ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Jun 2016

ਸੁੱਖੀ ਦੇ ਅਠਾਰਾਂ ਸਾਲਾਂ ਵਿਚੋਂ ਆਖ਼ਰੀ ਦੋ ਦਿਨ (ਕਹਾਣੀ ਨਹੀਂ)

ਗੁਰਸੇਵਕ ਸਿੰਘ ਧੌਲਾ


‘‘ਮੇਰੇ ਜਾਣ ਤੋਂ ਬਾਅਦ ਤੂੰ ਰੋਈਂ ਨਾ ਮੰਮੀ, ਇੱਕ ਦੋ-ਚਾਰ ਦਿਨਾਂ ਵਿਚ ਮੇਰਾ +2 ਦਾ ਸਰਟੀਫਿਕੇਟ ਆ ਜਾਊ, ਜਦੋਂ ਡਾਕੀਆ ਫੜਾਉਣ ਆਇਆ ਤਾਂ ਬਿਨਾ ਪੜ੍ਹੇ ਹੀ ਪਾੜ ਕੇ ਸੁੱਟ ਦਿਓੂ।" 
‘‘ਦਿਲ ਰੱਖ ਪੁੱਤ ਏਹੇ ਜੀਆਂ ਬੁਰੀਆਂ ਗੱਲਾਂ ਨੀ ਮੂੰਹੋਂ ਕੱਢੀਦੀਆਂ’’
ਮੇਰੀ ਛੋਟੀ ਭੈਣ ਪਰਮਜੀਤ ਨੇ ਸੁੱਖੀ ਦੀ ਗੱਲ ਕਿਸ ਜਿਗਰੇ ਨਾਲ ਸੁਣੀ ਹੋਵੇਗੀ। ਤਸੱਵਰ ਕਰਨਾ ਔਖਾ ਹੈ। ਮਾਂ ਨੇ ਆਪਣੇ 18 ਸਾਲ ਦੇ ਪੁੱਤ ਦੇ ਮੱਥੇ 'ਤੇ ਆਇਆ ਮੁੜ੍ਹਕਾ ਆਪਣੀ ਚੁੰਨੀ ਨਾਲ ਪੂੰਝਿਆ ਅਤੇ ਗੱਡੀ ਹਸਪਤਾਲ ਨੂੰ ਤੁਰ ਪਈ।  ਗੱਡੀ ਵਿੱਚ ਹਸਪਤਾਲ ਦਾਖਲ ਹੋ ਜਾਣ ਲਈ ਜਾ ਰਹੇ ਸੁੱਖੀ ਨੂੰ ਪਤਾ ਸੀ ਕਿ ਉਸ ਨੇ ਹੁਣ ਘਰੇ ਜਿਉਂਦੇ ਜੀਅ ਵਾਪਸ ਨਹੀਂ ਆਉਣਾ। ਪਰ ਹੋਰ ਕਿਸੇ ਨੂੰ ਨਹੀਂ ਸੀ ਪਤਾ ਕਿ ਇਹ ਭਾਣਾ ਵਰਤਣ ਵਾਲਾ ਹੈ। 
ਮੈਨੂੰ ਸੁਖਪ੍ਰੀਤ ਸਿੰਘ ਸੁੱਖੀ ਦੇ ਦੇ ਡੈਡੀ ਦਾ ਫ਼ੋਨ ਆਇਆ , ਘਬਰਾਈ ਹੋਈ ਆਵਾਜ਼ 'ਚ ਗੁਰਜੰਟ ਸਿੰਘ ਸਿੰਘ ਬੋਲਿਆ ‘‘ਜੋ ਕੰਮ ਹੱਥ ਵਿੱਚ ਹੈ, ਛੱਡ ਕੇ ਬਰਨਾਲੇ ਸਰਕਾਰੀ ਹਸਪਤਾਲ ਵਿਚ ਆ ਜਾ ਬਾਈ, ਸੁੱਖੀ ਅਚਾਨਕ ਬਹੁਤ ਬਿਮਾਰ ਹੋ ਗਿਆ , ਜਲਦੀ ਕਰ।’’ ਅਜੇ ਕੱਲ੍ਹ  ਹੀ ਸੁੱਖੀ ਮੇਰੇ ਕੋਲ ਚਾਰ ਸਾਲਾਂ ਬਾਅਦ ਮਿਲਣ ਆਇਆ ਸੀ ! ਬਿਮਾਰੀ ਵਾਲੀ ਕੋਈ ਗੱਲ ਨਹੀਂ ਸੀ ਲਗਦੀ।
