ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 Mar 2016

ਬੁੱਢਾ ਰੁੱਖ (ਹਾਇਬਨ )

        ਗੱਲ ਪੰਦਰਾਂ ਸਾਲ ਪੁਰਾਣੀ ਹੈ  । ਮੈਂ ਦਿੱਲੀ ਤੋਂ  ਸ਼ਿਕਾਗੋ  ਜਾ ਰਿਹਾ ਸੀ ਅਤੇ ਜਹਾਜ਼ ਲੰਦਨ ਹੀਥਰੋ ਹਵਾਈ ਅੱਡੇ ਤੋ ਬਦਲੀ ਕਰਨਾ ਸੀ  । ਦਿੱਲੀ ਹਵਾਈ ਅੱਡੇ 'ਤੇ ਮੈਂ ਚੈਕ -ਇਨ  ਕਾਉਂਟਰ ਵੱਲ  ਜਾ ਰਿਹਾ ਸੀ  ਅਤੇ ਮੇਰੇ  ਪਿੱਛੇ ਪਿੱਛੇ ਇੱਕ ਬਜੁਰਗ ਇੱਕ ਹੋਰ ਆਦਮੀ  ਨਾਲ  ਮੇਰੇ ਵਾਲੇ ਕਾਉਂਟਰ ਵੱਲ ਹੀ ਆ ਰਹੇ ਸਨ । ਬਜ਼ੁਰਗ ਕਿਸੇ  ਪਿੰਡ ਦਾ  ਰਹਿਣ ਵਾਲਾ ਲੱਗਦਾ ਸੀ। ਸਿਰ ਤੇ ਢਿੱਲੀ ਜਿਹੀ ਚਿੱਟੀ ਪਗੜੀ ਸੀ ਅਤੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ । ਦਾੜੀ ਸਾਰੀ ਚਿੱਟੀ ਅਤੇ ਖੁੱਲੀ ਸੀ  । ਬਜ਼ੁਰਗ  ਵਾਰ ਵਾਰ  ਪਿੱਛੇ ਮੁੜ ਮੁੜ ਦੇਖ ਰਿਹਾ ਸੀ  ਅਤੇ ਉੱਚੀ ਉੱਚੀ  ਬੋਲੀ ਜਾ ਰਿਹਾ ਸੀ , " ਸਵਰਨ ਸਿੰਘ ਅੰਦਰ ਕਿਉਂ ਨਹੀਂ ਆਇਆ ? ਉਹ ਕਿੱਥੇ ਰਹਿ ਗਿਆ ਹੈ , ਉਸ ਮੇਰੇ ਨਾਲ ਜਾਣਾ  ਸੀ ।" ਬਜ਼ੁਰਗ  ਵਾਰ ਵਾਰ ਪਿਛਾਂ  ਨੂੰ ਜਾਣ ਦੀ ਕੋਸ਼ਿਸ਼ ਕਰਦਾ ਸੀ ਅਤੇ ਉਸਦਾ ਸਾਥੀ ਉਸ ਦੀ  ਬਾਂਹ ਫੜ ਕੇ ਰੋਕ ਕੇ ਕਹਿੰਦਾ ਸੀ ,"ਸਵਰਨ ਸਿੰਘ  ਬੱਸ ਆ ਰਿਹਾ , ਉਹ ਕਿਸੇ ਕੰਮ ਜ਼ਰਾ  ਕੁ ਰੁਕ ਗਿਆ , ਤੂੰ ਚੱਲ  ਆਪਣਾ  ਚੈਕ - ਇਨ ਕਰਵਾ ।"
