ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Jun 2016

ਵਿਲੱਖਣ ਸਫ਼ਰ

ਵਿਲੱਖਣ ਸਫ਼ਰ 
ਸਵੇਰ ਸਾਫ਼ ਤੇ ਧੁੱਪ ਵਾਲੀ ਸੀ। ਕਾਦਰ ਦੀ ਕੁਦਰਤ ਹਰ ਟਾਹਣੀ ਨੂੰ ਡੋਡੀਆਂ ਦਾ ਸ਼ਗਨ ਪਾ ਖਿੜਨ ਦਾ ਵਰ ਦੇ ਰਹੀ ਜਾਪ ਰਹੀ ਸੀ। ਬਿਖਰਦੀਆਂ ਧੁੱਪ ਕਿਰਨਾਂ ਨੇ ਆਰਟ ਰੂਮ ਨੂੰ ਸੰਧੂਰੀ ਰੰਗ ਨਾਲ ਭਰ ਦਿੱਤਾ ਸੀ। ਸੱਤਰੰਗੀ ਪੀਂਘ ਪਾਉਂਦੇ ਰੰਗਾਂ ਵਾਲੇ ਏਸ ਕਮਰੇ ਦੀਆਂ ਕੰਧਾਂ 'ਤੇ ਟੰਗੇ ਚਿੱਤਰ,ਕੈਨਵਸ,ਰੰਗੀਨ ਕਾਗਜ਼, ਬੁਰਸ਼, ਰੰਗ ਤੇ ਪੈਨਸਿਲਾਂ ਇੱਕ ਦੂਜੇ ਤੋਂ ਮੂਹਰੇ ਹੋ- ਹੋ ਹੇ ਕੇ ਸਾਨੂੰ ਗਲਵੱਕੜੀ ਪਾਉਂਦੇ ਜਾਪ ਰਹੇ ਸਨ। 
     ਮਸੂਮ ਜਿਹੇ ਚਿਹਰਿਆਂ 'ਤੇ  ਫੁੱਟਦੀਆਂ ਮੁਸਕਾਨਾਂ ਧੁੱਪ ਸੰਗ ਰਲ ਕੇ ਰੰਗਾਂ ਦੇ ਪ੍ਰਛਾਵਿਆਂ ਹੇਠ ਆ ਬੈਠੀਆਂ ਸਨ। ਇਹ ਉਹ ਅਭਾਗੇ ਬੱਚੇ ਸਨ ਜਿਨ੍ਹਾਂ ਦੇ ਮਨ ਸਰੀਰ ਤੋਂ ਕਈ ਵਰ੍ਹੇ ਪਿਛਾਂਹ ਚੱਲਦੇ ਨੇ। ਦੇਖਣ ਨੂੰ ਉਹ ਸਾਰੇ ਚੌਦਾਂ -ਪੰਦਰਾਂ ਵਰ੍ਹਿਆਂ ਦੇ ਨੇ ਪਰ ਮਾਨਸਿਕ ਪੱਖੋਂ ਉਨ੍ਹਾਂ ਜ਼ਿੰਦਗੀ ਦੀਆਂ ਮਸੀਂ ਛੇ -ਸੱਤ ਬਾਹਰਾਂ ਹੀ ਹੰਢਾਈਆਂ ਹੋਣਗੀਆਂ। ਓਸ ਦਾਤੇ ਦੀ ਮੇਹਰ ਨਾ ਹੋਣ ਕਰਕੇ ਇਨ੍ਹਾਂ  'ਚੋਂ ਬਹੁਤੇ ਕਈਆਂ ਪੱਖਾਂ ਤੋਂ ਊਣੇ ਤੇ ਸੱਖਣੇ ਰਹਿ ਗਏ ਪਰ ਸੁਭਾਅ ਦੇ ਸਾਊ ਤੇ ਬੀਬੇ ਨੇ। ਕਈ ਝਗੜਾਲੂ ਤੇ ਟੁੱਟੇ ਪਰਿਵਾਰਾਂ ਦੇ ਝੰਬੇ ਮੱਧਮ ਸੋਚ ਦੇ ਭਾਗੀ ਬਣੇ ਤੇ ਹੌਲੀ ਹੌਲੀ ਉਹਨਾਂ ਦੀ ਸੁਰਤੀ ਬਦਰੰਗ ਹੋ ਗਈ।ਬੇਹੁਦਾਪਣ ਹਾਵੀ ਹੁੰਦਾ ਗਿਆ ਤੇ ਕਿਸੇ ਦਾ ਆਦਰ ਸਤਿਕਾਰ ਕਰਨ ਦੀ ਦਾਤ ਤੋਂ ਉਹ ਵਿਹੂਣੇ ਹੀ ਰਹਿ ਗਏ। 
         