ਮੈਨੂੰ ਯਾਦ ਆਇਆ ਤਿੰਨ ਕੁ ਸਾਲ ਪਹਿਲਾਂ ਮੈਂ ਸੁੱਖੀ ਦੀ ਰਿਪੋਰਟਾਂ ਪਟਿਆਲਾ ਦੇ ਪੈਥੋਲਜੀ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਬੱਲ ਨੂੰ ਡਾ. ਅਮਨਦੀਪ ਸਿੰਘ ਟੱਲੇਵਾਲੀਆ ਦੇ ਘਰ ਬਰਨਾਲੇ ਦਿਖਾਈਆਂ ਸੀ। ਡਾ. ਬੱਲ ਨੇ ਸਾਫ਼ ਦੱਸ ਦਿੱਤਾ ਸੀ ਕਿ ‘ਮਸਕੂਲਰ ਡਿਸਟਰੌਫੀ’ ਨਾਮ ਦੀ ਇਸ ਬਿਮਾਰੀ ਦਾ ਦੁਨੀਆ ਭਰ ਵਿਚ ਕੋਈ ਇਲਾਜ ਨਹੀਂ।ਇਸ ਬਿਮਾਰੀ ਨਾਲ ਪੀੜਤ ਬੱਚੇ ਦੀ ਵੱਧ ਤੋਂ ਵੱਧ ਉਮਰ 23 ਸਾਲ ਹੁੰਦੀ ਹੈ। "
ਡਾ ਬੱਲ ਦੀ ਗੱਲ ਸੁਣ ਕੇ ਮੈਨੂੰ ਭਾਰੀ ਝਟਕਾ ਲੱਗਿਆ ਸੀ। ਮੈਂ ਉਸ ਦਿਨ ਦੀ ਸੁੱਖੀ ਦੀਆਂ ਰਿਪੋਰਟਾਂ ਵਾਪਸ ਕਰਨ ਦੀ  ਥਾਂ ਆਪਣੇ ਆਪ ਨੂੰ ਸਹਿਜ ਕਰਨ ਲਈ ਦੋ ਦਿਨ ਰੁਕ ਗਿਆ ਸੀ ਤਾਂ ਕਿ ਮੇਰੇ ਚਿਹਰੇ ਤੋਂ ਕੋਈ ਬਿਮਾਰੀ ਦੀ ਭਿਆਨਕਤਾ ਦਾ ਅੰਜਾਦਾ ਨਾ ਲਾ ਲਵੇ। ਤੀਜੇ ਦਿਨ ਜਦੋਂ ਮੈਂ ਰਿਪੋਰਟਾਂ ਵਾਪਸ ਕਰਨ ਪਿੰਡ ਭੱਠਲ ਗਿਆ ਤਾਂ ਸੁੱਖੀ ਦੇ ਦਾਦੀ ਨੇ ਪੁੱਛਿਆ ‘‘ਕੀ ਕਹਿੰਦਾ ਪੁੱਤ ਡਾਕਟਰ ?’’ 
‘‘ਡਾਕਟਰ ਨੇ ਕਿਹਾ ਕਿ ਸੁੱਖੀ 23 ਸਾਲਾਂ ਤੋਂ ਬਾਅਦ ਆਪਣੇ ਆਪ ਠੀਕ ਹੋਣਾ ਸ਼ੁਰੂ ਹੋ ਜਾਵੇਗਾ’’ ਮੈਂ ਝੂਠ ਬੋਲਿਆ। ਕੋਲ ਮੰਜੇ ਤੇ ਪਿਆ ਸੁੱਖੀ ਹੱਸਦਾ ਬੋਲਿਆ ,‘‘ਮਾਮਾ ! ਓਦੋਂ ਤੱਕ ਤਾਂ ਮੈਨੂੰ ਲਗਦਾ ਮੈਂ ਦੂਜੇ ਜਨਮ ਵਿੱਚ ਵੀ ਛੇ-ਸੱਤ ਸਾਲ ਦਾ ਹੋ ਜਾਊਂਗਾ।"
ਸੁੱਖੀ ਦੀ ਮੰਮੀ ਨੇ ਅੱਖਾਂ ਭਰ ਲਈਆਂ ਸੁੱਖੀ ਨੂੰ ਝਿੜਕ ਕੇ ਬੋਲੀ ‘‘ਚੰਦਰੇ ਬੋਲ ਨੀ ਮੂੰਹੋਂ ਕੱਢੀਦੇ, ਤੇਰਾ ਮਾਮਾ ਦੱਸ ਤਾਂ ਰਿਹਾ ਕਿ ਤੂੰ ਹੁਣ ਠੀਕ ਹੋਣਾ ਸ਼ੁਰੂ ਹੋ ਜਾਣਾ। " ਸਭ ਨੂੰ ਪਤਾ ਸੀ ਕਿ ਇਹ ਦਿਲ-ਖੜ੍ਹਾਉ ਗੱਲਾਂ ਨੇ।
ਸੁੱਖੀ ਦਾ ਲੱਕ ਤੱਕ ਦਾ ਸਰੀਰ ਤਕਰੀਬਨ ਖੜ੍ਹ ਚੁੱਕਿਆ ਸੀ। ਹੱਥ ਅਤੇ ਬਾਹਵਾਂ ਦੀ ਕਮਜ਼ੋਰ ਹੋ ਚੁੱਕੇ ਸਨ। ਪਰ ਉਸ ਨੇ ਕਦੇ ਉਦਾਸੀ ਵਾਲੀ ਗੱਲ ਨਹੀਂ ਸੀ ਕੀਤੀ। ਆਪਣੇ ਨਾਨਕੇ ਪਿੰਡ ਧੌਲੇ ਆਇਆਂ ਵੀ ਹੁਣ ਚਾਰ-ਪੰਜ ਸਾਲ ਹੋ ਗਏ ਸਨ।