ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 May 2016

ਕਹਿਕਸ਼ਾਂ

>Click on the arrow to listen.
ਸਰਘੀ ਵੇਲ਼ਾ ਸੀ। ਸ਼ਫ਼ਾਫ਼ ਨੀਲੇ ਅੰਬਰ ਦੀ ਹਿੱਕ 'ਤੇ ਸਰਕਦੇ ਸੁਰਮਈ ਤੇ ਸੰਤਰੀ ਰੰਗ ਦੀ ਭਾਅ ਮਾਰਦੇ ਬੱਦਲ ਦੂਰ -ਦੁਮੇਲ 'ਤੇ ਚੜ੍ਹਦੀ ਸੂਹੀ ਟਿੱਕੀ ਦੀ ਨਿਸ਼ਾਨਦੇਹੀ ਕਰ ਰਹੇ ਜਾਪ ਰਹੇ ਸਨ। ਕੁਝ ਪਲਾਂ ਬਾਅਦ ਬੂੰਦਾਬਾਂਦੀ ਹੋਣ ਲੱਗੀ। ਨਿੱਕੀਆਂ ਬੂੰਦਾਂ ਦੇ ਆਰ -ਪਾਰ ਲੰਘਦੀਆਂ ਧੁੱਪ ਕਿਰਨਾਂ ਸੱਤ ਰੰਗ ਬਣ ਕੇ ਖਿੰਡਣ ਲੱਗੀਆਂ। ਭਾਂਤ -ਸੁਭਾਂਤੇ ਖ਼ੁਸ਼ਬੂਦਾਰ ਫੁੱਲਾਂ ਤੋਂ ਹੋ ਕੇ ਆਈ ਪੌਣ ਮਿੱਠੀ -ਮਿੱਠੀ ਲੱਗ ਰਹੀ ਸੀ। ਪੰਛੀਆਂ ਨੇ ਰਲ ਕੇ ਆਪਣੀ ਮਿੱਠੀ ਆਵਾਜ਼ ਦਾ ਸੁਰ ਛੇੜਿਆ ਹੋਇਆ ਸੀ। 
 ਮੈਂ ਬਾਹਰ ਬਰਾਂਡੇ 'ਚ ਬੈਠੀ ਇਸ ਅਲੌਕਿਕ ਨਜ਼ਾਰੇ ਦਾ ਅਨੰਦ ਲੈ ਰਹੀ ਸੀ। ਚਾਂਦੀ ਕਣੀਆਂ ਬਣ ਵਰ੍ਹਦੀਆਂ ਬੂੰਦਾਂ ਦੀ ਟਿੱਪ -ਟਿੱਪ ਤੇ ਦੂਰ -ਦੁਮੇਲ ਵੱਲ ਉਡਾਰੀ ਭਰਦੀ ਕੋਇਲ ਦੀ ਆਵਾਜ਼ ਦਾ ਸੁਮੇਲ ਮੈਨੂੰ ਉਸ ਦੀ ਕਹਿਕਸ਼ਾਂ ਵੱਲ ਲੈ ਤੁਰੇ। ਅਗਲੇ ਹੀ ਪਲ ਅਛੋਪਲੇ ਜਿਹੇ ਉਸ ਦੇ ਖਿਆਲਾਂ ਤੱਕ ਆਣ ਪਹੁੰਚੇ ਮੇਰੇ ਅਹਿਸਾਸਾਂ ਨੂੰ ਜਿਓਣ ਜੋਗੇ ਸਾਹਾਂ ਦੀ ਖੈਰਾਤ ਮਿਲ ਗਈ । ਉਹ ਆਪਣੀ ਕਹਿਕਸ਼ਾਂ 'ਚੋਂ ਬਾਹਰ ਨਿੱਕਲ ਮੇਰੇ ਨਾਲ ਗੱਲਾਂ ਕਰਨ ਲੱਗੀ," ਤੈਨੂੰ ਕਿਵੇਂ ਪਤਾ ਲੱਗਾ ਕਿ ਕੋਇਲ ਦੀ ਕੂਕ ਮੈਨੂੰ ਵੀ ਮੋਹਿਤ ਕਰਦੀ ਹੈ ?" ਹੁਣ ਮੈਂ ਜਾਗਦੀਆਂ ਅੱਖਾਂ ਦੇ ਸੁਪਨਿਆਂ ਰਾਹੀਂ ਓਹ ਪਲ ਜੀਅ ਰਹੀ ਸਾਂ ਜੋ ਮੇਰੀ ਅਸਲ ਜ਼ਿੰਦਗੀ 'ਚ ਕਦੇ ਨਹੀਂ ਆਏ। 
ਉਸ ਦੀ ਕਹਿਕਸ਼ਾਂ ਦੀ ਹਮਸਫ਼ਰ ਬਣੀ ਮੈਂ ਉਸ ਦੇ ਨਾਲ ਹੋ ਤੁਰੀ। ਉਹ ਮੈਨੂੰ ਅੰਤਰੀਵ ਵਿੱਚ ਝਾਤ ਪਵਾਉਂਦੀ ਆਪਣੇ ਓਸ ਆਲਮੀ ਵਿਹੜੇ 'ਚ ਲੈ ਗਈ ਜਿੱਥੇ ਦੇਸ਼ ਪ੍ਰੇਮ ਨਾਲ ਓਤ -ਪ੍ਰੋਤ ਵੀਰ ਗਾਥਾਵਾਂ ਤੇ ਗੀਤ ਸੁਣਦੀ ਉਹ ਵੱਡੀ ਹੋਈ ਸੀ। ਬਟਵਾਰੇ ਵੇਲੇ ਉਹ ਮਸੀਂ 13 ਕੁ ਵਰ੍ਹਿਆਂ ਦੀ ਹੋਵੇਗੀ। ਉਸ ਦੇ ਆਪੇ ਨੂੰ ਪਤਾ ਵੀ ਨਾ ਲੱਗਾ ਕਿ ਸੰਵਾਦ ਰਚਾਉਣ ਦੀ ਆਤਮਿਕ ਪਿਰਤ ਉਸ ਅੰਦਰ ਕਦੋਂ ਪੈਦਾ ਹੋ ਗਈ । ਮਸਤਕ 'ਚ ਚਾਨਣਾਂ ਦਾ ਕਾਫ਼ਲਾ ਕਾਵਿ ਰਿਸ਼ਮਾਂ ਬਣ ਵਹਿਣ ਲੱਗਾ। ਅੱਖਾਂ 'ਚ ਉਨੀਂਦਰੀਆਂ ਰਾਤਾਂ ਦੇ ਸਾਵੇ ਸੁਪਨੇ ਉਸ ਦੇ ਆਪੇ ਅੰਦਰ ਖ਼ਲਬਲੀ ਮਚਾਉਂਦੇ ਰਹੇ। ਉਹ ਆਪਣੀ ਜਾਦੂਮਈ ਛੋਹ ਨਾਲ ਮੌਲਿਕ ਅੰਦਾਜ 'ਚ ਨਿੱਤ ਨਵਾਂ ਸਿਰਜਦੀ ਰਹੀ ਤੇ ਹੁਣ ਤੱਕ ਸਿਰਜ ਰਹੀ ਏ। ਨਵੀਆਂ ਉਚਾਣਾਂ ਨੂੰ ਨੱਤਮਸਤਕ ਹੋਣਾ ਉਸ ਦੀ ਸੁੱਚੀ ਇਬਾਦਤ ਹੈ। 
ਮੇਰਾ ਮਨ ਕਣੀਆਂ ਦੀ ਰਿਮ-ਝਿਮ 'ਚ ਸਰਸ਼ਾਰ ਹੋਇਆ ਉਸ ਦੀਆਂ ਅਮੁੱਕ ਗੱਲਾਂ ਦਾ ਹੁੰਗਾਰਾ ਭਰੀ ਜਾ ਰਿਹਾ ਸੀ। ਕਦੇ -ਕਦੇ ਮੈਨੂੰ ਇੰਝ ਲੱਗਦਾ ਜਿਵੇਂ ਮੈਂ ਆਪਣੀ ਪੜਨਾਨੀ ਨਾਲ ਗੱਲਾਂ ਕਰ ਰਹੀ ਹੋਵਾਂ।  ਉਹ ਮੇਰੇ ਵਾਸਤੇ ਅਸੀਸਾਂ ਦੀ ਆਬਸ਼ਾਰ ਏ ਤੇ ਮੇਰੇ ਸੁਪਨਿਆਂ ਦੀ ਜੂਹ। ਹੁਣ ਉਹ ਆਪਣੀ ਕਿਰਮਚੀ ਕਿਆਰੀ 'ਚੋਂ ਫੁੱਲ ਬਿਖੇਰ ਰਹੀ ਸੀ ," ਬੰਦ ਕਮਰਿਆਂ 'ਚ ਮੇਰਾ ਦਮ ਘੁੱਟਦਾ ਹੈ। ਰੰਗ -ਬਿਰੰਗੀ ਕਾਇਨਾਤ ਦੀ ਮੈਂ ਦੀਵਾਨੀ ਹਾਂ।ਕੁਦਰਤ ਨਾਲ ਰਹਿ ਕੇ ਬਹੁਤ ਕੁਝ ਮਿਲਿਆ। ਪਰ ਕੋਈ ਵੀ ਖੁਸ਼ੀ ਇੱਕਦਮ ਨਹੀਂ ਮਿਲੀ ,ਸਾਲਾਂ ਬੱਧੀ ਮਿਹਨਤ ਤੇ ਉਡੀਕ ਤੋਂ ਬਾਦ ਮਿਲੀ ਹੈ। ਪਰ ਅਜੇ ਤਾਂ ਛੋਪ ਵਿੱਚੋਂ ਪੂਣੀ ਵੀ ਨਹੀਂ ਕੱਤੀ। ਜਦ ਤੱਕ ਉਂਗਲੀਆਂ 'ਚ ਜਾਨ ਹੈ ਲੇਖਣ ਜਾਰੀ ਰਹੇਗਾ। " 
ਕਹਿੰਦੇ ਨੇ ਕਿ ਅਹਿਸਾਸਾਂ ਦੀ ਸਾਂਝ ਦਾ ਰਿਸ਼ਤਾ ਸਭ ਤੋਂ ਸੁੱਚਾ ਰਿਸ਼ਤਾ ਹੁੰਦਾ ਹੈ ਜਿਹੜਾ ਉਮਰਾਂ ਦੇ ਤਰਾਜੂ 'ਚ ਨਹੀਂ ਤੁਲਦਾ। ਸੋਚ ਦੇ ਹਾਣੀਆਂ 'ਚ ਸਾਹ -ਜਿੰਦ ਜਿਹੀ ਨੇੜਤਾ ਹੁੰਦੀ ਹੈ ਤੇ ਸਾਡੀ ਸਾਂਝ ਵੀ ਕੁਝ ਏਹੋ ਜਿਹੀ ਹੀ ਹੈ। ਚਾਨਣ -ਰਾਹਾਂ 'ਤੇ ਤੁਰਨ ਦੀਆਂ ਤਰਕੀਬਾਂ ਦੱਸ ਉਹ ਮੈਨੂੰ ਉਂਗਲ ਲਾ ਆਪਣੇ ਨਾਲ ਤੋਰੀ ਰੱਖਦੀ ਹੈ। ਕਦੇ ਉਹ ਕਿਣਮਿਣੀ ਚਾਨਣ 'ਚ ਬਹਿ ਕੇ ਧੁੱਪ ਨਾਲ ਗੱਪ -ਸ਼ੱਪ ਕਰਦੀ ਏ ਤੇ ਕਦੇ ਉਸ ਦੇ ਹਿੱਸੇ ਆਈ ਚੁਲਬੁਲੀ ਰਾਤ ਨੇ ਕੋਰੀ ਮਿੱਟੀ ਦੇ ਦੀਵੇ ਬਾਲ ਓਕ ਭਰ ਕਿਰਨਾਂ ਨਾਲ ਖੁਸ਼ਬੂ ਦਾ ਸਫ਼ਰ ਤੈਅ ਕੀਤਾ ਹੈ। ਆਪਣੇ ਕਲਾਮਈ ਕ੍ਰਿਸ਼ਮਿਆਂ ਨਾਲ ਉਹ ਮੁਹਾਂਦਰਾ ਲਿਸ਼ਕਾਉਂਦੀ ਗਈ ਜਦ ਕਦੇ ਇੱਕਲਾ ਸੀ ਸਮਾਂ। ਉਸ ਦੇ ਨਵੇਂ ਮਰਹੱਲਿਆਂ ਦੇ ਦਸਤਾਵੇਜ਼ ਮਹਿਜ ਲਫ਼ਜ਼ ਨਹੀਂ ਬਲਕਿ ਉਸ ਦੇ ਸਫ਼ਰ ਦੇ ਛਾਲੇ ਨੇ। 

