ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 May 2016

ਗਲਵੱਕੜੀ

ਪੱਤਝੜੀ 'ਵਾ ਚੱਲ ਰਹੀ ਸੀ। ਤਿੱਖੀ ਧੁੱਪ ਰੁੱਖਾਂ ਦੇ ਪੱਤਿਆਂ 'ਚੋਂ ਪੁਣ -ਪੁਣ ਲੰਘਦੀ ਹੁਣ ਕੂਲੀ ਜਿਹੀ ਹੋ ਗਈ ਲੱਗਦੀ ਸੀ। ਖੜ ਖੜ ਕਰਦੇ ਸੋਨੇ ਰੰਗੇ ਪੱਤੇ ਝਾਂਜਰ ਜਿਹੀ ਛਣਕਾਉਂਦੇ ਜਾਪਦੇ ਸਨ। ਹਵਾ ਦੀ ਸਰਸਰਾਹਟ ਟੂਣੇਹਾਰੀ  ਲੱਗਦੀ ਸੀ। ਕੁਦਰਤ ਦੇ ਨਜ਼ਾਰਿਆਂ ਨਾਲ ਅਚੰਭਿਤ ਹੋਇਆ ਮੇਰਾ ਮਨ ਖਿੜ ਉਠਿਆ ਸੀ। ਆਲ਼ੇ -ਦੁਆਲ਼ੇ ਨੂੰ ਆਪਣੇ ਆਪੇ 'ਚ ਸਮੇਟਦੀ ਪਤਾ ਹੀ ਨਾ ਲੱਗਾ ਕਦੋਂ ਮੈਂ ਸ਼ਾਪਿੰਗ ਸੈਂਟਰ ਪਹੁੰਚ ਗਈ। ਸਟੋਰ 'ਚ ਵੜਦਿਆਂ ਹੀ ਉਸ ਮੈਨੂੰ ਵੇਖ ਲਿਆ ਸੀ ਤੇ ਖੁਸ਼ੀ ਡੋਲ੍ਹਦੀਆਂ ਅੱਖੀਆਂ ਨਾਲ ਮੇਰਾ ਸੁਆਗਤ ਕੀਤਾ ਸੀ। ਇਹ ਓਹਿਓ ਮਲੂਕ ਜਿਹੀ ਕੁੜੀ ਸੀ ਜੋ ਪਿਛਲੀਂ ਦਿਨੀਂ ਮੈਨੂੰ ਪੱਤਝੜ 'ਚ ਬਹਾਰ ਬਣ ਮਿਲੀ ਸੀ। ਅੱਜ ਉਸ ਨੂੰ ਇਸ ਤਰਾਂ ਲੱਗਦਾ ਸੀ ਕਿ ਜਿਵੇਂ ਬਹਾਰ ਉਸ ਦੇ ਬੂਹੇ ਆ ਕੇ ਨੱਚਣ ਲੱਗ ਪਈ ਹੋਵੇ | ਖੁਸ਼ੀ ਵਿੱਚ ਖੀਵੀ ਹੋਈ ਉਹ ਤਾਂ ਨੱਚਦੀ ਹੋਈ ਮੋਰ ਵਾਂਗ ਪੈਲਾਂ ਹੀ ਪਾਉਣ ਲੱਗ ਪਈ ਸੀ | 
            ਉਸ ਨੂੰ ਵੇਖ ਕੇ ਮੈਂ ਮਨ ਦੇ ਡੂੰਘੇ ਪਾਣੀਆਂ 'ਚ ਉੱਤਰ ਗਈ ਸਾਂ , " ਉਹ ਤਾਂ ਹਰ ਮਿਲਣੀ ਤੋਂ ਬਾਦ ਮੇਰੇ ਨਾਲ ਹੀ ਤੁਰ ਆਉਂਦੀ ਸੀ ਮੇਰੇ ਖਿਆਲਾਂ 'ਚ। ਅਚਾਨਕ ਇੱਕ ਦਿਨ ਮੈਂ ਉਸ ਦੀ ਮਿਲਣੀ ਉਸ ਦੇ ਆਪੇ ਨਾਲ ਕਰਵਾ ਦਿੱਤੀ ਸੀ । ਉਹ ਨਹੀਂ ਜਾਣਦੀ ਸੀ ਕਿ ਸੁਬਕ ਜਿਹੀ ਉਸ ਦੀ ਮੁਸਕਾਨ ਜ਼ਿੰਦਗੀ ਦੀਆਂ ਤੱਤੀਆਂ ਤੇਜ਼ ਹਵਾਵਾਂ 'ਚ ਠੰਡੀ ਹਵਾ ਦਾ ਬੁੱਲ੍ਹਾ ਹੈ। ਬਾਬੁਲ ਦੀਆਂ ਥੱਕੀਆਂ ਝੁਰੜੀਆਂ ਲਈ ਜਿਉਣ ਵਰਗਾ ਅਹਿਸਾਸ ਤੇ ਅੰਮੜੀ ਦੇ ਕਾਲਜੇ ਦੀ ਠਾਰੀ ਹੈ। ਉਹ ਖੁਦ ਨੂੰ ਮਿਲ ਕੇ ਬਹੁਤ ਹੈਰਾਨ ਹੋਈ ਸੀ ਤੇ ਓਸ ਦਿਨ ਤੋਂ ਬਾਅਦ ਮੈਂ ਉਸ ਦੀ ਬਹੁਤ ਆਪਣੀ ਬਣ ਗਈ ਸਾਂ। "
