ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Mar 2016

ਫੱਗਣੀ ਪੌਣਾਂ







Click on the arrow to listen ਫੱਗਣੀ ਪੌਣਾਂ
ਫੱਗਣ ਦਾ ਮਹੀਨਾ  ਸੀ।ਫੱਗਣੀ ਪੌਣਾਂ 'ਚ ਫੱਗਣੀ ਗੀਤਾਂ ਦੇ ਸੁਰ ਸੁਣਾਈ ਦੇ ਰਹੇ ਸਨ। ਗਤੀਸ਼ੀਲ ਸਮੇਂ ਦੇ ਛਣਕਦੇ ਪਲਾਂ 'ਚ ਅੱਜ ਤੋਂ ਕੋਈ ਇੱਕ ਦਹਾਕਾ ਪਹਿਲਾਂ ਓਨੀਂ ਦਿਨੀਂ ਜ਼ਿੰਦਗੀ ਦੀਆਂ ਬਹੁਮੁੱਲੀਆਂ ਪਗਡੰਡੀਆਂ 'ਤੇ ਤੁਰਦਿਆਂ ਅਸੀਂ ਨਵੀਂ ਮੰਜ਼ਿਲ ਵੱਲ ਉਡਾਣ ਭਰੀ ਸੀ। ਬੱਚਿਆਂ ਸਮੇਤ ਮੈਂ ਮਲੇਸ਼ੀਆ ਹਵਾਈ ਅੱਡੇ 'ਤੇ ਅਗਲੇਰੀ ਉਡਾਣ ਦੀ ਉਡੀਕ ਕਰ ਰਹੀ ਸਾਂ। ਮੇਰੀਆਂ ਅੱਖਾਂ ਸਾਹਵੇਂ ਖਿੱਲਰਿਆ ਪੰਧ ਕਦੇ ਬੋਝਲ ਸੋਚਾਂ ਹੇਠ ਗੁਆਚ ਜਾਂਦਾ ਤੇ ਕਦੇ ਜ਼ਿੰਦਗੀ ਦੇ ਕਿਸੇ ਅਲੌਕਿਕ ਮੋੜ 'ਤੇ  ਆ ਖਲੋਂਦਾ। "ਤੁਸੀਂ ਵੀ ਸਿਡਨੀ ਜਾ ਰਹੇ ਹੋ?" ਇੱਕ ਝੀਣੀ ਜਿਹੀ ਆਵਾਜ਼ ਨੇ ਮੈਨੂੰ ਮੇਰੀਆਂ ਸੋਚਾਂ ਦੇ ਕਾਫ਼ਲੇ 'ਚੋਂ ਮੋੜ ਲਿਆਂਦਾ। 
       ਸਾਂਵਲੇ ਜਿਹੇ ਰੰਗ ਦੀ ਤਿੱਖੇ ਨੈਣ ਨਕਸ਼ਾਂ ਵਾਲੀ ਕੁੜੀ ਮੇਰੇ ਸਾਹਮਣੇ ਖੜੀ ਸੀ। ਉਹ ਆਪਣੀਆਂ ਦੋ ਹੋਰ ਸਾਥਣਾਂ ਨਾਲ ਵਿਦਿਆਰਥੀ ਵੀਜ਼ੇ 'ਤੇ ਪਹਿਲੀ ਵਾਰ ਵਿਦੇਸ਼ ਜਾ ਰਹੀ ਸੀ।ਉਸ ਦੀਆਂ ਅੱਖਾਂ ਤੇ ਚਿਹਰੇ 'ਤੇ ਛਾਈ ਘੋਰ ਉਦਾਸੀ ਦੀ ਇਬਾਰਤ ਸਾਫ਼ ਪੜ੍ਹੀ ਜਾ ਸਕਦੀ ਸੀ। ਉਸ ਦੀਆਂ ਸਾਥਣਾਂ ਆਪਣੇ -ਆਪ ਨੂੰ ਸਾਂਵਾ ਰੱਖਣ ਲਈ ਮੇਰੇ ਬੱਚਿਆਂ ਨਾਲ ਗੱਲੀਂ ਰੁੱਝ ਗਈਆਂ । ਪਰ ਉਹ ਤਾਂ ਸਿੱਲ੍ਹੀ ਰੇਤ ਨਾਲ ਥੱਪੇ ਬੁੱਤ ਵਰਗੀ ਜਾਪਦੀ ਸੀ।