ਮੈਂ ਜਦੋਂ ਵੀ ਉਸ ਨੂੰ ਧੌਲੇ ਆਉਣ ਲਈ ਕਹਿਣਾ ਤਾਂ ਉਸ ਨੇ ਸਖ਼ਤੀ ਨਾਲ ਕਹਿਣਾ ‘‘ਮੈਂ ਨਹੀਂ ਜਾਣਾ’’ ਕਿੰਨੇ ਵਾਰ ਕਹਿਣ ਤੇ ਬਾਵਜੂਦ ਸੁੱਖੀ ਨਾਨਕੇ ਘਰ ਨਹੀਂ ਸੀ ਆਇਆ। ਸ਼ਾਇਦ ਉਸ ਦੇ ਮਨ ਵਿਚ ਇਹ ਗੱਲ ਸੀ ਕਿ ਉਸ ਨੂੰ ਦੇਖ ਕੇ ਗਲ਼ੀ-ਗੁਆਂਢ ਦੀਆਂ ਬੁੜ੍ਹੀਆਂ ਆਉਣਗੀਆਂ ਤੇ ਤਰਸ ਭਰੀਆਂ ਗੱਲਾਂ ਕਰਕੇ ਮਾਂ-ਬਾਪ ਨੂੰ ਹੋਰ ਦੁਖੀ ਕਰਨੀਆਂ। ਪਰ 12 ਜੂਨ ਨੂੰ ਉਸ ਨੇ  ਜਿੱਦ ਕੀਤੀ ਕਿ ਮੈਂ ਧੌਲੇ ਜਾਣਾ ਹੈ। ਸੁੱਖੀ, ਪਰਮਜੀਤ, ਗੁਰਜੰਟ ਅਤੇ ਸੁੱਖੀ ਦੀ ਭੂਆ ਦਾ ਮੁੰਡਾ ਰਾਜਾ ਧੌਲੇ ਆਏ । ਮੈਨੂੰ ਸੁੱਖੀ ਵੀਲ-ਚੇਅਰ 'ਤੇ ਬੈਠਾ ਬੜਾ ਖ਼ੁਸ਼ ਨਜ਼ਰ ਆ ਰਿਹਾ ਸੀ। ਇਨਾਂ ਖ਼ੁਸ਼ ਉਹ ਕਈ ਸਾਲ ਬਾਅਦ ਹੋਇਆ ਸੀ। ਜਦ ਉਹ ਪਹਿਲਾਂ ਆਇਆ ਸੀ ਤਾਂ ਸਾਡਾ ਪਰਿਵਾਰ ਸਾਂਝਾ ਸੀ ਪਰ ਹੁਣ ਅਸੀਂ ਦੋਨੋਂ ਭਾਈ ਅੱਡ-ਅੱਡ ਹੋ ਗਏ ਸਾਂ। ਅਸੀਂ ਦੋਨਾਂ ਨੇ ਵੱਖ-ਵੱਖ ਘਰ ਪਾ ਲਏ ਸਨ। 
‘‘ਮਾਮਾ! ਮੈਨੂੰ ਸਾਰੇ ਕਮਰੇ ਦਿਖਾ ਦੇ’’ 
ਮੈਂ ਵੀਲ-ਚੇਅਰ ਨੂੰ ਰੋੜ੍ਹ ਕੇ ਸੁੱਖੀ ਨੂੰ ਸਾਰੇ ਕਮਰੇ ਦਿਖਾਉਂਦਾ ਰਿਹਾ। ਨਾਲ-ਨਾਲ ਦਸਦਾ ਰਿਹਾ ਕਿ ਇਸ ਤੋਂ ਪਹਿਲਾਂ ਇੱਥੇ ਕੀ ਹੁੰਦਾ ਸੀ। ਸੁੱਖੀ ਹਰ ਕਮਰਾ ਦੇਖ ਕੇ ਪਹਿਲਾਂ ਨਾਲੋਂ ਵੱਧ ਖ਼ੁਸ਼ ਹੋ ਜਾਂਦਾ। ਸਾਰਾ ਦਿਨ ਬੜੀਆਂ ਸੋਹਣੀਆਂ ਗੱਲਾਂ ਕਰਦੇ ਰਹੇ। ਦੋ ਵਾਰ ਚਾਹ ਪੀਤੀ ਅਤੇ ਦੁਪਹਿਰ ਦੀ ਰੋਟੀ ਖਾਧੀ । ਆਥਣੇ ਜਾਣ ਦੀ ਤਿਆਰੀ ਕੀਤੀ ਤਾਂ ਮੈਂ ਰਾਤ ਰੁਕਣ ਲਈ ਜ਼ੋਰ ਪਾਇਆ। ਸੁੱਖੀ ਨੇ ਕਿਹਾ  ‘‘ਨਹੀਂ ਮਾਮਾ ! ਰਹਿਣਾ ਨਹੀਂ ਮੈਂ। "
ਜਾਣ ਲੱਗੇ ਸੁੱਖੀ ਨੇ ਗੱਡੀ ਵਿਚ ਬੈਠੇ ਨੇ ਮੈਨੂੰ ਨੇੜੇ ਸੱਦ ਕੇ ਕਿਹਾ 
‘‘ਤੇਰਾ ਉਲਾਂਭਾ ਲਾਹ ਚੱਲਿਆ ਹਾਂ ਮਾਮਾ! ਸਤਿ ਸ੍ਰੀ ਅਕਾਲ !!’’