ਹੁਣ ਮੱਠੀ -ਮੱਠੀ ਪੌਣ ਨੇ ਬੱਦਲਾਂ ਦਾ ਘੁੰਡ ਚੁੱਕ ਦਿੱਤਾ ਸੀ । ਮੈਨੂੰ ਲੱਗਾ ਜਿਵੇਂ ਅੱਜ ਉਹ ਚਿਲਕਣੀ ਧੁੱਪ ਵਾਲੀ ਸਰਘੀ ਸੰਗ ਸਾਡੇ ਵਿਹੜੇ ਆ ਕੇ ਫ਼ਿਜ਼ਾ 'ਚ ਸੂਹੇ ਰੰਗ ਬਿਖੇਰਦੀ ਸੁੱਚੀਆਂ ਨਿਆਮਤਾਂ ਦੀ ਰਹਿਮਤ ਮੇਰੀ ਝੋਲੀ ਪਾ ਰਹੀ ਹੋਵੇ। ਉਸ ਦੀ ਕਹਿਕਸ਼ਾਂ ਦਾ ਰੁੱਖ ਅੱਜ ਸਾਡੇ ਵਿਹੜੇ ਉੱਗ ਆਇਆ ਸੀ। 
ਕੋਇਲ ਕੂਕ 
ਮੀਂਹ ਭਿੱਜੀ ਸਰਘੀ 
ਚਿਲਕੀ ਧੁੱਪ। 
ਡਾ. ਹਰਦੀਪ ਕੌਰ ਸੰਧੂ 
*****         ********        *********       **************
ਕਹਿਕਸ਼ਾਂ ਦੀ ਪਾਤਰ ਵੱਲੋਂ ਭੇਜਿਆ ਮੋਹ ...............


