ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 May 2016

ਝਾਤੀਆਂ (ਹਾਇਬਨ )

ਸਾਹਮਣੇ ਮਕਾਨ ਦੀ ਝੋਂਪੜੀ -ਨੁਮਾ ਛੱਤ 'ਤੇ ਇਕੱਲਾ ਕਾਂ  ਬੈਠਾ ਕਾਂ -ਕਾਂ  ਕਰੀ ਜਾ ਰਿਹਾ ਏ। ਇਹ ਅਮਰੀਕੀ -ਕਾਂ ਸਿਆਹ ਕਾਲਾ  , ਸਾਡੇ ਭਾਰਤੀ -ਕਾਂ ਤੋਂ  ਜ਼ਿਆਦਾ ਕਾਲਾ , ਮੋਟਾ -ਭਾਰਾ , ਭਾਰੀ ਆਵਾਜ਼ ਨਾਲ ਇਕੱਲਾ ਹੀ ਕਾਂ - ਕਾਂ  ਕਰੀ ਜਾ ਰਿਹਾ ਏ। ਹੋਰ ਕੋਈ ਕਾਂ  ਇਸ ਦੇ ਨੇੜੇ ਨਜ਼ਰ ਨਹੀਂ ਆ ਰਿਹਾ ਅਤੇ ਨਾ ਹੀ ਇਸ ਦੀ ਆਵਾਜ਼ ਸੁਣ  ਕੇ  ਕੋਈ ਹੋਰ ਆਇਆ  ਅਤੇ ਮੈਂ ਜਾਣਦਾ  ਹਾਂ  ਨਾ ਹੀ ਕੋਈ ਆਏਗਾ। ਆਪਣੇ ਦੇਸ 'ਚ ਇੱਕ ਕਾਂ ਦੀ ਆਵਾਜ਼ ਸੁਣ  ਕੇ ਹੁਣ ਤਕ 50 ਕਾਂ  ਇੱਕਠੇ  ਹੋ ਜਾਣੇ ਸਨ ਅਤੇ ਸਭ ਨੇ ਮਿਲ ਕੇ ਕਾਵਾਂ ਰੌਲੀ ਸ਼ੁਰੂ ਕਰ ਦੇਣੀ ਸੀ। ਇਹ ਵੀ ਇੱਕ ਦੋਵੇਂ ਦੇਸ਼ਾਂ ਦਾ  ਬੁਨਿਆਦੀ ਫ਼ਰਕ  ਹੈ। 

ਜਿਸ ਮਕਾਨ ਦੀ ਛੱਤ 'ਤੇ ਇਹ ਕਾਂ  ਬੈਠਾ ਆਪਣੀ ਇੱਕਲਤਾ ਗਾ ਰਿਹਾ ਹੈ ,ਉਸ ਮਕਾਨ ਵਿੱਚ ਇੱਕ ਅਮਰੀਕੀ  ਬਜ਼ੁਰਗ ਜੋੜਾ ਰਹਿੰਦਾ ਹੈ। ਉਮਰ 70- 80 ਦੇ ਵਿਚਕਾਰ ਹੋਵੇਗੀ। ਮਕਾਨ ਕਾਫੀ ਵੱਡਾ ਹੈ | ਲਆਨ ਮਿਲਾ ਕੇ ਕੋਈ ਹਜ਼ਾਰ ਗਜ ਤੋਂ ਜ਼ਿਆਦਾ ਹੀ ਜਗਾ ਹੋਵੇਗੀ ।ਪੂਰੇ ਮਕਾਨ ਥੱਲੇ ਬੇਸਮੈਂਟ ਵੀ ਹੈ ਜਿੱਥੇ ਸ਼ਾਇਦ ਕਦੀ ਹੀ ਬੱਤੀ ਜਲੀ ਹੋਵੇ। ਲਆਨ ਨੂੰ ਬੜੀ ਚੰਗੀ ਤਰਾਂ ਰੱਖਿਆ ਹੋਇਆ ਹੈ । ਬੜੀ ਸੋਹਣੀ  ਲੈਂਡ-ਸਕੇਪਿੰਗ , ਫੁੱਲਾਂ ਅਤੇ  ਸਜਾਵਟ ਦੇ  ਸਭ  ਬੂਟੇ ਹਨ । ਨਾ ਇਹਨਾ ਨੂੰ ਕੋਈ ਪਿਆਰ ਨਾਲ ਦੇਖਦਾ ਹੈ ,ਨਾ ਇੱਥੇ ਕੋਈ ਖੇਡਦਾ ਹੈ , ਨਾ ਕੋਈ ਘਾਹ  'ਤੇ ਬੈਠਦਾ ਹੈ ਨਾ ਸੈਰ ਕਰਦਾ  ਹੈ ।ਸਰਦੀਆਂ  ਵਿੱਚ ਸਭ ਸੁੱਕ -ਸੜ ਜਾਂਦਾ ਹੈ ਅਤੇ ਗਰਮੀਆਂ  ਵਿੱਚ ਫਿਰ ਹਰਾ ਹੋ ਜਾਂਦਾ ਹੈ ਅਤੇ ਕਿਸੇ ਕੰਪਨੀ ਦੇ ਆਦਮੀ ਆ ਕੇ ਕਾਂਟ-ਛਾਂਟ ਕਰ ਜਾਂਦੇ  ਨੇ ।