ਸਤਿ ਸ੍ਰੀ ਅਕਾਲ॥
ਹੋਰ ਅੱਗੇ ਪੜ੍ਹਨ ਲਈ ਹੇਠਾਂ ਕਲਿੱਕ ਕਰੋ ਜੀ। .........
..........................
13 ਜੂਨ ਨੂੰ ਜਦੋਂ ਦੁਪਹਿਰ ਬਾਅਦ 2 ਕੁ ਵਜੇ ਗੁਰਜੰਟ ਸਿੰਘ ਦਾ ਫ਼ੋਨ ਆਇਆ ਤਾਂ ਮੈਂ ਸੰਦੀਪ ਬਾਵਾ ਨੂੰ ਨਾਲ ਲੈ ਕੇ ਤੁਰੰਤ ਬਰਨਾਲੇ ਹਸਪਤਾਲ ਗਿਆ। ਸੁੱਖੀ ਦੇ ਸਾਹ ਉਖੜ ਗਏ ਸਨ। ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਮਰੀਜ਼ ਨੂੰ ਛੇਤੀ ਪਟਿਆਲੇ ਲੈ ਜਾਓ। ਐਂਬੂਲੈਂਸ ਰਾਹੀਂ ਸੁੱਖੀ ਨੂੰ ਪਟਿਆਲੇ ਰਵਾਨਾ ਕਰਕੇ ਮੈਂ ਘਰ ਆ ਗਿਆ ਕਿਉਂਕਿ ਮੈਂ ਚਾਹੁੰਦੇ ਹੋਏ ਵੀ ਨਾਲ ਨਹੀਂ ਸੀ ਜਾ ਸਕਣਾ। ਮੈਂ ਡਾ ਮਨਜੀਤ ਸਿੰਘ ਬੱਲ ਨੂੰ ਫ਼ੋਨ ਕੀਤਾ ਕਿ ਉਹ ਆਪਣਾ ਪ੍ਰਭਾਵ ਵਰਤ ਕੇ ਸੰਭਵ ਸਹਾਇਤਾ ਕਰਨ। ਪਰ ਨਾਲ ਪਟਿਆਲੇ ਗਏ ਪਰਿਵਾਰ ਵਾਲਿਆਂ ਦੇ ਲਗਾਤਾਰ ਫ਼ੋਨ ਆ ਰਹੇ ਸਨ ਕਿ ਸੁੱਖੀ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ। ਇਧਰ ਵੀ ਸਾਰਾ ਪਰਿਵਾਰ ਰੋਟੀ-ਪਾਣੀ ਦਾ ਆਹਰ ਛੱਡ ਕੇ ਫੋਨਾਂ ਵੱਲ ਧਿਆਨ ਰੱਖ ਕੇ ਚਿੰਤਤ ਹੋ ਰਿਹਾ ਸੀ।
ਸੁੱਖੀ ਨੂੰ ਤੁਰੰਤ ਵੈਲਟੀਨੇਟਰ ਦੀ ਲੋੜ ਸੀ ਪਰ ਰਜਿੰਦਰਾ ਹਸਪਤਾਲ ਵਿਚ ਕੋਈ ਵੈਲਟੀਨੇਟਰ ਵਿਹਲਾ ਨਹੀਂ ਸੀ।ਇਸ ਤੋਂ ਪਹਿਲਾਂ ਕਿ ਸੁੱਖੀ ਨੂੰ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਜਾਂਦੇ ਹੋਣੀ ਵਾਪਰ ਗਈ। ਸੁੱਖੀ ਪੂਰਾ ਹੋ ਗਿਆ ਸੀ।