ਨੋਟ : ਇਹ ਪੋਸਟ ਹੁਣ ਤੱਕ 183 ਵਾਰ ਪੜ੍ਹੀ ਗਈ

9 comments:

 1. Kamla Ghataaura30.5.16

  कहकशां
  कवि मन को कोई विशेष कारण नही चाहिये ।अपने अहसासों कों उच्च कोटि के अहसासों के साथ कुछ पल सफर करने के लिये । प्रकृति के चितेरे को नभ आँगन का कोई भी दृश्य विमोहित कर सकता है ।उस आँगन से वह अपने लिये मन पसन्द साथ तलाश कर ही लेता है । हरदीप के इस बार के हाइबन ने अपने अहसासों का साथी ऐसा तलाशा जिसने अपने जीवनके हर तरह के अनुभवों को काव्य में उतारा । हमें अनेक पुस्तकें दी ।उसके अनुभवों की आकाश गंगा में सरावोर होने के लिये । हम उन की रचनायों से मिल कर धन्य हो गये ।हमारा सौभाग्य है कि हम उन के युग में हैं । और आज हरदीप के साथ इस हाइबन में हम भी उसी की तरह -कोयल कूक /मींह भिजी सरगी /चिलकी धुप्प । का आनंद मान रहें हैं ।
  खूबसूरत लिखत ।आनंद दायक । हार्दिक बधाई ।


  Kamla Ghataaura

  ReplyDelete
  Replies
  1. ਕਮਲਾ ਜੀ ਮੇਰੀ ਹਰ ਲਿਖਤ ਨੂੰ ਬੜੇ ਹੀ ਗਹੁ ਤੇ ਰੂਹ ਨਾਲ ਪੜ੍ਹਦੇ ਨੇ ਤੇ ਫੇਰ ਬੜੇ ਹੀ ਮੋਹ ਭਿੱਜੇ ਬੋਲਾਂ ਦੀ ਸਾਂਝ ਪਾਉਂਦੇ ਨੇ। ਅੱਖਰ -ਅੱਖਰ 'ਚੋਂ ਮੋਹ ਦੀ ਖੁਸ਼ਬੂ ਆਉਂਦੀ ਹੈ। ਮੈਨੂੰ ਹਮੇਸ਼ਾਂ ਹੀ ਆਪ ਜੀ ਦੇ ਇਹਨਾਂ ਆਸ਼ੀਰਵਾਦੀ ਲਫਜ਼ਾਂ ਦੀ ਉਡੀਕ ਰਹਿੰਦੀ ਹੈ।

   Delete
 2. ਮੇਰਾ ਨਿੱਜੀ ਵਿਸ਼ਲੇਸ਼ਣ - ਹਾਇਬਨ ਕਹਿਕਸ਼ਾਂ ਬਾਰੇ

  'ਕਹਿਕਸ਼ਾਂ' ਨੂੰ ਜਦ ਮੈਂ ਪਹਿਲੀ ਵਾਰ ਪੜ੍ਹਿਆ ਸੀ ਤਾਂ ਮੇਰੇ ਮਨ ਦੀਆਂ ਅੱਖਾਂ ਨੂੰ ਜਿਵੇਂ ਚਿਲਕਦੀ ਧੁੱਪ ਨੇ ਰੁਸ਼ਨਾ ਦਿੱਤਾ ਹੋਵੇ। ਕੁਦਰਤੀ ਹੀ ਕੁੱਝ ਸਵਾਲ ਉਤਪੰਨ ਹੋਏ-ਲੇਖਕਾ ਐਨੇ ਡੁੰਗੇ ਵਿਚਾਰਾਂ ਨੂੰ ਕਿਵੇਂ ਸਾਧਾਰਨ ਸ਼ਬਦ ਯੁਕਤ ਰਾਹੀਂ ਪ੍ਰਕਿਰਤੀ ਦਾ ਵਰਣਨ ਕਰਨ ਵਿਚ ਸਫਲ ਹੋ ਗਈ ਹੈ? ਇਹ ਕੌਣ ਹੈ,ਜਿਸ ਦੀ ਕਹਿਕਸ਼ਾਂ ਦੀ ਉਹ ਹਮਸਫ਼ਰ ਬਣੀ? ਕਿਵੇਂ ਉਹ ਨੂੰ ਆਪਣੀ ਪੜਨਾਨੀ ਦੇ ਰੂਪ ਵਿਚ ਗੱਲ੍ਹਾਂ ਕਰਦੀ ਨੂੰ ਮਹਿਸੂਸ ਕੀਤਾ ਹੈ,ਜਿਸ ਨੇ ਆਪਣੀ ਜੀਵਨ ਗਾਥਾ ਨੂੰ ਸੁਚੱਜੇ ਅੰਦਾਜ਼ ਵਿਚ ਬਿਆਨਿਆਂ? ਅਤੇ ਹੋਰ ਵੀ ਕਈ ਸਵਾਲ।