ਮਕਾਨ ਦੇ ਪਿਛਲੇ ਪਾਸੇ ਇੱਕ  ਕਮਰਾ ਹੈ ,ਜੋ ਮਕਾਨ ਦਾ ਹੀ  ਹਿੱਸਾ ਹੈ। ਬਜ਼ੁਰਗ ਜੋੜਾ ਸਾਰਾ ਦਿਨ ਇਸੇ ਕਮਰੇ ਵਿੱਚ ਹੀ ਬੈਠਾ ਦਿਖਾਈ ਦਿੰਦਾ ਹੈ ।ਇਹ ਕਮਰਾ  ਸੰਨ -ਰੂਮ ਦੀ ਤਰਾਂ ਹੈ । ਇਸ ਨੂੰ ਤਿੰਨ ਪਾਸੇ ਵੱਡੇ -ਵੱਡੇ ਸ਼ੀਸ਼ੇ ਲੱਗੇ ਹਨ ਅਤੇ ਰੋਸ਼ਨੀ ਧੁੱਪ ਖੂਬ ਆਉਂਦੀ ਹੈ । ਬਾਕੀ ਮਕਾਨ ਤਾਂ ਫਾਲਤੂ  ਭਾਰ ਹੀ ਲਗਦਾ ਹੈ । ਇਸ ਮਕਾਨ ਵੱਲ ਦੇਖ ਦੇਖ ਮੇਰਾ ਦਿਲ ਕਾਹਲਾ ਪੈ  ਰਿਹਾ ਹੈ ।

ਕੁੱਤੇ ਦੀ ਆਵਾਜ਼ ਮੇਰਾ ਧਿਆਨ ਖਿੱਚਦੀ ਹੈ। ਸੜਕ ਤੋਂ ਪਾਰ ,ਸਾਹਮਣੇ ਮਕਾਨ ਦੀ ਖਿੜਕੀ ਦੇ ਸ਼ੀਸ਼ੇ ਵਿੱਚੋਂ ਬਾਹਰ ਦੇਖ ਕੇ ਕੁੱਤਾ ਭੌਂਕ ਰਿਹਾ ਹੈ ।  ਮਕਾਨ ਦੇ ਮਾਲਕ ਸਵੇਰੇ ਕੰਮ ਤੇ ਚਲੇ ਜਾਂਦੇ ਹਨ ਅਤੇ ਕੁੱਤੇ ਨੂੰ ਅੰਦਰ ਬੰਦ ਕਰ ਜਾਂਦੇ ਹਨ । ਇਹ ਭੌਂਕ ਕਿਸ ਨੂੰ ਰਿਹਾ ਹੈ । ਸੜਕ ਵੀ ਸੁੰਨਸਾਨ ਹੈ ਅਤੇ ਮਕਾਨ ਦੇ ਦੁਵਾਲੇ ਵੀ ਸੰਨਾਟਾ ਹੈ ।ਸ਼ਾਇਦ ਆਪਣੀ ਬੋਰੀਅਤ ਦੂਰ ਕਰਣ ਲਈ ਭੌਂਕ ਰਿਹਾ ਹੈ ।

