ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

6 Feb 2016

ਉਮਰਾਂ ਦਾ ਹਾਸਾ

       ਢਲਦੀ ਦੁਪਹਿਰ ਨੂੰ ਉੱਚੇ ਅੰਬਰੀਂ ਛਾਏ ਸੁਰਮਈ ਬੱਦਲਾਂ 'ਚੋਂ -ਕਦੇ ਕਦੇ ਸੂਰਜ ਵੀ ਝਾਤੀ ਮਾਰ ਜਾਂਦਾ ਸੀ। ਏਸ ਅਲਬੇਲੇ ਜਿਹੇ ਮੌਸਮ ਵਿੱਚ ਅਸੀਂ ਚਾਰੋ ਜਣੇ ਆਪਣੀਆਂ ਬੇੜੀਆਂ ਤੇ ਚੱਪੂਆਂ ਸਮੇਤ ਨਦੀ ਕਿਨਾਰੇ ਜਾ ਪੁੱਜੇ ਸੀ। ਸ਼ਹਿਰ ਦੇ ਨਾਲ ਖਹਿ ਕੇ ਵਗਦੀ ਏਸ ਨਦੀ ਦੇ ਪਾਣੀਆਂ 'ਚ ਸ਼ਰਬਤੀ ਰੰਗ ਘੁਲੇ ਲੱਗਦੇ ਸਨ। ਮਸਤ ਹੋਏ ਪਰਿੰਦੇ ਆਜ਼ਾਦ ਪੌਣਾਂ 'ਚ ਕੁਦਰਤ ਦੀ ਵਡਿਆਈ ਦੇ ਗੀਤ ਗਾਉਂਦੇ ਜਾਪਦੇ ਸਨ। ਸੂਰਜੀ ਪਿਆਲੇ 'ਚੋਂ ਡੁੱਲ੍ਹਦੀ ਲਾਲੀ ਦੀ ਲਿਸ਼ਕੋਰ 'ਚ ਚਿਲਕਦਾ ਪਾਣੀ ਏਸ ਮਨਮੋਹਣੀ ਕਾਇਨਾਤ ਨੂੰ ਹੋਰ ਵੀ ਰੰਗਲਾ ਬਣਾ ਰਿਹਾ ਸੀ।
          ਲਾਈਫ ਜੈਕਟਾਂ ਪਾ ਕੇ ਇੱਕ ਬੇੜੀ 'ਚ ਅਸੀਂ ਦੋਵੇਂ ਮਾਂ -ਪੁੱਤ ਤੇ ਦੂਜੀ 'ਚ ਓਹ ਦੋਵੇਂ ਪਿਓ -ਧੀ ਸਵਾਰ ਹੋ ਗਏ। ਖੁੱਲ੍ਹਾ -ਡੁੱਲ੍ਹਾ ਮਾਹੌਲ ਸੀ। ਇੱਕ ਦੂਜੇ ਦੇ ਮਨ ਦੀਆਂ ਅਣਕਹੀਆਂ ਗੱਲਾਂ ਸਮਝਣ ਤੇ ਰਿਸ਼ਤਿਆਂ ਦਾ ਨਿੱਘ ਮਾਨਣ ਦਾ ਸਮਾਂ। ਅਸੀਂ ਆਪੂੰ ਚੱਪੂ ਮਾਰ ਡੂੰਘੇ ਪਾਣੀਆਂ 'ਚ ਉਤਰਨਾ ਸੀ। ਮੇਰੇ ਜਿੰਮੇ ਬੇੜੀ ਨੂੰ ਸਿਰਫ਼ ਅਗਾਂਹ ਧਕੇਲਣਾ ਸੀ ਤੇ ਮੇਰਾ ਬੇਟਾ ਬੇੜੀ ਨੂੰ ਸਹੀ ਸੇਧ ਤੇ ਦਿਸ਼ਾ 'ਚ ਰੱਖ ਰਿਹਾ ਸੀ। ਫੱਗਣ ਦੀ ਧੁੱਪ ਵਾਂਗੂ ਖਿੜਿਆ ਉਹ ਨਾਲੋ -ਨਾਲ ਬੜੀ ਸਹਿਜਤਾ ਨਾਲ ਬੇੜੀ ਨੂੰ ਆਪਣੇ ਕਾਬੂ 'ਚ ਰੱਖਣ ਬਾਰੇ ਵੀ ਮੈਨੂੰ ਦੱਸਦਾ ਜਾ ਰਿਹਾ ਸੀ।  