ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

25 May 2016

ਅਮਰੋ


ਮੇਰੇ ਅੱਗੇ ਅੱਗੇ  , ਮੇਰੇ ਅਤੇ ਉਸਦੇ  ਘਰ ਵੱਲ ਜਾਂਦੀ ਛੇ ਕੁ ਫੁੱਟ ਚੌੜੀ ਗਲੀ  ਵਿੱਚ ਦੀ  ਉਹ ਜਾ ਰਹੀ ਸੀ। ਗਰਮੀਆਂ ਦੀ ਰੁੱਤ ਸੀ ,ਦੁਪਹਿਰ ਢਲੇ ਕੋਈ ਤਿੰਨ ਕੁ ਵੱਜੇ ਦਾ ਸਮਾਂ ਹੋਵੇ ਗਾ। ਮੈਂ ਹਫਤੇ ਦੀ ਛੁੱਟੀ 'ਤੇ ਘਰ  ਆਇਆ  ਹੋਇਆ ਸੀ।  ਜੁੱਤੀ  ਗੰਢਾ  ਕੇ  ਮੋਚੀ ਤੋਂ ਵਾਪਿਸ ਜਾ  ਰਿਹਾ ਸੀ। ਉਹ ਸਾਡੇ ਘਰ ਤੋਂ ਇੱਕ ਘਰ ਛੱਡ ਕੇ ਰਹਿੰਦੀ ਸੀ  ਨਾਂ ਉਸ ਦਾ ਅਮਰਜੀਤ  ਸੀ ,ਪਰ ਸਾਰੇ ਅਮਰੋ ਕਹਿ ਕੇ ਬੁਲਾਉਂਦੇ ਸਨ।  ਗੱਲ ਪੰਜਾਹ ਸਾਲ ਪੁਰਾਣੀ ਹੈ।  ਮੈਂ ਕੋਈ ਪੰਝੀ ਕੁ ਸਾਲ ਦਾ ਹੋਵਾਂਗਾ  ਅਤੇ ਉਹ ਮੇਰੇ ਤੋਂ ਕਾਫੀ ਛੋਟੀ ਸੀ , ਕੋਈ ਵੀਹ ਕੁ ਸਾਲ ਦੇ ਨੇੜੇ ਤੇੜੇ  ਦੀ ਹੋਵੇਗੀ । 
ਉਦੋਂ ਆਬਾਦੀ ਵੀ ਕਾਫੀ ਘੱਟ ਹੁੰਦੀ ਸੀ  ਅਤੇ ਗਰਮੀਆਂ  ਦੀ  ਰੁੱਤ ਕਰਕੇ ਗਲੀ ਵਿੱਚ ਮੇਰੇ ਅਤੇ ਉਸਦੇ ਸਿਵਾ ਹੋਰ ਕੋਈ ਨਹੀਂ ਸੀ।ਮੈਂ ਉਸ ਤੋਂ ਤੇਜ਼ ਚੱਲ ਰਿਹਾ ਸੀ ਅਤੇ ਜਦੋਂ  ਕਾਹਲੀ ਵਿੱਚ ਆਪਣੇ ਧਿਆਨੇ ਉਸ ਤੋਂ ਅੱਗੇ ਨਿਕਲਣ ਲੱਗਾ , ਉਸ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਵੱਲ ਖਿੱਚ ਲਿਆਕਿੱਥੇ ਦੌੜੀ ਜਾਨੈਂ ,ਕਾਹਦੀ ਜਲਦੀ ਏ ,ਅਸੀਂ ਵੀ ਇਸੇ ਗਲੀ ਵਿੱਚ ਰਹਿੰਦੇ ਹਾਂ,ਕਦੀ ਇਧਰ ਉਧਰ ਵੀ ਝਾਤੀ ਮਾਰ ਲਿਆ ਕਰ। " ਬਿੰਨ ਕਿਸੇ  ਝਿਜਕ ਡਰ  ਦੇ  ਉਹ ਬੋਲ ਗਈ ਅਤੇ ਮੇਰਾ ਹੱਥ ਵੀ ਘੁੱਟੀ ਰੱਖਿਆ ।ਮੈਂ ਹੱ  ਛਡਾਉਂਦੇ  ਬੋਲਿਆ ,ਕੀ ਪਈ ਕਰਦੀ ਏਂ, ਕੋਈ ਦੇਖ  ਲਏਗਾ ।"ਕਾਹਨੂੰ ਡਰਨਾ ਏਂ , ਕੁਝ ਨਹੀਂ ਹੁੰਦਾ , ਇਹ ਦੱਸ ਕਦੋਂ ਆਇਆ ਏਂ , ਅੱਜ ਮਿਲ ਮੈਨੂੰ , ਇੱਕ ਜ਼ਰੂਰੀ ਗੱਲ ਕਰਨੀ  ਏਂ। " ਮੈਂ ਗਲੀ ਵਿੱਚ ਚੰਗੀ ਤਰਾਂ ਝਾਤੀ ਮਾਰਕੇ  ਬੋਲਿਆ ,ਦੋ ਦਿਨ ਹੋ ਗਏ ਆਏ ਨੂੰ , ਦੱਸ  ਕਿੱਥੇ ਅਤੇ ਕਦੋਂ  ਮਿਲੇਂਗੀ। " ਉਹ ਸੋਹਣੀ ਬੜੀ ਸੀ । ਮੈਂ ਵੀ ਮਿਲਣ  ਲਈ ਝੱਟ ਤਿਆਰ ਹੋ ਗਿਆ ।
"ਪੂਰੇ ਪੰਜ ਵਜੇ ਮੈਂ 'ਬਾਹਰ' ਜਾਣ ਦੇ ਬਹਾਨੇ ਵੱਡੇ  ਪਹੇ  ਵੱਲ  ਜਾਵਾਂਗੀ , ਜਾਂਦੀ ਹੋਈ ਤੁਹਾਡੇ ਬੂਹੇ ਨੂੰ ਧੱਕਾ ਮਾਰ ਜਾਵਾਂਗੀ । ਤੂੰ   ਪਿੱਛੇ ਆ ਜਾਵੀਂ , ਥੋੜਾ ਪਿੱਛੇ ਪਿੱਛੇ ਹੀ ਰਵੀਂ  , ਮੈਨੂੰ  ਦੇਖਦਾ ਰਵੀਂ  ਮੈਂ ਕਿਧਰ ਜਾਂਦੀ ਹਾਂ । ਡਰੀਂ ਡੁਰੀਂ ਕੋਈ ਨਾ , ਕੋਈ ਨਹੀਂ ਉਸ ਵੇਲੇ ਬਾਹਰ ਹੁੰਦਾ "। ਇਹ ਕਹਿ ਕੇ , ਮੇਰੇ ਢਿੱਡ  'ਤੇ ਚੂੰਡੀ ਵੱਢ ਕੇ ਆਪਣੇ  ਘਰ ਅੰਦਰ ਦੌੜ ਗਈ ਅਤੇ ਮੈਂ ਆਪਣੇ  ਘਰ ਅੰਦਰ ਚਲਾ ਗਿਆ । ਮੇਰਾ ਦਿਲ ਬੜੇ ਜ਼ੋਰ ਜ਼ੋਰ ਨਾਲ ਧੜਕ  ਰਿਹਾ ਸੀ  ।
