ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 May 2016

ਕੁਝ ਨਵਾਂ ਨਕੋਰ

ਕਲਾ ਸਾਡੇ ਅੰਤਰੀਵ 'ਚ ਜਿਉਂਦੀ ਹੈ ਤੇ ਸ਼ਬਦਾਂ ਤੇ ਰੰਗਾਂ ਨਾਲ ਜਨਮ ਲੈਂਦੀ ਹੈ। ਕੋਮਲ ਭਾਵਨਾਵਾਂ ਦੀ ਸ਼ਾਬਦਿਕ ਵਿਆਖਿਆ ਹੀ ਕਲਾ ਹੈ। ਇਹ ਇੱਕ ਕਲਾਕਾਰ ਦਾ ਪੈਦਾਇਸ਼ੀ ਗੁਣ ਮੰਨੀ ਗਈ ਹੈ। ਇਸ ਨੂੰ ਪੈਦਾ ਨਹੀਂ ਕੀਤਾ ਜਾ ਸਕਦਾ। ਸਗੋਂ ਸਾਧਨਾ ਨਾਲ ਤਰਾਸ਼ਿਆ ਤੇ ਸੰਵਾਰਿਆ ਜਾ ਸਕਦਾ ਹੈ। ਸੁਰਜੀਤ ਸਿੰਘ ਭੁੱਲਰ ਇੱਕ ਐਸਾ ਕਲਾਕਾਰ ਹੈ ਜਿਸ ਨੇ ਲਿਖਣ ਕਲਾ ਨੂੰ ਆਪਣੀ ਰੂਹ 'ਚ ਵਸਾ ਲਿਆ ਹੈ। ਨਿੱਤ ਆਪਣੇ ਮਨ ਦੀਆਂ ਤਹਿਆਂ ਫਰੋਲਦਾ ਉਹ ਏਸੇ ਰਾਹੀਂ ਹੀ ਸਾਹ ਲੈਂਦਾ ਹੈ। ਓਸ ਨੇ ਸੁੱਚੀ ਸਾਧਨਾ ਨਾਲ ਆਪਣੀ ਲੇਖਣ ਕਲਾ ਨੂੰ ਤਰਾਸ਼ ਕੇ ਹੀਰਾ ਬਣਾ ਲਿਆ ਹੈ। ਉਹ ਜਦ ਕੁਝ ਲਿਖਦਾ ਹੈ ਤਾਂ ਓਸ ਨੂੰ ਖੁਦ ਜਿਉਂਦਾ ਹੈ। ਕਿਸੇ ਵੀ ਰਚਨਾ ਨੂੰ ਓਹ ਸਿਰਫ਼ ਪੜ੍ਹਦਾ ਹੀ ਨਹੀਂ ਸਗੋਂ ਗੁਣਦਾ ਵੀ ਹੈ। ਇਹ ਗੁਣ ਬਹੁਤ ਹੀ ਘੱਟ ਲੋਕਾਂ ਦੇ ਹਿੱਸੇ ਆਇਆ ਹੈ। 
               ਸਫ਼ਰਸਾਂਝ ਨੇ 12 ਮਈ 2016 ਨੂੰ ਦਿਲਜੋਧ ਸਿੰਘ ਹੋਣਾਂ ਦਾ ਲਿਖਿਆ ਝਾਤੀਆਂ ਹਾਇਬਨ ਪ੍ਰਕਾਸ਼ਿਤ ਕੀਤਾ ਸੀ। ਇਹ ਹਾਇਬਨ ਮਨੁੱਖ ਦੀ ਬੇਚੈਨ ਇੱਕਲਤਾ ਨੂੰ ਚਿਤਵਦਾ ਹੈ। ਇੱਕਲਤਾ 'ਚ ਭਾਵੇਂ ਤੁਸੀਂ ਆਪਣੇ ਆਪ ਤੋਂ ਜਾਣੁ ਹੁੰਦੇ ਹੋ ਤੇ ਆਪਣਿਆਂ ਨੂੰ ਯਾਦ ਕਰਦੇ ਹੋ ਪਰ ਏਸ ਇੱਕਲਤਾ ਦੇ ਡੂੰਘੇ ਸਾਗਰ ਨੂੰ ਪਾਰ ਕਰਨਾ ਔਖਾ ਹੀ ਜਾਪਦਾ ਹੈ। ਇਹ ਹਾਇਬਨ ਪੜ੍ਹਨ ਲਈ ਇੱਥੇ ਕਲਿੱਕ ਕਰੋ। 