ਲੱਗਦਾ ਸੀ ਕਿ ਤਿੱਖੀ ਧੁੱਪ ਨੇ ਉਸ ਵਿਚਲੀ ਸਾਰੀ ਨਮੀ ਸੋਖ ਲਈ ਹੈ ਤੇ ਹੁਣ ਉਹ ਕਿਸੇ ਵੀ ਵੇਲੇ  ਭੁਰਨ ਨੂੰ ਤਿਆਰ ਸੀ। 
      ਨਿੱਘੀ ਦੋਸਤੀ ਦੇ ਘੇਰੇ ਨੂੰ ਹੋਰ ਮੋਕਲਾ ਕਰਦਿਆਂ ਮੈਂ ਉਹਨਾਂ ਨੂੰ ਆਪਣੀ ਭਾਵਕ ਸਾਂਝ ਦੇ ਕਲਾਵੇ 'ਚ ਲੈ ਲਿਆ ਸੀ। ਜਹਾਜੀ ਸਫਰ ਦੌਰਾਨ ਅਸੀਂ ਸੀਟਾਂ ਵੀ ਨਾਲ -ਨਾਲ ਕਰਵਾ ਲਈਆਂ ਸਨ। ਦੂਰ ਖਲੋਤੀ ਭਵਿੱਖ ਝੰਜੋੜੂ ਮੰਜ਼ਿਲ 'ਚ ਚਾਹੇ ਅਜੇ ਮੈਂ ਆਪਣਾ ਟਿਕਾਣਾ ਲੱਭਣਾ ਸੀ ਪਰ ਫਿਰ ਵੀ ਅਗਾਉਂ ਦਿਨਾਂ 'ਚ ਉਹਨਾਂ ਦੀ ਜ਼ਿੰਦਗੀ 'ਚ ਆਉਣ ਵਾਲੇ ਕਿਸੇ ਵੀ ਤਰਾਂ ਦੇ ਸੰਭਾਵੀ ਤੱਤੇ -ਠੰਡੇ ਬੁੱਲ੍ਹਿਆਂ ਨੂੰ ਥੰਮਣ ਦਾ ਹੁੰਗਾਰਾ ਮੈਂ ਭਰ ਦਿੱਤਾ ਸੀ। ਮੰਜ਼ਿਲ 'ਤੇ ਪਹੁੰਚ ਅਸੀਂ ਇੱਕ ਦੂਜੇ ਨੂੰ ਅਲਵਿਦਾ ਆਖ ਜੁਦਾ ਹੋ ਗਏ। 
       ਜ਼ਿੰਦਗੀ ਦੇ ਸਫ਼ਰ 'ਚ ਮਸ਼ਰੂਫ ਮੈਂ ਤਾਂ ਉਹਨਾਂ ਚਿਹਰਿਆਂ ਨੂੰ ਭੁੱਲੀ ਨਹੀਂ ਸਾਂ ਪਰ ਮੈਨੂੰ ਯਾਦ ਰੱਖਣ ਦੀ ਕੋਈ ਵਜ੍ਹਾ ਸ਼ਾਇਦ ਹੀ ਉਹਨਾਂ ਕੋਲ ਹੋਵੇ।ਤਕਰੀਬਨ ਦੋ ਕੁ ਮਹੀਨਿਆਂ ਬਾਅਦ ਅਚਾਨਕ ਇੱਕ ਦਿਨ ਫੋਨ ਦੀ ਘੰਟੀ ਉਹਨਾਂ ਦੇ ਹੁਣ ਦੇ ਬੀਤਦੇ ਖਰਵੇ ਪਲਾਂ ਨੂੰ ਬਿਆਨ ਕਰ  ਗਈ," ਅਸੀਂ ਤਾਂ ਰਾਤ ਦੀਆਂ ਸੜਕ 'ਤੇ ਬੈਠੀਆਂ ਹਾਂ। ਕੀ ਤੁਸੀਂ ਸਾਡੀ ਕੋਈ ਮਦਦ ਕਰ ਸਕਦੇ ਹੋ ?" ਉਹਨਾਂ ਦੇ ਸਿਰ ਉੱਤਲੀ ਆਰਜ਼ੀ ਛੱਤ ਖੁੱਸ ਗਈ ਸੀ।  