ਬੜੀ ਬੇਚੈਨੀ ਸੀ , ਪੰਜ ਵਜੇ ਬਾਹਰ ਦੇ ਬੂਹੇ ਨੂੰ ਧੱਕਣ ਦੀ ਆਵਾਜ਼ ਹੋਈ । ਥੋੜੀ ਦੇਰ ਬਾਅਦ ਮੈਂ ਬਾਹਰ ਨਿਕਲਿਆ ਅਤੇ ਵੱਡੇ  ਪਹੇ  ਵੱਲ  ਤੁਰ ਪਿਆ । ਸਾਡੀ ਗਲੀ ਤੋਂ ਤਿੰਨ ਗਲੀਆਂ ਛੱਡ ਕੇ ਥੋੜੀ ਦੂਰੀ ਤੋਂ ਖੇਤ ਸ਼ੁਰੂ ਹੋ ਜਾਂਦੇ ਸੀ ਅਤੇ ਉਹਨਾਂ  ਖੇਤਾਂ ਵਿੱਚ ਦੀ ਇੱਕ ਕੱਚਾ ਰਸਤਾ ਜਾਂਦਾ ਸੀ , ਜਿਸ ਨੂੰ ਅਸੀਂ ਸਾਰੇ ਵੱਡਾ ਪਹਾ ਕਹਿੰਦੇ ਸੀ । ਉਹ ਮੇਰੇ ਅੱਗੇ ਅੱਗੇ ਬੇਧੜਕ , ਚਿੱਟੀ ਚੁੰਨੀ ਨਾਲ ਸਿਰ ਮੂੰਹ ਲਪੇਟ ਕੇ ਤੁਰੀ ਜਾਂਦੀ ਸੀ ਅਤੇ ਇੱਕ ਦੋ ਵਾਰੀ ਪਿੱਛੇ ਮੁੜ ਕੇ ਮੈਨੂੰ ਆਉਂਦੇ ਨੂੰ ਵੀ ਦੇਖਿਆ। ਪਹਾ ਲੰਘ ਕੇ ਉਹ ਖੇਤਾਂ ਦੀ  ਡੰਡੀਉ - ਡੰਡੀ ਕਾਫੀ ਅੱਗੇ ਨਿਕਲ ਗਈ ਅਤੇ ਮੈਂ ਵੀ  ਪਿੱਛੇ- ਪਿੱਛੇ । ਇੱਕ ਗੰਨੇ ਦੇ ਖੇਤ ਕੋਲ ਜਿਸ ਦੇ ਗੰਨੇ ਚਾਰ ਪੰਜ ਫੁੱਟ ਹੀ ਉੱਚੇ ਸਨ ,ਦੂਜੇ ਪਾਸੇ ਜਾ ਕੇ ਉਹ ਡੰਡੀ 'ਤੇ ਬੈਠ ਗਈ , ਪਿਛਲੇ ਪਾਸੇ ਅਮਰੂਦਾਂ  ਦਾ ਬਾਗ ਸੀ ।ਕਾਫੀ ਉਹਲੇ ਵਾਲੀ ਜਗ੍ਹਾ ਸੀ । ਮੈਂ ਵੀ ਉਸ ਕੋਲ  ਜਾ ਕੇ ਖੜਾ ਹੋ ਗਿਆ । ਉਸ ਨੇ ਮੈਨੂੰ ਬਾਹੋਂ ਖਿੱਚ ਕੇ ਆਪਣੇ ਨਾਲ ਜੋੜ ਕੇ ਬਿਠਾ ਲਿਆ  ।
ਉਹ ਬੋਲੀ ,ਸੱਚੀਂ ਦਸੀਂ , ਮੈਂ  ਕਿੰਨੀ ਕੁ ਸੋਹਣੀ  ਹਾਂ। " ਮੈਂ ਹੌਲੀ  ਜਿਹੀ ਕਿਹਾ ,ਬਹੁਤ। " 
ਉੱਚੀ ਬੋਲ , ਡਰ- ਡਰ ਕਿਉਂ ਬੋਲਦੈਂ , ਜੇ ਮੈਂ ਸੋਹਣੀ  ਹਾਂ ਤਾਂ ਘੁੱਟ ਕੇ ਨਾਲ ਲੱਗ ਕੇ ਮੇਰੇ ਬੈਠ ਜਾ । ਡਰਨ - ਡੁਰਨ ਕੋਈ ਲੋੜ ਨਹੀਂ , ਕੋਈ ਜੇ ਆ ਵੀ ਗਿਆ , ਮੈਂ ਕਹੂੰਗੀ ਮੈਂ ਇਹਨੂੰ ਲੈ ਕੇ ਆਈ ਹਾਂ। ਇਸ ਵਿਚਾਰੇ ਮੈਨੂੰ ਕੀ ਲਿਆਉਣਾ  ਏਂ। " ਉਹ ਚੰਬੜ ਕੇ  ਮੇਰੇ ਨਾਲ ਬੈਠ ਗਈ  ਅਤੇ ਬਾਂਹ ਮੇਰੇ ਲੱਕ ਦੁਆਲੇ ਪਾ ਲਈ। ਮੈਨੂੰ ਵੀ ਬੜਾ ਨਿੱਘ 'ਤੇ  ਸਵਾਦ ਆਉਣ ਲੱਗਾ ।
ਉਹ ਆਪਣਾ ਸਿਰ ਮੇਰੇ ਮੋਢੇ ਨਾਲ ਜੋੜ ਕੇ , ਲੰਬਾ ਸਾਹ ਲੈ ਕੇ ਬੋਲੀ ,ਮੇਰਾ ਹੁਣ ਇੱਥੇ ਜੀ ਜਿਹਾ ਨਹੀਂ ਲੱਗਦਾ , ਘਰ ਬਾਹਰ ਕੁਝ ਵੀ ਚੰਗਾ ਨਹੀਂ ਲੱਗਦਾ , ਦਿਲ ਕਰਦੈ  ਕਿਤੇ  ਝੱਟ ਕਰਕੇ ਉੱਡ ਜਾਵਾਂ।  ਤੂੰ ਦਿੱਲੀ ਵਿੱਚ ਸਰਕਾਰੀ ਨੌਕਰੀ ਕਰਦੈਂ , ਤੇਰੇ ਕੋਲ ਰਹਿਣ ਨੂੰ ਵੀ  ਥਾਂ ਹੋਵੇ , ਮੈਨੂੰ ਵੀ ਨਾਲ ਲੈ ਜਾ।"