         ਸੁਰਜੀਤ ਸਿੰਘ ਭੁੱਲਰ ਨੇ ਆਪਣੇ ਸ਼ਬਦਾਂ 'ਚ ਏਸ ਦੀ ਵਿਆਖਿਆ ਇਸ ਤਰਾਂ ਕੀਤੀ ਹੈ - 
Surjit Bhullar's Profile Photo
ਝਾੜੀਆਂ (ਹਾਇਬਨ) ਨੂੰ ਪੜ੍ਹਦਿਆਂ ਹੀ, ਮੇਰਾ ਮਨ ਮੈਨੂੰ ਸੁਤੇ - ਸੁੱਧ ਆਪਣੇ ਅਤੀਤ ਵੱਲ ਉਂਗਲ ਫੜ ਲੈ ਤੁਰਿਆ।ਆਪਣੇ ਦੇਸ਼ ਦੇ ਚਲਾਕ ਕਾਂਵਾਂ ਦੀਆਂ ਬਚਪਨ ਵਿੱਚ ਦੇਖੀਆਂ - ਸੁਣੀਆਂ ਅਣਗਿਣਤ ਘਟਨਾਵਾਂ ਦਿਮਾਗ਼ 'ਚ ਘੁੰਮ ਗਈਆਂ।ਆਰੰਭਿਕ ਸ਼ਬਦ ਚਿੱਤਰ ਹੀ ਐਨਾ ਪ੍ਰਭਾਵਸ਼ਾਲੀ ਹੈ ਕਿ ਕਾਂਵਾਂ ਦੀ ਕਾਂ-ਰੌਲ਼ੀ ਵਿੱਚ ਵੀ ਆਪਣੇ ਦੇਸ਼ ਦੇ ਘਰਾਂ ਤੇ ਇੱਥੋਂ ਦੇ ਘਰਾਂ ਵੱਲ ਸੋਚ ਨੇ ਘੇਰਾ ਆ ਪਾਇਆ। ਮਨ ਸੋਚੀਂ ਪੈ ਗਿਆ ਕਿ ਕਿਵੇਂ ਕੋਈ ਵਿਅਕਤੀ ਪੱਛਮੀ ਦੇਸ਼ਾਂ ਵਿੱਚ ਰਹਿੰਦਾ ਹੋਇਆ,ਜੀਵਨ ਦੇ ਸਾਰੇ ਸੁੱਖ ਅਨੰਦ ਭੋਗਦਾ ਦੋ ਵੱਖ- ਵੱਖ ਹਾਲਾਤ ਵਿੱਚੋਂ ਦੀ ਲੰਘਦਾ,ਅਜੇ ਵੀ ਉਲਝਣ 'ਚ ਪਿਆ ਭਟਕਦਾ ਰਹਿੰਦਾ ਹੈ।
        ਲੋਕੀਂ ਠੀਕ ਹੀ ਕਹਿੰਦੇ ਨੇ ਕਿ ਜਿਵੇਂ ਪੂਰਬ ਅਤੇ ਪੱਛਮ ਆਪਸ ਵਿਚ ਕਦੇ ਮਿਲ ਨਹੀਂ ਸਕਦੇ,ਇਸੇ ਤਰ੍ਹਾਂ ਜ਼ਿੰਦਗੀ ਦੇ ਜਿਊਣ ਦੇ ਫ਼ਲਸਫ਼ੇ ਅਤੇ ਵਿਸ਼ਵਾਸ ਵਿੱਚ ਵੀ ਭਿੰਨਤਾਵਾਂ ਹੋਣ ਕਾਰਨ,ਮਨ ਅੰਦਰਲੇ ਸੱਚ ਦੀ ਤਲਾਸ਼ ਦਾ ਮਾਰਗ ਵੀ ਵੱਖਰਾ ਵੱਖਰਾ ਹੀ ਹੁੰਦਾ। ਹਰ ਸਭਿਆਚਾਰ ਵਿੱਚ ਰਿਸ਼ਤੇ ਹੀ ਪਰਿਵਾਰ ਤਿਆਰ ਕਰਦੇ ਹਨ,ਪਰ ਇਹਨਾਂ ਦੀ ਸਾਰਥਿਕਤਾ ਨੂੰ ਸਹੀ ਤਰੀਕੇ ਨਾਲ ਕਾਇਮ ਰੱਖਣਾ ਹਰ ਵਿਅਕਤੀ ਦੇ ਆਪਣੇ ਹੱਥ ਹੁੰਦਾ ਹੇ। ਪੱਛਮੀ ਸਭਿਅਤਾ ਵਿੱਚ, ਵਿਅਕਤੀਗਤ ਨੂੰ ਪਰਿਵਾਰ 'ਤੇ ਤਰਜੀਹ ਦਿੱਤੀ ਗਈ ਹੈ ਜਦ ਕਿ ਪੂਰਬੀ ਸਮਾਜ ਸੰਯੁਕਤ ਪਰਿਵਾਰ  'ਤੇ ਬਲ ਦਿੱਤਾ ਜਾਂਦਾ ਹੈ।