ਪਿਛਲੇ ਕੁਝ ਸਮੇਂ ਦੌਰਾਨ ਉਨ੍ਹਾਂ ਦੀ ਮਾਨਸਿਕਤਾ ਦੀਆਂ ਤੈਹਾਂ ਫਰੋਲਦਿਆਂ ਮੈਨੂੰ ਹਰ ਇੱਕ ਦੇ ਆਪੇ ਅੰਦਰ ਬੈਠੇ ਇੱਕ ਕਲਾਕਾਰ ਦੀ ਧੁੰਦਲੀ ਜਿਹੀ ਤਸਵੀਰ ਨਜ਼ਰ ਆਈ ਸੀ। ਅੱਜ ਨਿੱਕੀਆਂ ਹੱਥੇਲੀਆਂ 'ਤੇ ਕਲਾ ਡੋਡੀਆਂ ਸਜਾਉਣ ਦਾ ਚਾਅ ਮੇਰੀ ਰੰਗਸ਼ਾਲਾ ਵਿੱਚੋਂ ਮੇਰਾ ਘੜਿਆ ਪੈਲਾਂ ਪਾਉਂਦਾ ਮੋਰ ਚੁੱਕ ਲਿਆਇਆ ਸੀ । ਵੱਖੋ -ਵੱਖਰੀ ਸੱਭਿਅਤਾ ਨਾਲ ਜੁੜੇ ਇਹਨਾਂ ਬੱਚਿਆਂ ਲਈ ਮੋਰ ਇੱਕ ਅਣਜਾਣ ਪੰਛੀ ਸੀ। ਪਰ ਕੁਦਰਤ ਦੀ ਇਸ ਅਤਿਅੰਤ ਮੋਹਣੀ ਘਾੜਤ ਨੇ ਪਹਿਲੀ ਨਜ਼ਰੇ ਹੀ ਉਹਨਾਂ ਦਾ ਦਿਲ ਮੋਹ ਲਿਆ ਸੀ। ਨੱਚਦੇ ਮੋਰ ਨੂੰ ਵੇਖਦਿਆਂ ਹੀ ਸਭਨਾਂ ਦੀਆਂ ਅੱਖਾਂ 'ਚ ਉਸ ਨੂੰ ਫੜ੍ਹਨ ਦੀ ਤਾਂਘ ਸਾਫ਼ ਝਲਕ ਰਹੀ ਸੀ। ਹੁਣ ਆਪਣੇ -ਆਪਣੇ ਮੋਰ ਨੂੰ ਬਨਾਉਣ ਲਈ ਢੰਗ ਤੇ ਤਰਕੀਬ ਜਾਨਣ ਲਈ ਉਹ ਕਾਹਲੇ ਪੈਣ ਲੱਗੇ। 
        ਅਗਲੇ ਕੁਝ ਪਲਾਂ ਬਾਅਦ ਉਹ ਪਲਾਸਟਿਕ ਦੇ ਚਮਚਿਆਂ ਨੂੰ ਰੰਗ ਕੇ ਮੋਰ ਖੰਭਾਂ 'ਚ ਢਾਲਣ ਲੱਗੇ। ਚਮਕੀਲੇ ਨੀਲੇ ਰੰਗ ਨਾਲ ਰੰਗੇ ਨਿੱਕੇ -ਨਿੱਕੇ ਰੂੰ ਫੰਬੇ ਧੌਣ ਤੇ ਧੜ ਤੇ ਆ ਸਜਣ ਲੱਗੇ। ਪਰ ਇਹ ਪ੍ਰਕਿਰਿਆ ਉਨ੍ਹਾਂ ਲਈ ਕੋਈ ਆਸਾਨ ਨਹੀਂ ਸੀ। ਵਾਰ -ਵਾਰ ਹਦਾਇਤਾਂ ਤੇ ਦੁਹਰਾਓ ਦੇ ਬਾਵਜੂਦ ਉਹ ਲੀਹ ਤੋਂ ਉਤਰ ਜਾਂਦੇ।ਕਦੇ ਰੰਗ ਬਿਖੇਰ ਆਪਣੇ ਹੱਥ ਰੰਗ ਲੈਂਦੇ ਤੇ ਕਦੇ ਕਲਾਤਮਿਕ ਸੁਹਜ ਨੂੰ ਬੇਰੰਗ ਕਰ ਦਿੰਦੇ। ਪਰ ਰੰਗਾਂ ਦੀ ਦੁਨੀਆਂ ਵਿੱਚ ਵਿਚਰਦਿਆਂ ਉਨ੍ਹਾਂ ਵਿੱਚੋਂ ਬਹੁਤਿਆਂ ਦੇ ਚਿਹਰਿਆਂ ਨੂੰ ਵੇਖ ਕੇ ਲੱਗਦਾ ਸੀ ਕਿ ਜਿਵੇਂ ਬੀਆਬਾਨਾਂ 'ਚ ਰੌਣਕਾਂ ਲੱਗ ਗਈਆਂ ਹੋਣ। ਕਈ ਆਪਣੀ ਸਿਰਜਣਾ ਨੂੰ ਨੇਪਰੇ ਚੜ੍ਹਦਿਆਂ ਵੇਖ ਖੁਮਾਰੀ ਵਿੱਚ  ਚੀਕਾਂ ਜਿਹੀਆਂ ਮਾਰਨ ਲੱਗਦੇ। ਮੁੜ -ਮੁੜ ਕੇ ਉਨ੍ਹਾਂ ਨੂੰ ਸਹਿਜ ਕਰਨਾ ਪੈਂਦਾ। 
       ਕਹਿੰਦੇ ਨੇ ਜਦੋਂ ਕਲਾ ਦਾ ਬੀਜ ਕਦੇ ਕਿਸੇ ਦੇ ਮਨ ਵਿੱਚ ਬੀਜਿਆ ਹੀ ਨਾ ਗਿਆ ਹੋਵੇ ਜਾਂ ਫੇਰ ਕਿਧਰੇ ਅਲੋਪ ਹੋ ਜਾਵੇ ਤਾਂ ਉਸ ਨੂੰ ਕੋਈ ਵੀ ਰੰਗ ਬੰਨ੍ਹ ਨਹੀਂ ਸਕਦਾ। ਉਨ੍ਹਾਂ ਬੱਚਿਆਂ ਵਿੱਚ ਦੋ-ਤਿੰਨ ਅਜਿਹੇ ਵੀ ਸਨ ਜਿਨ੍ਹਾਂ ਦੀ ਜੰਗਾਲ ਖਾਧੀ ਮਾਨਸਿਕਤਾ 'ਤੇ ਰੰਗ ਚੜ੍ਹਨਾ ਬੜਾ ਹੀ ਔਖਾ ਸੀ । ਗੱਲਾਂ -ਗੱਲਾਂ 'ਚ ਹੀ ਉਹ ਗਾਲੀ -ਗਲੋਚ 'ਤੇ ਉੱਤਰ ਆਉਂਦੇ । ਰੰਗਾਂ ਤੇ ਬੁਰਸ਼ ਨੂੰ ਹਥਿਆਰ ਬਣਾ ਇੱਕ ਦੂਜੇ ਵੱਲ ਵਗ੍ਹਾ -ਵਗ੍ਹਾ ਮਾਰਨ ਲੱਗਦੇ । ਇਸੇ ਕਰਕੇ ਕੰਮ 'ਚ ਕਈ ਵਾਰ ਠਹਿਰਾਓ ਵੀ ਆਇਆ। 
