ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Jun 2016

ਖੇਤ ਦੀ ਰੇਹ

Surjit Bhullar's Profile Photoਨਿੱਤ ਦਿਨ ਦੇ ਕੰਮਾਂਕਾਰਾਂ ਤੋਂ ਵਿਹਲਾ ਹੋ ਮੈਂ ਜ਼ਿੰਦਗੀ ਦੀ ਐਲਬਮ ਲੈ ਬੈਠਾ। ਇਸ ਦੇ ਪੰਨੇ ਫਰੋਲਦਿਆਂ ਮੇਰੀ ਸੋਚ  ਕਈ ਦਹਾਕੇ ਪਿੱਛੇ ਲੈ ਗਈ, ਮੈਨੂੰ ਮੇਰੀ ਦਾਦੀ ਕੋਲ। ਮੇਰੀ ਦਾਦੀ ਜਦ ਉਦਾਸ ਹੁੰਦੀ ਤਾਂ ਆਪਣੇ ਆਪੇ ਨਾਲ ਗੱਲਾਂ ਕਰਦੀ ਰਹਿੰਦੀ ਜੋ ਮੇਰੀ ਸਮਝੋਂ ਬਾਹਰ ਹੁੰਦਾ। ਉਦੋਂ ਮੈਂ ਉਸ ਦਾ ਖੰਡ ਦਾ ਖਿਡੌਣਾ ਸੀ। ਪਰ ਹੁਣ ਉਸ ਦੀਆਂ ਗੱਲਾਂ ਦੀ ਮੈਨੂੰ ਸਮਝ ਪੈਣ ਲੱਗੀ ਹੈ।
        ਇੱਕ ਦਿਨ ਗੱਲਾਂ ਕਰੇਂਦੀ ਬੇਬੇ ਦੀਆਂ ਅੰਦਰ ਧੁੱਸੀਆਂ ਅੱਖਾਂ 'ਚ ਮੈਂ ਝਾਕਿਆ।  ਉਦਾਸੀ ਨਾਲ ਨੱਕੋ- ਨੱਕ ਭਰੀਆਂ- ਭਰੀਆਂ ਤੱਕੀਆਂ ਮੈਂ ਉਸ ਦੀਆਂ ਉਦਾਸ ਅੱਖਾਂ। ਮੈਂ ਉਸ ਦੇ ਕੰਨ ਕੋਲ ਹੌਲੀ ਜਿਹੀ ਕਿਹਾ, 'ਬੇਬੇ,ਤੂੰ ਕੀ ਕਹਿੰਦੀ ਰਹਿੰਦੀ ਏ?'  ਉਸ ਨੇ ਮੈਨੂੰ ਬੇ-ਯਕੀਨੀ ਨਾਲ ਤੱਕਿਆ। ਫਿਰ ਸਿਰ 'ਤੇ ਹੱਥ ਪਲੋਸਦੀ ਬੋਲੀ, " ਪੁੱਤਰ! ਮੈਨੂੰ ਮੇਰਾ ਪਿੰਡ ਵਿਖਾਲ ਦੇ। ਬਹੁਤ ਯਾਦ ਆਉਂਦਾ,ਤੇਰਾ ਪੜ੍ਹ-ਨਾਨਕਾ।"  ਬੇਬੇ ਦਾ ਹੱਥ ਆਪਣੇ ਹੱਥ 'ਚ ਲੈਂਦਿਆਂ ਮੈਂ ਦਿਲਾਸਾ ਦੇਣ ਵਾਂਗ ਕਿਹਾ," ਲੈ ਬੇਬੇ,ਤੂੰ ਪਹਿਲਾਂ ਦੱਸਦੀ,ਆਪਾਂ ਸਵੇਰੇ ਚਲੇ ਚੱਲਾਂਗੇ, ਫ਼ਿਕਰ ਨਾ ਕਰ।"
          ਮੈਂ ਸੋਚੀਂ ਪੈ ਗਿਆ । ਇਹ ਨਿੱਕੀ ਜਿਹੀ, ਸੋਹਲ ਜਿੰਦ ਨਿਮਾਣੀ। ਆਪਣੇ 'ਤੇ ਕਿੰਨੀਆਂ ਹੀ ਗਰਮ ਸਰਦ ਰੁੱਤਾਂ ਦੀਆਂ ਪੱਤਝੜਾਂ ਤੇ ਬਹਾਰਾਂ ਹੰਢਾ ਕੇ ਅੱਜ ਵੀ ਜੜ੍ਹ-ਹੋਂਦ ਮਿਲਾਪ ਲਈ ਪਲ ਪਲ ਝੂਰ ਰਹੀ ਹੈ। ਪਲ ਪਲ ਤਰਸੇ-ਭਲਾ ਕਿਉਂ? ਪਤਾ ਨਹੀਂ ਬੇਬੇ ਨੇ ਰਾਤੀਂ ਕੀ -ਕੀ ਸੁਪਨੇ ਸਜਾਏ ਹੋਣੇ ਨੇ?