 ਹਾਂ,  ਸੜਕ 'ਤੇ ਕੋਈ ਹੋਲੀ ਹੋਲੀ ਆ ਰਿਹਾ ਹੈ । ਇੱਕ ਕਮਜ਼ੋਰ ਜਿਹੀ ਬਜ਼ੁਰਗ ਕਾਲੀ ਅਮਰੀਕਨ ਸੈਰ ਕਰ ਰਹੀ ਲੱਗਦੀ ਹੈ। ਢਿੱਲੀ ਜਿਹੀ ਪੈਂਟ ਅਤੇ ਜੈਕਟ ,ਸਿਰ 'ਤੇ ਕਪੜੇ ਦਾ ਬਣਿਆ ਹੈਟ । ਹੌਲੀ -ਹੌਲੀ ਤੁਰ ਰਹੀ ਹੈ , ਜ਼ਮੀਨ ਵੱਲ ਦੇਖ ਰਹੀ ਹੈ । ਇਸ ਸੜਕ ਦੇ ਕੋਨੇ ਵਾਲੇ ਮਕਾਨ 'ਚ ਰਹਿੰਦੀ ਹੈ  ਇਕ ਦਿਨ ਉਸ ਮਕਾਨ 'ਚ ਵੜਦੇ ਦੇਖਿਆ ਸੀ ।ਕਦੀ ਕਿਸੇ ਹੋਰ ਨੂੰ ਉਸ ਮਕਾਨ ਵਿੱਚ ਨਹੀਂ ਦੇਖਿਆ। ਹਾਂ ਇਕ  ਦਿਨ  ਪੁਰਾਣੇ ਮਾਡਲ ਦੀ ਅਮਰੀਕਨ ਕਾਰ ਗੈਰਾਜ ਸਾਹਮਣੇ ਖੜੀ ਦੇਖੀ  ਸੀ । ਮਕਾਨ ਦੀ ਕਦੇ  ਕੋਈ ਬੱਤੀ ਜਲਦੀ ਨਹੀਂ ਦੇਖੀ । ਪਤਾ ਨਹੀਂ ਇਹ ਔਰਤ ਮਕਾਨ ਦੇ ਕਿਸ ਕਮਰੇ ਵਿਚ ਹੁੰਦੀ ਹੈ। ਇਸ ਔਰਤ ਦੀ ਰੌਣਕ ਉਡਾਰੀਆਂ ਮਾਰ ਗਈ ਲੱਗਦੀ ਹੈ ।

ਮੇਰੇ ਆਲੇ -ਦੁਆਲੇ ਮਕਾਨ ਹੀ ਮਕਾਨ ਹਨ। ਸੋਚਦਾ ਹਾਂ ਮਕਾਨ ਨੂੰ ਸਿਰਫ ਭੋਗਣ ਦੀ ਵਸਤੂ ਸਮਝਣ ਵਾਲੇ ਸੁਖੀ ਹਨ ਜਾਂ ਭਾਰਤੀ ਲੋਕ  ਜੋ ਹਰ ਮਕਾਨ ਨੂੰ ਘਰ ਬਨਾਉਣ ਵਿੱਚ ਲੱਗੇ ਰਹਿੰਦੇ ਹਨ । ਇੱਥੇ  ਜੇ ਆਮਦਨ ਵਧੀ -ਘਟੀ, ਝੱਟ ਮਕਾਨ ਤਬਦੀਲ , ਬੱਚੇ ਦਾ ਸਕੂਲ ਬਦਲੀ , ਮਕਾਨ ਬਦਲੀ , ਨੌਕਰੀ 'ਚ ਕੋਈ ਤਬਦੀਲੀ -ਮਕਾਨ ਦੀ ਵੀ ਤਬਦੀਲੀ। ਮੀਆਂ  ਬੀਵੀ ਦਾ ਝਗੜਾ - ਮਕਾਨ ਗਿਆ , ਬੱਚੇ ਮਾਂ- ਬਾਪ ਤੋਂ ਅਲਗ - ਮਕਾਨ ਵੀ ਬਦਲੀ  ।

ਮੇਰੀ ਸੋਚ ਟੁੱਟੀ , ਕਾਂ ਫਿਰ ਸਾਹਮਣੇ ਮਕਾਨ ਦੀ ਛੱਤ 'ਤੇ ਆ ਬੈਠਾ ਅਤੇ ਕਾਂ -ਕਾਂ ਫਿਰ ਸ਼ੁਰੂ । ਇਸ ਵਾਰ ਲੱਗਦਾ ,ਸਿਰਫ ਮੈਨੂੰ ਚਿੜਾਉਣ ਵਾਸਤੇ  ਮੇਰੇ ਵੱਲ ਮੂੰਹ ਕਰਕੇ ਕਹਿ ਰਿਹਾ ਸੀ - "' ਤੂੰ ਖਿੜਕੀ ਕੋਲ ਬੈਠ ਕੇ ਕੀ ਰਿਹਾ ਏਂ , ਦੂਸਰਿਆਂ ਦੇ ਘਰਾਂ ਵਿੱਚ ਝਾਤੀਆਂ ਮਾਰ ਕੇ ਸਮਾਂ ਲੰਘਾ ਰਿਹਾ ਏਂ ,ਮੈਂ  ਤਾਂ ਉੱਡ ਸਕਦਾ ਹਾਂ , ਤੂੰ ਕੀ ਇਹ ਕੰਮ ਕਰ ਸਕਦਾ ਏਂ ?"