'' ਕੀ ਭੋਲੀਆਂ ਗੱਲਾਂ ਕਰਦੀ  ਏਂ , ਇਹ ਕੋਈ ਇੰਨਾ  ਸੌਖਾ ਏ , ਕਿਸ ਤਰਾਂ ਤੈਨੂੰ ਨਾਲ ਲੈ ਜਾਵਾਂ ,  ਤੂੰ ਇਹ ਕਹਿਣ ਲਈ ਮੈਨੂੰ ਇੱਥੇ ਲੈ ਕੇ ਆਈ ਏਂ। " ਮੇਰਾ ਜਵਾਬ  ਸੁਣ ਕੇ ਜੋ  ਉਸ ਨੇ ਕਿਹਾ , ਉਸ ਦੀ  ਅਕਲ  ਅਤੇ  ਦਲੇਰੀ  'ਤੇ ਮੈਂ  ਹੈਰਾਨ ਹੋ ਗਿਆ  ਅਤੇ ਉਥੋਂ  ਜਲਦੀ  ਜਾਣ ਦੀ ਸੋਚਣ ਲੱਗਾ। "ਮੈਨੂੰ ਕੱਢ ਕੇ ਲੈ ਜਾ , ਮੈਂ ਤੇਰੇ ਨਾਲ ਘਰੋਂ ਦੌੜਨ ਲਈ ਤਿਆਰ  ਹਾਂ। " ਅੱਖਾਂ  ਭਰ ਕੇ ਮੇਰੇ ਨਾਲ ਉਹ ਜੁੜੀ ਰਹੀ। ਮੈਂ ਵੀ ਕਾਫੀ ਸਮਾਂ ਚੁੱਪ ਰਹਿ ਕੇ ਉਸ ਨੂੰ ਦਿਲਾਸਾ ਦਿੱਤਾ ,"ਚੰਗੀਆਂ ਕੁੜੀਆਂ ਇੰਝ ਨਹੀਂ ਸੋਚਦੀਆਂ, ਇਸ ਤਰਾਂ ਆਪਣੀ ਵੀ ਇਜ਼ਤ  ਜਾਂਦੀ ਏ  ਅਤੇ ਮਾਂ ਪਿਉ ਦੀ ਵੀ । ਕਈ ਤਰਾਂ ਦੀਆਂ ਔਕੜਾਂ ਆਉਂਦੀਆਂ ਹਨ।  ਜਿੰਦਗੀ ਔਖੀ ਹੋ ਜਾਂਦੀ ਏ। ਕੀ ਤੂੰ ਇਹ ਕੁਝ ਚਾਹੁੰਦੀ ਏਂ ? ਵਿਆਹ ਕਰਵਾ ਕੇ ਮਾਪਿਆਂ ਦੇ ਘਰੋਂ ਜਾਈਦਾ ਏ। " ਮੈਂ ਇਸ ਤਰਾਂ ਆਪਣੇ ਪੜੇ -ਲਿਖੇ ਹੋਣ ਦਾ ਪੂਰਾ ਸਬੂਤ ਦੇਣ ਦੀ ਕੋਸ਼ਿਸ਼ ਕੀਤੀ ।
ਥੋੜੀ ਦੇਰ ਹੋਰ ਦੋਵੇਂ  ਚੁੱਪ ਬੈਠੇ ਰਹੇ। "ਚੰਗਾ, ਇਹ ਗੱਲ ਏ ,ਕਹਿ ਕੇ ਉਹ ਝੱਟ ਨਾਲ ਉਠ ਬੈਠੀ ਅਤੇ ਮੈਨੂੰ ਬਾਹੋਂ ਖਿੱਚ ਕੇ ਉਠਾ ਲਿਆ । ਚਲੋ ਘਰ ਚੱਲਦੇ ਹਾਂ।  ਤੂੰ ਪਹਿਲਾਂ ਨਿਕਲ ਜਾ, ਮੈਂ ਪਿੱਛੇ ਆਉਂਦੀ ਹਾਂ। " ਇਹ ਕਹਿ ਕੇ ਉਸ ਨੇ ਮੈਨੂੰ ਪਹਿਲੇ ਘਰ ਤੋਰ ਦਿੱਤਾ। ਮੈਂ ਪਰੇਸ਼ਾਨ ਜਿਹੇ ਮਨ ਨਾਲ ਘਰ ਆ ਗਿਆ । ਸ਼ਾਮੀਂ ਸੱਤ ਕੁ ਵਜੇ ਬਾਹਰ ਦਾ ਬੂਹਾ ਖੁੱਲ੍ਹਾ ਦੇਖ ਕੇ , ਅਮਰੋ ਅੰਦਰ ਆ ਵੜੀ । ਮੈਂ ਮੰਜੀ 'ਤੇ ਬੈਠਾ ਸੀ ਅਤੇ ਮਾਂ ਚੌਂਕੇ ਵਿੱਚ ਬੈਠ ਦਾਲ ਵਾਲੀ ਹਾਂਡੀ ਵਿੱਚ ਕੜਛੀ ਮਾਰ ਰਹੀ ਸੀ। "ਮਾਸੀ ਸਤ ਸ੍ਰੀ  'ਕਾਲ , ਮੈਂ ਸੋਚਿਆ ਲੰਘਦੀ -ਲੰਘਦੀ ਮਾਸੀ ਦਾ ਹਾਲ -ਚਾਲ ਹੀ ਪੁੱਛਦੀ ਜਾਵਾਂ ,ਮੇਰੇ ਵੱਲ ਵੇਖਦੀ ਹੋਈ ਬੋਲੀ।
"ਤੂੰ ਕਿਧਰ ,ਇਸ ਵੇਲੇ ਤੁਰੀ ਫਿਰਦੀ ਏਂ ,ਮਾਂ ਉਸ ਵੱਲ ਦੇਖਦੇ ਬੋਲੀ। ''ਤੁਹਾਡਾ ਬੂਹਾ ਖੁੱਲ੍ਹਾ ਦੇਖਿਆ , ਅੰਦਰ ਲੰਘ ਆਈ। ਦੇਖਾਂ ਤਾਂ ਸਹੀ ਮਾਸੀ ਆਪਣੇ ਦਿੱਲੀ ਵਾਲੇ ਪੁੱਤ ਨੂੰ ਕੀ ਬਣਾ ਕੇ ਖਵਾ ਰਹੀ ਏ , ਜਿਹੜਾ ਵਿਚਾਰਾ ਹੋਟਲ ਦੀਆਂ  ਰੋਟੀਆਂ ਖਾ -ਖਾ  ਸੁਕੜੂ ਜਿਹਾ ਹੋਇਆ ਪਿਆ। "
"ਮਾਂਹ ਦੀ ਦਾਲ ਰੱਖੀ  ", ਮਾਂ ਦਾ ਉੱਤਰ ਸੀ। ਮੇਰੇ ਵੱਲ ਖਚਰਾ ਜਿਹਾ ਦੇਖਦੀ ਅਮਰੋ ਬੋਲੀ ,ਲੱਪ ਕੁ ਦੇਸੀ ਘਿਉ ਪਾ ਕੇ ਖਵਾਈਂ  ਇਹਨੂੰ ਦਾਲ , ਜ਼ਰਾ ਮੂੰਹ 'ਤੇ ਰੌਣਕ ਤਾਂ ਆਵੇ।" ਥੋੜਾ ਚੁੱਪ ਰਹਿ ਕੇ ਫਿਰ ਸ਼ੁਰੂ ," ਮਾਸੀ  ਇੱਕ ਗੱਲ ਕਹਾਂ, ਇਸ ਦਾ ਵਿਆਹ ਕਿਉਂ ਨਹੀਂ ਕਰ ਦੇਂਦੇ, ਵਿਚਾਰੇ ਦੀ ਹੋਟਲ ਦੀਆਂ ਰੋਟੀਆਂ ਤੋਂ ਜਾਨ ਤਾਂ ਛੁਟੂ , ਨਾਲੇ ਘਰ ਵੀ ਵਸ ਜਾਊ।"