         ਅੱਜ ਉਸ ਦੀਆਂ ਅੱਖਾਂ ਵਿਚਲੇ ਖੁਸ਼ੀ ਤੇ ਬੇਚੈਨੀ ਦੇ ਰਲੇ -ਮਿਲੇ ਭਾਵ ਵੇਖ ਕੇ ਲੱਗਦਾ ਸੀ ਕਿ ਜਿਵੇਂ ਉਹ ਮੈਨੂੰ ਹੀ ਉਡੀਕ ਰਹੀ ਹੋਵੇ।  ਉਸ ਮੇਰਾ ਹੱਥ ਫੜ੍ਹਦਿਆਂ ਆਪਣੀ ਵਿਆਕੁਲਤਾ ਜ਼ਾਹਿਰ ਕੀਤੀ, " ਮੈਂ ਤੁਹਾਨੂੰ ਉਡੀਕ ਰਹੀ ਸਾਂ । ਮੈਂ ਤੁਹਾਨੂੰ ਗਲਵਕੜੀ ਪਾਉਣਾ ਚਾਹੁੰਦੀ ਹਾਂ ਪਰ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਮੈਂ ਕੀ ਕਰਾਂ।" ਕਦੇ ਫ਼ੇਰ  ਮਿਲਣ ਦਾ ਵਾਅਦਾ ਕਰਕੇ ਮੈਂ ਹੋਰ ਸਮਾਨ ਖਰੀਦਣ 'ਚ ਵਿਅਸਤ ਹੋ ਗਈ। 
          ਸਟੋਰ ਦੇ ਵੱਖੋ -ਵੱਖਰੇ ਭਾਗਾਂ 'ਚ ਮੈਨੂੰ ਲੱਭਦੀ -ਲਭਾਉਂਦੀ ਕੁਝ ਕੁ ਪਲਾਂ ਬਾਅਦ ਉਹ ਮੇਰੇ ਸਾਹਮਣੇ ਖੜ੍ਹੀ ਸੀ। ਆਪਣੇ ਸਹਿ ਕਰਮੀ ਨੂੰ ਕੋਈ ਬਹਾਨਾ ਕਰਕੇ ਉਹ ਮੈਨੂੰ ਮਿਲਣ ਆਈ ਸੀ। ਉਸ ਨੇ ਮੈਨੂੰ ਆ ਧਾਹ ਗਲਵਕੜੀ ਪਾਈ।ਅੱਜ ਉਹ ਮੈਨੂੰ ਪਹਿਲਾਂ ਨਾਲੋਂ ਵੀ ਵੱਧ ਮਾਸੂਮ ਤੇ ਅਨਭੋਲ ਲੱਗੀ ਸੀ ।ਇੱਕ ਪਲ ਲਈ ਮੈਨੂੰ ਲੱਗਾ ਕਿ ਜਿਵੇਂ ਉਹ ਲੋਕਾਂ ਦੀ ਭੀੜ 'ਚ ਡਾਰ ਤੋਂ ਵਿਛੜੀ ਹੋਈ ਕੂੰਜ ਵਾਂਗ ਇੱਕਲੀ ਤੇ ਮਾਯੂਸ ਹੋਵੇ । ਪਰ ਦੂਜੇ ਹੀ ਪਲ ਇਸ ਗਲਵਕੜੀ ਵਿੱਚ ਉਹ ਸਰਸ਼ਾਰ ਹੋ ਗਈ ਜਾਪਦੀ ਸੀ। ਕੋਈ ਆਤਮਿਕ ਖਿੜਾਉ ਉਸ ਦੀ ਰੂਹ ਨੂੰ ਤਰਾਵਤ ਦਿੰਦਾ ਜਾਪਿਆ। ਹੁਣੇ -ਹੁਣੇ ਪੁੰਗਰੀ ਜ਼ਿੰਦਗੀ 'ਚ ਉਸ ਦੇ ਮਨ ਦਾ ਮੌਸਮ ਖੁਸ਼ ਮਿਜਾਜ਼ ਹੋ ਗਿਆ ਸੀ। ਮੈਨੂੰ ਵੀ ਇਸ ਗਲਵੱਕੜੀ ਵਿੱਚ ਕੋਈ ਇਲਾਹੀ ਝੂਟਾ ਮਿਲ ਗਿਆ ਸੀ। 