  ਮੈਂ ਹੁਣ ਤਕ ਲੇਖਕਾ ਦੀਆਂ ਜਿੰਨੀਆਂ ਰਚਨਾਵਾਂ ਪੜ੍ਹੀਆਂ ਹਨ,ਉਨ੍ਹਾਂ ਵਿਚ ਉਹ ਕੁਦਰਤ ਦੇ ਖੇੜੇ ਨੂੰ ਆਪਣੀ ਕਾਨੀ ਰਾਹੀਂ ਚਿੰਤਨ ਕਰਾਉਣ ਵਿਚ ਬੜੀ ਸਮਰੱਥ ਹੈ।ਸ਼ਾਇਦ ਇਹ ਉਸ ਦੀ ਕੁਦਰਤੀ ਦਿੱਬ-ਦ੍ਰਿਸ਼ਟੀ ਦਾ ਕਮਾਲ ਹੈ ਤੇ ਨਾਲ ਹੀ ਇਸ ਪ੍ਰਤੀ ਗਹਿਰਾ ਅਭਿਆਸ।
  ਕਹਿਕਸ਼ਾਂ ਦੇ ਪਹਿਲੇ ਪੈਰੇ ਵਿਚ ਪ੍ਰਕਿਰਤੀ ਦਾ ਚਿੱਤਰ ਬਹੁਤ ਸੁੰਦਰਤਾ ਨਾਲ ਚਿਤਰਿਆ ਹੈ:ਸਰਘੀ ਵੇਲ਼ੇ ਦੇ ਸੰਤਰੀ ਰੰਗੇ ਭਾਅ ਮਾਰਦੇ ਬੱਦਲਾਂ ਵਿਚੋਂ ਚੜ੍ਹਦੀ ਸੂਰਜ ਦੀ ਸੂਹੀ ਟਿੱਕੀ ਦੇ ਨਾਲ ਬੂੰਦਾਂ ਬਾਂਦੀ ਦਾ ਸ਼ੁਰੂ ਹੋਣਾ ਤੇ ਇਨ੍ਹਾਂ ਵਿਚੋਂ ਪਰਕਾਸ਼ ਦੇ ਖਿਲਾਰ ਤੇ ਧੁੱਪ ਕਿਰਨਾਂ ਦਾ ਸੱਤ ਰੰਗੀ ਜਲੌ ਦਿਖਾਉਣਾ, ਫੁੱਲਾਂ 'ਚੋਂ ਲੰਘਦੀ ਪੌਣ ਦਾ ਮਿੱਠਾ ਲੱਗਣਾ ਤੇ ਪੰਛੀਆਂ ਨੇ ਸੁਰ ਸੰਗੀਤ ਦਾ ਛੇੜਨਾ ਇੱਕ ਅਲੌਕਿਕ ਤੇ ਅਚੰਭੇ ਭਰੇ ਅਸਧਾਰਨ ਦ੍ਰਿਸ਼ ਦੀ ਕਲਮ ਚਿੱਤਰ ਬਿਆਨੀ ਦੇ ਨਾਲ ਨਾਲ ਭਾਸ਼ਾ ਦੇ ਧਿਆਨ ਨੂੰ ਉਸ ਖ਼ਾਸ ਖਿਣ ਨੂੰ ਉਜਾਗਰ ਵੀ ਕਰਦੀ ਹੈ,ਜੋ ਕੋਇਲ ਦੀ ਆਵਾਜ਼ ਦਾ ਸੁਮੇਲ ਕਰਦੀ ਕਰਦੀ ਕਹਿਕਸ਼ਾਂ ਦੀ ਹਮਸਫ਼ਰ ਬਣੀ ਤੇ ਦੋਹਾਂ ਦੇ ਅਹਿਸਾਸਾਂ ਨੇ ਇੱਕ ਦੂਜੇ ਨੇ ਅੱਖਾਂ ਦੇ ਸੁਪਨਿਆਂ ਰਾਹੀਂ ਉਹ ਪਲ ਜੀਣ ਦੀ ਹਾਮੀ ਭਰੀ ਜੋ ਅਸਲ ਜ਼ਿੰਦਗੀ 'ਚ ਕਦੇ ਮਿਲੇ ਵੀ ਨਹੀਂ ਸੀ।

  ਜਦ ਮੈਂ ਇਹ ਪਹਿਲਾ ਬੰਧ ਪੜ੍ਹ ਕੇ ਹਟਿਆ ਤਾਂ ਮੈਨੂੰ ਲੱਗਿਆ ਜਿਵੇਂ ਕੁਦਰਤ ਦੀ ਹਰ ਸ਼ੈਅ ਦੀ ਰੂਹ ਨੂੰ ਲੇਖਕਾ ਨੇ ਵਿਅਕਤੀਗਤ ਰੂਪ ਵਿਚ ਆਪਣੇ ਅੰਤਰਮੁਖੀ ਮਨ ਨਾਲ ਇੱਕ ਸੁਰ ਕਰ ਲਿਆ ਹੋਵੇ ਅਤੇ ਮੈਂ ਵੀ ਇਸ ਅਨੁਭਵ ਨੂੰ ਮਾਣਨ ਦਾ ਯਾਤਰੂ ਹੋਵਾਂ।