     ਇਸੇ ਸੰਦਰਭ ਵਿੱਚ ਲੇਖਕ ਕਈ ਨਾਟਕੀ ਸਥਿਤੀ ਦੇ ਉਪ ਪਲਾਟਾਂ ਨਾਲ ਆਪਣੇ ਆਸ਼ੇ ਵੱਲ ਵਧਣਾ ਸ਼ੁਰੂ ਕਰਦਾ ਹੈ।ਪਹਿਲਾਂ ਕਾਂ ਦੀ ਇੱਕਲਤਾ ਨੂੰ ਅਮਰੀਕੀ ਬਜ਼ੁਰਗ ਜੋੜੇ ਦੀ ਤਨਹਾਈ, ਫਿਰ ਕਈ ਹਜ਼ਾਰ ਗਜ ਵਾਲੇ ਮੁੱਖ ਘਰ ਨੂੰ ਛੱਡ ਕੇ,ਇਸ ਦੇ ਪਿਛਵਾੜੇ  ਇੱਕੋ ਕਮਰੇ 'ਚ ਗੁਜ਼ਰਾਨ, ਸੜਕ 'ਤੇ ਇੱਕ ਕਮਜ਼ੋਰ ਬਜ਼ੁਰਗ ਕਾਲੀ ਅਮਰੀਕਨ ਦਾ ਚੱਲਣਾ ਤੇ ਪੁਰਾਣੇ ਮਾਡਲ ਦੀ ਕਾਰ ਨੂੰ ਢਲਦੀ ਉਮਰ ਦਾ ਸਹਿਜਤਾ ਨਾਲ ਤੁਲਨਾ ਕਰਦਿਆਂ,ਪਾਠਕ ਦੇ ਮਨ ਤੇ ਨਕਸ਼ ਉੱਕਰਨ ਵਿਚ ਪੂਰੀ ਤਰ੍ਹਾਂ ਸਫਲ ਰਿਹਾ ਹੈ।
     ਅੱਗੇ ਚੱਲਦਿਆਂ ਲੇਖਕ ਆਪਣੇ ਵਿਚਾਰਾਂ ਵਿੱਚ ਦਾਰਸ਼ਨਿਕ ਪ੍ਰਭਾਵ ਪੈਦਾ ਕਰਦਿਆਂ ਕਹਿੰਦਾ ਹੈ ਕਿ ਕੀ ਇੱਥੇ ਮਕਾਨ ਕੇਵਲ ਭੋਗਣ ਦੀ ਵਸਤੂ ਹੀ ਹੁੰਦੇ ਹਨ ਤੇ ਰਿਸ਼ਤਿਆਂ ਦੀ ਤੰਦ ਵੀ ਓਨੀ ਹੀ ਕੱਚੀ ? ਉਹ ਅਜਿਹੀਆਂ ਪ੍ਰਸਥਿਤੀਆਂ ਨੂੰ ਆਪਣੇ ਦੇਸ਼ ਨਾਲ ਤੁਲਨਾ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਕਾਂ ਦੀ ਕਾਂ-ਕਾਂ ਉਸ ਦੀ ਸੋਚ ਨੂੰ ਝੰਜੋੜਦੀ ਹੈ,ਜਿਵੇਂ ਕਹਿੰਦੀ ਹੋਵੇ ਕਿ ਤੂੰ ਇੱਕਲਤਾ ਦੀ ਉਦਾਸੀ ਵਿਚ ਘਿਰਿਆ ਹੋਇਆ ਹੈਂ, ਮੇਰੀ ਫ਼ਿਕਰ ਛੱਡ ਤੂੰ ਆਪਣੀ ਸੋਚ।
     ਇੱਥੇ ਪਹੁੰਚ ਕੇ,ਦਿਲਜੋਧ ਸਿੰਘ ਮਨੁੱਖ ਦੀ ਤ੍ਰਾਸਦੀ ਤੇ ਬੇਬਸੀ ਦੀ ਤਸਵੀਰ ਨੂੰ ਪ੍ਰਭਾਵਮਈ ਪੂਰਨਤਾ ਨਾਲ ਹਾਇਬਨ ਵਿੱਚ ਪੇਸ਼ ਕਰਨ ਵਿਚ ਸਫਲ ਹੋਇਆ ਹੈ, ਮੈਂ ਜਿਸ ਦੀ ਸ਼ਲਾਘਾ ਕਰਦਾ ਹਾਂ।