ਗਲਵੱਕੜੀ - 
ਖਿੱਲਰੇ ਸੁੱਕੇ ਪੱਤੇ 
ਸਾਵੇ ਘਾਹ 'ਤੇ। 
ਡਾ. ਹਰਦੀਪ ਕੌਰ ਸੰਧੂ 
ਇਸ ਲੜੀ ਦਾ ਪਹਿਲਾ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ 

ਨੋਟ: ਇਹ ਪੋਸਟ ਹੁਣ ਤੱਕ 197 ਵਾਰ ਪੜ੍ਹੀ ਗਈ 

7 comments:

 1. ਐਨਾ ਡੂੰਘਾ ਨਹੀਂ ਲਿਖੀਦਾ ਕੁੜੀਏ ! ਮੇਰੇ ਵਰਗਿਆਂ ਨੂੰ ਸਿੱਧਮ-ਸਿੱਧੀਆਂ ਗੱਲਾਂ ਹੀ ਸਮਝ ਆਉਂਦੀਆਂ। --ਜਿਉਂਦੀ ਰਹੁ ।

  ReplyDelete
 2. ਕਵਿਤਾ ਵਰਗਾ ਹਾਇਬਨ ਹੈ । ਅਲੰਕਾਰਾਂ ਅਤੇ ਸ਼ਬਦਾਂ ਨਾਲ ਸਜਿਆ , ਮਨੁਖੀ ਮੰਨ ਦੀ ਕੋਮਤ੍ਲਾ ਨੂੰ ਬਿਆਨ ਕਰਦਾ ।ਮੰਨ ਦੇ ਰਿਸ਼ਤੇ ਸ਼ਬਦਾਂ ਦੇ ਰੂਪ ਵਿਚ ਬੜੇ ਪਿਆਰੇ ਤਰੀਕੇ ਨਾਲ ਲਿੱਖੇ ਗਏ ਹਨ ।

  ReplyDelete
 3. A message via E-mail:

  ਵਧੀਆ ਸ਼ਬਦਾਵਲੀ ਵਧੀਆ ਅਹਿਸਾਸ !