     ਮੋਰ ਸਿਰਜਣਾ ਦੌਰਾਨ ਹਰ ਨਵਾਂ ਪੜਾਅ ਸ਼ੁਰੂ ਕਰਨ ਵੇਲੇ ਉਨ੍ਹਾਂ ਸਭਨਾਂ  ਦੀ ਮਨ-ਤਖਤੀ ਮੁੱਢ ਤੋਂ ਕੋਰੀ ਹੋ ਜਾਂਦੀ ਸੀ। ਕਈ ਇੱਕ ਪੜਾਅ ਤੋਂ ਦੂਜੇ ਤੱਕ ਦੇ ਸਫ਼ਰ ਦੌਰਾਨ ਐਨੇ ਉਤੇਜਿਤ ਹੋ ਜਾਂਦੇ ਕਿ ਅਗਲੇਰੀਆਂ ਹਦਾਇਤਾਂ ਦੀ ਉਡੀਕ ਕਰਨਾ ਵੀ ਉਨ੍ਹਾਂ ਨੂੰ ਭਾਰੀ ਲੱਗਦਾ। ਅਖੀਰ ਕਈ ਹਫ਼ਤਿਆਂ ਦੀ ਘਾਲਣਾ ਤੋਂ ਬਾਦ ਉਨ੍ਹਾਂ ਦੀ ਸਿਰਜਣਸ਼ੀਲਤਾ ਦੇ ਅਨੋਖੇ ਰੰਗਾਂ ਨਾਲ ਚੁਫ਼ੇਰਾ ਰੰਗਿਆ ਗਿਆ ਸੀ। ਪੈਲਾਂ ਪਾਉਂਦੇ ਮੋਰ ਨੂੰ ਉਨ੍ਹਾਂ ਆਪਣਾ ਬਣਾ ਲਿਆ ਸੀ। ਏਸ ਵਿਲੱਖਣ ਸਫ਼ਰ ਨੇ ਉਨ੍ਹਾਂ ਨੂੰ ਦੁਨੀਆਂ ਦੀ ਰੰਗੀਨਤਾ ਦਾ ਅਹਿਸਾਸ ਕਰਵਾਇਆ। ਹਰੇਕ ਲਈ ਇਹ ਤਾਂ ਇੱਕ ਅਚੰਭਾ ਹੀ ਸੀ ਕਿ ਉਨ੍ਹਾਂ ਦੇ ਬੇਢੰਗੇ ਹੁਨਰ ਤੇ ਬੇਹੂਦਗੀ ਨੂੰ ਮੈਂ ਕਿਵੇਂ ਤਰਾਸ਼ ਲਿਆ ਸੀ। ਇੱਕ ਅਸਧਾਰਨ  ਮਾਨਸਿਕਤਾ ਨੂੰ ਰੰਗਾਂ ਦੀ ਪਿਉਂਦ ਚੜ੍ਹਾ ਉਨ੍ਹਾਂ ਅੰਦਰਲੇ ਕਲਾਕਾਰ ਨੂੰ ਸਭ ਦੇ ਸਨਮੁੱਖ ਕਰ ਅੱਜ ਹੈਰਾਨ ਕਰ ਦਿੱਤਾ ਸੀ। 
       ਰਾਹੀ ਖੜ੍ਹ ਖੜ੍ਹ ਕੇ ਉਨ੍ਹਾਂ ਹੱਥੀਂ ਫੜੇ ਮੋਰ ਨੂੰ ਅਵਾਕ ਹੋ ਤੱਕ ਰਹੇ ਸਨ।ਪੈਲਾਂ ਪਾਉਂਦੇ ਮੋਰ ਸੰਗ ਨੱਚਦੇ ਉਹ ਸਾਵਣ ਦੇ ਮੀਂਹ 'ਚ ਭਿੱਜ ਰਹੇ ਸਨ। ਮੈਂ ਖਿੜਕੀ 'ਚੋਂ ਬਾਹਰ ਤੱਕਿਆ, ਅਸਮਾਨ ਤਾਂ ਅੱਜ ਵੀ ਬਿਲਕੁਲ ਸਾਫ਼ ਸੀ। ਹਾਂ ! ਕੁਝ ਸੰਵੇਦਨਸ਼ੀਲ ਮਾਂਵਾਂ ਦੇ ਨੈਣਾਂ 'ਚੋਂ ਅੱਜ ਖੁਸ਼ੀ ਦੀ ਬਰਸਾਤ ਜ਼ਰੂਰ ਹੋਈ ਸੀ ਜਦੋਂ ਬੱਚਿਆਂ ਨੇ ਇਹ ਕਲਹਿਰੀ ਮੋਰ ਉਨ੍ਹਾਂ ਦੇ ਹੱਥੀਂ ਜਾ ਫੜ੍ਹਾਇਆ ਸੀ। ਭਾਰਤੀ ਸੰਸਕ੍ਰਿਤੀ ਨਾਲ ਜੁੜਿਆ ਮੋਰ ਅੱਜ ਵਿਦੇਸ਼ੀਆਂ ਦੇ ਵਿਹੜੇ ਵਿੱਚ ਵੀ ਪੈਲਾਂ ਪਾ ਰਿਹਾ ਸੀ।  