ਖੁੱਲ੍ਹੀ ਖਿੜਕੀ  
ਦੇਖਾਂ ਮਕਾਨਾਂ ਵੱਲ 
ਲੱਭਦਾ ਘਰ  |

ਦਿਲਜੋਧ ਸਿੰਘ
ਵਿਸਕੋਨਸਿਨ  
ਯੂ ਐਸ ਏ 

ਨੋਟ: ਇਹ ਪੋਸਟ ਹੁਣ ਤੱਕ 64 ਵਾਰ ਪੜ੍ਹੀ ਗਈ 


10 comments:

  1. ਬਹੁਤ ਬਰੀਕੀ ਨਾਲ ਆਪਣੇ ਆਲੇ -ਦੁਆਲੇ ਨੂੰ ਭਾਂਪਿਆ , ਜਾਣਿਆ ਤੇ ਉਸ ਦਾ ਚਿੱਤਰ ਉਲੀਕਿਆ ਹੈ। ਕਿੰਨੀ ਇੱਕਲਤਾ ਹੈ , ਇਹਨਾਂ ਮਕਾਨਾਂ 'ਚ , ਇੱਥੋਂ ਤੱਕ ਕੇ ਪੰਛੀਆਂ ਦੇ ਸਾਥੀ ਵੀ ਨਹੀਂ ਹਨ। ਇਹ ਕਿਸ ਦਾ ਅਸਰ ਹੈ ?ਬਹੁਤ ਹੀ ਡੂੰਘੀ ਸੋਚ ਦਾ ਵਿਸ਼ਾ ਹੈ। ਅੰਤ 'ਚ ਆਪ ਦਾ ਕੀਤਾ ਸੁਆਲ ਸੱਚ ਵਿੱਚ ਮੈਨੂੰ ਸੋਚਾਂ 'ਚ ਪਾ ਗਿਆ ? ਕੌਣ ਸੁੱਖੀ ਹੈ ? ਮਕਾਨਾਂ ਵਾਲੇ ਜਾਂ ਘਰ ਬਣਾਉਣ ਵਾਲੇ। ਸੱਚ ਕਹੋ ਸਾਨੂੰ ਘਰਾਂ ਨਾਲ ਮੋਹ ਹੁੰਦਾ ਹੈ ਤੇ ਛੱਡਣਾ ਬਹੁਤ ਔਖਾ ਲੱਗਦਾ ਹੈ। ਪਰ ਫਿਰ ਵੀ ਅਸੀਂ ਦੇਸ ਛੱਡ ਇੱਥੇ ਆ ਬੈਠੇ ਹਾਂ।
    ਪਰ ਉਸ ਕਾਂ ਨੂੰ ਦੱਸ ਦੇਣਾ ਕਿ ਮੇਰੇ ਕੋਲ ਤੇਰੇ ਤੋਂ ਵੀ ਦੁਰੇਡੇ ਉੱਡ ਜਾਣ ਵਾਲੀ ਸੋਚ ਹੈ।ਅੱਜ ਆਪ ਦੀ ਸੋਚ ਹਜ਼ਾਰਾਂ ਮਿਲ ਦੁਰ ਅੱਪੜ ਗਈ ਹੈ। ਤੁਸੀਂ ਇੱਕਲੇ ਨਹੀਂ ਹੋ , ਜਿਸ ਕੋਲ ਅੱਖਰਾਂ -ਸ਼ਬਦਾਂ ਦੇ ਖਜ਼ਾਨੇ ਹੁੰਦੇ ਨੇ ਮੈਂ ਉਹਨਾਂ ਨੂੰ ਇੱਕਲੇ ਨਹੀਂ ਮੰਨਦੀ। ਉਸ ਕੋਲ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਹੈ ਜੋ ਉਸ ਨੂੰ ਇੱਕਲਤਾ ਦਾ ਅਹਿਸਾਸ ਨਹੀਂ ਹੋਣ ਦਿੰਦੀ।
    ਆਪ ਨੇ ਵੱਡਮੁੱਲੀ ਲਿਖਤ ਨਾਲ ਸਾਂਝ ਪਾਈ ਹੈ। ਆਪ ਜੀ ਦਾ ਬਹੁਤ -ਬਹੁਤ ਧੰਨਵਾਦ। ਇਸੇ ਤਰਾਂ ਸਾਂਝ ਬਣਾਈ ਰੱਖਣਾ।
    ਹਰਦੀਪ

    ReplyDelete
    Replies
    1. This comment has been removed by the author.