''ਉਸ ਵਾਸਤੇ ਕੋਈ ਚੰਗੀ ਜਿਹੀ ਕੁੜੀ ਲੱਭਣੀ ਪਊ," ਮਾਂ ਨੇ ਉਸ ਨਾਲ ਸਹਿਮਤੀ ਜਿਹੀ  ਦਿਖਾਈ  "ਲੈ ਕੁੜੀਆਂ ਦਾ ਕੋਈ 'ਕਾਲ ਥੋੜਾ ਪਿਆ ਹੋਇਆ। ਇੱਕ ਤਾਂ ਪੂਰੀ -ਸੂਰੀ ਤੇਰੇ ਸਾਹਮਣੇ ਹੀ ਖੜੀ ਏ ,ਉਸ ਨੇ ਤਪਾਕ ਕਰਕੇ ਬਿਨਾ ਕਿਸੇ ਝਿਜਕ ਜਵਾਬ ਦਿੱਤਾ।
"ਨੀ ਅਮਰੋ ਗੱਲ ਕਰਨ ਤੋਂ ਪਹਿਲੇ ਕੁਝ ਸੋਚ ਵੀ ਲਿਆ ਕਰ , ਕੀ ਬੇਸ਼ਰਮਾਂ ਦੀ ਤਰਾਂ ਜੋ ਮੂੰਹ 'ਚ ਆਇਆ ਬੋਲ ਦਿੱਤਾ , ਆਪਣੇ ਲਈ ਮੁੰਡਾ ਆਪ ਹੀ ਲੱਭਣ ਤੁਰ ਪਈ  ਏਂ। " ਮਾਂ  ਥੋੜਾ ਗੁੱਸੇ 'ਚ ਬੋਲੀ।
ਮਾਸੀ , ਮੈਂ ਕੋਈ ਤੇਰੇ ਲਈ ਬੇਗਾਨੀ ਹਾਂ , ਮੂੰਹ ਚਿੱਤ ਲੱਗਦੀ ਹਾਂ , ਘੰਟਾ -ਘੰਟਾ ਭਰ  ਸ਼ੀਸ਼ੇ ਮੂਹਰੇ ਖੜ੍ਹ  ਆਪਣੇ  ਨੂੰ ਦੇਖਦੀ ਰਹਿੰਦੀ ਹਾਂ।  ਮੈਨੂੰ  ਤਾਂ ਆਪਣੇ 'ਚ ਕੋਈ ਕਮੀਂ ਨਹੀਂ  ਦਿਖਦੀ , ਤੇਰੇ ਮੁੰਡੇ ਨੂੰ ਰੱਜ ਕੇ ਸੁਖ ਦੇਊਂ। "  ਅਮਰੋ ਨੇ ਆਪਣੀ ਵਕਾਲਤ ਜਾਰੀ ਰੱਖੀ ਅਤੇ ਮੇਰੇ ਨੇੜੇ ਹੋ ਕੇ ਖੜ੍ਹ  ਗਈ |
ਮੈਨੂੰ ਉਸਦੀ ਦਲੇਰੀ, ਸੋਚ ਅਤੇ ਬਿਨਾ  ਲਗ -ਲਬੇੜ ਦੇ ਬੋਲਣ 'ਤੇ ਹੈਰਾਨੀ ਹੋ ਰਹੀ ਸੀ। ਕਿੰਨੀ ਨਿੱਡਰ ਕੁੜੀ ਏ।  ਇਹ ਕੁਝ ਵੀ ਕਰ ਸਕਦੀ ਏ।  ਮੈਂ ਉਸਦੇ ਮੂੰਹ ਵਲ  ਦੇਖ ਰਿਹਾ ਸੀ ਕਿ  ਜਿਹੜੀ ਦਵਾਈ ਦਾ ਨੁਕਸਾ ਮੈਂ ਇਹਨੂੰ ਬਾਹਰ ਖੇਤ ਕੰਢੇ  ਦੱਸਿਆ ਸੀ , ਉਹ ਮੈਨੂੰ ਹੀ  ਪਿਲਾਣ ਆ ਗਈ  ਸੀ 
"ਅਮਰੋ, ਤੇਰੇ ਤੋਂ ਤਾਂ ਰੱਬ ਵੀ ਡਰਦਾ ਹੋਊ , ਤੂੰ ਇਹ ਥੋੜਾ ਦੇਖਦੀ  ਏਂ , ਕਿਹੜੀ  ਗੱਲ ਕਿੱਥੇ ਕਰਨੀ ਏਂ।  ਮੁੰਡੇ ਦੇ ਸਾਹਮਣੇ ਹੀ ਊਟ-ਪਟਾਂਗ ਪਈ  ਬੋਲਦੀ ਏਂ। " ਮੈਂ ਕੋਈ ਬੇਗਾਨਿਆਂ  'ਚ ਖੜ੍ਹੀ ਹਾਂ।  ਮੇਰੀ ਮਾਵਾਂ ਵਰਗੀ ਮਾਸੀ ਦਾ ਘਰ ਏ ,"  ਮੇਰੇ ਵੱਲ ਦੇਖ ਕੇ ਬੋਲੀ ,ਇਹ ਵੀ ਤਾਂ ਇਸੇ ਗਲੀ ਵਿੱਚ  ਮੇਰੇ ਸਾਹਵੇਂ  ਖੇਡ -ਖੇਡ ਵੱਡਾ ਹੋਇਆ ਏ।" ਅਮਰੋ ਹੁਣ ਮਿੱਠਾ ਜਿਹਾ ਹੱਸ ਕੇ ਆਪਣੀ ਗਲ ਤੇ ਪੜਦਾ ਪਾ ਰਹੀ ਸੀ। ਅਮਰੋ ਬਾਹਰ ਜਾਣ  ਲਈ  ਤੁਰ ਪਈ , " ਚੰਗਾ ਮਾਸੀ ਮੈਂ ਚਲਦੀ ਹਾਂ।  ਮੈਂ  ਆਪਣੇ  ਮਨ ਦੀ ਗੱਲ ਕਹਿ ਚੱਲੀ ਹਾਂ  .ਸੋਚ ਵਿਚਾਰ ਲੈਣਾ , ਅਮਰੋ ਵਰਗੀ ਸਾਫ਼ ਦਿਲ ਕਿਤੋਂ  ਨਹੀਂ ਲੱਭਣੀ । ਮਨ ਮੰਨੇ ਤਾਂ ਮੇਰੀ ਮਾਂ ਨਾਲ ਗੱਲ ਕਰ ਲੈਣਾ।  ਮੇਰੇ ਵੱਲੋਂ ਪੂਰੀ ਹਾਂ  ਸਮਝੋ। "
ਅਮਰੋ ਆਪਣੇ  ਮਨ ਦੀ ਕਹਿ ਕੇ ਬੂਹਿਉਂ  ਬਾਹਰ ਹੋ ਗਈ।  ਉਹ ਆਪਣੀ ਵਿਚੋਲਣ ਆਪ ਹੀ ਬਣ ਗਈ ਸੀ। ਮੈਨੂੰ ਪਰੇਸ਼ਾਨ ਅਤੇ ਬੇਚੈਨ ਕਰ ਗਈ।  ਮੈਂ ਅਮਰੋ ਵਰਗਾ  ਹਿੰਮਤੀ  ਤੇ ਦਲੇਰ ਨਹੀਂ ਸੀ।  ਮੈਂ  ਕਾਇਰਾਂ ਦੀ ਤਰਾਂ ਦਿੱਲੀ ਵਾਪਿਸ  ਜਲਦੀ ਦੌੜਣ ਬਾਰੇ ਸੋਚ ਲਿਆ।