ਖ਼ਬਰ ਸੁਣਨਸਾਰ ਬੱਚਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ।ਅਜੇ ਕੱਲ੍ਹ ਹੀ ਤਾਂ ਉਨ੍ਹਾਂ ਦਾ ਹਾਣੀ ਸੁੱਖੀ ਉਨ੍ਹਾਂ ਨੂੰ ਮਿਲ ਕੇ ਗਿਆ ਸੀ। ਬੀਤੀ ਰਾਤ ਅਸੀਂ ਸੁੱਖੀ ਦੀਆਂ ਕਿੰਨੀਆਂ ਗੱਲਾਂ ਕੀਤੀਆਂ ਸੀ ਅਤੇ ਉਸ ਦੇ +2 ਕਲਾਸ ਵਿਚੋਂ ਲਏ 82% ਨੰਬਰਾਂ ਦੀ ਪ੍ਰਸੰਸਾ ਕੀਤੀ ਸੀ। ਨਿਆਣੇ ਕਹਿ ਰਹੇ ਸੀ ਕਿ ਸੁੱਖੀ ਨੂੰ ਅਪਾਹਜ ਕੋਟੇ ਵਿਚੋਂ ਨੌਕਰੀ ਮਿਲ ਜਾਊਗੀ। ਪਰ ਹੁਣ ਨਿਆਣਿਆਂ ਤੋਂ ਆਪਣਾ-ਆਪ ਨਹੀਂ ਸੀ ਸਾਂਭਿਆ ਜਾ ਰਿਹਾ। ਪਰ ਮੈਨੂੰ ਆਪਣੇ ਨਿਆਣਿਆਂ ਨਾਲੋਂ ਮੇਰੀ ਛੋਟੀ ਭੈਣ ਦੀ ਵੱਧ ਚਿੰਤਾ ਸੀ। ਜਦੋਂ ਉਸ ਨੂੰ ਆਪਣੇ ਜਵਾਨ ਪੁੱਤ ਦੀ ਮੌਤ ਦੀ ਖ਼ਬਰ ਮਿਲੂਗੀ ਤਾਂ ਉਸ ਦਾ ਕੀ ਹਾਲ ਹੋਵੇਗਾ। ਅਜੇ ਕਿਸੇ ਨੂੰ ਵੀ ਅਨੁਮਾਨ ਨਹੀਂ ਸੀ ਕਿ ਸੁੱਖੀ ਐਨਾ ਜਲਦੀ ਚਲਿਆ ਜਾਵੇਗਾ।
ਪਟਿਆਲੇ ਤੋਂ ਸੁੱਖੀ ਦੀ ਲਾਸ਼ ਲੈ ਕੇ ਵੈਨ ਪਿੰਡ ਵੱਲ ਨੂੰ ਆ ਰਹੀ ਸੀ। ਰੋਂਦੇ ਨਿਆਣਿਆਂ ਨੂੰ ਬਜ਼ੁਰਗ ਬਾਪੂ ਕੋਲ਼ ਛੱਡ ਕੇ ਮੈਂ ਅਤੇ ਸਰਦਾਰਨੀ ਤੁਰੰਤ ਭੱਠਲਾਂ ਪਿੰਡ ਨੂੰ ਚੱਲ ਪਏ। ਸਾਨੂੰ ਰਾਤ ਵੇਲੇ ਆਉਂਦਾ ਦੇਖ ਕੇ ਭੈਣ ਦਾ ਮੱਥਾ ਠਣਕਿਆ। ਸਾਡੇ ਵੱਲ ਭੱਜ ਕੇ ਮਨਪ੍ਰੀਤ ਨੂੰ ਹਲੂਣ ਕੇ ਪੁੱਛਿਆ,‘‘ਸੁੱਖੀ ਤਾਂ ਠੀਕ ਹੈ ਨਾ। "
ਇਸ ਤੋਂ ਪਹਿਲਾਂ ਕਿ ਮਨਪ੍ਰੀਤ ਕੁਝ ਬੋਲਦੀ ਮੈਂ ਜਵਾਬ ਦਿੱਤਾ," ਸਾਡਾ ਮਨ ਜਿਹਾ ਨਹੀਂ ਸੀ ਲਗਦਾ ਅਸੀਂ ਤਾਂ ਇਸ ਕਰਕੇ ਆ ਗਏ। "
‘‘ਇਹ ਗੱਲ ਮੈਨੂੰ ਸੱਚ ਨਹੀਂ ਲਗਦੀ, ਮੇਰਾ ਤਾਂ ਦਿਲ ਡੁੱਬਦਾ , ਸੱਚ ਦੱਸੋ?’’ ਭੈਣ ਨੂੰ ਪੱਕੀ ਸ਼ੱਕ ਸੀ ਕਿ ਸੁੱਖੀ ਨਹੀਂ ਰਿਹਾ।ਅਜੇ ਲਾਸ਼ ਆਉਣ ਨੂੰ ਅੱਧਾ ਘੰਟਾ ਹੋਰ ਲੱਗਣਾ ਸੀ। ਪਰ ਅਸੀਂ ਇਹ ਖ਼ਬਰ ਤੁਰੰਤ ਨਹੀਂ ਸੀ ਦੇਣਾ ਚਾਹੁੰਦੇ। ਸਾਨੂੰ ਦੇਖ ਕੇ ਹੋਰ ਵੀ ਗਲੀ-ਗੁਆਂਢ ਵਾਲੇ ਆ ਗਏ। 15-20 ਬੰਦੇ-ਬੜ੍ਹੀਆਂ ਦਾ ਇਕੱਠ ਹੋ ਗਿਆ ਸੀ। ਸਭ ਨੂੰ ਸ਼ੱਕ ਸੀ ਕਿ ਹੋਣੀ ਵਾਪਰ ਗਈ ਹੈ ਪਰ ਅਜੇ ਕਿਸੇ ਦੇ ਮੂੰਹੋਂ ਇਹ ਗੱਲ ਨਹੀਂ ਸੀ ਨਿੱਕਲੀ। ਇੱਕ ਜਵਾਰ-ਭਾਟੇ ਵਰਗੀ ਚੁੱਪ ਛਾਈ ਹੋਈ ਸੀ।