  ਹਰਿੰਦਰ ਕੌਰ (ਕੈਨੇਡਾ)

  ReplyDelete
 4. Kamla Ghataura14.5.16

  गलबकड़ी
  अनुपम काव्यमय हाइबन है ।
  आत्मिक सम्बंध सहज नहीं बनते ।
  काव्य लोक में रात दिन विचरने वाला और तेरे जैसे भाव भरे दिल का पथिक अगर राह में किसी को मिल जाये तो गलबकड़ी में दोनों को इलाही झूटे का ही आनंद मिलेगा । उस प्रेम सरोवर में अगर कोई डुबकी लगा ले तो उसका उस सरोवर से बाहर आने को मन नहीं करेगा ।तू है ही ऐसी । लिखती रहो । खिड़ती रहो ।महकें बांटती रहो ।

  कमला

  ReplyDelete
 5. ਜਿੰਨੀ ਸਹਿਜਤਾ ਤੇ ਕੋਮਲਤਾ ਏਸ ਹਾਇਬਨ 'ਚ ਪ੍ਰਗਟਾਉਣ ਦਾ ਉਪਰਾਲਾ ਕੀਤਾ ਗਿਆ ਸੀ ਓਸ ਤੋਂ ਵੀ ਵਧ ਕੇ ਮੇਰੇ ਪਾਠਕਾਂ ਨੇ ਆਪਣੇ ਭਾਵਾਂ ਨਾਲ ਮੇਰੀ ਇਸ ਲਿਖਤ ਨੂੰ ਸੋਹਜ ਬਣਾ ਦਿੱਤਾ। ਆਪ ਸਭ ਦੇ ਅਣਮੁੱਲੇ ਸ਼ਬਦਾਂ ਲਈ ਬਹੁਤ ਬਹੁਤ ਧੰਨਵਾਦ !

  ਹਰਦੀਪ

  ReplyDelete
 6. ਪਹਲੀ ਬਾਰਮਿਲ ਚੁਕੇ ਕਿਸੀ ਦਿਲ ਬਸੇ ਪਿਆਰੇ ਨੂ ਦੁਵਾਰਾ ਮਿਲਨਾ ਦੋਨੋਂ ਕੇ ਲਿਏ ਆਨਂਦ ਦਾਇਕ ਹੋਤਾ ਹੈ । ਏਕ ਕਲਾਕਾਰ ਉਸ ਨੂ ਏਨੀ ਖੂਬਸੁਰਤੀ ਸੇ ਪੇਸ਼ ਕਰਕੇ ਮੋਹਕ ਬਨਾ ਸਕਤਾ ਹੈ । ਏਹ ਗਲਵਕੜੀ ਪੜ ਕਰ ਪਤਾ ਚਲਾ ।ਅਨੁਪਮ ਕਵਿਤਾ ਮਈ ਰਚਨਾ ।ਮੁਬਾਰਕਾਂ ਹਰਦੀਪ ਜੀ ।

  ReplyDelete
 7. ਤੁਸੀਂ ਨਾਲ ਹੋ ਤਾਂ ਮਾਰੂਥਲ ਵੀ ਗੁਲਜ਼ਾਰ ਹੈ।
  ਪਤਝੜ ਵੀ ਦਿਸਣ ਲੱਗੇ ਜਿਵੇਂ ਬਹਾਰ ਹੈ।
  ਛੋਹ ਇੱਕੋ ਦੀ ਕਰਾਮਾਤ ਦਾ ਕ੍ਰਿਸ਼ਮਾ ਦੇਖੋ,
  ਬੁੱਝੀ ਜ਼ਿੰਦਗੀ 'ਚ ਵੀ ਆ ਗਿਆ ਨਿਖਾਰ ਹੈ।