       ਮੈਂ ਚੈਕ -ਇਨ ਅਤੇ ਸਕਿਉਰਿਟੀ -ਚੈਕ ਤੋਂ ਬਾਦ , ਗੇਟ ਕੋਲ ਜਾ ਕੇ ਕੁਰਸੀ 'ਤੇ ਬੈਠ ਗਿਆ ਅਤੇ ਉਹ ਵੀ ਦੋਵੇਂ ਉੱਥੇ ਪਹੁੰਚ ਗਏ। ਬਜ਼ੁਰਗ ਦਾ ਸਾਥੀ ਮੇਰੇ ਕੋਲ ਹੀ ਕੁਰਸੀ 'ਤੇ ਬੈਠ ਗਿਆ।  ਉਹ ਬਜ਼ੁਰਗ ਇਧਰ ਉਧਰ ਬੇਚੈਨ ਘੁੰਮ ਰਿਹਾ ਸੀ ਅਤੇ ਮੂੰਹ ਵਿਚ ਬੁੜ ਬੁੜ ਕਰੀ ਜਾ ਰਿਹਾ ਸੀ   ।
      ਮੈਂ  ਕੋਲ ਬੈਠੇ ਸੱਜਣ ਕੋਲੋਂ ਅਖੀਰ ਪੁੱਛ ਹੀ ਲਿਆ ਕਿ ਮਾਮਲਾ ਕੀ ਹੈ । ਉਸ ਦੱਸਿਆ  ,"ਇਹ ਬਜ਼ੁਰਗ ਮੇਰੇ ਹੀ ਪਿੰਡ ਦੇ ਨੇ । ਇਹਨਾਂ ਦੇ ਦੋ ਪੁੱਤਰ ਹਨ , ਸਵਰਨ ਸਿੰਘ ਪਿੰਡ ਹੀ ਖੇਤੀ ਕਰਦਾ ਹੈ ਅਤੇ ਦੂਸਰਾ ਕੈਨੇਡਾ ਰਹਿੰਦਾ ਹੈ ।ਇਸ ਦੀ ਦਿਮਾਗੀ ਹਾਲਤ ਕੁਝ ਠੀਕ ਨਹੀਂ । ਜ਼ਮੀਨ ਦੋਵੇਂ ਪੁੱਤਰਾਂ ਆਪਣੇ  ਨਾਂ ਕਰਵਾ ਲਈ ਹੋਈ ਹੈ।  ਦੋਵੇਂ ਹੀ  ਇਸ ਨੂੰ ਆਪਣੇ ਕੋਲ ਰੱਖ ਕੇ ਰਾਜ਼ੀ ਨਹੀਂ ।ਕੈਨੇਡਾ ਵਾਲਾ ਇੰਡੀਆ ਭੇਜ ਦੇਂਦਾ ਹੈ ਅਤੇ ਇੰਡੀਆ ਵਾਲਾ ਕੈਨੇਡਾ ਨੂੰ ਤੋਰ ਦੇਂਦਾ ਹੈ । ਮੈਂ ਵਾਪਿਸ ਕੈਨੇਡਾ ਜਾ ਰਿਹਾ ਹਾਂ ਅਤੇ ਪੁੱਤਰ ਨੇ ਮੇਰੇ ਨਾਲ ਇਸ ਨੂੰ ਤੋਰ ਦਿੱਤਾ ਹੈ । ਬਜ਼ੁਰਗ ਜਾਣਾ ਨਹੀਂ  ਚਾਹੁੰਦਾ |ਸਵਰਨ ਸਿੰਘ ਨੇ ਝੂਠ ਬੋਲ ਕੇ ਕਿ ਉਹ ਵੀ  ਬਾਪੂ ਨਾਲ ਜਾ ਰਿਹਾ ਹੈ  , ਇਸ ਨੂੰ ਜਾਣ ਲਈ  ਤਿਆਰ ਕੀਤਾ ।ਮੇਰੇ ਨਾਲ ਹਵਾਈ -ਅੱਡੇ ਅੰਦਰ ਵਾੜ ਕੇ , ਖੁਦ ਝੂਠ ਬੋਲ ਕੇ  ਕਿ ਤੂੰ ਅੰਦਰ ਚੱਲ ਮੈਂ ਇੱਕ ਕੰਮ ਨਿਪਟਾ ਕੇ  ਪਿੱਛੇ  ਆਉਂਦਾ ਹਾਂ । ਹੁਣ ਇਹ ਬੇਚੈਨ ਏਂ  ਕਿ ਸਵਰਨ ਸਿੰਘ ਨਹੀਂ ਆਇਆ । ਉਹ ਪਿੰਡ ਵਾਪਿਸ ਮੁੜ ਗਿਆ ਹੈ।"
   