  ਕੁਝ ਪਲ ਰੁਕਣ ਪਿੱਛੋਂ, ਜਦ ਮੈਂ ਹੋਰ ਅਗੇਰੇ ਵਧਿਆ ਤਾਂ ਮੈਨੂੰ ਇਨ੍ਹਾਂ ਦੋਹਾਂ ਵਿਚਕਾਰ ਸੰਵਾਦ ਰਚਣ ਦਾ ਪਤਾ ਲੱਗਿਆ। ਇੱਕ ਦੱਸਦੀ ਗਈ, ਦੂਜੀ ਸੁਣਦੀ ਰਹੀ। ਕਹਿਕਸ਼ਾਂ ਨੇ ਗੱਲ ਤੋਰੀ -ਦੇਸ਼ ਦੇ ਬਟਵਾਰੇ ਦੀ-ਜੱਦੋ ਉਹ ਮਸੀਂ 13 ਕੁ ਵਰ੍ਹਿਆਂ ਦੀ ਹੋਵੇਗੀ।ਉਸ ਵੇਲੇ ਤਾਂ ਉਹ ਬੇਖ਼ਬਰ ਸੀ ਕਿ ਕੀ ਕਦੇ ਕਵਿਤਾ ਜਿਹੇ ਸੂਖਮ ਭਾਵ ਉਸ ਦੇ ਆਪੇ ਅੰਦਰ ਖਲਬਲੀ ਮਚਾਉਣਗੇ? ਲੇਖਕਾ ਦਾ ਮਨ, ਅਮੁੱਕ ਗੱਲਾਂ ਦਾ ਹੁੰਗਾਰਾ ਭਰੀ ਜਾ ਰਿਹਾ ਸੀ।ਇੱਕ ਸਿਰਜਦੀ ਰਹੀ ਤੇ ਦੂਜੀ ਨਤਮਸਤਕ ਹੋ ਉਸ ਦੀ ਸੁੱਚੀ ਇਬਾਰਤ ਨੂੰ ਇਬਾਦਤ ਦੇ ਰੂਪ ਵਿਚ ਸੁਣਦੀ ਰਹੀ। ਉਸ ਦੀਆਂ ਸਿਆਣੀਆਂ ਗੱਲਾਂ ਸੁਣਦਿਆਂ ਲੇਖਕਾ ਨੂੰ ਲੱਗਿਆ ਜਿਵੇਂ ਉਹ ਆਪਣੀ ਪੜਨਾਨੀ ਨਾਲ ਗੱਲਾਂ ਕਰ ਰਹੀ ਹੋਵੇ। ਅਹਿਸਾਸਾਂ ਦਾ ਇਕਸੁਰਤਾ ਵਿਚ ਲੀਨ ਹੋਣਾ ਦੱਸਦਾ ਸੀ ਕਿ ਨਾ ਉਹ ਉਸ ਦੀਆਂ ਅਮੁੱਕ ਗੱਲਾਂ ਦਾ ਕੇਵਲ ਹੁੰਗਾਰਾ ਭਰੀ ਜਾ ਰਹੀ ਸੀ, ਸਗੋਂ ਨਾਲ ਨਾਲ ਅਸੀਸਾਂ ਦੀ ਆਬਸ਼ਾਰ ਵਿਚ ਸਰਸ਼ਾਰ ਵੀ ਹੋ ਰਹੀ ਸੀ।ਦੋਹਾਂ ਦੀ ਮਨ ਬਚਣੀ ਵਿਚ ਬਹੁਤ ਕੁਝ ਕਿਹਾ ਸੁਣਿਆ ਗਿਆ ਅਤੇ ਮੈਂ ਮੂਕ ਦਰਸ਼ਕ ਦੇ ਰੂਪ ਵਿਚ ਡਾ:ਹਰਦੀਪ ਸੰਧੂ ਦੇ ਗਿਆਨਮਈ ਵਿਚਾਰਾਂ ਦੀ ਗਹਿਰਾਈ ਨੂੰ ਨਾਪਦਾ ਰਿਹਾ।ਉਹ ਕਹਿੰਦੀ ਹੈ ਕਿ 'ਅਹਿਸਾਸਾਂ ਦੀ ਸਾਂਝ ਦਾ ਰਿਸ਼ਤਾ ਸਭ ਤੋਂ ਸੁੱਚਾ ਰਿਸ਼ਤਾ ਹੁੰਦਾ ਹੈ, ਜਿਹੜਾ ਉਮਰਾਂ ਦੇ ਤਰਾਜ਼ੂ 'ਚ ਨਹੀਂ ਤੁਲਦਾ।'ਇਹ ਬਿਲਕੁਲ ਸਚਾਈ ਹੈ,ਪਰ ਮੇਰੀ ਸੋਚ ਇਸ 'ਉਮਰਾਂ ਦੇ ਤਰਾਜ਼ੂ' ਦੇ ਪੱਲੜਿਆਂ 'ਚ ਪੈ ਗਈ। ਮੈਂ ਸੋਚਦਾ ਰਿਹਾ-ਸੋਚਦਾ ਰਿਹਾ- - -ਤੇ ਆਖ਼ਿਰ ਇਸ ਦਾ ਜਵਾਬ ਮੈਨੂੰ ਸਤਿਕਾਰਤ ਕਮਲਾ ਘਟਔਰਾ ਜੀ ਦੇ ਕੁਮੈਂਟਸ ਤੋਂ ਮਿਲ ਗਿਆ।