-ਸੁਰਜੀਤ ਸਿੰਘ ਭੁੱਲਰ-16-05-2016


      ਹਾਇਬਨ ਦੀ ਲੜੀ ਨੂੰ ਹੋਰ ਅੱਗੇ ਤੋਰਦਿਆਂ 21 ਮਈ 2016 ਨੂੰ ਮੇਰਾ ਲਿਖਿਆ ਹਾਇਬਨ ਰੁਣਝੁਣ ਪ੍ਰਕਾਸ਼ਿਤ ਹੋਇਆ। ਇਸ ਹਾਇਬਨ 'ਚ ਕਾਦਰ ਦੀ ਕੁਦਰਤ ਦੇ ਅਜਬ ਨਜ਼ਾਰੇ ਨੂੰ ਪੇਸ਼ ਕੀਤਾ ਗਿਆ ਸੀ। ਅਸੀਂ ਸਾਰੇ ਕੁਦਰਤ ਦੇ ਅੰਗ -ਸੰਗ ਹੀ ਜਿਉਂਦੇ ਹਾਂ। ਬੱਸ ਲੋੜ ਹੈ ਜ਼ਰਾ ਖਲ੍ਹੋ ਕੇ ਖੁੱਲ੍ਹੀਆਂ ਅੱਖਾਂ ਨਾਲ ਏਸ ਨੂੰ ਤੱਕਣ ਦੀ। ਇਹ ਹਾਇਬਨ ਪੜ੍ਹਨ ਲਈ ਇੱਥੇ ਕਲਿੱਕ ਕਰੋ। ਬਹੁਤਾ ਕੁਝ ਨਾ ਕਹਿੰਦੀ ਹੋਈ ਮੈਂ ਭੁੱਲਰ ਸਾਹਿਬ ਹੋਣਾਂ ਦੀ ਜ਼ੁਬਾਨੀ ਏਸ ਦੀ ਵਿਆਖਿਆ ਸੁਣਾਉਂਦੀ ਹਾਂ  - 

'ਰੁਣਝੁਣ' ਵਿੱਚ ਲੇਖਕਾ ਕੁਦਰਤ ਦੀ ਗੋਦੀ ਵਿਚੋਂ ਜੰਮੇ ਮੱਘਰ ਮਹੀਨੇ ਦਾ ਕਲਾਤਮਕ ਢੰਗ ਨਾਲ ਵਰਣਨ ਕਰਦਿਆਂ ਤੇ ਏਸ ਦਾ ਨਿੱਘ ਮਾਣਦੀ ਦੀ ਜਦ ਜਾਗ ਖੁੱਲ੍ਹਦੀ ਹੈ ,ਤਾਂ ਵਿਹੜੇ ਵਿੱਚ ਪੰਛੀਆਂ ਦੇ ਸੁਰਾਂ ਦੀ ਚਹਿਚਹਾਟ ਸੁਣਦੀ ਹੈ। ਇਹ ਉਨ੍ਹਾਂ ਪ੍ਰਤੀ ਉਸ ਦੀ ਪ੍ਰੀਤੀ ਤਾਂਘ ਨੂੰ ਰੂਪਮਾਨ ਕਰਦੀ ਹੈ।ਉਸ ਦਾ ਬਚਪਨ ਤੋਂ ਹੀ ਪੰਛੀਆਂ ਲਈ ਬਹੁਤ ਪਿਆਰ ਰਿਹਾ ਹੈ। ਭਾਵੇਂ ਇਹ ਗੱਲ ਹੋਰ ਹੈ ਕਿ ਉਸ ਦੇ ਕੁਝ ਪੱਕੇ ਮਿੱਤਰ ਪੰਛੀ ਸਮੇਂ ਦੇ ਮਾਰੂ ਹੱਥਾਂ 'ਚ ਫੜੇ ਕਿਤੇ ਜਾ ਡਿੱਗੇ, ਜਿਨ੍ਹਾਂ ਨੂੰ ਉਹ ਆਪਣੇ ਚੇਤਿਆਂ ਵਿਚੋਂ ਅਜੇ ਤਕ ਵੀ ਵਿਸਾਰ ਨਹੀਂ ਸਕੀ। ਜਿਵੇਂ -'ਉਹ ਤਾਂ ਰੋਣਹਾਕੀ ਹੋ ਜਾਂਦੀ ਸੀ, ਜਦ ਉਸ ਦੀ ਆਪਣੀ ਰੰਗੀ ਚਿੜੀ ਨੂੰ ਉਡੀਕ ਕਰਦੀ ਹੋਰ ਹੋਰ ਚਿੜ੍ਹੀਆਂ , ਕਾਂ, ਕਬੂਤਰ, ਘੁੱਗੀਆਂ ਤੇ ਕਾਟੋਆਂ ਆ ਵਿਹੜੇ ਖਿੱਲਰਿਆ ਚੋਗ ਚੁਗ ਜਾਂਦੀਆਂ।

