ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Mar 2016

ਅਣਪੁੱਗੀ ਰੀਝ


ਭਾਦੋਂ ਦੀ ਸਵੇਰ ਸੀ।  ਪੰਛੀ ਆਪਣੀਆਂ ਸੁਰੀਲੀਆਂ ਆਵਾਜ਼ਾਂ ਨਾਲ ਜਸ਼ਨ ਮਨਾਉਂਦੇ ਜਾਪਦੇ ਸਨ। ਮੂੰਹ ਹਨ੍ਹੇਰਾ ਜਿਹਾ ਹੋਣ ਕਰਕੇ ਮੌਸਮ 'ਚ ਅਜੇ ਠੰਡਕ ਸੀ। ਮੈਂ ਚਾਹ ਦੀਆਂ ਮਸੀਂ ਦੋ ਕੁ ਘੁੱਟਾਂ ਹੀ ਭਰੀਆਂ ਹੋਣਗੀਆਂ ਜਦੋਂ ਉਸ ਨੇ ਬੂਹੇ 'ਤੇ  ਦਸਤਕ ਦਿੱਤੀ। ਮੈਂ ਉਸ ਨੂੰ ਹੀ ਉਡੀਕ ਰਹੀ ਸਾਂ।ਸਤਾਰਾਂ  ਕੁ ਸਾਲਾਂ ਨੂੰ ਢੁੱਕੀ, ਖੁਸ਼ ਮਿਜਾਜ਼, ਮੱਧਰੇ ਜਿਹੇ ਕੱਦ ਦੀ  ਚੁਲਬੁਲੀ ਜਿਹੀ ਕੁੜੀ। ਕੱਚੇ ਫੁੱਲਾਂ ਵਰਗੀ ਹਾਸੀ ਡੋਲ੍ਹਦੀ ਉਹ ਬੂਹਿਓਂ ਪਾਰ ਲੰਘ ਆਈ। 
           ਉਸ ਦੇ ਕਾਲਜ 'ਚ ਅੱਜ ਬਹੁ ਸੱਭਿਆਚਾਰਕ ਦਿਵਸ ਮਨਾਇਆ ਜਾਣਾ ਸੀ। ਵਿਦਿਆਰਥੀਆਂ ਨੇ ਆਪਣੇ -ਆਪਣੇ ਸੱਭਿਆਚਾਰ ਨੂੰ ਪ੍ਰਗਟਾਉਂਦਾ ਲਿਬਾਸ ਪਹਿਨਣਾ ਸੀ। ਉਸ ਨੇ ਸਾੜੀ ਚੁਣੀ ਸੀ ਜਿਸ ਨੂੰ ਪਹਿਨਣਾ ਇੱਕ ਖਾਸ ਹੁਨਰ ਨਿਪੁੰਨਤਾ ਦੀ ਮੰਗ ਕਰਦਾ ਹੈ। ਪਰ ਅਜੇ ਉਹ ਏਸ ਹੁਨਰ ਤੋਂ ਵਿਹੂਣੀ ਸੀ ਤੇ ਮੈਥੋਂ ਸਹਿਯੋਗ ਦੀ ਮੰਗ ਕੀਤੀ ਸੀ। ਮੈਂ ਵੀ ਹੁਣ ਤੱਕ ਏਸ ਹੁਨਰ ਤੋਂ ਅਣਜਾਣ ਹੀ ਸਾਂ। ਮੈਂ ਨਾ ਕਦੇ ਖੁਦ ਸਾੜੀ ਬੰਨੀ, ਨਾ ਹੀ ਕਦੇ ਕਿਸੇ ਨੂੰ ਬੰਨਦੇ ਤੱਕਿਆ ਸੀ ਤੇ ਨਾ ਹੀ ਕਦੇ ਮੈਨੂੰ ਸਿੱਖਣ ਦੀ ਲੋੜ ਹੀ ਭਾਸੀ ਸੀ। ਪਰ ਆਪਣੇ ਸਵੈ -ਭਰੋਸੇ ਦੇ ਜਗਦੇ ਦੀਵਿਆਂ ਦੀ ਲੌਅ 'ਚ ਮੈਂ ਉਸ ਦੇ ਸਾੜੀ ਬੰਨਣ ਦੀ ਹਾਮੀ ਭਰ ਦਿੱਤੀ ਸੀ। ਮੇਰੀ ਅਣਭਿੱਜਤਾ ਦੇ ਬਾਵਜੂਦ ਵੀ ਉਸ ਨੇ ਖੁਸ਼ੀ -ਖੁਸ਼ੀ ਮੇਰੇ ਕੋਲ ਆਉਣਾ ਮੰਨ ਲਿਆ ਸੀ। 