ਨੀਲਾ ਅੰਬਰ 
ਵੇਖਾਂ ਮੋਰ ਦੀ ਪੈਲ 
ਨੈਣਾਂ 'ਚ ਹੰਝੂ। 

ਡਾ ਹਰਦੀਪ ਕੌਰ ਸੰਧੂ 


ਨੋਟ : ਇਹ ਪੋਸਟ ਹੁਣ ਤੱਕ 113 ਵਾਰ ਪੜ੍ਹੀ ਗਈ


       

6 comments:

 1. ਮੇਰਾ ਨਿੱਜੀ ਵਿਚਾਰ:
  ਵਿਲੱਖਣ ਸਫ਼ਰ (ਹਾਇਬਨ)

  ਵਿਲੱਖਣ ਸਫ਼ਰ (ਹਾਇਬਨ) ਨੂੰ ਪੜ੍ਹਦਿਆਂ ਮੇਰੇ ਮਨ ਅੰਦਰ 'ਮੋਰ' ਪ੍ਰਤੀ ਕਈ ਸਵਾਲਾਂ ਸੁੱਤੇ ਸਿੱਧ ਜਾਗ ਪਏ । ਉਹ ਇਸ ਕਰ ਕੇ ਕਿ ਜਦ ਮੈਂ ਲੇਖਕਾ ਦਾ 'ਰੰਗਲੀ ਰੰਗ ਸ਼ਾਲਾ'(ਹਾਇਬਨ)ਪੜ੍ਹਿਆ ਸੀ ਤਾਂ ਉਸ ਵਿਚ ਮੈਨੂੰ ਉਹ ਦੇ ਮਨ ਵਿਚ ਮੁੱਦਤਾਂ ਤੋਂ ਦੱਬੇ ਇਹਸਾਸ ਦੇ ਜ਼ਿਕਰ ਦੀ ਝਲਕ ਮਿਲੀ ਸੀ ਅਤੇ ਉਸ ਨੇ ਉਨ੍ਹਾਂ ਨੂੰ ਰੂਪਮਾਨ ਕਰਨ ਲਈ ਪਲਾਸਟਿਕ ਦੇ ਚਮਚੇ,ਰੂੰ ਤੇ ਰੰਗਾਂ ਦੇ ਸੁਮੇਲ ਨਾਲ'ਮੋਰ' ਬਣਾ ਕੇ ਆਪਣੀਆਂ ਘਰ ਦੀਆ ਕੰਧਾਂ ਦਾ ਸ਼ਿੰਗਾਰ ਬਣਾ ਲਿਆ ਸੀ, ਜਿਸ ਨੂੰ ਦੇਖ ਕੇ ਉਸ ਦਾ ਮਨ ਤ੍ਰਿਪਤ ਹੋ ਗਿਆ ਸੀ। ਪਰ ਹੁਣ ਉਹ ਮਨ ਦੀ ਇਸ ਖ਼ੁਸ਼ੀ ਨੂੰ 'ਇੱਕ ਤੋਂ ਅਨੇਕ' ਕਰ ਕੇ ਹੋਰਾਂ ਦੇ ਮਨਾਂ ਵਿਚ ਵੀ ਭਰਨਾ ਚਾਹੁੰਦੀ ਹੈ, ਜਿਸ ਦੇ ਫਲ ਸਰੂਪ 'ਵਿਲੱਖਣ ਸਫ਼ਰ' (ਹਾਇਬਨ) ਹੋਂਦ ਵਿਚ ਆਇਆ ਤੇ ਮੇਰੀ ਸੋਚ ਵੀ ਵਿਲੱਖਣ ਹੋ ਗਈ।