ਪਤਾ ਨਹੀਂ ਉਹ ਕਿਹੜੀ ਡੋਰੀ ਸੀ ਜਿਸ ਨੇ ਮੈਨੂੰ ਉਹਨਾਂ ਦੇ ਚੇਤਿਆਂ 'ਚ ਪਰੋਈ ਰੱਖਿਆ ਸੀ। ਕਹਿੰਦੇ ਨੇ ਕਿ ਜੋ ਕੋਈ ਤੁਹਾਨੂੰ ਦਿਲੋਂ ਮੋਹ ਕਰਦਾ ਹੈ ਉਹ ਔਖੇ ਵੇਲੇ ਜ਼ਰੂਰ ਚੇਤੇ ਆਉਂਦਾ ਹੈ। ਸ਼ਾਇਦ ਇਸੇ ਕਰਕੇ ਏਸ ਔਖੀ ਘੜੀ 'ਚ ਆਪਣੇ ਹੋਰਾਂ ਜਾਣੂਆਂ ਨੂੰ ਛੱਡ ਕੇ ਉਹਨਾਂ ਮੈਨੂੰ ਹੀ ਚਿਤਵਿਆ ਸੀ। 
      ਘਰੇ ਸਲਾਹ ਕਰਿਆਂ ਬਗੈਰ ਹੀ ਤੇ ਬਿਨਾਂ ਕੋਈ ਹੋਰ ਸੁਆਲ ਕੀਤਿਆਂ ਮੈਂ ਉਹਨਾਂ ਨੂੰ ਘਰ ਲੈ ਆਈ। ਤਕਰੀਬਨ ਡੇਢ ਕੁ ਮਹੀਨਾ ਆਪਣੇ ਕੋਲ ਰੱਖਿਆ ਤੇ ਉਹਨਾਂ ਦੀ ਟੋਟੇ -ਟੋਟੇ ਹੋਈ ਦਸ਼ਾ ਨੂੰ ਹਰ ਹੀਲੇ ਪੂਰਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਸੱਖਣੇ ਮਨ ਦੇ ਵਿਹੜਿਆਂ 'ਚ ਖਿੜੀਆਂ ਬਹਾਰਾਂ ਦੇ ਸੁਖਦ ਪਲ ਫਿਰ ਮੋੜ ਲਿਆਂਦੇ। 
            ਹੁਣ ਉਹ ਆਪਣੇ ਘਰੀਂ ਰੰਗੀ ਵੱਸਦੀਆਂ ਨੇ।ਮੋਹ ਦੇ ਰਿਸ਼ਤਿਆਂ ਦੀਆਂ ਗੰਢਾਂ  ਨੂੰ ਹੋਰ ਪੀਢੀਆਂ ਕਰਦਿਆਂ ਉਹ ਆਪਣੇ ਸਕੇ ਸੰਬੰਧੀਆਂ ਨਾਲ ਮੈਨੂੰ ਮਿਲਣ ਆਉਂਦੀਆਂ ਰਹੀਆਂ ਤੇ ਇਹ ਸਿਲਸਿਲਾ ਹੁਣ ਵੀ ਜਾਰੀ ਹੈ । ਕਈ ਵਾਰ ਕੁਦਰਤ ਵੀ ਸਾਨੂੰ ਹੈਰਾਨ ਕਰ ਦਿੰਦੀ ਹੈ ਤੇ ਅਛੋਪਲੇ ਹੀ ਨਵੀਂਆਂ ਸਾਂਝਾਂ ਪੁਆ ਜਾਂਦੀ ਹੈ। ਸਾਡੀ ਕੁਝ ਪਲਾਂ ਦੀ ਅਰਸ਼ੀ ਮਿਲਣੀ ਉਮਰਾਂ ਲੰਬੀ ਸਾਂਝ ਪਾ ਗਈ ਸੀ ਜੋ ਫੱਗਣ ਦੀਆਂ ਪੌਣਾਂ ਬਣ ਅੱਜ ਵੀ ਮੇਰੇ ਮਨ ਦੇ ਮੌਸਮਾਂ 'ਚ ਮਹਿਕ ਘੋਲ ਰਹੀ ਹੈ। 