''ਪੂਰੀ ਬਲਾ ਏ ਇਹ ਕੁੜੀ , ਪਰ ਹੈ ਦਿਲ ਬੜੀ ਸਾਫ਼ ,ਜੋ ਅੰਦਰ ਓਹੀ ਬਾਹਰ। ਕੋਈ ਝਾਕਾ ਡਰ ਤਾਂ ਇਹਦੇ ਮਨ 'ਚ ਹੈ ਹੀ ਨਹੀਂ। ਸੁਨੱਖੀ ਵੀ ਰੱਜ ਕੇ ਏ ,"  ਮਾਂ ਅਮਰੋ ਦੀ ਤਾਰੀਫ਼ ਕਰਦੀ ਜਾ ਰਹੀ ਸੀ। " ਪੜ੍ਹੀ -ਲਿਖੀ ਭਾਵੇਂ ਘੱਟ ਏ, ਬੱਸ ਅੱਠ ਹੀ ਪਾਸ ਏ , ਪਰ ਹੈ ਬੜੀ ਹਿੰਮਤੀ ਤੇ ਸਿਆਣੀ।  ਘਰ ਬੜੀ ਚੰਗੀ ਤਰਾਂ  ਸੰਭਾਲੂ , ਤੂੰ  ਕਹੇਂ  ਇਹਦੀ ਮਾਂ ਨਾਲ ਤੇਰੀ ਗੱਲ ਚਲਾਵਾਂ। " ਮੈਂ ਖਰਵਾ ਜਿਹਾ ਜਵਾਬ ਦਿੱਤਾ ,"  ਹੁਣੇ -ਹੁਣੇ ਮੇਰੀ ਨੌਕਰੀ ਲੱਗੀ ਏ। ਥੋੜੀ ਜਿਹੀ ਤਨਖਾਹ ,ਰਹਿਣ ਨੂੰ ਚੱਜ ਦੀ ਥਾਂ ਨਹੀਂ , ਇਸ ਨੂੰ ਮੈਂ ਕਿੱਥੇ ਰੱਖਾਂਗਾ ਤੇ ਕੀ ਖਾਵਾਂਗਾ , ਅਜੇ ਇਸ ਬਾਰੇ ਸੋਚਣਾ ਵੀ ਨਾ। " ਮੈਂ ਜਲਦੀ ਦਿੱਲੀ ਵਾਪਿਸ ਜਾਣ ਦਾ ਫੈਸਲਾ ਵੀ ਸੁਣਾ  ਦਿੱਤਾ ," ਕੱਲ ਮੈਂ ਸਵੇਰੇ -ਸਵੇਰੇ  ਆਪਣੇ  ਦੋਸਤ , ਭਜਨ ਨੂੰ ਮਿਲਣ ਉਸ ਦੇ  ਪਿੰਡ ਨਿਕਲ ਜਾਵਾਂਗਾ , ਸ਼ਾਮ ਨੂੰ ਵਾਪਿਸ ਮੁੜਾਂਗਾ , ਪਰਸੋਂ  ਸਵੇਰੇ ਦਿੱਲੀ ਲਈ ਨਿਕਲ ਜਾਵਾਂਗਾ , ਮੈਨੂੰ ਜ਼ਰੂਰੀ ਕੰਮ ਏਂ। "
ਅਮਰੋ ਤੋਂ ਡਰ  ਗਿਆ ਲੱਗਦਾ ਏ , ਅਜੇ ਤਾਂ ਤੇਰੀ ਛੁੱਟੀ ਬਾਕੀ ਏ , ਫਿਕਰ ਨਾ ਕਰ ਮੈਂ ਅਮਰੋ ਨੂੰ ਸੰਭਾਲ ਲਵਾਂਗੀ। " ਪਰ ਮੈਂ  ਆਪਣੇ  ਫੈਸਲੇ ਤੇ ਅਟਲ ਰਿਹਾ।  ਮਾਂ ਦੇ ਰੋਕਣ 'ਤੇ ਨਹੀਂ  ਰੁਕਿਆ ਅਤੇ ਦਿੱਲੀ ਵਾਪਿਸ ਆ ਗਿਆ। ਬਾਅਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਮੈਂ ਰੱਜ ਕੇ ਬੁਜ਼ਦਿਲੀ ਦਿਖਾਈ  ਸੀ
 ਅਮਰੋ ਨੂੰ ਮੈਂ ਭੁਲਾ ਨਾ ਸਕਿਆ ਚਿੱਠੀ ਰਾਹੀਂ ਮਾਂ ਤੋਂ ਅਮਰੋ ਬਾਰੇ ਪੁੱਛਣ ਦੀ ਹਿੰਮਤ ਵੀ ਨਾ ਕੀਤੀ  ਅਤੇ ਨਾ ਹੀ ਮਾਂ ਨੇ ਕਦੇ ਉਸ ਬਾਰੇ ਲਿਖਿਆ ਕੋਈ ਸਾਲ ਬਾਦ ਫਿਰ ਘਰ ਛੁੱਟੀ ਗਿਆ ਅਤੇ ਜੋ  ਉਸ ਬਾਰੇ ਪਤਾ ਲੱਗਾ, ਮੈਂ ਸੁਣ ਕੇ ਸੁੰਨ ਹੀ ਹੋ ਗਿਆ ਅਮਰੋ ਉਹ ਕਰ ਗਈ  ਜੋ ਕਰਨਾ ਚਾਹੁੰਦੀ ਸੀ  ਤੇ ਮੈਂ ਠੱਗਾ ,ਹਾਰਿਆ ਜਿਹਾ ਦੇਖਦਾ ਹੀ ਰਹਿ ਗਿਆ 
ਮਾਂ ਤੋਂ ਪਤਾ ਲੱਗਾ ਕਿ ਅਮਰੋ ਦੋ ਮਹੀਨੇ ਪਹਿਲਾਂ ਗਲੀ ਦੀ ਆਖਰੀ ਨੁਕਰੇ ਰਹਿੰਦੇ ਮੁੰਡੇ , ਜਿਸ ਦਾ ਨਾਂ ਦਰਸ਼ਨ ਹੈ ,ਜਿੰਨਾ ਦਾ ਸੱਜੇ ਹੱਥ ਆਖਰੀ ਮਕਾਨ ਹੈ  ਤੇ ਜੋ ਦਿੱਲੀ ਕਿਤੇ  ਨੌਕਰੀ  ਕਰਦਾ ਏ ,  ਘਰ ਆਇਆ ਹੋਇਆ ਸੀ , ਉਸ ਨਾਲ ਨਿਕਲ ਗਈ ਏ ਮਾਂ ਨੇ  ਇਹ ਗੱਲ ਮੈਨੂੰ ਬੜੇ ਮੁਰਝਾਏ  ਮੂੰਹ ਅਤੇ ਲੰਮਾ ਜਿਹਾ ਠੰਡਾ ਸਾਹ ਲੈ ਕਹੀ ,” ਕਿੰਨੀ ਸੋਹਣੀ  ਕੁੜੀ ਸੀ।  ਇਹ ਕੀ ਕਾਰਾ ਕਰ ਗਈ।  ਮਾਪਿਆਂ ਨੂੰ ਜਿਉਂਦਿਆਂ ਹੀ ਮਾਰ ਗਈ ਤਿੰਨ ਚਾਰ ਵਾਰੀ ਘਰ ਆਈ ਸੀ, ਆਨੇ - ਬਹਾਨੇ ਤੇਰੇ ਬਾਰੇ ਪੁੱਛਦੀ ਰਹੀ ਕਿ ਕਦੋਂ ਘਰ ਆਏਂਗਾ। ਮੈਨੂੰ ਹੁਣ ਲੱਗਦਾ ਏ ਕਿ ਉਹ ਤੇਰੀ ਉਡੀਕ ਕਰ ਰਹੀ ਸੀ।  ਮੈਂ ਹੀ ਉਹਦੇ ਦਿਲ ਦੀ ਨਾ ਬੁੱਝ ਸਕੀ। "
