਉੱਡ -ਪੁੱਡ ਗਏ। ਉਸ ਦੀ ਛੋਟੀ ਭੈਣ ਹਰ ਲਿਖਤ ਦੀ ਪਹਿਲੀ ਸਰੋਤਾ ਬਣੀ।  ਪੰਜ-ਛੇ ਦਹਾਕਿਆਂ ਬਾਅਦ ਛੋਟੀ ਭੈਣ ਨੇ ਦਿਲ ਦੀਆਂ ਤੈਹਾਂ ਫਰੋਲ ਫਿਰ ਤੋਂ 'ਸਾਂਦਲ ਬਾਰ' ਲਿਖਣ ਲਈ ਕਿਹਾ। ਹੈਰਾਨੀ ਤਾਂ ਓਦੋਂ ਹੋਈ ਜਿਥੇ-ਕਿਤੇ ਲਿਖਾਰੀ ਦੀ ਕਲਮ ਉੱਕੀ,ਹਮੇਸ਼ਾਂ ਵਾਂਗ ਓਦਣ ਵੀ ਸਰੋਤਾ ਬਣੀ ਛੋਟੀ ਭੈਣ ਟੁੱਟੀਆਂ ਸਤਰਾਂ ਨੂੰ ਜੋੜਦੀ ਗਈ ਕਿਓਂ ਜੋ ਇਹ ਕਵਿਤਾ ਉਸ ਦੇ ਜ਼ਿਹਨ ‘ਚ ਵੀ ਸਾਲਾਂ ਬੱਧੀ ਘਰ ਕਰੀ ਬੈਠੀ ਸੀ। 
         ਅੰਦਰੋਂ ਬਾਹਰੋਂ ਉਹ ਇੱਕ ਰੂਪ ਹੈ। ਪਤਾ ਨਹੀਂ ਕਿਹੜੀਆਂ ਆਜ਼ਾਦ ਪੌਣਾਂ ਦਾ ਮਹਿਰਮ ਹੈ ਉਹ। ਉਸ ਕਦੇ ਵੀ ਬਦਤਮੀਜ਼ ਸਮਿਆਂ ਕੋਲ ਆਪਣੇ ਸਾਹਾਂ ਦੀ ਅਨਮੋਲ ਰਕਮ ਗਹਿਣੇ ਨਹੀਂ ਹੋਣ ਦਿੱਤੀ। .......ਤੇ ਓਸ ਦਿਨ ਅਪ੍ਰੇਸ਼ਨ ਤੋਂ ਕੁਝ ਘੜੀਆਂ ਪਹਿਲਾਂ ਮੌਤ ਨੂੰ ਟਿੱਚਰ ਕਰਦਾ ਉਹ ਕਹਿੰਦਾ ਹੈ ਕਿ "ਵੇਖ ਲਈ ਜ਼ਿੰਦਗੀ ਦੀ ਪ੍ਰਾਹੁਣਾਚਾਰੀ- ਮੌਤ ਮੈਨੂੰ ਸੱਦ ਰਹੀ ਜਾ ਕੇ ਵੇਖ ਲਾਂ। " ਪਰ ਸਾਡੀਆਂ ਸਭ ਦੀਆਂ ਦੁਆਵਾਂ ਦਵਾ ਬਣ ਗਈਆਂ ਤੇ ਟੱਬਰ ਦਾ ਅਡੋਲ ਥੰਮ ਕਾਲੀ ਹਨ੍ਹੇਰੀ ਰਾਤ ਤੋਂ ਬਾਅਦ ਨਵੇਂ ਸੂਰਜ ਦੀ ਲੌਅ 'ਚ ਫਿਰ ਤੋਂ ਉੱਠ ਖੜ੍ਹਾ ਹੋਇਆ। 

ਚੜ੍ਹਦੀ ਟਿੱਕੀ -
ਸੰਘਣੀ ਧੁੰਦ ਪਿੱਛੋਂ  
ਰੌਸ਼ਨ ਦਿਨ। 
ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 81 ਵਾਰ ਪੜ੍ਹੀ ਗਈ