  ਹਾਇਬਨ ਦੀ ਸ਼ੁਰੂਆਤ ਕਾਦਰ ਦੀ ਕੁਦਰਤ ਤੋਂ ਹੁੰਦੀ ਹੈ ਤੇ ਫਿਰ ਲੇਖਕਾ ਨੂੰ ਮਹਿਸੂਸ ਹੋਣ ਲੱਗਦੇ ਜਿਵੇਂ ਸਿਰਜਣਹਾਰ, ਬਨਸਪਤੀ ਦੀ ਹਰ ਡਾਲ ਦੀਆਂ ਡੋਡੀਆਂ ਨੂੰ ਖਿੜਨ ਦਾ ਵਰ ਦੇ ਰਿਹਾ ਹੋਵੇ। ਧੁੱਪ ਬਿਖਰਦੀ ਹੋਵੇ ਤੇ ਰੰਗ ਸ਼ਾਲਾ 'ਚ ਪਈ ਹਰ ਚੀਜ਼ ਨੂੰ ਆਪਣੇ ਕਲਾਵੇ 'ਚ ਲੈ ਰਹੀ ਹੋਵੇ। ਇਸੇ ਮਾਹੌਲ ਦੇ ਅੰਤਰਗਤ ਬੌਧਿਕ ਅਪੰਗਤਾ ਵਾਲੇ ਅਭਾਗੇ ਬੱਚੇ ਵੀ ਧੁੱਪ ਦੀ ਮੁਸਕਾਨ ਸੰਗ ਰਲ ਕੇ ਰੰਗਾਂ ਦੇ ਪਰਛਾਵਿਆਂ ਹੇਠ ਆ ਬੈਠੇ ਹੋਣ ਅਤੇ ਇਸ ਕਾਲਪਨਿਕ ਤਸਵੀਰੀ ਚਿੱਤਰ ਨੇ ਸੱਚ ਮੁਚ ਯਥਾਰਥ ਰੂਪ ਧਾਰ ਲਿਆ ਹੋਵੇ।

  ਜੀ ਹਾਂ,ਅਸਲ ਵਿਚ ਲੇਖਕਾ ਪਿਛਲੇ ਕੁੱਝ ਸਮੇਂ ਤੋਂ ਇਨ੍ਹਾਂ ਅਭਾਗੇ ਬੱਚਿਆਂ ਦੇ ਮਨਾਂ ਦੀਆਂ ਮਾਨਸਿਕਤਾ ਪਰਤਾਂ ਫਰੋਲਨ ਦੀ ਕੋਸ਼ਿਸ਼ ਕਰਦੀ ਰਹੀ ਸੀ ਅਤੇ ਉਨ੍ਹਾਂ ਅੰਦਰ ਬੈਠੇ ਇੱਕ ਇੱਕ ਕਲਾਕਾਰ ਦੀ ਧੁੰਦਲੀ ਜਿਹੀ ਤਸਵੀਰ ਆਪਣੀ ਸਹਿਜ ਬੋਧ ਸ਼ਕਤੀ ਰਾਹੀਂ ਬਣਾਉਂਦੀ ਤੇ ਦੇਖਦੀ ਰਹੀ ਸੀ। ਅੱਜ ਉਹ ਆਪਣੇ ਬਣਾਏ/ਘੜੇ ਪੈਲਾਂ ਪਾਉਂਦੇ 'ਰੰਗ ਸ਼ਾਲੀ ਮੋਰ'ਦੁਆਰਾ ਉਨ੍ਹਾਂ ਦੀਆਂ ਉਂਗਲਾਂ ਦੇ ਪੋਟਿਆਂ ਦੀਆਂ ਕਲਾ ਡੋਡੀਆਂ ਤੋਂ'ਨਵੇਂ ਮੋਰ' ਘੜਵਾ ਕੇ,ਉਨ੍ਹਾਂ ਦੇ ਅੰਦਰਲੇ ਕਲਾਕਾਰ ਨੂੰ ਸਜਾਉਣਾ ਦਾ ਉਪਰਾਲਾ ਕਰਨਾ ਚਾਹੁੰਦੀ ਹੈ।