ਮਹਿਕੇ ਸਾਹ -
ਇਤਰ ਸੰਜੋਈਆਂ 
ਫੱਗਣੀ ਪੌਣਾਂ। 

ਡਾ. ਹਰਦੀਪ ਕੌਰ ਸੰਧੂ 

ਨੋਟ: ਇਹ ਪੋਸਟ ਹੁਣ ਤੱਕ 116 ਵਾਰ ਪੜ੍ਹੀ ਗਈ 

12 comments:

  1. Kya baat didi.
    Tusi tan sariyan yadaan taziyan kar dittiyan Ene sohne labjan vich.
    Eh tan mein kadi nahi bhul sakdi.
    ☺😘😘😘😘

    ReplyDelete
    Replies
    1. ਮੇਰੀਆਂ ਯਾਦਾਂ ਦੀ ਲੜੀ ਨੂੰ ਆਪਣੇ ਹੁੰਗਾਰੇ ਨਾਲ ਹੋਰ ਸੋਹਣਾ ਬਣਾਉਣ ਲਈ ਤੇ ਮੇਰੀਆਂ ਭਾਵਨਾਵਾਂ ਦੀ ਪ੍ਰੌੜਤਾ ਕਰਨ ਲਈ ਰੁਚੀ ਤੇਰਾ ਬਹੁਤ ਬਹੁਤ ਧੰਨਵਾਦ।
      ਪਾਠਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ ਰੁਚੀ ਤਿੱਖੇ ਨੈਣ ਨਕਸ਼ਾਂ ਵਾਲੀ ਓਹੀ ਕੁੜੀ ਹੈ ਜਿਸ ਨੇ ਰਾਬਤਾ ਕਾਇਮ ਕਰਨ ਦੀ ਪਹਿਲ ਕੀਤੀ ਸੀ।
      ਹਰਦੀਪ

      Delete
    2. A message via whats app-
      Didi, Tusi kade nahi bhul sakde kise nu vee.

      Ruchi Thind

      Delete
  2. A message via e-mail from Ruchi's mum

    very nice!

    ਨਾ ਭੁੱਲਣਯੋਗ ਪਵਿੱਤਰ ਰੂਹਾਂ !

    ਗੁਰਮੀਤ ਕੌਰ (ਮਲੋਟ)

    ReplyDelete
    Replies
    1. ਆਂਟੀ ਜੀ
      ਸਤਿ ਸਿਰੀ ਅਕਾਲ !
      ਮੇਰੀ ਰਚਨਾ ਨੂੰ ਪੜ੍ਹ ਕੇ ਆਪਣੇ ਆਸ਼ੀਰਵਾਦ ਨਾਲ ਨਿਵਾਜਣ ਲਈ ਜੇ ਮੈਂ ਆਪ ਨੂੰ ਸਿਰਫ਼ ਧੰਨਵਾਦ ਕਹਾਂ ਤਾਂ ਬੇਇਨਸਾਫੀ ਹੋਵੇਗੀ। ਏਸ ਅਮੁੱਲੇ ਆਸ਼ੀਰਵਾਦ ਦੀ ਤੁਲਨਾ ਵਿੱਚ ਸ਼ਾਇਦ ਕੋਈ ਸ਼ਬਦ ਹੈ ਹੀ ਨਹੀਂ।
      ਹਰਦੀਪ