      " ਅੱਜ ਉਸ ਨੂੰ ਮਾਂ ਬੜੀ ਚੇਤੇ ਆਈ ਹੋਵੇਗੀ" ਉਸ ਦੀ ਮਾਂ ਦੀ ਅਣਹੋਂਦ ਦਾ ਇਹ ਦਰਦੀਲਾ ਅਹਿਸਾਸ ਮੈਨੂੰ ਅੰਦਰ ਤੱਕ ਝੰਜੋੜ ਗਿਆ। ਉਸ ਦੀ ਮਾਂ ਨੂੰ ਵਿਛੜਿਆਂ ਪੂਰੇ ਦੋ ਵਰ੍ਹੇ ਹੋ ਗਏ ਨੇ। ਮਾਂਵਾਂ ਠੰਡੀਆਂ ਛਾਵਾਂ - ਬਿਨਾਂ ਮਾਂ ਮੁਥਾਜ ਬਣੀ ਅੱਜ ਉਹ ਜ਼ਿੰਦਗੀ ਨੂੰ ਕਿਸੇ ਡੂੰਘੀ ਪੀੜਾ ਦੇ ਰੂਪ 'ਚ ਹੰਢਾ ਰਹੀ ਹੈ। ਪਰ ਏਸ ਪੀੜਾ ਨੂੰ ਆਪਣੀ ਦੁੱਧ ਰੰਗੀ ਹਾਸੀ 'ਚ ਘੋਲ ਕੇ ਉਹ ਸਹਿਜੇ ਹੀ ਪੀ ਜਾਂਦੀ ਹੈ। 
       ਇੱਕ ਖਾਸ ਜਿਹੀ ਉਤੇਜਨਾ ਅੱਜ ਉਸ 'ਤੇ ਹਾਵੀ ਸੀ। ਪਰ ਮੈਂ ਇੱਕ ਅਜੀਬ ਜਿਹੇ ਭੈਅ ਦੀ ਹੁੰਮਸ 'ਚ ਅਣਸੁਖਾਵਾਂ ਜਿਹਾ ਮਹਿਸੂਸ ਕਰ ਰਹੀ ਸਾਂ। ਸੋਚ ਰਹੀ ਸਾਂ ਕਿ ਸੀਮਿਤ ਜਿਹੇ ਸਮੇਂ 'ਚ ਕੀਤੀ ਮੇਰੀ ਪਲੇਠੀ ਕੋਸ਼ਿਸ਼ ਦੇ ਅਸਫਲ ਹੋਣ ਕਰਕੇ ਕਿਤੇ ਉਸ ਦੇ ਚਾਅ ਮਾਂਦੇ ਹੀ ਨਾ ਪੈ ਜਾਣ। ਉਹ ਕਿਸੇ ਅਣਦੱਸੇ ਸਿਰਨਾਵੇਂ ਵੱਲ ਬਿਨ ਖੰਭਾਂ ਦੇ ਉਡਾਰੀ ਭਰਨਾ ਲੋਚਦੀ ਸੀ। ਮਾਂ ਦੀ ਖਰੀਦੀ ਮੋਰ ਖੰਭੀ ਰੰਗ ਵਾਲੀ ਚਮਕੀਲੀ ਸਾੜੀ ਉਸ ਮੇਰੇ ਮੂਹਰੇ ਲਿਆ ਧਰੀ। ਮੈਂ ਆਪਣੀ ਅੰਦਰੂਨੀ ਹੁੰਮਸ ਦੇ ਘੇਰੇ ਨੂੰ ਤੋੜਦੀ ਉਸ ਦੇ ਸਾੜੀ ਬੰਨਣ ਲੱਗੀ। ਉਹ ਆਪਣੇ ਖੁਸ਼ਬੂ ਭਰੇ ਬੋਲਾਂ ਨਾਲ ਸਾੜੀ ਦੇ ਪੱਲੇ ਦੇ ਹਰ ਵਲੇਟੇ ਨਾਲ ਆਪਣੀ ਮਾਂ ਦੀਆਂ ਮਿੱਠੀਆਂ ਮੋਹ ਭਰੀਆਂ ਯਾਦਾਂ ਦੇ ਤੰਦ  ਪਾਉਂਦੀ ਮੈਨੂੰ ਭਾਵਕ ਕਰਦੀ ਗਈ। 
         ਉਸ ਦੇ ਮੁੱਖੜੇ 'ਤੇ ਹੁਣ ਸੰਧੂਰੀ ਖੇੜਾ ਸੀ। ਉਸ ਦੇ ਚਾਅ ਚੰਨ ਦੇ ਪਰਛਾਵਿਆਂ ਵਾਂਗ ਮਨ ਦੀਆਂ ਕੰਨੀਆਂ 'ਤੇ ਵਿਛੇ ਪਏ ਸਨ। ਖੂਬਸੂਰਤ ਰੰਗੀਨ ਸਾੜੀ ਪਾਈ ਬੈਠੀ ਮੈਨੂੰ ਉਹ ਆਪਣੀ ਮਾਂ ਦੀ ਨਿੱਘੀ ਬੁੱਕਲ ਦਾ ਅਨੰਦ ਮਾਣਦੀ ਜਾਪ ਰਹੀ ਸੀ । ਸਾੜੀ ਦੇ ਰੇਸ਼ੇ -ਰੇਸ਼ੇ 'ਚੋਂ ਸ਼ਾਇਦ ਉਹ ਆਪਣੀ ਮਾਂ ਦੇ ਹੱਥਾਂ ਦੀ ਛੋਹ ਨੂੰ ਮਹਿਸੂਸ ਕਰਦੀ ਹੋਵੇਗੀ । ਦੁਨੀਆਂ ਦੀ ਕੋਈ ਵੀ ਸ਼ੈਅ ਉਸ ਦੀ ਮਾਂ ਦੀ ਕਮੀ ਤਾਂ ਪੂਰੀ ਨਹੀਂ ਕਰ ਸਕਦੀ। ਪਰ ਨਿੱਕੀ ਜਿਹੀ ਇੱਕ ਅਣਪੁੱਗੀ ਰੀਝ ਨੂੰ ਉਸ ਦੀ ਝੋਲੀ ਪਾਉਣਾ ਮੈਨੂੰ ਡਾਢਾ ਸਕੂਨ ਦੇ ਗਿਆ। 