      Delete
    2. Thanks for encouraging comments

      Delete
  2. ਵਾਹ ਸਾਹਿਬ , ਬਹੁਤ ਸੁੰਦਰ ਲੇਖ, ਜੀਵਨ ਦੇ ਬਹੁਤ ਸਾਰੇ ਪੇਹ੍ਲੁਆਂ ਤੇ ਰੋਸ਼ਨੀ ਪਾਉਂਦਾ ਹੋਇਆ.ਇਕਲਾਪਨ, ਘਰ ਅਤੇ ਮਕਾਨ ਦਾ ਅੰਤਰ ਅਤੇ ਕਾਵਾਂ ਦੇ ਸੁਨੇਹੇ, ਬਹੁਤ ਕੁਛ ਦਰਸ਼ਾ ਰਹੇ ਹਨ : Yash Verma

    ReplyDelete
  3. ਅਸੀ ਦੇਸੀ ਲੋਗ ਚਾਹੇ ਦੇਸ਼ 'ਚ ਰਹੇਂ ਯਾ ਵਿਦੇਸ਼ਾਂ 'ਚ ।ਘਰ ਦਾ ਮੋਹ ਨਹੀ ਛੱਡ ਸਕਦੇ ।ਏਹੀ ਮੋਹ ਦਿਆਂ ਤਂਦਾ ਹੀ ਘਰ ਬਾਂਧ ਰਖਦਿਆ ਹਨ । ਬਾਹਰ ਆਕੇ ਹੀ ਸਾਨੂ ਪੂਰਵ ਪਛਮੀ ਦੇਸ਼ਾਂ ਦੇ ਬੁਨਿਆਦੀ ਫਰਕ ਦਾ ਪਤਾ ਲਗਤਾ ਹੈ ।ਅਕੇਲੇਪਨ 'ਚ ਜੀ ਰਹੇ ਲੋਗਾਂ ਦਾ ਜੀਬਨ ਨਜਰ ਆਉਂਦਾ ਹੈ । ਬਹੁਤ ਸੁੰਦਰ ਲਿੱਖਾ ਹੈ ਵਧਾਈ ਕੇ ਹਕਦਾਰ ਹੈਂ ਆਪ ।ਿ

    ReplyDelete
  4. ਝਾਤੀਆਂ (ਹਾਇਬਨ )