11 comments:

  1. ਪ੍ਰੀਤਮ ਕੌਰ28.2.16

    ਬਿਲਕੁਲ ਸਹੀ ਲਿਖਿਆ ਹੈ, ਵਧੀਆ ਤੇ ਢੁੱਕਵੇਂ ਸ਼ਬਦ ਚੁਣੇ ਨੇ। ਮਾਮਾ ਜੀ ਨੂੰ ਦਿਖਾਉਣ ਵਾਲੀ ਹੈ ਇਹ ਰਚਨਾ ਅਡੋਲ ਥੰਮ !

    ReplyDelete
  2. ਸੰਘਰਸ਼ ਈ ਜੀਵਨ ਦੀ ਰੌਸ਼ਨੀ ਬਖਸ਼ਦਾ ਏ

    ReplyDelete
  3. ਸੰਘਰਸ਼ ਦੀ ਅੱਗ ਚ ਤਪ ਕੇ ਹੀ ਤਾਂ ਜੀਵਨ ਅਡੋਲ ਥੰਮ ਬਨ ਕੇ ਖੜਾ ਹੋ ਸਕਤਾ ਹੈ ।ਬਣੋਨ ਵਾਲਾ ਉਸੀ ਨੂ ਐਸੀ ਨਿਅਤੀ ਦਿੰਦਾ ਹੈ ਜੇੜਾ ਅਪਨੀ ਦਿਲੇਰੀ ਨਾਲ ਹਰ ਓੋਕੜ ਦਾ ਸਾਮਨਾ ਕਰ ਸਕੇ।
    ਫਿਰ ਇਸ ਥੰਮ ਨੂ ਤਾਂ ਓਦੇ ਅਪਨਿਆਂ ਦੇ ਪਿਆਰ ਦੇ ਪਲਸਤਰ ਨੇ ਨਿਤ ਨਰੋਇਆ ਬਨਾ ਕੇ ਰਖਿਆ ਹੋਇਆ ਸੀ ਉਸ ਨੂ ਕਾਲੀ ਹਨੇਰੀ ਕਿਸ ਤਰਹ ਡਿਗਾ ਸਕਦੀ ਸੀ ? ਉਸ ਦੇ ਭਵਿਖ ਦਾ ਫਿਕਰ ਕਰਨੇ ਵਾਲੇ ਢੂੰਗੀ ਸੋਚ ਵਾਲੇ ਅਪਨੋ ਨੇ ਭੀ ਸਹੀ ਦਿਸ਼ਾ ਦਿਖਾਈ ਸੀ ।ਨੀਵ ਮਜਬੂਤ ਬਨਾਈ ਸੀ ।
    ਕਾਲੀ ਹਨੇਰੀ ਕੀ ਕੋਈ ਤੂਫਾਨ ਵੀ ਉਸ ਨੂ ਡਿਗਾ ਨਹੀ ਸਕਦਾ ਸੀ । ਮੇਰੀ ਏਹਹੀ ਦਿਲੀ ਚਾਹ ਹੈ ਕਿ ਅੋਹ ਅਪਨੀ ਸਾਂਦਲ ਬਾਰ ਜਰੂਰ ਪੂਰੀ ਕਰਨ ।ਹਮੇਸ਼ਾਂ ਤਂਦਰੁਸਤ ਰਹਿਨ ।ਸਾਡਿਆਂ ਦੁਆਂਵਾਂ ਉਨਹਾਂ ਦੇ ਨਾਲ ਹਨ ।
    ਹਰਦੀਪ ਜੀਵਨ ਸ਼ਂਘਰਸ਼ ਦੀ ਵਾਰਤਾ ਏਨੇ ਸੁਚਜੇ ਢੰਗ ਨਾਲ ਵਿਆਨੀ ਹੈ ਕਿ ਤਾਰੀਫ ਲਈ ਸ਼ਬਦਾਂ ਦੀ ਘਾਟ ਹੈ ਮੇਰੇ ਪਾਸ । ਮੁਝੇ ਏਨਾ ਲਿਖਨਾ ਵੀ ਨਹੀ ਆਉਦਾ । ਬਸ ਏਹੀ ਕਹ ਸਕਦੀ ਆਂ ਕਿ ਤੇਰੀ ਲਿਖਤ ਪੜਕੇ ਰੂਹ ਖੁਸ਼ ਹੋ ਜਾਂਦੀ ਹੈ ।ਬਧਾਈ ਬਹੁਤ ਸਾਰੀ ।