      ਮੈਂ ਤਾਂ ਉਸ ਉਮਰੇ ਦੀ ਬਾਲੜੀ ਲੇਖਕਾ ਨੂੰ ਜੀਵਾਂ ਦੇ ਮਾਧਿਅਮ ਰਾਹੀਂ ਅਧਿਆਤਮਕ ਪ੍ਰੀਤ ਨੂੰ ਰੂਪਮਾਨ ਕਰਨ ਵਾਲੀ ਮੰਨਦਾ ਹਾਂ, ਜਿਸ ਨੇ ਪੰਛੀਆਂ ਪ੍ਰਤੀ ਏਨਾ ਮੋਹ ਅੱਜ ਤਕ ਵੀ ਕਾਇਮ ਰੱਖਿਆ ਹੈ।ਇਸ ਮੋਹ ਨੂੰ ਇਹਨਾਂ ਸੁੰਦਰ ਵਾਕਾਂ ਰਾਹੀਂ  ਪ੍ਰਗਟਾ ਕੇ ਤਾਂ ਕਮਾਲ ਕਰ ਦਿਖਾਈ ਹੈ," ਪੰਖੇਰੂਆਂ ਦੀਆਂ ਕਲਾਤਮਿਕ ਛੋਹਾਂ ਨਾਲ ਬਣਾਏ ਆਲ੍ਹਣੇ ਮੈਨੂੰ ਬੜੇ ਸੋਹਣੇ ਲੱਗਦੇ ਸਨ। ਪੰਛੀਆਂ ਦੇ ਰੰਗ -ਬਿਰੰਗੇ ਆਂਡੇ ਵੇਖ ਕੇ ਮਨ ਨੂੰ ਧੂਹ ਜਿਹੀ ਪੈਂਦੀ ਸੀ।" ਅਸਲ ਵਿੱਚ ਉਹ ਤਾਂ ਇਨ੍ਹਾਂ ਰਾਹੀਂ "ਬਲਿਹਾਰੀ ਕੁਦਰਤ ਵੱਸਿਆ, ਤੇਰਾ ਅੰਤੁ ਨਾ ਜਾਏ ਲੱਖਿਆ" ਦੇ ਮਹਾਂਵਾਕ ਅਨੁਸਾਰ ਕਾਦਰ ਨਾਲ ਆਪਣੀ ਸਾਂਝ ਪਾਉਣਾ ਲੋਚਦੀ ਰਹਿੰਦੀ ਹੈ। 
     