  ਅੰਤਲੇ ਪੈਰੇ ਵਿਚ ਲੇਖਕਾ ਨੇ ਭਾਵਾਂ ਨੂੰ ਸਿਖਰ ਤੇ ਲਿਜਾ ਕੇ,ਉਨ੍ਹਾਂ ਦੀਆਂ ਪੁਸਤਕਾਂ ਦਾ ਕਲਾਤਮਿਕ ਤੇ ਸੁਚੱਜੇ ਢੰਗ ਨਾਲ ਵੇਰਵਾ ਵੀ ਦੇ ਦਿੱਤਾ ਹੈ,ਜਿਵੇਂ :'1)ਧੁੱਪ ਨਾਲ ਗੱਪ-ਸ਼ੱਪ, 2)ਚੁਲਬੁਲੀ ਰਾਤ ਨੇ,3)ਕੋਰੀ ਮਿੱਟੀ ਦੇ ਦੀਵੇ, 4)ਓਕ ਭਰ ਕਿਰਨਾਂ , 5)ਖ਼ੁਸ਼ਬੂ ਦਾ ਸਫ਼ਰ,6) ਇਕੱਲਾ ਸੀ ਸਮਾਂ ਅਤੇ7) ਸਫ਼ਰ ਦੇ ਛਾਲੇ ਨੇ ।' ਕਿਸੇ ਵਿਅਕਤੀ ਨੂੰ ਬਿਨਾਂ ਦੇਖਿਆਂ ਉਸ ਪ੍ਰਤੀ ਏਨੀ ਸ਼ਰਧਾ ਦਰਸਾਉਣੀ,ਅਜਿਹੀ ਇਨਸਾਨੀ ਫ਼ਿਤਰਤ ਕਿਸੇ ਕਿਸੇ ਨੂੰ ਹੀ ਨਸੀਬ ਹੁੰਦੀ ਹੈ।

  ਮੇਰਾ ਵਿਸ਼ਵਾਸ ਹੈ, ਜੋ ਵੀ ਇਸ ਹਾਇਬਨ ਨੂੰ ਦਿਲੋਂ ਪੜ੍ਹੇਗਾ, 'ਲੇਖਕਾ ਦੀ ਪਾਤਰ ਦਾ ਕਹਿਕਸ਼ਾਂ ਵਾਲਾ ਰੁੱਖ' ਉਸ ਦੇ ਵਿਹੜੇ ਦਾ ਵੀ ਸ਼ਿੰਗਾਰ ਬਣੇਗਾ।
  -ਸੁਰਜੀਤ ਸਿੰਘ ਭੁੱਲਰ-01-06-2016