ਵੈਨ ਵਾਲਿਆਂ ਦਾ ਫ਼ੋਨ ਆਇਆ। ‘‘ਅਸੀਂ ਪੰਜ-ਸੱਤ ਕੁ ਮਿੰਟਾਂ ਵਿਚ ਘਰ ਪੁੱਜਣ ਵਾਲੇ ਹਾਂ।
ਸਾਰੇ ਸਵਾਲੀਆ ਚਿਹਰੇ ਮੇਰੇ ਮੂੰਹ ਵੱਲ ਗੱਡੇ ਗਏ। ‘‘ਕੀਹਦਾ ਫ਼ੋਨ ਸੀ?’’ ਭੈਣ ਨੇ ਪੁੱਛਿਆ। 
‘‘ਰੱਬ ਦਾ ਭਾਣਾ ਮੰਨਣਾ ਹੀ ਪੈਂਦਾ, ਹੁਣ ਦਿਲ ਕਰੜਾ ਰੱਖੀਂ ਭੈਣੇ !’’
ਐਨਾ ਸੁਣਨ ਦੀ ਦੇਰ ਸੀ ਕਿ ਸਭ ਦਾ ਹੁਣ ਤੱਕ ਰੱਖਿਆ ਬੰਨ੍ਹ ਟੁੱਟ ਗਿਆ। ਕੀਰਨੇ ਅਤੇ ਲੇਰਾਂ ਕੰਧਾਂ ਟੱਪ ਗਈਆਂ।ਪਰ ਭੈਣ ਚੁੱਪ ਸੀ। ਗੱਡੀ ਗੇਟ ਤੇ ਆ ਰੁਕੀ।ਮੰਜੇ 'ਤੇ ਪਾ ਕੇ ਲਾਸ਼ ਭੈਣ ਤੋਂ ਦੂਰ ਵਿਹੜੇ ਵਿੱਚ ਲਿਆ ਕੇ ਰੱਖ ਦਿੱਤੀ। ਸਾਰਾ ਪਰਿਵਾਰ ਲਾਸ਼ ਨੂੰ ਹਲੂਣ-ਹਲੂਣ ਕੇ ਸੁੱਖੀ ਨੂੰ ਇਕ ਵਾਰ ਬੋਲਣ ਲਈ ਕਹਿ ਰਿਹਾ ਸੀ। ਭੈਣ ਮਲਕੜੇ ਜਿਹੇ ਆਪਣੇ ਮੰਜੇ ਤੋਂ ਸੁੱਖੀ ਵੱਲ ਨੂੰ ਚੁੱਪ-ਚਾਪ ਤੁਰੀ ਅਤੇ ਕੋਲ਼ ਖੜ੍ਹ ਕੇ ਉੱਚੀ ਦੇਣੇ ਬੋਲੀ, ‘‘ਤੂੰ ਤਾਂ ਕਹਿੰਦਾ ਸੀ ਪੁੱਤ! ਮੇਰੇ ਬਾਅਦ ਰੋਈਂ ਨਾ, ਪਰ ਕਿਹੜੀ ਮਾਂ ਪੁੱਤ ਦੀ ਲਾਸ਼ ਦੇਖ ਕੇ ਚੁੱਪ ਕਰਜੂਗੀ। " ਜ਼ੋਰਾਵਰ ਭੈਣ ਸਾਰੇ 'ਕੱਠ ਨੂੰ ਚੀਰ ਕੇ ਸੁੱਖੀ ਦੀ ਲਾਸ਼ ਤੇ ਜਾ ਡਿੱਗੀ। 
‘‘ਮੈਥੋਂ ਤੇਰੇ ਆਖ਼ਰੀ ਬੋਲ ਪੁਗਾਏ ਨਹੀਂ ਗਏ ਵੇ ਸੁੱਖੀ ਪੁੱਤਅਅਅਅਅ। "
ਨੀਮ ਬੇਹੋਸ਼ੀ ਦੀ ਹਾਲਤ ਵਿੱਚ ਅਸੀਂ ਭੈਣ ਨੂੰ ਚੁੱਕ ਕੇ ਮੰਜੇ 'ਤੇ ਲਿਆ ਕੇ ਪਾ ਦਿੱਤਾ।
‘‘ ਮੈਂ ਤੇਰਾ ਦੂਜਾ ਬੋਲ ਜ਼ਰੂਰ ਪਗਾਉਂਗੀ ਵੇ ਪੁੱਤਾਅਅਅਅ !!!’’ 