      Delete
  3. A message via e-mail:
    ਦੀਪੀ ਤੂੰ ਇਹ ਬਹੁਤ ਵਧੀਆ ਕੰਮ ਕੀਤਾ ਹੈ ਕਿਸੇ ਲੋੜਵੰਦ ਦੀ ਮਦਦ ਕਰਨਾ ਬਹੁਤ ਵੱਡਾ ਪੁੰਨ ਹੁੰਦਾ ਹੈ। ਬਹੁਤ ਸੋਹਣਾ ਲਿਖਿਆ ਵੀ ਹੈ। ਹਮੇਸ਼ਾਂ ਵਾਂਗ ਸੋਹਣੀ ਸ਼ਬਦਾਵਲੀ ਤੇ ਢੁੱਕਵੇਂ ਸ਼ਬਦ ਆਪਣੇ ਭਾਵਨਾਵਾਂ ਨੂੰ ਪ੍ਰਗਟਾਉਣ ਲਈ।
    ਸ਼ਾਬਾਸ਼ ਦੇਣੀ ਬਣਦੀ ਹੈ।
    ਤੇਰਾ ਮਾਮਾ
    ਭਰਪੂਰ ਸਿੰਘ ਸਵੱਦੀ

    ReplyDelete
  4. Warm wishes & heaps of love to piyaari Bachhi Hardeep & Family.
    Be happy & stay blessed always. Sannu bahut maan h beta ji tuhade te.
    Gurmeet ( Mlt)

    ReplyDelete
  5. A message via an e-mail:
    ਦੀਪੀ ਇਹ ਕਹਾਣੀ ਮੈਂ ਤੈਥੋਂ ਪਹਿਲਾਂ ਵੀ ਸੁਣੀ ਹੈ , ਪ੍ਰੰਤੂ ਇੱਥੇ ਤੇਰੀ ਲੇਖਣੀ ਦੀ ਸ਼ਬਦ ਚੋਣ ਸ਼ਲਾਘਾਯੋਗ ਹੈ। ਬਹੁਤ ਹੀ ਵਧੀਆ ਢੰਗ ਨਾਲ ਬਿਆਨਿਆ ਹੈ। ਮੈਨੂੰ ਮੇਰੀ ਛੋਟੀ ਭੈਣ 'ਤੇ ਮਾਣ ਹੈ। ਮੈਂ ਬੜੇ ਮਾਣ ਨਾਲ ਤੇਰੀਆਂ ਸਾਰੀਆਂ ਲਿਖਤਾਂ ਦੂਜਿਆਂ ਨੂੰ ਪੜ੍ਹਾਉਂਦਾ ਹਾਂ। ਤੂੰ ਬਹੁਤ ਹੀ ਸੋਹਣਾ ਲਿਖਦੀ ਹੈਂ। ਇੰਝ ਹੀ ਸਾਂਝ ਪਾਉਂਦੀ ਰਿਹਾ ਕਰ।
    ਤੇਰਾ ਵੱਡਾ ਵੀਰ
    ਭਵਨਜੀਤ ਸਿੰਘ
    (ਕੈਨੇਡਾ)