  ReplyDelete
  Replies
  1. ਸੁਰਜੀਤ ਸਿੰਘ ਭੁੱਲਰ ਜੀ ਦਾ ਸਫ਼ਰਸਾਂਝ ਨਾਲ ਜੁੜਨਾ ਅਤਿ ਸੁਭਾਗਾ ਹੈ। ਅਜਿਹੇ ਆਲੋਚਕ ਦੀ ਸਾਨੂੰ ਬੜੀ ਲੋੜ ਸੀ ਜੋ ਆਪਣੇ ਵਿਚਾਰਾਂ ਦੀ ਸਾਂਝ ਪਾ ਕੇ ਹਰ ਲਿਖਤ ਨੂੰ ਹੋਰ ਰੌਚਕ ਬਣਾ ਦੇਵੇ।
   ਸੂਰਜੀਤ ਸਿੰਘ ਭੁੱਲਰ ਜੀ ਨੇ ਬੜੀ ਬਰੀਕੀ ਨਾਲ ਹਾਇਬਨ ਦਾ ਅੱਖਰ -ਅੱਖਰ ਆਪਣੀ ਕੀਤੀ ਵਿਆਖਿਆ 'ਚ ਪਰੋਇਆ ਹੈ। ਹਾਇਬਨ ਨੂੰ ਪੜ੍ਹਨ ਤੇ ਸਾਰਥਕ ਅੰਦਾਜ਼ 'ਚ ਪਰਖਣ ਲਈ ਸਭ ਤੋਂ ਪਹਿਲਾਂ ਆਪ ਜੀ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਹਾਂ। ਆਪ ਨੇ ਸਹੀ ਪਛਾਣਿਆ ਹੈ ਕਿ ਮੇਰਾ ਲਿਖਣ ਅਭਿਆਸ ਨੇ ਤੇ ਮੇਰੀ ਕੁਦਰਤ ਪ੍ਰਤੀ ਮੋਹ ਮੈਥੋਂ ਮੱਲੋ -ਮੱਲੀ ਇਹ ਸਭ ਕੁਝ ਲਿਖਵਾ ਲੈਂਦਾ ਹੈ। ਕਦੇ ਕਦੇ ਇਹ ਕੁਦਰਤ ਮੈਨੂੰ ਮੇਰੇ ਆਪੇ ਨਾਲ ਇੱਕ ਮਿੱਕ ਹੋਈ ਜਾਪਦੀ ਹੈ।
   ਹਾਇਬਨ ਵਿਚਲੇ ਸੰਵਾਦ ਕਾਲਪਨਿਕ ਨਹੀਂ ਹਨ। ਕੁਝ ਸੰਵਾਦ ਫੋਨ 'ਤੇ ਹੋਈ ਗੱਲਬਾਤ ਤੇ ਕੁਝ ਚਿੱਠੀ ਰਾਹੀਂ। ਇਹ ਸੱਚ ਹੈ ਕਿ ਅਸੀਂ ਦੋਵੇਂ ਇੱਕ ਦੂਜੇ ਨੂੰ ਕਦੇ ਨਹੀਂ ਮਿਲੇ ਪਰ ਮੈਨੂੰ ਇਹ ਕਦੇ ਨਹੀਂ ਲੱਗਿਆ ਕਿ ਮੈਂ ਮੇਰੀ ਅਤਿ ਸਤਿਕਾਰਿਤ ਪਾਤਰ ਨੂੰ ਕਦੇ ਮਿਲੀ ਹੀ ਨਹੀਂ। ਉਹ ਕੋਈ ਹੋਰ ਨਹੀਂ ਹਿੰਦੀ ਸਾਹਿਤ ਦੀ ਜਾਣੀ -ਪਛਾਣੀ ਲੇਖਕਾ ਡਾ. ਸੁਧਾ ਗੁਪਤਾ ਜੀ ਨੇ , ਜਿਨ੍ਹਾਂ ਦੀਆਂ ਕਿਤਾਬਾਂ ਦਾ ਮੈਂ ਜ਼ਿਕਰ ਕੀਤਾ ਹੈ। ਸੱਚ ਜਾਣਿਓ ਮੈਂ ਉਸ ਦੀ ਕਹਿਕਸ਼ਾਂ ਦਾ ਖੂਬ ਅਨੰਦ ਮਾਣਦੀ ਹਾਂ।
   ਭੁੱਲਰ ਜੀ ਦਾ ਕਿਹਾ ਸ਼ਾਇਦ ਸੱਚ ਹੋ ਜਾਵੇ ਕਿ ਜੋ ਵੀ ਇਸ ਹਾਇਬਨ ਨੂੰ ਦਿਲੋਂ ਪੜ੍ਹੇਗਾ, 'ਲੇਖਕਾ ਦੀ ਪਾਤਰ ਦਾ ਕਹਿਕਸ਼ਾਂ ਵਾਲਾ ਰੁੱਖ' ਉਸ ਦੇ ਵਿਹੜੇ ਦਾ ਵੀ ਸ਼ਿੰਗਾਰ ਬਣੇਗਾ।
   ਇੱਕ ਵਾਰ ਫਿਰ ਕੋਟਿ -ਕੋਟਿ ਧੰਨਵਾਦ !ਇਸੇ ਤਰਾਂ ਆਪਣੇ ਵੱਡਮੁੱਲੇ ਵਿਚਾਰਾਂ ਦੀ ਸਾਂਝ ਪਾਉਂਦੇ ਰਹਿਣਾ।
   ਹਰਦੀਪ

   Delete
 3. A message via e-mail:
  ਪਹਿਲਾਂ ਐਂ ਦੱਸ ਕਿ ਐਨਾ ਸੋਹਣਾ ਲਿਖਣਾ ਕਿੱਥੋਂ ਸਿੱਖਿਆ ਹੈ ? ਹਰ ਵਾਰ ਦੀ ਤਰਾਂ ਲਾਜਵਾਬ ! ਜਿਸ ਬਾਰੇ ਲਿਖਿਆ ਹੈ ਓਸ ਤੱਕ ਪਹੁੰਚਦਾ ਜ਼ਰੂਰ ਕਰ ਦੇਣਾ।
  ਤੇਰੀ ਮਾਸੀ
  ਪ੍ਰੋ ਸੁਰਿੰਦਰ ਕੌਰ ਸਿੱਧੂ

  ReplyDelete
 4. A message via Whats app:
  ਖੂਬਸੂਰਤ ਅਹਿਸਾਸਾਂ ਨਾਲ ਸੋਹਣਾ ਲਿਖਿਆ ਹੈ।
  ਸ਼ਾਬਾਸ਼ ਤੇ ਸ਼ੁਭਕਾਮਨਾਵਾਂ !
  ਤੇਰੀ ਮੰਮੀ

  ReplyDelete
 5. ਇੱਕ ਖੂਬਸੂਰਤ ਹਾਇਬਨ ! ਕੁਦਰਤ ਦੇ ਸੋਹਣੇ ਬਿੰਬਾਂ ਨਾਲ ਭਰਪੂਰ ਇੱਕ ਹੋਰ ਵਧੀਆ ਲਿਖਤ !

  ReplyDelete
 6. ਹਾਇਬਨ ਦੀ ਖੂਬਸੂਰਤੀ ਬਾਰੇ ਬਹੁਤ ਕੁਝ ਲਿਖਿਆ ਜਾ ਚੁਕਾ ਹੈ , ਸਭ ਪੜਿਆ ਅਤੇ ਸਾਰਿਆਂ ਨਾਲ ਪੂਰੇ ਦਿਲ ਨਾਲ ਸਹਿਮਤ ਹਾਂ |

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