ਭੈਣ ਨੇ ਆਕਾਸ਼ ਵੱਲ ਮੂੰਹ ਕਰਕੇ ਕੀਰਨੇ ਦੀ ਲੰਮੀ ਹੇਕ ਲਾ ਕੇ ਕਿਹਾ ਜਿਵੇਂ ਆਕਾਸ਼ ਵੱਲ ਦੂਰ ਕਿਤੇ ਜਾ ਰਹੇ ਸੁੱਖੀ ਨੂੰ ਸੁਣਾਇਆ ਹੋਵੇ।
..........................
16 ਜੂਨ ਨੂੰ ਸੁੱਖੀ ਦਾ ਸਿਵਾ ਸਮੇਟ ਕੇ ਰਾਖ ਅਤੇ ਫ਼ੁੱਲ ਹਰੀਗੜ੍ਹ ਵਾਲੀ ਨਹਿਰ ਵਿੱਚ ਵਹਾ ਦਿੱਤੇ ਗਏ । ਤਕਰੀਬਨ ਅੱਧੇ ਕੁ ਰਿਸ਼ਤੇਦਾਰ ਅਤੇ ਪਿੰਡ ਵਾਲੇ ਵਾਪਸ ਜਾ ਚੁੱਕੇ ਸਨ ਜਦੋਂ ਕੱਟੂ ਪਿੰਡ ਤੋਂ ਡਾਕੀਏ ਨੇ ਗੇਟ 'ਤੇ ਆ ਕੇ ਸਾਈਕਲ ਵੀ ਟੱਲੀ ਵਜਾਈ।(ਘਰ ਵਿਚ ਸੱਥਰ ਵਿਛਿਆ ਦੇਖ ਕੇ ਡਾਕੀਆ ਟੱਲੀ ਮਾਰਨ ਕਰਕੇ ਥੋੜ੍ਹਾ ਸ਼ਰਮਸਾਰ ਹੋਇਆ।ਪਰ ਉਹ ਟੱਲੀ ਪਹਿਲਾਂ ਬਿਨਾ ਕੁਝ ਦੇਖੇ ਮਾਰ ਚੁੱਕਿਆ ਸੀ) 
ਡਾਕੀਏ ਨੂੰ ਦੇਖ ਕੇ ਭੈਣ ਕਮਲ਼ਿਆਂ ਵਾਂਗੂ ਗੇਟ ਵੱਲ ਭੱਜੀ। ਸਿਰ ਦੀ ਚੁੰਨੀ ਵੀ ਰਾਹ ਜਾਂਦਿਆਂ ਹੀ ਸੰਭਾਲੀ। ਪਿੱਛੇ ਮੈਂ ਅਤੇ ਹੋਰ ਬੀਬੀਆਂ ਨੇ ਭੱਜ ਕੇ ਸੰਭਾਲਣ ਦੀ ਕੋਸ਼ਿਸ਼ ਕੀਤੀ।ਇੱਕੋ ਝਟਕੇ ਨਾਲ ਡਾਕੀਏ ਹੱਥੋਂ ਚਿੱਠੀ ਖੋਹ ਕੇ ਕੀਚਰਾਂ-ਕੀਚਰਾਂ ਕਰਕੇ ਕੰਧ ਨਾਲ ਮਾਰੀ।
ਬੇਹੋਸ਼ ਭੈਣ ਨੂੰ ਲਿਆ ਕੇ ਫਿਰ ਮੰਜੇ ਪਾ ਦਿੱਤਾ ਗਿਆ।

ਗੁਰਸੇਵਕ ਸਿੰਘ ਧੌਲਾ


ਨੋਟ : ਇਹ ਪੋਸਟ ਹੁਣ ਤੱਕ 195 ਵਾਰ ਪੜ੍ਹੀ ਗਈ

6 comments:

  1. ਇਹ ਵਾਰਤਾ ਪੜ੍ਹਦੇ ਪੜ੍ਹਦੇ ਮੇਰੀਆਂ ਅੱਖਾਂ ਆਪ ਮੁਹਾਰੇ ਵਹਿ ਤੁਰੀਆਂ। ਗੁਰਸੇਵਕ ਵੀਰ ਨੇ ਆਪਣੇ ਹੰਝੂਆਂ ਨਾਲ ਲਿਖੀ ਏਸ ਵਾਰਤਾ ਨਾਲ ਛੋਟੇ ਵੀਰ ਸੁੱਖੀ ਨੂੰ ਯਾਦ ਕੀਤਾ ਹੈ। ਇਹ ਕਿੰਨੀ ਔਖੀ ਘੜੀ ਹੈ ਉਨ੍ਹਾਂ ਮਾਪਿਆਂ ਲਈ ਜਿਹਨਾਂ ਆਪਣੇ ਜਿਗਰ ਦੇ ਟੋਟੇ ਨੂੰ ਆਪਣੇ ਹੱਥੀਂ ਤੋਰਿਆ। ਰੱਬ ਐਸੀ ਔਖੀ ਘੜੀ ਕਿਸੇ ਨੂੰ ਨਾ ਦਿਖਾਵੇ। । ਰੱਬ ਦਾ ਭਾਣਾ ਮੰਨਣਾ ਹੀ ਪੈਂਦਾ ਹੈ। ਇੱਥੇ ਆ ਕੇ ਅਸੀਂ ਬੇਵੱਸ ਹੋ ਜਾਂਦੇ ਹਾਂ।