ਮੈਂ ਨਿਗ੍ਹਾ ਘੁਮਾ ਕੇ ਸਾਹਮਣੇ ਦੇਖਿਆ। ਦੂਜੀ ਬੇੜੀ ਸਾਡੇ ਤੋਂ ਕਾਫ਼ੀ ਦੁਰੇਡੇ ਜਾ ਚੁੱਕੀ ਸੀ। ਪਰ ਸਾਡੇ ਵਾਲੀ ਬੇੜੀ ਸਾਡੇ ਹਾਸੇ ਦੇ ਟੋਟਿਆਂ ਦੀ ਘੁੰਮਣਘੇਰੀ 'ਚ ਉਲਝੀ ਇੱਕੋ ਜਗ੍ਹਾ ਗੋਲ -ਗੋਲ ਘੁੰਮੀ ਜਾ ਰਹੀ ਸੀ। 
       ਕਹਿੰਦੇ ਨੇ ਕਿ ਕੁਦਰਤ ਉਹਨਾਂ ਦਾ ਸਾਥ ਦੇ ਹੀ ਦਿੰਦੀ ਹੈ ਜੋ ਹਰ ਹੀਲੇ ਆਪਣੇ ਟੀਚੇ ਦੀ ਪ੍ਰਾਪਤੀ ਲਈ ਦ੍ਰਿੜ ਰਹਿੰਦੇ ਨੇ। ਹੁਣ ਸਾਡੀ ਬੇੜੀ ਸਾਡੇ ਕਾਬੂ 'ਚ ਸੀ ਪਰ ਹਾਸਾ ਅਜੇ ਵੀ ਬੇ -ਕਾਬੂ। "ਚੱਲੋ ਪਾਪਾ ਤੇ ਨਿਕੜੀ ਤੋਂ ਮੂਹਰੇ ਨਿਕਲੀਏ, " ਉਸ ਦੀਆਂ ਅੱਖਾਂ 'ਚ ਸ਼ਰਾਰਤ ਤੇ ਬੋਲਾਂ 'ਚ ਧੁੱਪ ਰੰਗਾ ਹਾਸਾ ਸੀ। ਪਾਣੀ ਦੀਆਂ ਲਹਿਰਾਂ ਨੂੰ ਚੱਪੂਆਂ ਦੀ ਆਵਾਜ਼ ਤਾਲ ਦੇ ਰਹੀ ਸੀ। ਅਗਲੇ ਕੁਝ ਪਲਾਂ ਬਾਅਦ ਸਾਡੀਆਂ ਬੇੜੀਆਂ ਇੱਕ -ਦੂਜੇ ਦੇ ਨਾਲੋ -ਨਾਲ ਜਾ ਰਹੀਆਂ ਸਨ। ਖੁਸ਼ੀਆਂ ਭਰੇ ਸ਼ਰਬਤੀ ਵੇਲੇ ਨੇ ਅੱਖਾਂ ਸਾਹਵੇਂ ਸੂਹੇ ਰੰਗ ਬਿਖੇਰ ਦਿੱਤੇ ਸਨ। 
       ਨਦੀ ਕਿਨਾਰੇ ਲੱਗੇ ਰੁੱਖਾਂ ਦੇ ਅਕਸ ਪਾਣੀ ਦੀਆਂ ਤਰੰਗਾਂ ਸੰਗ ਨੱਚਦੇ ਪ੍ਰਤੀਤ ਹੋ ਰਹੇ ਸਨ। ਪਰਿੰਦਿਆਂ ਦੀਆਂ ਗੂੰਜਦੀਆਂ ਸੰਗੀਤਮਈ ਆਵਾਜ਼ਾਂ ਨੇ ਸਾਡੇ ਅੰਦਰ ਪਸਰੇ ਫਿਕਰਾਂ ਦੇ ਹਨ੍ਹੇਰਿਆਂ  ਨੂੰ ਚਾਨਣ ਨਾਲ ਭਰ ਦਿੱਤਾ ਸੀ। ਮੋਹ ਭਰੇ ਹਾਸਿਆਂ ਦੀ ਉਂਗਲ ਲੱਗ ਉਹਨਾਂ ਕੁਝ ਕੁ ਪਲਾਂ ਵਿੱਚ ਹੀ ਅਸੀਂ ਉਮਰਾਂ ਦਾ ਹਾਸਾ ਆਪਣੀ ਝੋਲੀ 'ਚ ਸਮੇਟ ਲਿਆਏ ਸਾਂ। ਜਿਸ ਨੂੰ ਯਾਦ ਕਰਦਿਆਂ ਅੱਜ ਵੀ ਮੇਰੇ ਸਾਹ ਜਿਉਣ ਵਰਗੇ ਅਹਿਸਾਸ ਨਾਲ ਧੜਕਣ ਲੱਗ ਜਾਂਦੇ ਨੇ। 