  ਇਸ ਪੜਾਅ ਤੇ ਆ ਕੇ,ਹੁਣ ਹਰ ਕਿਸੇ ਦਾ ਆਪੋ ਆਪਣੀ ਸੋਚ ਅਨੁਸਾਰ 'ਵਿਲੱਖਣ ਸਫ਼ਰ' ਸ਼ੁਰੂ ਹੁੰਦਾ ਹੈ।ਡਾ:ਹਰਦੀਪ ਕੌਰ ਸੰਧੂ ਆਪਣੀ ਭੂਮਿਕਾ ਚੰਗੇ ਅਧਿਆਪਕ ਦੀ ਤਰ੍ਹਾਂ ਨਿਭਾਉਂਦੀ ਦਿਸਦੀ ਹੈ। ਉਹ ਬਚਿਆ ਨੂੰ ਆਜ਼ਾਦੀ, ਹਲਾਸ਼ੇਰੀ ਦੇ ਨਾਲ ਨਾਲ ਉਨ੍ਹਾਂ ਨੂੰ ਭਾਵਾਤਮਿਕ ਸਹਿਯੋਗ ਵਿਧੀ ਅਨੁਸਾਰ ਉਤਸ਼ਾਹਿਤ ਵੀ ਕਰ ਰਹੀ ਹੈ। ਇਸ ਅਗਵਾਈ ਤੇ ਅਭਿਆਸ ਨਾਲ ਬਚਿਆਂ ਦੇ ਮਨਾਂ ਨੂੰ ਮਜ਼ਬੂਤ ਕਰ ਰਹੀ ਹੈ, ਜੋ ਸਕਾਰਾਤਮਿਕ ਤੇ ਸਹੀ ਢੰਗ ਅਪਣਾ ਕੇ ਇਸ ਹਾਇਬਨ ਵਿਚ ਦਿਖਾਇਆ ਗਿਆ ਹੈ। ਬਚਿਆਂ ਨੂੰ ਇਸ ਤਰ੍ਹਾਂ ਗਰੁੱਪ ਵਿਚ ਸ਼ਾਮਲ ਕਰ ਕੇ,ਉਨ੍ਹਾਂ ਨੂੰ ਪ੍ਰੇਰਨਾ ਦੇ ਕੇ ਇਹ ਸਿਖਾਉਣ ਦਾ ਯਤਨ ਬਹੁਤ ਅੱਛਾ ਹੈ ਤਾਂ ਜੋ ਉਹ ਚੰਗੇ ਤੇ ਯੋਗ ਸਮਾਜਿਕ ਵਿਅਕਤੀ ਬਣ ਸਕਣ। ਪਰ ਐਨਾ ਕਰਨ ਦੇ ਬਾਵਜੂਦ 'ਦੋ-ਤਿੰਨ ਅਜਿਹੇ ਵੀ ਸਨ ਜਿਨ੍ਹਾਂ ਦੀ ਜੰਗਾਲ ਖਾਧੀ ਮਾਨਸਿਕਤਾ 'ਤੇ ਰੰਗ ਚੜ੍ਹਨਾ ਬੜਾ ਹੀ ਔਖਾ ਸੀ।' ਪਰ ਆਖ਼ਿਰ ਅਣਥੱਕ ਲਗਨ ਰੰਗ ਲੈ ਆਈ ਤੇ ਸਾਰਿਆਂ ਦਾ ' ਸਿਰਜਣ ਸ਼ੀਲਤਾ ਦੇ ਅਨੋਖੇ ਰੰਗਾਂ ਨਾਲ ਚੁਫੇਰਾ ਰੰਗਿਆ ਗਿਆ ਸੀ।'ਬੱਚੇ ਆਪੋ ਆਪਣੇ ਬਣਾਏ ਮੋਰ ਦੇਖ ਕੇ ਹੈਰਾਨ ਸਨ ਪਰ ਫਿਰ ਸਾਵਣ ਦੇ ਮੀਂਹ 'ਚ ਮੋਰਾਂ ਸੰਗ ਨੱਚਦੇ ਪੈਲਾਂ ਪਾਉਂਦੇ ਤੇ ਭਿੱਜਦੇ ਰਹੇ।

  ਇਸ ਵਿਲੱਖਣ ਸਫ਼ਰ (ਹਾਇਬਨ) ਵਿਚ ਲੇਖਕਾ ਨੇ ਜੋ ਵੀ ਪਾਤਰ ਚਿੱਤਰੇ ਹਨ,ਉਹ ਆਪਣੀ ਬੁੱਧ ਮੁਤਾਬਿਕ ਸਫ਼ਰ ਤਹਿ ਕਰਦੇ ਕਰਦੇ ਨਿਸ਼ਚਿਤ ਮੁਕਾਮ 'ਤੇ ਉਸ ਸਮੇਂ ਉੱਪੜ ਜਾਂਦੇ ਹਨ ਜਦ ਆਪਣਾ ਬਣਾਇਆ ਕਲਹਿਰੀ ਮੋਰ ਆਪਣੀਆਂ ਆਪਣੀਆਂ ਸੰਵੇਦਨਸ਼ੀਲ ਮਾਂਵਾਂ ਦੇ ਹੱਥੀਂ ਜਾ ਫੜਾਉਂਦੇ ਨੇ ਅਤੇ ਉਨ੍ਹਾਂ ਨੂੰ ਵੀ ਇਹ ਗਿਆਨ ਸੋਝੀ ਹੋ ਜਾਂਦੀ ਹੇ ਕਿ ਇਹ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਹੈ ਜੋ'ਅੱਜ ਵਿਦੇਸ਼ੀਆਂ ਦੇ ਘਰਾਂ ਵਿੱਚ ਵੀ ਪੈਲਾਂ ਪਾ ਰਿਹਾ।'