    ReplyDelete
  6. A message via e-mail

    ਦੀਪੀ ਤੇਰੀ ਸ਼ਬਦਾਵਲੀ ਬਹੁਤ ਹੀ ਇਮਪ੍ਰੇਸਿਵ ਤੇ ਕਮਾਲ ਦੀ ਹੈ।

    ਤੇਰੀ ਮਾਸੀ
    ਪ੍ਰੋ .ਸੁਰਿੰਦਰ ਕੌਰ ਸਿੱਧੂ

    ReplyDelete
  7. Kamla Ghataaura1.4.16

    ਹਰਦੀਪ ਤੇਰਾ ਹਾਇਬਨ ਕਈ ਵਾਰ ਪੜ੍ਹਨਾ ਪੈਂਦਾ ਹੈ ਲਿਖਤ ਦੀ ਰੂਹ ਤੱਕ ਪਹੁੰਚਣ ਲਈ। ਲੇਕਿਨ ਹਾਇਬਨ ਸੁਣ ਕੇ ਲੱਗਿਆ ਜਿਵੇਂ ਸ਼ਬਦ ਅਕਾਰ ਲੈ ਕੇ ਸਾਹਮਣੇ ਖੜੇ ਹੋ ਜਾਣ। ਕਹਾਣੀ ਤੋਂ ਵੀ ਵੱਧ ਅਨੰਦ ਆਇਆ। ਕਿੰਨਾ ਕਮਾਲ ਦਾ ਲਿਖਦੀ ਹੈਂ ਤੂੰ। ਏਸ ਹਾਇਬਨ ਬਾਰੇ ਮੈਂ ਏਹੋ ਕਹਾਂਗੀ ਕਿ ਰੱਬ ਬਣਕੇ ਜੋ ਕਿਸੇ ਦੇ ਔਖੇ ਸਮੇਂ ਮਦਦ ਕਰਦਾ ਹੈ ਆਪਣੀ ਕਠਿਨਾਈ ਭੁੱਲ ਕੇ , ਰੱਬ ਵੀ ਮਦਦ ਕਰਨ ਵਾਲੇ ਦਾ ਸੱਜਾ ਹੱਥ ਬਣ ਕੇ ਨਾਲ ਚੱਲਦਾ ਹੈ। ਸਾਰੀ ਮੁਸ਼ਕਲਾਂ ਦੂਰ ਹੋ ਜਾਂਦੀਆਂ ਨੇ। ਜੀ ਕਿਸੇ ਦੇ ਪ੍ਰੇਮ ਭਰੇ ਦਿਲ 'ਚ ਸਮਾ ਜਾਏ ਹਮੇਸ਼ਾਂ ਯਾਦ ਰਹਿੰਦਾ ਹੈ। ਇਸੇ ਲਈ ਇੱਕ ਫੋਨ ਕਾਲ ਆਉਣ ਤੇ ਤੂੰ ਉਹਨਾਂ ਕੁੜੀਆਂ ਦੀ ਮਦਦ ਕਰਨ ਤੁਰ ਪਈ। ਤੈਨੂੰ ਕੋਈ ਭਲਾ ਕਿਵੇਂ ਭੁਲਾ ਸਕਦਾ ਹੈ। ਜੱਗ ਵਿੱਚ ਏਹੋ ਸੱਚੀ ਕਮਾਈ ਹੈ ਜੋ ਸਾਡੇ ਲਈ ਸ਼ੁਭਕਾਮਨਾਵਾਂ ਲਿਆਉਂਦੀ ਹੈ। ਬਹੁਤ ਸਾਰੀ ਵਧਾਈ ਤੇ ਸ਼ੁਭ ਕਾਮਨਾਵਾਂ ਨਾਲ

    Kamla Ghataaura

    ReplyDelete
  8. ਇਨਸਾਨੀ ਰਿਸ਼ਤਿਆਂ ਦਾ ਸਫਰ ਨਿੱਘੇ ਮੰਨ ਨਾਲ ਬਿਆਨ ਕੀਤਾ ਹੈ । ਜਿੰਦਗੀ ਦਾ ਸੋਹਣੇ ਪੱਲਾਂ ਦੀਆਂ ਯਾਦਾਂ ਜਿੰਦਗੀ ਵਿੱਚ ਖੂਬਸੂਰਤੀ ਭਰਦੇ ਹਨ ।

    ReplyDelete
  9. A message via an e-mail:
    Wao !That's really very beautiful.It's really very beautiful and also it shows how beautiful person you are ...You are a great soul or I can say an angel .

    May god always bless you and your family .

    Parminder Kaur

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