ਛਿਪਦੀ ਟਿੱਕੀ -
ਪਾਣੀ ਤੋਂ ਤਿਲਕਣ 
ਸੋਨ -ਕਿਰਨਾਂ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 62 ਵਾਰ ਪੜ੍ਹੀ ਗਈ

8 comments:

 1. via e-mail :
  ਪ੍ਰੀਤਮ ਕੌਰ - ਬਹੁਤ ਹੀ ਵਧੀਆ !
  ਜਸਕਿਰਨ - ਕਿਆ ਬਾਤ ਹੈ। ਬਹੁਤ ਹੀ ਖੂਬਸੂਰਤੀ ਨਾਲ ਛੁੱਟੀਆਂ ਨੂੰ ਬਿਆਨਿਆ ਹੈ। ਨਾਈਸ ਫੈਮਿਲੀ ਟਾਈਮ। ਕਿੱਥੇ ਗਏ ਸੀ ਤੁਸੀਂ ?
  ਭੁਪਿੰਦਰ ਸਿੰਘ (ਨਿਊ ਯਾਰਕ)- ਖੂਬਸੂਰਤ ਰਚਨਾ।

  ReplyDelete
 2. ਬਹੁਤ ਸੋਹਣਾ ਲਿਖਿਆ ਹੈ। ਇੱਕ ਆਮ ਜਿਹੀ ਗੱਲ ਨੂੰ ਖਾਸ ਬਣਾ ਦਿੱਤਾ। ਮਤਲਬ ਕਿ ਸਾਡੀ ਜ਼ਿੰਦਗੀ 'ਚ ਰੋਜ਼ ਕੁਝ ਨਾ ਕੁਝ ਅਜਿਹਾ ਵਾਪਰਦਾ ਹੈ ਕਿ ਉਹ ਯਾਦਗਾਰ ਬਣ ਜਾਂਦਾ ਹੈ। ਪਰ ਓਸ ਯਾਦ ਨੂੰ ਲਫਜ਼ਾਂ 'ਚ ਪਰੋਕੇ ਰੱਖਣਾ ਕੋਈ ਹੀ ਕਰ ਸਕਦਾ ਹੈ ਜਿਵੇਂ ਕਿ ਤੁਸੀਂ ਕਰਦੇ ਹੋ। ਲਾਜਵਾਬ ਹਾਇਬਨ !
  ਪਰਮ

  ReplyDelete
 3. A comment via e-mail-
  ਕੁਦਰਤ ਦੇ ਸਜੀਵ ਦ੍ਰਿਸ਼ਾਂ ਨਾਲ ਭਰਿਆ ਇਹ ਹਾਇਬਨ ਕੇਵਲ ਇੱਕ ਬੇੜੀ ਦੀ ਯਾਰਤਾ ਦਾ ਚਿੱਤਰਨ ਹੀ ਨਹੀਂ ਕਰਦਾ ਬਲਕਿ ਸਾਨੂੰ ਸਿੱਖਿਆ ਵੀ ਦਿੰਦਾ ਹੈ ਕਿ ਇਨਸਾਨ ਦੇ ਹੌਸਲੇ ਬੁਲੰਦ ਹੋਣ ਤਾਂ ਮੰਜ਼ਿਲ ਪਾ ਹੀ ਲੈਂਦਾ ਹੈ। ਦੂਸਰਾ ਸੁਨੇਹਾ ਇਹ ਦਿੰਦਾ ਹੈ ਕਿ ਫੱਗਣ ਦੀ ਧੁੱਪ ਵਰਗਾ ਖਿੜਿਆ ਹਾਸਾ ਚਿੰਤਾ ਦੇ ਹਨੇਰੇ ਨੂੰ ਕੋਲ ਨਹੀਂ ਫਟਕਣ ਦਿੰਦਾ। ਬਹੁਤ ਸੁੰਦਰ ਹਾਇਬਨ ਹੈ ਹਰਦੀਪ ਜੀ ਵਧਾਈ ਹੋਵੇ।
  ਕਮਲਾ ਘਟੌੜਾ

  ReplyDelete
 4. ਖੁਸ਼ੀਆਂ ਦੇ ਕੁਝ ਪਲ , ਉਮਰਾਂ ਦੇ ਸਾਹ ਹੁੰਦੇ ਨੇ ।
  ਮੰਨ -ਮੋਹਨੀ ਰਚਨਾ ।

  ReplyDelete
 5. ਬਹੁਤ ਹੀ ਪਿਆਰਾ ਹਾੲਿਬਨ ਹੈ ਜੀ

  ReplyDelete
 6. ਸੁੰਦਰ ਪਲਾਂ ਨੂੰ ਭਾਵਨਾਤਮਿਕ ਰੰਗ 'ਚ ਰੰਗ ਕੇ ਪੇਸ਼ ਕੀਤਾ ਹੈ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