     ਇਹ ਦਾਲਚੀਨੀ ਜਾਂ ਸੁਰਮਈ ਜਿਹੇ ਰੰਗ ਵੀ ਸਾਡੀ ਜ਼ਿੰਦਗੀ ਵਿੱਚ ਨਿੱਤ ਪ੍ਰਤੀ ਉਤਰਾਓ ਚੜ੍ਹਾਓ ਤੇ ਆਉਣ ਵਾਲੀਆਂ ਘਟਨਾਵਾਂ ਵੱਲ ਸੰਕੇਤ ਕਰਦੇ ਹਨ।ਇਸੇ ਸਿਲਸਿਲੇ ਵਿੱਚ ਜਦ ਉਸ ਦੀ ਬਿਰਤੀ ਇੱਕ ਪਾਸੇ ਇਕੱਲੀ ਬੈਠੀ ਘੁੱਗੀ ਦੀ ਘੁੱਗੂ-ਘੂੰ ਵੱਲ ਜਾਂਦੀ ਹੈ,ਤਾਂ ਉਹ ਉਸ ਨੂੰ ਕਿਸੇ ਪਹੁੰਚੇ ਹੋਏ ਫ਼ਕੀਰ ਵਾਂਗ ਪਾਲਣਹਾਰ ਦੀ ਇਬਾਦਤ ਕਰਦੀ ਮਹਿਸੂਸ ਹੁੰਦੀ ਹੈ।ਅਸਲ ਵਿੱਚ ਇਹ ਲੇਖਕਾ ਦੀ ਮਾਨਸਿਕ ਸਥਿਤੀ ਹੈ,ਜੋ ਉਹਦੇ ਮਨ ਦੀ ਸੱਖਣਤਾ ਨੂੰ ਕਾਦਰ ਦੀ ਸਾਜੀ ਤੇ ਨਿਵਾਜੀ ਇਸ ਕੁਦਰਤ ਦੀ ਵਿਸ਼ਾਲਤਾ ਦਾ ਅਨੰਦ ਲੈਣ ਲਈ ਨੇੜਤਾ ਬਣਾਉਣ ਦਾ ਕਲਾਤਮਕ ਉਪਰਾਲਾ ਕਰਵਾ ਰਹੀ ਜਾਪਦੀ ਹੋਵੇ; ਇੱਕ ਸਾਂਝ ਪਾਉਂਦੀ ਲੱਗਦੀ ਹੋਵੇ।ਇਸੇ ਲਈ ਪੰਛੀਆਂ ਦੇ ਸੰਗੀਤ ਨਾਲ ਇੱਕ ਮਿੱਕ ਹੋਇਆਂ,ਸਵੇਰ ਦੇ ਵੇਲੇ ਦੇ ਕੁਦਰਤੀ ਹੁਸਨ ਤੇ ਸੁਹਾਵਣੇ ਪਲ ਜੀਵਨ ਨੂੰ ਉਤਸ਼ਾਹ,ਉਮਾਹ ਤੇ ਖ਼ੁਸ਼ੀ ਖੇੜਿਆਂ ਦਾ ਕਾਰਨ ਬਣਦੇ ਹਨ ਤੇ ਜੀਵਨ 'ਚ ਨਵਾਂ ਜੋਸ਼ ਭਰਦੇ ਹਨ।
ਡਾ:ਹਰਦੀਪ ਕੌਰ ਸੰਧੂ ਹੋਰਾਂ ਦੀ ਲਿਖਤ ਵਿਚਲੇ ਅਹਿਸਾਸ ਮਖ਼ਮਲੀ ਤੇ ਨਵੀਨਤਾਕਾਰੀ ਹਨ,ਜੋ ਆਪਣੇ ਚੌਗਿਰਦੇ ਵਿੱਚੋਂ ਵਿਚਰਦੀਆਂ ਮਾਮੂਲੀ ਤੇ ਨਿੱਕੀਆਂ ਘਟਨਾਵਾਂ ਨੂੰ ਆਪਣੀ ਕਾਵਿਕ ਸ਼ਕਤੀ ਨਾਲ ਸਜਾ ਕੇ ਪਾਠਕਾਂ ਦੇ ਮਨਾਂ ਨੂੰ ਟੁੰਬਣ ਦੀ ਸਮਰੱਥਾ ਰੱਖਦੇ ਹਨ। 
- ਸੁਰਜੀਤ ਸਿੰਘ ਭੁੱਲਰ-21-05-2016