    ਝਾੜੀਆਂ (ਹਾਇਬਨ) ਨੂੰ ਪੜ੍ਹਦਿਆਂ ਹੀ,ਮੇਰਾ ਮਨ ਮੈਨੂੰ ਸੁੱਤੇ ਸੁੱਧ ਆਪਣੇ ਅਤੀਤ ਵਲ ਉਂਗਲ ਫੜ ਲੈ ਤੁਰਿਆ।ਆਪਣੇ ਦੇਸ਼ ਦੇ ਚਲਾਕ ਕਾਂਵਾਂ ਦੀਆਂ ਬਚਪਨ ਵਿਚ ਦੇਖੀਆਂ ਸੁਣੀਆਂ ਅਣਗਿਣਤ ਘਟਨਾਵਾਂ ਦਿਮਾਗ਼ 'ਚ ਘੁੰਮ ਗਈਆਂ।ਆਰੰਭਿਕ ਸ਼ਬਦ ਚਿੱਤਰ ਹੀ ਐਨਾ ਪ੍ਰਭਾਵਸ਼ਾਲੀ ਹੈ ਕਿ ਕਾਂਵਾਂ ਦੀ ਕਾਂ-ਰੌਲ਼ੀ ਵਿਚ ਵੀ ਆਪਣੇ ਦੇਸ਼ ਦੇ ਘਰਾਂ ਤੇ ਇੱਥੋਂ ਦੇ ਘਰਾਂ ਵਲ ਸੋਚ ਨੇ ਘੇਰਾ ਆ ਪਾਇਆ। ਮਨ ਸੋਚੀਂ ਪੈ ਗਿਆ ਕਿ ਕਿਵੇਂ ਕੋਈ ਵਿਅਕਤੀ ਪੱਛਮੀ ਦੇਸ਼ਾਂ ਵਿਚ ਰਹਿੰਦਾ ਹੋਇਆ,ਜੀਵਨ ਦੇ ਸਾਰੇ ਸੁੱਖ ਅਨੰਦ ਭੋਗਦਾ ਦੋ ਵੱਖ ਵੱਖ ਹਾਲਾਤ ਵਿਚੋਂ ਦੀ ਲੰਘਦਾ,ਅਜੇ ਭੀ ਉਲਝਣ'ਚ ਪਿਆ ਭਟਕਦਾ ਰਹਿੰਦਾ ਹੈ।
    ਲੋਕੀਂ ਠੀਕ ਹੀ ਕਹਿੰਦੇ ਨੇ ਕਿ ਜਿਵੇਂ ਪੂਰਬ ਅਤੇ ਪੱਛਮ ਆਪਸ ਵਿਚ ਕਦੇ ਮਿਲ ਨਹੀਂ ਸਕਦੇ,ਇਸੇ ਤਰ੍ਹਾਂ ਜ਼ਿੰਦਗੀ ਦੇ ਜਿਊਣ ਦੇ ਫ਼ਲਸਫ਼ੇ ਅਤੇ ਵਿਸ਼ਵਾਸ ਵਿਚ ਵੀ ਭਿੰਨਤਾਵਾਂ ਹੋਣ ਕਾਰਨ,ਮਨ ਅੰਦਰਲੇ ਸੱਚ ਦੀ ਤਲਾਸ਼ ਦਾ ਮਾਰਗ ਵੀ ਵੱਖਰਾ ਵੱਖਰਾ ਹੀ ਹੁੰਦਾ। ਹਰ ਸਭਿਆਚਾਰ ਵਿੱਚ ਰਿਸ਼ਤੇ ਹੀ ਪਰਵਾਰ ਤਿਆਰ ਕਰਦੇ ਹਨ,ਪਰ ਇਹਨਾਂ ਦੀ ਸਾਰਥਿਕਤਾ ਨੂੰ ਸਹੀ ਤਰੀਕੇ ਨਾਲ ਕਾਇਮ ਰੱਖਣਾ ਹਰ ਵਿਅਕਤੀ ਦੇ ਆਪਣੇ ਹੱਥ ਹੁੰਦਾ ਹੇ। ਪੱਛਮੀ ਸਭਿਅਤਾ ਵਿਚ, ਵਿਅਕਤੀਗਤ ਨੂੰ ਪਰਵਾਰ Ḕਤੇ ਤਰਜੀਹ ਦਿੱਤੀ ਗਈ ਹੈ ਜਦ ਕਿ ਪੂਰਬੀ ਸਮਾਜ ਸੰਯੁਕਤ ਪਰਵਾਰ ਤੇ ਬਲ ਦਿੱਤਾ ਜਾਂਦਾ ਹੈ।
    ਇਸੇ ਸੰਦਰਭ ਵਿਚ ਲੇਖਕ ਕਈ ਨਾਟਕੀ ਸਥਿਤੀ ਦੇ ਉਪ ਪਲਾਟਾਂ ਨਾਲ ਆਪਣੇ ਆਸ਼ੇ ਵਲ ਵਧਣਾ ਸ਼ੁਰੂ ਕਰਦਾ ਹੈ।ਪਹਿਲਾਂ ਕਾਂ ਦੀ ਇੱਕਲਤਾ ਨੂੰ ਅਮਰੀਕੀ ਬਜ਼ੁਰਗ ਜੋੜੇ ਦੀ ਤਨਹਾਈ,ਫਿਰ ਕਈ ਹਜ਼ਾਰ ਗਜ ਵਾਲੇ ਮੁੱਖ ਘਰ ਨੂੰ ਛੱਡ ਕੇ,ਇਸ ਦੇ ਪਿਛਵਾੜ ਇੱਕੋ ਕਮਰੇ 'ਚ ਗੁਜ਼ਰਾਨ, ਸੜਕ ਤੇ ਇੱਕ ਕਮਜ਼ੋਰ ਬਜ਼ੁਰਗ ਕਾਲੀ ਅਮਰੀਕਨ ਦਾ ਚੱਲਣਾ ਤੇ ਪੁਰਾਣੇ ਮਾਡਲ ਦੀ ਕਾਰ ਨੂੰ ਢਲਦੀ ਉਮਰ ਦਾ ਸਹਿਜਤਾ ਨਾਲ ਤੁਲਨਾ ਕਰਦਿਆਂ,ਪਾਠਕ ਦੇ ਮਨ ਤੇ ਨਕਸ਼ ਉੱਕਰਨ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ।
    ਅੱਗੇ ਚੱਲਦਿਆਂ ਲੇਖਕ ਆਪਣੇ ਵਿਚਾਰਾਂ ਵਿਚ ਦਾਰਸ਼ਨਿਕ ਪ੍ਰਭਾਵ ਪੈਦਾ ਕਰਦਿਆਂ ਕਹਿੰਦਾ ਹੈ ਕਿ ਕੀ ਇੱਥੇ ਮਕਾਨ ਕੇਵਲ ਭੋਗਣ ਦੀ ਵਸਤੂ ਹੀ ਹੁੰਦੇ ਹਨ ਤੇ ਰਿਸ਼ਤਿਆਂ ਦੀ ਤੰਦ ਵੀ ਓਨੀ ਹੀ ਕੱਚੀ?ਉਹ ਅਜਿਹੀਆਂ ਪਰਿਸਥਿਤੀਆਂ ਨੂੰ ਆਪਣੇ ਦੇਸ਼ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕਾਂ ਦੀ ਕਾਂ-ਕਾਂ ਉਸ ਦੀ ਸੋਚ ਨੂੰ ਝੰਜੋੜਦੀ ਹੈ,ਜਿਵੇਂ ਕਹਿੰਦੀ ਹੋਵੇ ਕਿ ਤੂੰ ਇੱਕਲਤਾ ਦੀ ਉਦਾਸੀ ਵਿਚ ਘਿਰਿਆ ਹੋਇਆ ਹੈਂ,ਮੇਰੀ ਫ਼ਿਕਰ ਛੱਡ ਤੂੰ ਆਪਣੀ ਸੋਚ।
    ਇੱਥੇ ਪਹੁੰਚ ਕੇ,ਦਿਲਜੋਧ ਸਿੰਘ ਮਨੁੱਖ ਦੀ ਤ੍ਰਾਸਦੀ ਤੇ ਬੇਬਸੀ ਦੀ ਤਸਵੀਰ ਨੂੰ ਪ੍ਰਭਾਵ ਮਈ ਪੂਰਨਤਾ ਨਾਲ ਹਾਈਬਨ ਵਿਚ ਪੇਸ਼ ਕਰਨ ਵਿਚ ਸਫਲ ਹੋਇਆ ਹੈ,ਜਿਸ ਦੀ ਸ਼ਲਾਘਾ ਕਰਦਾ ਹਾਂ।
    -0-
    -ਸੁਰਜੀਤ ਸਿੰਘ ਭੁੱਲਰ-16-05-2016