  ਇਹ ਹਾਇਬਨ ਉੱਚ ਦਰਜੇ ਦੀ ਸਾਹਿੱਤਿਕ ਰਚਨਾ ਤਾਂ ਹੈ ਹੀ, ਇਸ ਦੇ ਨਾਲ ਨਾਲ ਲੇਖਕਾ ਨੇ ਬੋਧਿਕ ਅਪੰਗ ਬਚਿਆਂ ਦੇ ਮਾਂ ਬਾਪ ਰਾਹੀਂ ਸਥਾਨਕ ਭਾਈਚਾਰੇ ਵਿਚਕਾਰ ਸੁੰਦਰ 'ਮੋਰ ਘਾੜੇ ਢੰਗ ਅਤੇ ਭਾਸ਼ਾ' ਰਾਹੀਂ ਭਾਈਵਾਲੀ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕੀਤੀ ਹੈ।

  ਅੰਤ ਵਿਚ ਮੈਂ ਤਾਂ ਇਹ ਹੀ ਕਹਾਂਗਾ ਕਿ ਡਾ: ਹਰਦੀਪ ਕੌਰ ਸੰਧੂ ਨੇ 'ਵਿਲੱਖਣ ਸਫ਼ਰ' (ਹਾਇਬਨ) ਰਾਹੀ 'ਔਟਿਜ਼ਮ' ਬਿਮਾਰੀ ਵਿਚ ਜੂਝਦੇ ਬਚਿਆਂ ਦੇ ਹਿਰਦਿਆਂ ਦੀ ਵੇਦਨਾ ਨੂੰ ਅਰਥ ਭਰਪੂਰ ਕਾਵਿ-ਸ਼ਬਦਾਂ ਦੀ ਸੰਚਾਰ-ਜੁਗਤ ਰਾਹੀਂ ਵਿਸ਼ਵ-ਵਿਆਪੀ ਮਾਨਵਤਾ ਤਕ ਪਹੁੰਚਾਉਣ ਦਾ ਸਫਲ ਯਤਨ ਕੀਤਾ ਹੈ।
  ਅਜਿਹੀ ਸੁੰਦਰ ਰਚਨਾ ਲਿਖਣ 'ਤੇ ਉਸ ਦੀ ਸ਼ਲਾਘਾ ਕਰਨਾ ਸਾਡਾ ਫ਼ਰਜ਼ ਬੰਨ੍ਹਦਾ ਹੀ ਹੈ।
  ਮੇਰੇ ਵੱਲੋਂ ਵਧਾਈ ਕਬੂਲ ਹੋਵੇ ਜੀ।
  -0-
  -ਸੁਰਜੀਤ ਸਿੰਘ ਭੁੱਲਰ

  ReplyDelete
 2. ਕਾਫੀ ਕੁਝ ਪੜ੍ਹ ਲਿਐ ਹਰਦੀਪ ਜੀਓ , ਬਹੁਤ ਸੋਹਣੀਆਂ ਰਚਨਾਵਾਂ ਨੇ , ਪਿਛਲੇ ਚਾਰ ਸਾਲਾਂ ਦਾ ਸਫਰ ਵੀ ਬਹੁਤ ਖ਼ੂਬ ਹੈ, ਤੇ ਅੱਗੇ ਤੋਂ ਨਵੀਆਂ ਸੰਭਾਵਨਾਵਾਂ ਦੀ ਉਮੀਦ ਜਗਾਉਂਦੈ..ਤੁਹਾਡੇ ਸਿਦਕ ਤੇ ਹਿੰਮਤ ਨੂੰ ਸਲਾਮ ਭੇਜਦੀ ਹਾਂ..ਸਾਂਝਾਂ ਦੇ ਅਗਲੇ ਸਫ਼ਰ ਲਈ ਦਿਲੀ ਦੁਆਵਾਂ

  ReplyDelete
 3. ਵਿਲੱਖਣ ਸਫ਼ਰ ਵਧੀਆ ਹਾਇਬਨ ਹੈ। ਕਿਸੇ ਨੇ ਠੀਕ ਹੀ ਕਿਹਾ ਹੈ ਕਿ ਬੁੱਧੀ ਅਤੇ ਮਨੋਭਾਵ ਮਿਲ ਕੇ ਕਲਾਕਾਰ ਦੀਆਂ ਸੁਪਨ ਉਡਾਰੀਆਂ ਨੂੰ ਖੰਭ ਦਿੰਦੇ ਹਨ।