ਹਵਾ ਦਾ ਬੁੱਲਾ  
ਪੱਤਿਆਂ ਨੇ ਛੇੜਿਆ 
ਰਾਗ ਸੁਰੀਲਾ। 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 103 ਵਾਰ ਪੜ੍ਹੀ ਗਈ 

10 comments:

  1. ਮਾਵਾਂ ਦੀਆਂ ਯਾਦਾਂ ਹਮੇਸ਼ਾ ਨਾਲ ਹੀ ਹੁੰਦੀਆਂ। --- ਬਹੁਤ ਵਧੀਆਂ ਸੰਧੂ ਭੈਣ ਜੀ।

    ReplyDelete
  2. ਮਾਂ ਦੀ ਕਮੀ ਤਾਂ ਕੋਈ ਪੁਰੀ ਨਹੀਂ ਕਰਸਕਦਾ ਪਰ ਮਾਂ ਤੋਂ ਮਿਲਨਵਾਲੀ ਮਦਦ ਜੇ ਕਿਸੇ ਹੋਰ ਤੋਂ ਮਿਲ ਜਾਵੇ ਓੁਹ ਕ ੁਛ ਕਮ ਮਾਨੇ ਨਹੀਂ ਰਖਤੀ ।ਉਸ ਮਦਦ ਚ ਬੱਚਾ ਮਾਂ ਨੂ ਹੀ ਮਹਸੁਸ ਕਰਦਾ ਹੈ ।ਬਹੁਤ ਸੁਂਦਰ ਹਾਈਬਨ ਹੈ ਹਰਦੀਪ ਜੀ ।

    ReplyDelete
  3. ਇੱਕ ਛੋਟੇ ਜਿਹੇ ਖੂਬਸੂਰਤ ਪਰ ਡੂੰਘੇ ਅਹਿਸਾਸ ਨੂੰ ਆਪਣੀ ਰਚਨਾ ਦੀ ਝੋਲੀ ਪਾ ਕੇ ਵੱਡਾ ਕਰ ਦਿੱਤਾ ਹੈ। ਬਹੁਤ ਵਧੀਆ ਹਾਇਬਨ ਹੈ।
    ਦਵਿੰਦਰ