    ReplyDelete
    Replies
    1. A message via e-mail:
      ਭੁਲਰ ਸਾਹਿਬ ਦੀ ਟਿਪਣੀ ਪੜੀ ।ਵਿਦਵਾਨ ਮਨੁਖ ਹਨ , ਉਹ ਸਭ ਕੁਝ ਪੜ ਲਿਆ , ਜੋ ਮੈਂ ਕਹਿਣਾ ਚਾਹਿਆ ਹੈ । ਮੈਂ ਆਪਣੀ ਮਨੋਸਥਿਤੀ ਨੂੰ ਜਿੰਨ ਦ੍ਰਿਸ਼ਾਂ ਨਾਲ ਜੋੜਿਆ ਅਤੇ ਕਿਉਂ ਜੋੜਿਆ , ਉਹਨਾ ਸਿਰਫ ਪੜਿਆ ਹੀ ਨਹੀਂ ਜਾਣਿਆਂ ਵੀ ਹੈ । ਮੈਂ ਕੋਈ ਵਿਦਵਾਨ ਨਹੀਂ , ਥੋੜੇ ਹੀ ਲਫਜ਼ਾਂ ਦੀ ਪੂੰਜੀ ਮੇਰੇ ਕੋਲ ਹੈ ਅਤੇ ਆਪਣੀ ਗੱਲ ਥੋੜੇ ਜਿਹੇ ਲਫਜ਼ਾਂ ਵਿਚ ਕਹਿਣ ਦੀ ਸਮਰਥਾ ਹੈ । ਮੈਂ ਆਪਨੇ ਚੁਫੇਰੇ ਨੂੰ ਆਪਨੇ ਮੰਨ ਦੇ ਹਲਾਤ ਅਤੇ ਸੋਚ ਮੁਤਾਬਿਕ ਚੁਣ ਲੈਂਦਾ ਹਾਂ ਅਤੇ ਲਿਖ ਦੇਂਦਾ ਹਾਂ । ਜਦ ਵੀ ਮੈਂ ਪਛਮ ਵਿਚ ਰਹਿੰਦਾ ਹਾਂ , ਪਰ ਵਸਦਾ ਮੈਂ ਪੂਰਬ ਵਿਚ ਹੀ ਹਾਂ ।
      ਮੇਰੇ ਸਾਹਮਣੇ ਰੁੱਖਾਂ 'ਤੇ ਨਿੱਕੀਆਂ ਨਿੱਕੀਆਂ ਰੰਗ ਬਰੰਗੀਆਂ ਚਿੜੀਆਂ ਵੀ ,ਨਚ ਟਪ ਰਹੀਆਂ , ਰੁੱਖਾਂ 'ਤੇ ਨਵੀਆਂ ਕਰੂੰਬਲਾਂ ਫੁਟ ਰਹੀਆਂ ਅਤੇ ਨਿੱਕੇ ਨਿੱਕੇ ਪੱਤੇ ਨਿਕਲ ਰਹੇ ਹਨ । ਪਰ ਮੇਰਾ ਮੰਨ ਉਧਰ ਕਿਉਂ ਨਹੀਂ ਗਿਆ । ਸੜਕ 'ਤੇ ਇੱਕ ਸਕੂਲ -ਬਸ ਰੁੱਕੀ ਹੈ , ਉਸ ਵਿੱਚੋਂ ਇੱਕ ਬੱਚਾ ਉਤਰ ਕੇ ਦੌੜਦਾ ਕੁਦਦਾ ਘਰ ਵਲ ਜਾ ਰਿਹਾ ਹੈ । ਦੂਰੋਂ ਕਿਸੇ ਘਰ 'ਚੋਂ ਕਿਸੇ ਦੇ ਹਸਣ ਦੀ ਆਵਾਜ਼ ਆ ਰਹੀ ਹੈ । ਦੂਰ ਕਿੱਤੇ ਕੋਈ ਮੀਟ ਗਰਿਲ ਕਰ ਰਿਹਾ ਹੈ ਅਤੇ ਖੁਸ਼ਬੂ ਮੇਰੇ ਤੱਕ ਆ ਰਹੀ ਹੈ । ਪਰ ਇਹ ਸਭ ਮੇਰਾ ਧਿਆਨ ਨਹੀਂ ਖਿਚਦੇ ਅਤੇ ਨਾਂ ਮੈਂ ਇਹਨਾ ਬਾਰੇ ਲਿਖਦਾ ਹਾਂ । ਮੈਂ ਆਪਨੇ ਚੁਫੇਰੇ 'ਚੋਂ ਉਹ ਸਭ ਚੁਣ ਲੈਂਦਾ ਹਾਂ , ਜੋ ਮੇਰੇ ਮੰਨ /ਸੋਚ ਨੂੰ ਚੰਗਾ ਲਗਦਾ ਹੈ ਅਤੇ ਮੈਂ ਲਿਖਣਾ ਪਸੰਦ ਕਰਦਾਂ ਹਾਂ ।
      ਭੁਲਰ ਸਾਹਿਬ ਦੀਆਂ ਟਿਪੱਣੀਆਂ ਨੇ ਮੇਰੇ ਗਿਆਨ ਅਤੇ ਧਿਆਨ ਵਿੱਚ ਵਾਧਾ ਕੀਤਾ ਹੈ ॥
      ਹਰਦੀਪ ਤੁਹਾਡਾ ਅਤੇ ਭੁੱਲਰ ਸਾਹਿਬ ਦਾ ਸ਼ੁਕਰੀਆ ॥
      ਦਿਲਜੋਧ ਸਿੰਘ