  ReplyDelete
 4. ਵਿਲੱਖਣ ਸਫ਼ਰ ਵਿਲੱਖਣ ਕਹਿਆ ਜਾ ਸਕਦਾ ਹੈ ।ਪੰਜਵੇ ਸਾਲ ਦੀ ਸ਼ੁਰੂਆਤ ਸ਼ਲਾਗਾ ਯੋਗ ਹੈ ।ਹਾਇਬਨ ਦੀ ਖੂਬਸੂਰਤੀ ਟੀਚਰ ਦੀ ਅਨਥਕ ਮੇਹਨਤ ਅਪੰਗ ਬੁਧੀ ਬਚਿਆਂ ਦੇ ਅਂਦਰ ਦੀ ਛੁਪੀ ਕਲ਼ਾ ਨੂ ਬਾਹਰ ਲਾਨੇ ਦਾ ਉਪਰਾਲਾ ਕਰਨਾ ਹੈ । ਵਾਹ ਵਾਹ ਹਰਦੀਪ ਦੀ ।ਤੇਰੇ ਅਂਦਰ ਕਲਾ ਸਿਰਫ ਤੇਰੀ ਅਪਨੀ ਖੁਸ਼ੀ ਕੇ ਲਿਏ ਨਹੀਂ ।ਕਿਸੀ ਕਲਾ ਕੀ ਰਚਨਾ ਕਰਕੇ ਤੂ ਜੋ ਆਨਂਦ ਪਰਾਪਤ ਕਰਤੀ ਹੈ ਤੂ ਚਾਹਤੀ ਹੈ ਔਰੋਂ ਕੋ ਵੀ ਵਹ ਆਨਂਦ ਪਰਾਪਤ ਹੋਵੇ ।ਤੇਰਾ ਹਾਇਬਨ ਹਰ ਤਰਹ ਸੇ ਸ਼ਲਾਘਾ ਜੋਗ ਹੈ ।

  ReplyDelete
 5. ਮੇਰੇ ਵਿਲੱਖਣ ਸਫ਼ਰ 'ਚ ਭਾਈਵਾਲ ਬਨਣ ਲਈ ਸਭ ਤੋਂ ਪਹਿਲਾਂ ਮੈਂ ਸਭ ਦਾ ਸ਼ੁਕਰੀਆ ਕਰਨਾ ਚਾਹੁੰਦੀ ਹਾਂ। ਹਰ ਇੱਕ ਨੇ ਆਪਣੇ ਆਪਣੇ ਅੰਦਾਜ਼ 'ਚ ਏਸ ਸਫ਼ਰ ਦਾ ਅਨੰਦ ਮਾਣਿਆ ਹੈ।
  ਭੁੱਲਰ ਜੀ ਆਪ ਨੇ ਸਹੀ ਕਿਹਾ ਇਹ ਸਫ਼ਰ ਇੱਕ ਤੋਂ ਅਨੇਕ ਤੱਕ ਦਾ ਹੈ। ਇਸ ਸਫ਼ਰ ਨੇ ਬੱਚਿਆਂ 'ਚ ਇੱਕ ਨਵਾਂ ਜਾਗ ਲੈ ਦਿੱਤਾ ਤੇ ਉਹ ਹੁਣ ਅਗਲੇਰੇ ਦਿਨਾਂ 'ਚ ਕੁਝ ਹੋਰ ਨਵਾਂ ਸਿਰਜਣ ਦੀਆਂ ਵਿਉਂਤਾਂ ਹੁਣੇ ਤੋਂ ਹੀ ਘੜਨ ਲੱਗੇ ਨੇ। ਇਸ ਸਫ਼ਰ ਨੇ ਸਾਰਿਆਂ ਨੂੰ ਅਚੰਭਿਤ ਕੀਤਾ ਹੈ ਤੇ ਹੋਰਾਂ ਨੂੰ ਇਹੋ ਜਿਹੇ ਸਫ਼ਰ ਕਰਨ ਲਈ ਪ੍ਰੇਰਿਆ ਵੀ ਹੈ।
  ਦਵਿੰਦਰ ਭੈਣ ਜੀ ਆਪ ਨੇ ਸਹੀ ਕਿਹਾ ਹੈ ਸੱਚ ਹੀ ਮੇਰੀਆਂ ਸੁਪਨ ਉਡਾਰੀਆਂ ਨੂੰ ਨਵੇਂ ਖੰਭ ਲੱਗ ਗਏ।
  ਸਹੀ ਕਿਹਾ ਕਮਲਾ ਜੀ ਬੌਧਿਕ ਅਪੰਗਤਾ ਵਾਲੇ ਬੱਚਿਆਂ 'ਚ ਛੁਪੀ ਕਲਾ ਨੂੰ ਬਾਹਰ ਲਿਆਉਣ ਦਾ ਇਹ ਇੱਕ ਸਫ਼ਲ ਉਪਰਾਲਾ ਸੀ।
  ਆਪ ਸਾਰਿਆਂ ਵੱਲੋਂ ਮਿਲੇ ਨਿੱਘੇ ਹੁੰਗਾਰੇ ਤੇ ਮੋਹ ਨਾਲ ਆਉਂਦੇ ਸਮੇਂ ਦੌਰਾਨ ਵੀ ਮੇਰੀ ਕੁਝ ਨਵਾਂ ਸਿਰਜਣ ਦੀ ਕੋਸ਼ਿਸ਼ ਜਾਰੀ ਰਹੇਗੀ।
  ਹਰਦੀਪ

  ReplyDelete
 6. ਲਫਜ਼ ਖਾਮੋਸ਼ ਹੋ ਗਏ ਨੇ
  ਨੈਨ ਮੂੰਦੇ ਗਏ ਨੇ
  ਚਿਹਰੇ ਦੀਆਂ ਲਕੀਰਾ ਫੈਲ ਗਈਆਂ ਨੇ
  ਸਿਰ ਹਿਲ ਰਿਹਾ ਹੈ ਵਜ਼ਦ ਚ

  ਧੁਨ ੳਠ ਰਹੀ ਵਾਹ, ਵਾਹ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