    ReplyDelete
  4. Anonymous2.3.16

    ਖੂਬਸੂਰਤ ਰਚਨਾ

    ReplyDelete
  5. ਅਡੋਲ ਥੰਮ ਹਾਇਬਨ ਨੂੰ ਪੜ੍ਹ ਕੇ ਹੁੰਗਾਰਾ ਭਰਨ ਲਈ ਬਹੁਤ -ਬਹੁਤ ਸ਼ੁਕਰੀਆ। ਪਰ ਸਾਡੇ 'ਚੋਂ ਬਹੁਤੇ ਪਾਠਕ ਖਾਮੋਸ਼ ਹੁੰਗਾਰਾ ਭਰਨ 'ਚ ਹੀ ਵਿਸ਼ਵਾਸ਼ ਰੱਖਦੇ ਨੇ। ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ। ਆਪ ਜੀ ਨੂੰ ਮੇਰੀ ਸ਼ਬਦ ਚੋਣ ਤੇ ਲਿਖਣ ਢੰਗ ਪਸੰਦ ਆਇਆ। ਪ੍ਰੀਤਮ ਭੈਣ ਆਪ ਨੇ ਸਹੀ ਕਿਹਾ, ਇਹ ਰਚਨਾ ਮਾਮਾ ਜੀ ਤੱਕ ਜ਼ਰੂਰ ਅੱਪੜਦੀ ਕਰ ਦੇਵਾਂਗੀ। ਕਮਲਾ ਜੀ ਆਪਨੇ ਹਾਇਬਨ ਦੀ ਵਾਰਤਾ ਨੂੰ ਹੋਰ ਵਿਸਥਾਰ ਦੇ ਦਿੱਤਾ, ਬੜਾ ਹੀ ਚੰਗਾ ਲੱਗਾ। ਬੱਸ ਆਪ ਸਭ ਦੀ ਅਪਣੱਤ ਤੇ ਰਾਬਤਾ ਇਸੇ ਤਰਾਂ ਹੀ ਬਣਿਆ ਰਿਹਾ ਏਹੋ ਦੁਆ ਕਰਦੀ ਹਾਂ।
    ਹਰਦੀਪ

    ReplyDelete
  6. ਦੀਪੀ ਤੇਰਾ ਹਾਇਬਨ ਅਡੋਲ ਥੰਮ ਬਹੁਤ ਹੀ ਭਾਵੁਕਤਾ ਨਾਲ ਲਿਖਿਆ ਹੋਇਆ ਹੈ ਤੇ ਬਹੁਤ ਹੀ inspiring ਹੈ। ਚਾਚਾ ਜੀ ਦੀ personality ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਿਆਨਿਆ ਹੈ। ਬਹੁਤ ਘੱਟ ਲੋਕ ਹੁੰਦੇ ਨੇ ਆਪ ਵਰਗੇ।
    ਦਵਿੰਦਰ