      Delete
    2. A message via e-mail:
      आज सुरजीत जी का झात हाईबन की टिप्पणी पढ़ कर उनके गूढे ज्ञान का परिचय मिला ।आनंद आ गया ।इतना विस्तार से वर्णन पढ़ कर ।उन की रचनायें पढ़ने का हमें और भी अवसर मिलेगा ।सुरजीत जी अपनी रचनायें सफर सांझ में हम सब से शेयर करते रहें ।
      कमला

      Delete
    3. ਝਾਤੀਆਂ (ਹਾਇਬਨ ) '-ਕਬੀਰ ਮੇਰਾ ਮੁਝ ਮਹਿ ਕਿਛ ਨਹੀ ਜੋ ਕਿਛ ਹੈ ਸੋ ਤੇਰਾ॥' ਦੇ ਵਾਕ ਅਨੁਸਾਰ-ਜਦ ਮੈਂ ਝਾਤੀਆਂ (ਹਾਇਬਨ ) ਪੜ੍ਹਨਾ ਸ਼ੁਰੂ ਕੀਤਾ ਤਾਂ ਮੇਰਾ ਮਨ ਬਿਲਕੁਲ ਸਾਫ਼ ਸਲੇਟ ਦੀ ਤਰ੍ਹਾਂ ਸੀ। ਮੈਨੂੰ ਕੁੱਝ ਨਹੀਂ ਸੀ ਪਤਾ ਕਿ ਇਸ ਦਾ ਅੰਤ ਕਿੱਕਣ ਹੋਵੇਗਾ। ਲਿਖਤ ਹੀ ਐਨੀ ਪ੍ਰਭਾਵਸ਼ਾਲੀ ਤੇ ਨਰੋਈ ਹੈ ਕਿ ਪੜਣ ਉਪਰੰਤ ਮਨ ਦੀ ਤਖ਼ਤੀ ਤੇ ਅਸਰ ਦਾ ਪੈਣਾ ਅਵੱਸ਼ ਹੀ ਸੀ। ਬੱਸ,ਉਸ ਦੇ ਪ੍ਰਤੀਕਰਮ ਜੋ ਕੁੱਝ ਅੰਕਿਤ ਕੀਤਾ,ਉਸ ਰੂਪ ਨੂੰ ਆਪ ਸਭ ਦੇ ਸਨਮੁੱਖ ਕਰ ਦਿੱਤੇ। ਆਪ ਨੇ ਆਪਣੀਆਂ ਰਾਵਾਂ ਭੇਜੀਆਂ।ਪੜ੍ਹੀਆਂ,ਚੰਗੀਆਂ ਲੱਗੀਆਂ ।ਸਰਦਾਰ ਦਿਲਜੋਧ ਸਿੰਘ, ਭੈਣ ਕਮਲਾ ਜੀ ਅਤੇ ਦੀਪ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ ।19-05-2016

      Delete
  5. I am humbly obliged -S,Diljodh Singh ji and respected sister Kamala ji.

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