  ਹਰਦੀਪ , ਇਹ ਤੇ ਮੈਨੂੰ ਪਤਾ ਨਹੀਂ ਕਿ ਇਹ ਚੌਵਰਗਾ ਤੁਹਾਡੇ ਹਾਈਬਨ 'ਗਲਵੱਕੜੀ' ਨਾਲ ਇੰਨ ਬਿੰਨ ਕਿਵੇਂ ਢੁੱਕ ਗਿਆ, ਪਰ ਇਹ ਮੈਂ ਜ਼ਰੂਰ ਮੰਨਦਾ ਹਾਂ ਕਿ ਤੁਹਾਡੇ ਦੋਵੇਂ ਬਾਕਮਾਲ ਲਿਖੇ ਹਾਈਬਨ ਕਈ ਵਾਰ ਪੜ੍ਹਨ ਉਪਰੰਤ, ਇਸ ਦਾ ਸਾਹਿੱਤਿਕ ਜਨਮ ਹੋਇਆ ਹੈ।ਇਸ ਨੂੰ ਆਪਣੇ ਵਾਲ ਤੇ ਪੋਸਟ ਕਰਨ ਤੋਂ ਪਹਿਲਾਂ, ਮੈਂ ਸੋਚਿਆ ਸੀ ਕਿ ਹਾਈਬਨ 'ਗਲਵੱਕੜੀ' ਤੇ ਟਿੱਪਣੀ ਕਰਦਿਆਂ ਨਾਲ ਹੀ ਇਸ ਨੂੰ ਵੀ ਉੱਥੇ ਪੋਸਟ ਕਰਾਂਗਾ, ਪਰ ਕਲ ਹੋਰ ਪਾਸੇ ਮਸਰੂਫ਼ੀਅਤ ਹੋਣ ਕਾਰਨ, ਉਹ ਕਾਰਜ ਰਹਿ ਗਿਆ ਤੇ ਆਪਣੀ ਵਾਲ ਤੇ ਹੀ ਪੋਸਟ ਕਰ ਦਿੱਤਾ।
  ਮੈਂ ਸਦਕੇ ਜਾਂਦਾ ਹਾਂ,ਤੁਹਾਡੀ ਪਾਰਖੂ ਨਜ਼ਰ ਦੇ,ਜਿਸ ਨੇ ਮੇਰੇ ਇਸ ਅੰਦਰਲੇ ਅੰਤਰੀਵ ਭਾਵਾਂ ਨੂੰ ਐਨੀ ਗੋਹ ਨਾਲ ਪਹਿਚਾਣ ਲਿਆ। ਜਦ ਕੋਈ ਸੁੰਦਰ ਲਿਖਤ, ਜਿਸ ਵਿਚ ਉੱਚ ਦਰਜੇ ਦੇ ਵਿਚਾਰਾਂ ਤੇ ਸ਼ਬਦਾਂ ਦੀ ਫੁਲਕਾਰੀ ਦਾ ਸੰਯੋਜਨ ਪੜ੍ਹਨ ਨੂੰ ਮਿਲ ਜਾਵੇ, ਤਾਂ ਸੁੱਤੇ ਸਿੱਧ ਹੀ ਕੁੱਝ ਅਹਿਸਾਸ ਕਲਮ ਦੀ ਜੀਭ ਤੇ ਦਸਤਕ ਦੇਣ ਆ ਜਾਂਦੇ ਨੇ -ਫਿਰ ਉਨ੍ਹਾਂ ਨੂੰ ਜੀ ਆਇਆਂ ਕਹਿਣਾ ਤਾਂ ਬਣਦਾ ਹੀ ਹੈ ਨਾ। ਇਹ ਹੈ ਇਸ ਚੌਵਰਗੇ ਦੀ ਲਿਖਣ ਪ੍ਰਕ੍ਰਿਆ।
  ਤੁਸੀਂ ਮੈਨੂੰ ਐਨਾ ਮਾਨ ਦਿੱਤਾ ਹੈ. ਜਿਸ ਲਈ ਮੈਂ ਤੁਹਾਡਾ ਦਿਲੋਂ ਧੰਨਵਾਦੀ ਹਾਂ।
  -ਸੁਰਜੀਤ ਸਿੰਘ ਭੁੱਲਰ-14-05-2016

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