ਮੈਨੂੰ ਇਹ ਸਭ ਸੁਣ ਕੇ ਘਬਰਾਹਟ ਜਿਹੀ ਹੋਣ ਲਗੀ। ਦਮ ਘੁਟਣ ਲੱਗਾ , “ ਮੈਂ ਹੁਣੇ ਆਉਂਦਾ ਹਾਂ ਕਹਿ ਕੇ  ਘਰੋਂ ਬਾਹਰ ਨਿਕਲਿਆ ਅਤੇ ਅਮਰੋ ਦੇ ਘਰ ਦੇ ਦਰਵਾਜ਼ੇ  ਸਾਹਮਣੇ ਜਾ ਖਲੋਤਾ ਦਰਵਾਜ਼ਾ ਥੋੜਾ ਖੁੱਲ੍ਹਾ ਸੀ  ਵਿਹੜੇ ਵਿੱਚ ਅਮਰੋ ਦੀ ਮਾਂ ਬੈਠੀ ਨਜ਼ਰ ਆਈ ਮੈਂ ਬੂਹਾ ਖੋਲ੍ਹ ਅੰਦਰ ਜਾ ਵੜਿਆ |
“ਮਾਸੀ ਪੈਰੀ ਪੈਣਾ ,”  ਕਹਿ ਕੇ ਗੋਡਿਆਂ ਨੂੰ ਛੂਇਆ 
“ਆ ਪੁੱਤ ਜਿਉਂਦਾ ਰਹੋ , ਆ ਬੈਠ , ਕਦੋਂ   ਆਇਐੰ “  
“ਮਾਸੀ ਅੱਜ ਹੀ ਆਇਆਂ। ਆਉਂਦਿਆਂ ਹੀ ਅਮਰੋ ਬਾਰੇ ਸੁਣਿਆ।ਬੱਸ  ਸੁਣਦੇ ਹੀ ਇਧਰ  ਆ ਗਿਆ।,"  ਮੈਂ  ਮੰਜੀ 'ਤੇ ਬੈਠਦਿਆਂ ਕਿਹਾ |
“ਬੱਸ ਪੁੱਤ ਕੁਝ ਨਾ ਪੁੱਛ ,ਚੰਦਰੀ ਕੀ ਕਾਰਾ ਕਰ ਗਈ ਏ। ਸਾਡੇ ਮੂੰਹ ਕਾਲਿਖ ਪੋਤ ਗਈ।  ਆਪ ਪਤਾ ਨਹੀਂ ਕਿੱਥੇ ਧੱਕੇ ਪਈ ਖਾਂਦੀ ਏ   ਉਹ ਕਮੀਨਾ ਮੁੰਡਾ ਪਤਾ ਨਹੀਂ ਉਸ ਨਾਲ ਕੀ  ਕਰ ਰਿਹਾ ਹੋਵੇਗਾ ਅਸੀਂ ਬੂਹੇ ਬੰਦ ਕਰ ਅੰਦਰ ਹੀ ਬੈਠ ਗਏ  ਕਿੰਨੇ ਦਿਨ ਉਹ ਘਰੋਂ ਬਾਹਰ ਦਿਹਾੜੀ ਲਾਉਣ ਹੀ ਨਹੀਂ ਗਏ।  ਹੁਣ ਉਹ ਸ਼ਰਮਿੰਦਗੀ ਦੇ ਮਾਰੇ ਜੰਮੂ ਦਿਹਾੜੀਆਂ ਲਾਉਣ ਚਲੇ ਗਏ ਨੇ। "
“ਜੰਮੂ ਕਿਸ ਕੋਲ" ,  ਮੈਂ ਪੁੱਛਿਆ 
“ਇੱਕ ਠੇਕੇਦਾਰ ਲੈ ਗਿਆ ਏ। ਇੱਕ ਸਰਕਾਰੀ ਬਿਲਡਿੰਗ ਦਾ ਸਾਲ ਡੇਢ ਸਾਲ ਦਾ ਲਕੜੀ ਦਾ ਕੰਮ ਏ। " ਅਮਰੋ ਦਾ ਪਰਿਵਾਰ ਰਾਮਗੜੀਆ ਪਰਿਵਾਰ ਸੀ ਅਤੇ ਉਸ ਦਾ ਪਿਉ ਲਕੜੀ ਦਾ ਕਾਰੀਗਰ ਸੀ 
ਅਮਰੋ ਦੀ ਮਾਂ ਨੇ ਦੱਸਿਆ ਕਿ ਕੋਈ ਚਾਰ ਪੰਜ ਮਹੀਨੇ ਪਹਿਲਾਂ ਉਸ ਨਾਲ ਲੜ ਪਈ ਅਤੇ ਕਹਿਣ ਲਗੀ ਕਿ  ਮੇਰਾ ਵਿਆਹ ਕਰ ਦਿਓ , ਮੈਂ ਇੱਥੋਂ ਚਲੀ ਜਾਵਾਂ ‘ਤੇ ਰੋਜ਼- ਰੋਜ਼ ਲੜਾਈ ਦਾ ਟੰਟਾ ਹੀ ਖਤਮ ਹੋ ਜਾਵੇ  ਮੈਂ ਅੱਗੋਂ ਕਿਹਾ “ ਕੋਈ ਚੰਗਾ ਜਿਹਾ ਜਾਤ ਬਰਾਦਰੀ ਦਾ ਮੁੰਡਾ ਮਿਲਿਆ , ਤੇਰਾ ਇਹ ਸ਼ੌਕ ਵੀ ਪੂਰਾ ਕਰਦ ਦਿਆਂਗੇ। " ਗੱਲਾਂ ਦੀ ਬੜੀ ਤੇਜ ਸੀ   ਤੇ ਕਹਿਣ ਲੱਗੀ ਕਿ ਉਸ ਨੇ ਵਿਆਹ ਮੁੰਡੇ ਨਾਲ ਕਰਣੈ , ਜਾਤ ਬਰਾਦਰੀ ਨਾਲ ਨਹੀਂ। ਮੁੰਡਾ ਕਿਸੇ ਵੀ ਜਾਤ ਦਾ  ਹੋਵੇ ਪਰ ਪੱਕੀ ਸਰਕਾਰੀ ਨੌਕਰੀ ਕਰਦਾ ਹੋਵੇ।  ਸਾਰੀ ਉਮਰ ਸੁਖੀ ਤਾਂ ਰਵਾਂਗੀ",ਉਸ ਨੇ ਆਪਣਾ ਫੈਸਲਾ ਸੁਣਾ ਦਿੱਤਾ   
“ਮੈਂ ਸੁਣ ਕੇ ਚੁੱਪ ਕਰ ਗਈ। ਉਹਦੀ ਗੱਲ ਨੂੰ ਗੌਲਿਆ ਨਾ।  ਇਸ ਤਰਾਂ ਦੀਆਂ ਊਲ -ਜਲੂਲ ਗੱਲਾਂ ਤਾਂ ਰੋਜ਼ ਕਰਦੀ ਸੀ।  ਮੈਨੂੰ  ਕੀ  ਪਤਾ ਉਸ ਦੇ ਮਨ ਵਿੱਚ ਕੀ ਫਤੂਰ ਪੱਕ ਰਿਹਾ ਸੀ। "