       ਸਾਰੀ ਉਡਾਣ ਦੌਰਾਨ  ਉਹ ਬਜੁਰਗ ਆਪਣੀ ਸੀਟ 'ਤੇ ਟਿਕ ਕੇ ਨਹੀਂ ਬੈਠਾ ਅਤੇ ਹਵਾਈ ਜਹਾਜ਼ ਵਿੱਚ ਇਧਰ ਉਧਰ ਫਿਰਦਾ ਰਿਹਾ ਅਤੇ ਸਵਰਨ ਸਿੰਘ ਨੂੰ ਬੁਰਾ ਭਲਾ ਕਹਿੰਦਾ ਰਿਹਾ । ਜੋ ਵੀ ਸਵਾਰੀ ਕਿਸੇ ਕੰਮ ਲਈ ਆਪਣੀ ਸੀਟ ਤੋਂ ਉੱਠੇ , ਉਸਦੀ ਸੀਟ 'ਤੇ ਜਾ ਬੈਠੇ ਅਤੇ ਬੜੀ ਮੁਸ਼ਕਲ ਨਾਲ ਉਸ ਨੂੰ ਸੀਟ 'ਤੋਂ ਉਠਾਇਆ ਜਾਵੇ। ਉਸ ਦਾ ਸਾਥੀ ਵੀ ਹਾਰ ਕੇ ,ਚੁੱਪ ਕਰਕੇ  ਤਮਾਸ਼ਾ ਦੇਖਦਾ ਰਿਹਾ ।
 ਹਵਾਈ ਜਹਾਜ਼ ਹੀਥਰੋ ਹਵਾਈ -ਅੱਡੇ 'ਤੇ ਪਹੁੰਚਿਆ ਅਤੇ ਸਵਾਰੀਆਂ ਉਤਰਨ ਦੀ ਤਿਆਰੀ ਕਰਣ ਲੱਗੀਆਂ। ਉਹ ਬਜ਼ੁਰਗ ਜਹਾਜ਼ ਦੇ ਫਰਸ਼  'ਤੇ ਲੰਮਾਂ  ਪੈ ਗਿਆ ਅਤੇ ਉੱਚੀ ਉੱਚੀ  ਬੋਲਣ ਲੱਗਾ, " ਮੈਂ ਨਹੀਂ ਉਤਰਨਾ , ਮੇਰੇ ਪੁੱਤਰ ਨੇ ਮੇਰੇ ਨਾਲ ਧੋਖਾ  ਕੀਤਾ ਹੈ।" ਸਵਾਰੀਆਂ ਨੇ ਉਸ ਨੂੰ ਸਮਝਾਉਣ ਦੀ  ਕੋਸ਼ਿਸ਼ ਕੀਤੀ , ਪਰ ਉਹ ਆਪਣੀ ਜ਼ਿੱਦ 'ਤੇ ਅੜਿਆ ਰਿਹਾ । ਉਸਦਾ ਸਾਥੀ ਦੜ ਵੱਟ ਗਿਆ  । ਕਪਤਾਨ ਨੇ ਸਵਾਰੀਆਂ ਨੂੰ ਉੱਤਰਨ ਤੋਂ ਰੋਕ ਦਿੱਤਾ  ਅਤੇ ਪੁਲੀਸ  ਬੁਲਾ ਲਈ। ਪੁਲੀਸ ਆਈ ਅਤੇ ਉਸ ਬਜ਼ੁਰਗ  ਨੂੰ ਆਪਣੇ  ਤਰੀਕੇ ਨਾਲ ਜਹਾਜ਼ ਤੋਂ ਲੈ ਗਈ ।

ਸੁੱਕਿਆ ਰੁੱਖ
ਝੁੱਲੇ ਪਿਆ  ਝੱਖੜ
ਡਿੱਗਾ ਕਿ ਡਿੱਗਾ ।

ਦਿਲਜੋਧ ਸਿੰਘ 
(ਨਵੀਂ ਦਿੱਲੀ )