    ਏਸ ਔਖੀ ਘੜੀ 'ਚ ਅਸੀਂ ਸਾਰੇ ਆਪ ਦੇ ਦੁੱਖ 'ਚ ਸ਼ਾਮਿਲ ਹੁੰਦੇ ਹੋਏ ਓਸ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।

    ਸਫ਼ਰਸਾਂਝ ਪਰਿਵਾਰ।



    ReplyDelete
  2. ਸੁਖਪ੍ਰੀਤ ਸਿੰਘ ਸੁੱਖੀ ਮੇਰਾ ਸਭ ਤੋਂ ਛੋਟਾ ਭਾਜਣਾ ਸੀ। ਭਾਵੇਂ ਅਸੀਂ ਉਸ ਦੇ ਸਭ ਅੰਤਿਮ ਕਾਰਜ ਹੱਥੀਂ ਕਰਕੇ ਆਏ ਹਾਂ ਫਿਰ ਵੀ ਲਗਦਾ ਹੈ ਕਿ ਸੁੱਖੀ ਜਿਉਂਦਾ ਹੋਊ। ਉਹ ਕਿਤੇ ਨਹੀਂ ਗਿਆ।। ਯਕੀਨ ਨਹੀਂ ੳਉਂਦਾ ਕਿ ਸੁੱਖੀ ਨਹੀਂ ਰਹਿਆ।

    ReplyDelete
  3. बहुत दु:खद और बहुत करुण !!! नि:शब्द हूँ !!
    RAMESHWAR KAMBOJ

    ReplyDelete
  4. ਗੁਰਸੇਵਕ ਜੀ ਆਪ ਦੇ ਪਰਿਵਾਰ ਨਾਲ ਜੇੜਾ ਭਾਣਾ ਵਰਤਿਆ ਸਹਾਰਨਾ ਬਹੁਤ ਮੁਸ਼ਕਿਲ ਹੈ ।ਧਰਤੀ ਤੇ ਹੜ ਲਿਅੋਨ ਵਾਲੀ ਏਹ ਗਲ ਪੜਕੇ ਦਿਲ ਕੁਰਲੋਣ ਲਗ ਪਿਆ ।ਪਤਾ ਨਹੀ ਕਿਅੋਂ ਭਗਵਾਨ ਮਾਂ ਬਾਪ ਨੂੰ ਏਹ ਖਿਲੋਣਾ ਦੇਕੇ ਖੌਹ ਕਾਤੇ ਲੇਂਦਾ ਹੈ ।ਉਨ੍ਹਾਂ ਨੂ ਜੀ ਭਰ ਖੇਲਨ ਵੀ ਨਹੀ ਦਿੰਦਾ । ਰੱਬ ਦੇ ਰੁਸੇ ਦੀ ਸ਼ਿਕਾਅਤ ਕੇਨੂ ਕਰਿਏ ? ਸਮਜ ਨਹੀ ਅਉਂਦਾ ।ਰੱਬ ਦੇ ਅਗੇ ਕੋਈ ਕੁਛ ਨਹੀ ਕਰ ਸਕਤਾ ।ਭਾਣੇ ਨੂ ਮਨਨ ਤੌਂ ਸਿਵਾ ਕੋਈ ਕੁਝ ਨਹੀ ਕਰਸਕਦਾ ।ਤੁਸੀਂ ਅਪਨੇ ਦੁਖ ਦੀ ਸਾਡੇ ਨਾਲ ਸਾਂਝ ਪਾਕੇ ਅੱਛਾ ਕੀਤੱਾ ਅਸੀਂ ਸਬ ਤੁਹਾਡੇ ਦੁਖ 'ਚ ਸਾਮਿਲ ਹਾਂ ।
    ਕਹਤੇ ਹੈਂ ਕਿ ਦੁਖ ਵੰਡਨ ਨਾਲ ਹਲਕਾ ਹੁੰਦਾ ਹੈ ।ਭਗਵਾਨ ਆਪ ਦੇ , 'ਤੇ ਆਪ ਦੀ ਭੈਨ ਦੇ ਪਰਿਵਾਰ ਨੂ ਏਹ ਭਾਣਾ ਸਹਨ ਦਾ ਬਲ ਬਖਸ਼ੇ ।ਵਿਛੁਝੀ ਰੂਹ ਨੂ ਅਪਣੇ ਚਰਨਾ 'ਚ ਜਗਹ ਦੇਵੇ ।


    Kamla Ghataaura

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