    ReplyDelete
  7. Bhawanjit Singh9.3.16

    ਦੀਪੀ ਮੈਂ ਕਈ ਵਾਰ ਇਹ ਲਿਖਤ ਅਡੋਲ ਥੰਮ ਪੜ੍ਹੀ ਤੇ ਹਰ ਵਾਰ ਮਾਮਾ ਜੀ ਮੇਰੇ ਹੋਰ ਨੇੜੇ ਹੁੰਦੇ ਗਏ। ਹਰ ਵਾਰ ਉਹ ਕਿਸੇ ਨਾ ਕਿਸੇ ਲਈ ਕੁਝ ਵੱਖਰਾ ਤੇ ਨਵਾਂ ਕੰਮ ਕਰਦੇ ਜਾਪੇ। ਸਾਨੂੰ ਆਪਣੇ ਮਾਮਾ ਜੀ 'ਤੇ ਬਹੁਤ ਮਾਣ ਹੈ।
    ਦੀਪੀ ਇਸ ਲਿਖਤ 'ਚ ਤੇਰੇ ਲਿਖੇ ਸ਼ਬਦ ਤੇ ਤੇਰੀਆਂ ਕਹੀਆਂ ਗੱਲਾਂ ਅਨਮੋਲ ਨੇ -ਜੋ ਮੈਨੂੰ ਭੁੱਲ ਗਈਆਂ ਸਨ। ਇਸ ਨੂੰ ਪੜ੍ਹ ਕੇ ਸਭ ਕੁਝ ਦੁਬਾਰਾ ਯਾਦ ਆ ਗਿਆ। ਬਹੁਤ ਖੂਬ ਲਿਖਿਆ ਹੈ। ਇਸੇ ਤਰਾਂ ਹੀ ਲਿਖਦੀ ਰਹਿ।
    ਭਵਨਜੀਤ ਸਿੰਘ

    ReplyDelete
  8. Kamla Ghataaura21.3.16

    हरदीप,
    अपने मामा जी को अडोल थम्ब दिखाया या नहीं ?
    उन की कोई प्रतिक्रिया आई या नहीं?
    Kamla Ghataaura

    ReplyDelete
  9. ਭਰਪੂਰ ਸਿੰਘ ਤੂਰ21.3.16

    Message via e-mail:
    ਦੀਪੀ ਮੈਂ ਤੇਰੀਆਂ ਰਚਨਾਵਾਂ ਕਈ -ਕਈ ਵਾਰ ਪੜ੍ਹਦਾ ਹਾਂ ਤੇ ਹੋਰਾਂ ਨੂੰ ਵੀ ਪੜ੍ਹਾਉਂਦਾ ਹਾਂ। ਮੈਂ ਜਿਸ ਕਿਸੇ ਨੂੰ ਵੀ ਅਡੋਲ ਥੰਮ ਪੜ੍ਹਵਾਈ ਹੈ ਹਰ ਇੱਕ ਨੇ ਕਿਹਾ ਹੈ ਕਿ ਇਹ ਤਾਂ ਤੂੰ ਹੀ ਹੈਂ। ਹਰ ਸ਼ਬਦ ਤੇਰੇ 'ਤੇ 100% ਢੁੱਕਦਾ ਹੈ। ਦੀਪੀ ਤੂੰ ਹੁਣ ਤੱਕ ਕਿੱਥੇ ਲੁਕੀ ਰਹੀ। ਤੇਰੀਆਂ ਰਚਨਾਵਾਂ ਪੂਰੇ ਜੱਗ 'ਚ ਜ਼ਾਹਰ ਹੋਣ ਵਾਲੀਆਂ ਨੇ। ਤੇਰੀ ਸ਼ਬਦ ਚੋਣ, ਗੱਲ ਕਹਿਣ ਦਾ ਤਰੀਕਾ ਲਾਜਵਾਬ ਹੈ !
    ਤੇਰਾ ਮਾਮਾ
    ਭਰਪੂਰ ਸਿੰਘ ਤੂਰ

    ReplyDelete
  10. Kamla Ghataaura21.3.16

    Message via e-mail:
    आखिर मामा जी ने अडोल थम्ब पढ़ ही ली तेरी लिखत दी तारीफ सुन कर मुझे बहुत खुशी हुई । जैसे मेरी ही तारीफ हुई हो ।
    कमला


    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