ਨੋਟ: ਇਹ ਪੋਸਟ ਹੁਣ ਤੱਕ 50 ਵਾਰ ਪੜ੍ਹੀ ਗਈ 
                                                            

5 comments:

 1. ਬੜਾ ਹੀ ਦਰਦ ਭਰਿਆ ਹਾਇਬਨ ਹੈ। ਦਿਲਜੋਧ ਸਿੰਘ ਜੀ ਨੇ ਓਸ ਬਿਰਤਾਂਤ ਦਾ ਇੰਨ -ਬਿੰਨ ਚਿੱਤਰਣ ਕਰ ਦਿੱਤਾ ਜਿਵੇਂ ਓਸ ਦਿਨ ਆਪ ਨੇ ਵੇਖਿਆ ਹੋਣਾ । ਬਜ਼ੁਰਗ ਦੀ ਬੇਚੈਨੀ, ਬੇਵੱਸੀ ਤੇ ਪੀੜਾ ਦਾ ਅਹਿਸਾਸ ਅੱਖਾਂ ਦੇ ਨਾਲ -ਨਾਲ ਮਨ ਨੂੰ ਵੀ ਤਰਲ ਕਰ ਗਿਆ।
  ਦਿਲਜੋਧ ਸਿੰਘ ਜੀ ਆਪ ਕੋਲ ਗੱਲ ਕਹਿਣ ਦਾ ਤਰੀਕਾ ਹੈ ਤੇ ਜ਼ਿੰਦਗੀ ਦਾ ਤਜ਼ਰਬਾ ਵੀ। ਸਾਂਝ ਪਾਉਂਦੇ ਰਿਹਾ ਕਰੋ। ਹਰਦੀਪ

  ReplyDelete
 2. ਬੱਚੇ ਇਸ ਕਦਰ ਮਾਂ ਬਾਪ ਨੂ, ਉਨ ਦੀ ਕੁਰਵਾਣੀ ਨੂ ਭੁਲ ਜਾਂਦੇ ਹਨ ਕਿ ਸ਼ਰਮ ਨਾਲ ਇਨਸਾਂਨ ਡੁਬ ਮਰੇ । ਪਰ ਫਰਕ ਨਹੀਂ ਪੈਂਦਾਂ ਅਜ ਦੀ ਸਨਤਾਨਾਂ ਨੂੰ ।ਬਜੁਰਗ ਨੂ ਝੂਠ ਬੋਲ ਕੇ ਇਸ ਤਰਹ ਓੁਸ ਦੀ ਜਿਨਦਗੀ ਨੂ ਖਿਲਬਾੜ ਬਨੋਨ ਦਾ ਕੋਈ ਹਕ ਨਹੀ ਕਿਸੇ ਨੂ ।ਦਿਲ ਨੂ ਹਿਲਾ ਦੇਨ ਵਾਲਾ ਹਾਇਬਨ ਹੈ
  ।ਦਿਲਜੋਧ ਸਿੰਘ ਜੀ ।ਆਪ ਨੇ ਬਹੁਤ ਸੁਨਦਰ ਡੰਗ ਨਾਲ ਲਿਖਿਆ ਹੈ ।ਬਧਾਈ ਆਪ ਕੋ।

  ReplyDelete
 3. ਦਰਦ ਭਰੀ ਨਵੀਂ ਪੀੜ੍ਹੀ ਦੀ ਦਾਸਤਾਨ

  ReplyDelete
 4. ਦਰਦੀਲਾ ਭਵਿੱਖ

  ReplyDelete
 5. ਦਿਲਜੋਧ ਸਿੰਘ ਜੀ,
  ਤੁਹਾਦਾ ਲਿਖਿਆ ਹਾਇਬਨ ਪ੍ੜ੍ਹ ਕੇ ਮਨ ਬਹੁਤ ਪ੍ਰਸੰਨ ਹੋਇਆ{ਅਪਣੇ ਪੰਜਾਬ ਵਿਚ ਇਹੋ ਜਿਹੀਆਂ ਬਹੁਤ ਘਟਨਾਵਾਂ ਹਨ। ਤੁਸੀਂ ਵਿਧਾਈ ਦੇ ਪਾਤਰ ਹੋ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