          ਅਗਲੀ ਸਵੇਰ ਮੈਂ ਤੇ ਬੇਬੇ ਤੁਰ ਪਏ ਉਦੇ ਪੇਕਿਆਂ ਵੱਲ ।ਉਹ ਜੋ- ਜੋ ਬੋਲੇ, ਸਭੇ ਥਾਂ ਟੋਲੇ।ਉਹ ਜੋ -ਜੋ ਦੱਸੇ, ਕੁਝ ਵੀ ਨਾ ਲੱਭੇ। ਜਿਸ ਖ਼ਾਤਰ ਰੂਹ ਤੜਫਾਈ, ਇਹ ਕੰਚਨ ਦੇਹ ਤਪ-ਤਪਾਈ। ਫਿਰ ਵੀ ਉਹ ਰਹੀ ਤਿਹਾਈ ਦੀ ਤਿਹਾਈ। ਹੰਭ ਹਾਰ ਕੇ ਬੇਬੇ ਬੋਲੀ, ''ਚੱਲ ਪੁੱਤ ਮੁੜੀਏ। ਖੇਲ ਜ਼ਿੰਦਗੀ ਪੂਰਾ ਹੋਇਆ। ਪੁੱਤਰਾ! ਮੈਂ ਤਾਂ ਰੇਹ ਖੇਤ ਤੁਹਾਡੇ ਦੀ।ਆਪਣਾ ਵਜੂਦ ਗਵਾ ਕੇ ਤੁਹਾਨੂੰ ਸਭ ਨੂੰ ਸ਼ਕਤੀ ਬਖ਼ਸ਼ੀ।" ਪੇਕੇ ਦੀ ਜੂਹ ਤੋਂ ਮੁੜਦਿਆਂ-ਮੁੜਦਿਆਂ ਹੁਣ ਉਦਾਸ ਨਹੀਂ ਸੀ ਬੇਬੇ। ਨਾ ਉਹ ਅਸ਼ਾਂਤ ਸੀ ਕਿਉਂਕਿ ਉਹ ਤਾਂ ਹੋ ਗਈ ਸੀ ਹੁਣ ਸਦੀਵੀ ਸ਼ਾਂਤ - ਮੇਰੀ ਪਿਆਰੀ ਬੇਬੇ।

      ਬੇਬੇ ਦੇ ਅੰਤਲੇ ਬੋਲੇ ਬੋਲ ਹੁਣ ਵੀ ਮੇਰੇ ਦਿਮਾਗ਼ 'ਚ ਘੁੰਮ ਰਹੇ ਨੇ," ਪੁੱਤਰਾ! ਮੈਂ ਤਾਂ ਰੇਹ ਖੇਤ ਤੁਹਾਡੇ ਦੀ। 

ਵਜੂਦ ਗਵਾ,ਤੁਹਾਨੂੰ ਸਭ ਨੂੰ ਸ਼ਕਤੀ ਬਖ਼ਸ਼ੀ।" ਅੱਜ ਮੈਨੂੰ ਬੇਬੇ ਦੀਆਂ ਗੱਲਾਂ ਮੁੜ ਤੋਂ ਉਦਾਸ ਕਰ ਗਈਆਂ। 


ਢਲਦੀ ਸ਼ਾਮ 
ਭਿੱਜ ਗਈਆਂ ਅੱਖਾਂ 
ਉਦਾਸ ਬੇਬੇ। 

ਸੁਰਜੀਤ ਸਿੰਘ ਭੁੱਲਰ
ਯੂ ਐਸ ਏ 
ਨੋਟ : ਇਹ ਪੋਸਟ ਹੁਣ ਤੱਕ 75 ਵਾਰ ਪੜ੍ਹੀ ਗਈ


6 comments:

 1. ਬੇਬੇ ਨਾਲ ਮਿਲ ਕੇ ਬਹੁਤ ਚੰਗਾ ਲੱਗਾ। ਮੈਨੂੰ ਲੱਗਾ ਜਿਵੇਂ ਮੈਂ ਆਪਣੀ ਪੜਨਾਨੀ ਨਾਲ ਗੱਲਾਂ ਕਰ ਰਹੀ ਹੋਵਾਂ ,ਉਹ ਵੀ ਅਕਸਰ ਅਤੀਤ 'ਚ ਗੁਆਚੀ ਸਾਨੂੰ ਸਾਂਦਲ ਬਾਰ ਦੀਆਂ ਗੱਲਾਂ ਸੁਣਾਉਂਦੀ ਤੇ ਓਥੇ ਜਾ ਕੇ ਆਪਣਾ ਪੁਰਾਣਾ ਪਿੰਡ ਵੇਖਣ ਦੀ ਇੱਛਾ ਜ਼ਾਹਿਰ ਕਰਦੀ। ਪਰ ਮੈਨੂੰ ਤਾਂ ਉਸ ਦੀ ਇੱਛਾ ਪੂਰੀ ਕਰਨ ਦਾ ਕਦੇ ਮੌਕਾ ਹੀ ਨਾ ਮਿਲਿਆ। ਭੁੱਲਰ ਸਾਹਿਬ ਨੇ ਅਜਿਹੀ ਕੋਸ਼ਿਸ਼ ਤਾਂ ਕੀਤੀ। ਉਹ ਵੱਡਭਾਗੀ ਨੇ ਜਿਨ੍ਹਾਂ ਨੂੰ ਆਪਣੀ ਬੇਬੇ ਦੇ ਕਹੇ ਬੋਲ ਪੁਗਾਉਣ ਦਾ ਮੌਕਾ ਤਾਂ ਮਿਲਿਆ ਚਾਹੇ ਉਸ ਦਾ ਪਿੰਡ ਬਿਨ ਵੇਖਿਆਂ ਹੀ ਮੁੜਨਾ ਪਿਆ। ਪਰ ਬੇਬੇ ਇਹ ਹਉਕਾ ਆਪਣੇ ਚਿੱਤ 'ਚ ਲੈ ਕੇ ਹੀ ਪੂਰੀ ਹੋ ਗਈ। ਜਿਸ ਦਾ ਅਫਸੋਸ ਅੱਜ ਵੀ ਮਨ ਉਦਾਸ ਕਰ ਜਾਂਦਾ ਹੈ।
  ਵਧੀਆ ਲਿਖਤ ਨਾਲ ਸਾਂਝ ਪਾਉਣ ਲਈ ਆਪ ਜੀ ਦਾ ਤਹਿ ਦਿਲੋਂ ਧੰਨਵਾਦ।

  ਹਰਦੀਪ

  ReplyDelete
 2. ਮੈਨੂੰ ਲਗਦਾ ਇਹ ਕਹਾਣੀ ਸੁਰਜੀਤ ਸਿੰਘ ਭੁੱਲਰ ਜਾਂ ਹਰਦੀਪ ਭੈਣ ਦੀ ਨਾਨੀ ਦੀ ਨਹੀਂ । ਸਗੋਂ ਕਿਸੇ ਨੇ ਮੇਰੇ ਚੇਤਿਆਂ ਚੋ ਪੜ੍ਹ ਕੇ ਸ਼ਬਦ ਲਿਖੇ ਹੋਣ। ਮੈਂ ਕਈ ਵਾਰ ਦੇਖਦਾ ਹਾਂ ਸਭ ਦੀਆਂ ਖੁਸ਼ੀਆਂ ਵੱਖ-ਵੱਖ ਹੁੰਦੀਆਂ ਪਰ ਓਦਰੇਵੇਂ ਇਕੋ ਜਿਹੇ ਹੀ ਹੁੰਦੇ ਨੇ। -ਗੁਰਸੇਵਕ ਸਿੰਘ ਧੌਲਾ।

  ReplyDelete
 3. सुरजीत जी इस लिखत में हमने आप की दादी वारे पढ़ा । मन उदास हुआ हमारा भी ।दादी, नानी ,माँये कोई भी जब अपने पूरे जीवन को याद करके देखती हैं तो कोई न कोई अधूरी इच्छा उन्हें उदासी में डुबोये रखती है ।आपने अच्छा किया उन की इच्छा पूरी कराने ले गये । यह अलग बात है है कि वे जो देखना चाहती थी नहीं मिला । हर नारी को पहले अपनी घर गृहस्थी ही नजर आती ।जब अपने बारे में उसे सोचने का वक्त मिलता है बहुत देर हो चुकी होती ।नारी जीवन की यही सबसे बड़ी ट्रेजडी है । बधाई भाव पूर्ण रचना के लिये ।