ਮਾਸੀ ਰੋ ਰਹੀ ਸੀ ਅਤੇ ਮੈਂ ਪੱਥਰ ਬਣ ਸਭ ਸੁਣ ਰਿਹਾ ਸੀ। ” ਜਿਸ ਦਿਨ ਘਰੋਂ ਗਈ ਏ , ਸਵੇਰੇ ਉਠ ਕੇ ਦੇਖਿਆ ਉਹ ਆਪਣੀ ਮੰਜੀ ਤੇ ਨਹੀਂ  ਸੀ।  ਉਹ ਕਿਤੇ ਰਾਤੀਂ ਉਠ ਕੇ ਚਲੀ ਗਈ ਸੀ।  ਦੁਪਹਿਰ ਤੱਕ ਬੜਾ ਢੂੰਡਿਆ, ਨਹੀਂ ਮਿਲੀ।  ਉਸ ਦੇ ਕਪੜੇ ਵੀ  ਘਰੋਂ ਗਾਇਬ ਸਨ  ਦੁਪਹਿਰ ਤੋਂ ਬਾਦ ਇੱਕ ਮੁੰਡੇ ਕੋਲੋਂ ਪਤਾ ਲੱਗਾ ਕਿ ਅਮਰੋ ਦਰਸ਼ਨ ਨਾਲ ਦਿੱਲੀ ਨਿਕਲ ਗਈ ਏ। "
 ਤੂੰ ਜਾਣਦਾ ਹੀ ਹੋਵੇਂਗਾ ਦਰਸ਼ਨ ਨੂੰ ਗਲੀ ਦੀ ਨੁਕਰ ਤੇ ਸੱਜੇ ਹੱਥ ਕੋਨੇ ਵਾਲਾ ਘਰ ਏ।  ਦਿੱਲੀ ਕਿਤੇ ਨੌਕਰੀ ਕਰਦਾ ਏ। ਛੁੱਟੀ ਆਇਆ ਦਾ ਸੀ।  ਇਹ ਕਾਰਾ ਕਰ ਗਿਆ।  ਪਤਾ ਨਹੀਂ ਦੋਵੇਂ ਕਿੱਥੇ ਮਿਲਦੇ ਰਹੇ ਨੇ  ਉਸ ਦੇ ਘਰ ਦੇ ਕੰਨੀ ਨਹੀਂ  ਫੜਾਂਦੇ  ਕਈੰਫੇਰੇ ਮਾਰੇ ਉਹਨਾਂ  ਦੇ ਘਰ  ਕਿ ਆਪਣੇ ਮੁੰਡੇ ਦਾ ਪਤਾ -ਟਿਕਾਣਾ ਦੱਸੋ ਅਸੀਂ ਦੋਵਾਂ ਦਾ  ਵਿਆਹ ਕਰ ਦੇਂਦੇ ਹਾਂ  ""ਅੱਗੋਂ ਕਹਿੰਦੇ ਤੁਹਾਡੀ ਕੁੜੀ ਹੀ ਇਹੋ ਜਿਹੀ ਸੀ। ਸਾਡਾ ਮੁੰਡਾ ਸਾਡੇ ਕਹੇ ‘ਚ ਨਹੀਂ। ਪਤਾ ਨਹੀਂ ਕਿੱਥੇ ਰਹਿੰਦਾ। ਕੀ ਕਰਦਾ ਏ। ਆਪੇ ਜਾ ਕੇ ਢੂੰਡ ਲਵੋ ਅਸੀਂ ਸ਼ਰਮ ਦੇ ਮਾਰੇ ਅੰਦਰ ਵੜ ਕੇ ਬੈਠ ਗਏ,ਆਪਣਾ ਹੀ ਸਿੱਕਾ ਖੋਟਾ ਸੀ। " ਮਾਸੀ ਨੇ ਸਾਰੀ ਗੱਲ ਕਹਿ ਦਿਤੀ  ਮੇਰਾ ਕਲੇਜਾ ਮੂੰਹ ਨੂੰ ਆ ਰਿਹਾ ਸੀ  ਮਾਸੀ ਦਾ ਸਿੱਕਾ ਖੋਟਾ ਨਹੀਂ ਸੀਮੈਨੂੰ ਘਬਰਾਹਟ ਹੋਣ ਲੱਗੀ। ਮੈਂ ਉਠ ਖਲੋਤਾ ਅਤੇ ਪੈਰੀ ਪਾਉਣਾ ਕਰ ਕੇ ਬਾਹਰ ਨੂੰ ਤੁਰ ਪਿਆ  ਮਾਸੀ ਨੇ ਤਰਲੇ ਜਿਹੇ ਨਾਲ  ਕਿਹਾ ,” ਤੂੰ ਦਿੱਲੀ ਕੰਮ ਕਰਦਾ  ਏਂ , ਦੇਖੀਂ ਕਿੱਤੇ ਕਰਮਾ ਮਾਰੀ ਮਿਲ ਜਾਏ। ਪੁੱਤ ਕੋਸ਼ਿਸ਼ ਜਰੂਰ ਕਰੀਂ ਉਸ ਨੂੰ ਲੱਭਣ ਦੀ।  ਉਸ ਦੀ ਸੁਖ ਸਾਂਦ ਦਾ ਪਤਾ ਲਗ ਜਾਏ।  ਥੋੜਾ ਚੈਨ ਮਿਲੇ। ਧੀਆਂ ਦਾ ਦੁੱਖ ਸਹਿਣਾ ਬੜਾ ਔਖਾ ਏ "  ਅਮਰੋ ਦੀ ਮਾਂ ਨੂੰ ਕੀ ਦੱਸਦਾ ਕਿ ਇਹ ਜੋ ਕੁਝ  ਵਾਪਰਿਆ ਏ , ਇਸ ਵਿੱਚ ਮੈਂ ਕਿੰਨਾ ਕਸੂਰਵਾਰ ਹਾਂ  
ਮੈਂ ਰੋਣ-ਹਾਕਾ ਹੋਇਆ , ਹਾਰੇ ਹੋਏ ਆਦਮੀ ਦੀ ਤਰਾਂ  ਅਮਰੋ ਦੇ ਘਰੋਂ ਨਿਕਲ ਕੇ ਬਾਹਰ ਖੇਤਾਂ ਵੱਲ ਨਿਕਲ ਗਿਆ । ਬੜੀ ਦੇਰ ਖੇਤਾਂ ਦੁਵਾਲੇ ਘੰਮਦਾ ਰਿਹਾ ਤੇ ਮਨ ਹਲਕਾ ਕਰਦਾ ਰਿਹਾ  ਅਮਰੋ ਨੇ ਆਪਣਾ ਇਰਾਦਾ ਪੂਰਾ ਕਰ ਲਿਆ।  ਮੈਂ ਹੀ ਉਸ ਦੀਆਂ ਖਾਹਿਸ਼ਾਂ ‘ਤੇ ਪੂਰਾ ਨਾ ਉਤਰਿਆ  ਅਮਰੋ ਕਿੱਥੇ ਵੇ ਮੈਂ ਨਹੀਂ ਜਾਣਦਾ ਪਰ ਉਹ ਮੇਰੇ ਦਿਲ ਦਿਮਾਗ ਵਿੱਚ ਅੱਜ ਤੱਕ ਜਗ੍ਹਾ ਮੱਲੀ ਬੈਠੀ ਏ !