ਸੁਰਜੀਤ ਸਿੰਘ ਭੁੱਲਰ ਇੱਕ ਬਹੁ -ਪੱਖੀ ਸ਼ਕਸੀਅਤ ਦੇ ਮਾਲਕ ਨੇ। ਇੱਕ ਕਵੀ ਵਜੋਂ ਸਥਾਪਤ ਨਾਂ ਹੈ। ਪੰਜਾਬੀ ਸਾਹਿਤ ਦੇ ਖੇਤਰ ਵਿੱਚ ਸੁਰਜੀਤ ਸਿੰਘ ਭੁੱਲਰ ਹੋਣਾਂ ਦਾ ਨਾਂ ਇੱਕ ਚੰਗੇ ਆਲੋਚਕ ਵਜੋਂ ਜ਼ਰੂਰ ਦਰਜ ਹੋਵੇਗਾ। ਅਜਿਹਾ ਮੇਰਾ ਮੰਨਣਾ ਹੈ। ਆਸ ਕਰਦੀ ਹਾਂ ਕਿ ਸਾਡੇ ਪਾਠਕ ਵੀ ਇਸ ਗੱਲ ਨਾਲ ਸਹਿਮਤ ਹੋਣਗੇ। 


ਡਾ .ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 74 ਵਾਰ ਪੜ੍ਹੀ ਗਈ 

2 comments:

  1. ਮਾਨਯੋਗ ਸੁਜੀਤ ਸਿੰਘ ਜੀ ਦੀ ਦੋਨੋਂ ਹਾਇਬਨ ਦੀ ਵਿਆਖਿਆ ਨੇ ਲਿਖਤ ਦੇ ਅਂਦਰਛੁਪੀ ਅਨ ਪਰਕਟੀ ਕਹਾਨੂ ਨੂ ਖੋਲ ਕੇ ਰਖ ਦਿੱਤਾ ਹੈ । ਜੋ ਸਾਨੂ ਬਾਹਰ ਦੇ ਹੀ ਨਹੀ ਮਨ ਦੇ ਉਸ ਵਕਤ ਦੇ ਭਾਵਾਂ ਨਾਲ ਵੀ ਮਿਲਾ ਦਿਂਦੀ ਹੈ । ਵਿਆਖਿਆ ਪੜਕੇ ਪਾਠਕ ਲਿਖਤ ਨੂ ਬੜੀ ਉਤਸੁਕਤਾ ਨਾਲ ਪੜਨਾ ਚਾਹੁਦਾਂ ਹੈ। ਵਿਆਖਿਆ ਕਾਰ ਕੀ ਏਹੀ ਸਬ ਸੇ ਬੜੀ ਸਫਲਤਾ ਹੈ ।ਉਸ ਕਾ ਹੁਨਰ ਹੈ ।

    ReplyDelete
  2. ਭੁੱਲਰ ਜੀ ਨੇ ਸਰਲ ਤੇ ਸਾਦੀ ਸ਼ਬਦਾਵਲੀ ਵਿੱਚ ਦੋਹੇਂ ਹਾਇਬਨ ਦੀ ਵਿਆਖਿਆ ਕਰ ਪਾਠਕ ਵਰਗ 'ਚ ਹੋਰ ਦਿਲਚਸਪੀ ਪੈਦਾ ਕਰ ਦਿੱਤੀ ਹੈ। ਆਪ ਦੀ ਕੀਤੀ ਵਿਆਖਿਆ ਪੜ੍ਹ ਕੇ ਜਦੋਂ ਇਹ ਹਾਇਬਨ ਪੜ੍ਹੇ ਜਾਣਗੇ ਤਾਂ ਪਾਠਕ ਆਪਣੀ ਸੋਚ ਦੇ ਨਾਲ ਨਾਲ ਏਸ ਵਿਆਖਿਆ ਨੂੰ ਰਲਾ ਕੇ ਹਾਇਬਨ ਦੀ ਰੂਹ ਤੱਕ ਸੌਖਾ ਹੀ ਅੱਪੜ ਜਾਵੇਗਾ। ਭੁੱਲਰ ਜੀ ਦਾ ਸਾਡੇ ਨਾਲ ਜੁੜਨਾ ਸਾਡੇ ਲਈ ਅਤਿ ਖੁਸ਼ੀ ਤੇ ਫਖਰ ਦੀ ਗੱਲ ਹੈ। ਸ਼ਾਲਾ ਆਪ ਦੀ ਕਲਮ ਇਸੇ ਤਰਾਂ ਸਾਡਾ ਮਾਰਗ ਦਰਸ਼ਨ ਕਰਦੀ ਰਹੇ। ਏਹੋ ਦੁਆ ਕਰਦੀ ਹਾਂ।
    ਹਰਦੀਪ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