  ReplyDelete
 4. ਕੁਝ ਪਿਆਰੇ ਰਿਸ਼ਤੇ ਜ਼ਿੰਦਗੀ ਦੇ ਅਖੀਰ ਤੱਕ ਸਾਥ ਨਿਭਦੇ ਨੇ , ਮਨ 'ਚ ਵਸਦੇ ਨੇ। ਖੇਤ ਦੀ ਰੇਹ ਖੂਬਸੂਰਤ ਰਚਨਾ ਹੈ ਬੜੇ ਅਰਸੇ ਤੋਂ ਤੁਸੀਂ ਮਾਤ ਭਾਸ਼ਾ ਪੰਜਾਬੀ ਲਈ ਲਿਖ ਰਹੇ ਹੋ। ਅਸੀਂ ਤੁਹਾਡੇ ਪਾਠਕ ਬੜੇ ਸਤਿਕਾਰ ਨਾਲ ਦੁਆ ਕਰਦੇ ਹਾਂ ਇਸੇ ਤਰਾਂ ਲਿਖਦੇ ਰਹੋ।

  ReplyDelete
  Replies
  1. ਆਪ ਜੀ ਨੂੰ 'ਖੇਤ ਦੀ ਰੇਹ'ਪਸੰਦ ਆਈ-ਮੈਨੂੰ ਖ਼ੁਸ਼ੀ ਹੋਈ।ਧੰਨਵਾਦ।

   ਰਿਸ਼ਤਿਆਂ ਬਾਰੇ ਤੁਸੀਂ ਸੱਚ ਕਿਹਾ ਹੈ।ਇਹ ਬਹੁਰੰਗੀ ਹੁੰਦੇ ਹਨ-ਕਦੇ' ਕੁੱਝ ਪਿਆਰੇ ਰਿਸ਼ਤੇ ਜ਼ਿੰਦਗੀ ਦੇ ਅਖੀਰ ਤੱਕ ਸਾਥ ਨਿਭਦੇ ਨੇ , ਮਨ Ḕਚ ਵੱਸਦੇ ਨੇ' ਅਤੇ ਕੁੱਝ ਚਮਕੀਲੇ ਤੇ ਭੜਕੀਲੇ ਕੱਚੇ ਰੰਗਾਂ ਜਿਹੇ ।

   ਪ੍ਰਮਾਤਮਾ ਦੀ ਮਿਹਰ ਹੈ,ਜੋ ਮੈਨੂੰ ਲਿਖਣ ਪੜ੍ਹਨ ਵਾਲੇ ਪਾਸੇ ਲਾਇਆ ਹੋਇਆ ਹੈ। ਤੁਹਾਡੇ ਜਿਹੇ ਸੁਹਿਰਦ ਪਾਠਕਾਂ ਦੀਆਂ ਦੁਆਵਾਂ ਮੇਰਾ ਮਨੋਬਲ ਹੋਰ ਵਧਾ ਦਿੰਦੀਆਂ ਹਨ,ਜਿਸ ਕਰ ਕੇ ਇਹ ਪ੍ਰਕ੍ਰਿਆ ਤੁਰੀ ਜਾ ਰਹੀ ਹੈ।
   ਮੈਂ ਆਪ ਜੀ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ,ਜੋ ਮੇਰੇ ਪ੍ਰਤੀ ਸ਼ੁੱਭ ਭਾਵਨਾ ਰੱਖਦੇ ਹੋ।23-06-2016

   Delete
 5. ਜੋ ਵੀ ਆਪਣੇ ਦੇਸ਼ /ਧਰਤੀ ਨੂੰ ਛਡ ਕੇ ਦੂਸਰੇ ਦੇਸ਼ਾਂ ਵਿੱਚ ਜਾ ਬੇਠੇ ਹਨ ,ਜਾਣ ਦਾ ਕਾਰਣ ਕੋਈ ਵੀ ਹੋ ਸਦਕਾ ਹੈ , ਉਹ ਸਾਰੇ ਹੀ ਆਪਣੀ ਮਿੱਟੀ ਦੇ ਰਿਸ਼ਤੇ /ਉਦਰੇਵੇਂ ਨੂਂ ਚੰਗੀ ਤਰਾਂ ਜਾਣਦੇ ਹਨ ਅਤੇ ਉਸ ਨਾਲ ਰੋਜ਼ ਜਿਉਂਦੇ ਹਨ |ਲਿਖਤ ਪੜਕੇ ਮੰਨ ਵਿਚ ਇਕ ਚੀਸ ਜਿਹੀ ਉਠਦੀ ਹੈ |

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