ਦਿਲਜੋਧ ਸਿੰਘ 
ਵਿਸਕੌਨਸਿਨ 
ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 72 ਵਾਰ ਪੜ੍ਹੀ ਗਈ

4 comments:

 1. ਹਰਦੀਪ ਦਾ ਮੈਂ ਧੰਨਵਾਦੀ ਹਾਂ ਕਿ ਉਹਨਾ ਨੇ ਮੇਰੀ ਲਿਖੀ ਰਚਨਾ ਨੂੰ ਠੀਕ ਠਾਕ ਕਰ ਕੇ ਬਣਾ ਸਵਾਰ ਕੇ , ਖੂਬ ਮਿਹਨਤ ਕਰਕੇ ਪੋਸਟ ਕੀਤਾ ਹੈ !

  ReplyDelete
 2. ਕੇਈ ਇਨਸਾਨ ਜੀਵਨ ਵਿਚ ਏਹੀ ਜਿਹੀ ਛਾਪ ਛੱਡ ਜਾਂਦੇਂ ਹਨ ਕਿ ਦਿਲ ਚੋਂ ਨਿਕਲਦੇ ਨਹੀ ।ਚਾਹੇ ਯਾ ਅਨਚਾਹੇ ।ਮਨ 'ਚ ਧਰਨਾ ਦੇਕੇ ਬੈਠ ਹੀ ਜਾਂਦੇ ਹਨ । ਇਸ ਭਾਵ ਨੁ ਵਿਅਕਤ ਕਰਦੀ ਅੱਛੀ ਲਿਖਤ ਹੈ । ਦਿਲਜੋਧ ਸਿੰਘ ਜੀ

  ReplyDelete
 3. ਕਹਾਣੀ ਕਿਸੇ ਇਕਾਂਤਮਈ ਘਟਨਾ ਦਾ ਵੇਰਵਾ ਹੁੰਦੀ ਹੈ ਜੋ ਸ਼ਬਦਾਂ ਦਾ ਜਾਮਾ ਪਾ ਸਾਡੇ ਰੂਬਰੂ ਹੁੰਦੀ ਹੈ। ਆਮ ਤੌਰ 'ਤੇ ਕਹਾਣੀ ਕਾਲਪਨਿਕ ਨਹੀਂ ਹੁੰਦੀ। ਕੁਝ ਅੰਸ਼ਾਂ 'ਚ ਕਲਪਨਾ ਹੋ ਸਕਦੀ ਹੈ। ਜੀਵਨ ਦੀ ਕਿਸੇ ਘਟਨਾ ਨੂੰ ਪੇਸ਼ ਕਰਨਾ ਹੀ ਕਹਾਣੀ ਦਾ ਮਕਸਦ ਹੁੰਦਾ ਹੈ। ਕਹਾਣੀਕਾਰ ਦੀ ਕਲਮ ਰਾਹੀਂ ਪਾਠਕਾਂ ਦੀ ਕਚਹਿਰੀ 'ਚ ਪੇਸ਼ ਕੀਤੀ ਜਾਂਦੀ ਹੈ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਕਹਾਣੀ ਦੇ ਵਾਪਰਨ ਵੇਲੇ ਲੇਖਕ ਆਪ ਓਸ 'ਚ ਸ਼ਾਮਿਲ ਹੋਵੇ। ਉਸ ਆਪਣੇ ਚੌਗਿਰਦੇ 'ਚ ਘਟਿਤ ਕਿਸੇ ਵੀ ਬਿਰਤਾਂਤ ਨੂੰ ਕਹਾਣੀ ਬਣਾ ਪੇਸ਼ ਕਰ ਸਕਦਾ ਹੈ। ਹਾਂ ਇਹ ਗੱਲ ਲਾਜ਼ਮੀ ਹੈ ਕਿ ਓਸ ਨੂੰ ਲਿਖਣ ਵੇਲੇ ਲੇਖਕ ਨੂੰ ਓਹ ਪਲ ਆਪ ਜਿਉਣੇ ਪੈਂਦੇ ਨੇ। ਗੱਲ ਤੁਰਦੀ-ਤੁਰਦੀ ਗੁੰਝਲ ਦਾ ਰੂਪ ਅਖਤਿਆਰ ਕਰਦੀ, ਕਲਾਈਮੈਕਸ ਨੂੰ ਜਾ ਗਲਵੱਕੜੀ ਪਾਉਂਦੀ ਹੈ ਤੇ ਫਿਰ ਅੰਤ ਦੁੱਖ ਜਾਂ ਪੀੜ ਦਾ ਅਲਾਪ।

  ਦਿਲਜੋਧ ਸਿੰਘ ਜੀ ਦੀ ਲਿਖੀ ਕਹਾਣੀ ਅਮਰੋ ਸਾਨੂੰ ਪੰਜਾਹ ਵਰ੍ਹੇ ਪਿਛਾਂਹ ਲੈ ਜਾਂਦੀ ਹੈ। ਓਦੋਂ ਦੇ ਸਮਾਜਿਕ ਤਾਣੇ -ਬਾਣੇ ਨੂੰ ਦਿਖਾਉਂਦੀ ਪਾਠਕ ਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਇਹ ਸਭ ਵੀ ਹੋ ਸਕਦਾ ਹੈ ਜਾਂ ਇਹ ਸਭ ਹੁੰਦਾ ਵੀ ਹੈ? ਬੱਸ , ਅਜਿਹਾ ਸਵਾਲ ਹੀ ਕਿਸੇ ਵਧੀਆ ਕਹਾਣੀ ਦੀ ਪਛਾਣ ਹੈ। ਵੈਸੇ ਵੀ ਕਿਸੇ ਕਹਾਣੀ ਦੀ ਸਫਲਤਾ ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਉਸ ਦਾ ਮੂਲਭਾਵ ਪਾਠਕ ਵਰਗ ਨੂੰ ਓਪਰਾ ਨਾ ਲੱਗੇ ਸਗੋਂ ਜਾਣਿਆ-ਪਹਿਚਾਣਿਆ ਤੇ ਆਪਣਾਪਣ ਪ੍ਰਗਟਾਉਂਦਾ ਦਿਖਾਈ ਦੇਵੇ ਅਤੇ ਕਹਾਣੀ ਲੇਖਕ ਦੀ ਭਾਵਨਾ ਦੀ ਉਂਗਲ ਲੱਗ ਪਾਠਕ ਨੂੰ ਵੀ ਨਾਲ -ਨਾਲ ਤੋਰੀ ਰੱਖੇ। ਅਮਰੋ ਕਹਾਣੀ 'ਤੇ ਇਹ ਸਾਰੀਆਂ ਗੱਲਾਂ ਇੰਨ -ਬਿੰਨ ਢੁੱਕਦੀਆਂ ਨੇ। ਲੇਖਕ ਵਧਾਈ ਦਾ ਹੱਕਦਾਰ ਹੈ।

  ਹਰਦੀਪ

  ReplyDelete
  Replies
  1. ਸ਼ੁਕਰੀਆ ! ਇਹ ਕਹਾਨੀ ਲਿਖਣ ਲਗਿਆਂ ਮੈਨੂੰ ਕੋਈ ਦਿਕਤ ਨਹੀਂ ਆਈ ਅਤੇ ਨਾਂ ਕੋਈ ਬਹੁਤਾ ਸੋਚਣ ਦੀ ਲੋੜ ਪਈ ਸੀ ਕਿਉਂ ਕਿ ਸਭ ਕੁਝ ਮੇਰਾ ਜਾਣਿਆ ਪਛਾਣਿਆ ਸੀ |

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