    ReplyDelete
  4. Message Via email-
    ਸ਼ਾਬਾਸ਼ ਦੇਣੀ ਬਣਦੀ ਹੈ। ਬਹੁਤ ਹੀ ਵਧੀਆ ਢੰਗ ਨਾਲ ਖੂਬਸੂਰਤ ਅੰਦਾਜ਼ 'ਚ ਆਪਣੇ ਮਨ ਦੇ ਅਹਿਸਾਸਾਂ ਨੂੰ ਤੇ ਉਸ ਕੁੜੀ ਦੀ ਖੁਸ਼ੀ ਨੂੰ ਸ਼ਬਦਾਂ 'ਚ ਪਰੋਇਆ ਹੈ।
    ਸ਼ਾਬਾਸ਼ ਦੀਪੀ
    ਤੇਰੀ ਮੰਮੀ

    ReplyDelete
  5. ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੁੰਗਾਰਾ ਦੇਣ ਲਈ। ਚਾਹੇ ਇਸ ਬਿਰਤਾਂਤ 'ਚ ਕੁਝ ਵੀ ਅਨੋਖਾ ਨਹੀਂ ਸੀ। ਪਰ ਉਹਨਾਂ ਪਲਾਂ ਦੀਆਂ ਮੇਰੀਆਂ ਭਾਵਨਾਵਾਂ ਤੇ ਉਸ ਕੁੜੀ ਦੇ ਮੁਖੜੇ 'ਤੇ ਆਈ ਖੁਸ਼ੀ ਨੂੰ ਬਿਆਨਣ ਨੂੰ ਜੀ ਕਰ ਆਇਆ। ਬੱਸ ਮੇਰੀਆਂ ਭਾਵਨਾਵਾਂ ਨੇ ਸ਼ਬਦੀ ਰੂਪ ਧਰ ਲਿਆ।
    ਹਰਦੀਪ

    ReplyDelete
  6. Bahot Sunder Rachna Sister Ji

    ReplyDelete
  7. ਅਨੌਖੀ ਰਚਨਾ

    ReplyDelete
  8. Kamla Ghataaura21.3.16

    हरदीप,
    सति सिरी अकाल
    तेरी मम्मी की अनपुगी रीझ पर टिप्पणी पढ़कर अच्छा लगा ।माँ का मन द्रवित तो होना ही था ।
    Kamla Ghataaura

    ReplyDelete
  9. ਜਿੰਦਗੀ ਦੇ ਖੱਟੇ -ਮਿੱਠੇ ਪਲ /ਹਾਦਸੇ , ਸਾਡੇ ਸਾਹਾਂ ਨੂੰ ਕਦੀ ਕੌੜਾ ਕਰਦੇ ਨੇ , ਕਦੇ ਮਿੱਠਾ ਕਰਦੇ ਨੇ ।
    ਜਿੰਦਗੀ ਨੂੰ ਕੁਝ ਕਹਿੰਦੇ ਨੇ ।ਜਿੰਦਗੀ ਦੇ ਨਾਲ ਚਲਦੇ ਨੇ । ਕਦੀ ਬਾਂਹ ਫੜ ਲੈਂਦੇ ਨੇ ਕਦੀ ਛੱਡ ਦੇਂਦੇ ਨੇ ।
    ਮੰਨ ਨੂੰ ਬਹੁਤ ਚੰਗੀ ਲੱਗੀ ਤੁਹਾਡੀ ਲਿਖਤ ।

    ReplyDelete
  10. A message via e-mail:
    हरदीप ,तुमने साड़ी न कभी बांधी थी न बांधते किसी को देखा था । तुम्हारे पास टाइम भी कम था ।फिर भी तुमने साड़ी बाँध दी। यह सब कैसे हुआ जानती हो ? नहीं न ?नहीं न ?
    तुम्हारे अन्दर अंत: प्रेरणा की इतनी शक्ति भरी हुई है कि मुश्किल से मुश्किल काम भी आसानी से कर लेती हो ।और यह करती रहोगी जीवन पर्यन्त यह तुझे प्रभु की अनमोल भेंट है ।इसी तरह लिखत ले कर मिलती रहना ताकि मेरी लेखनी भी उत्तर में कुछ न कुछ लिखती रहे ।
    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