ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

30 Jun 2016

ਕੱਚੀਆਂ ਕੰਧਾਂ (ਹਾਇਬਨ)

Surjit Bhullar's Profile Photo
ਮੇਰੇ ਦੋਸਤਾਂ ਨੇ ਨਿੱਘੇ ਮੋਹ ਨਾਲ ਮੈਨੂੰ ਅੱਜ ਸ਼ਾਮ ਨੂੰ ਆਪਣੇ ਨਾਲ ਹੀ ਰੱਖਿਆ। ਮੈਂ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਨਾ ਨਹੀਂ ਕਹਿ ਸਕਿਆ ਸੀ । ਆਖ਼ਿਰ ਜ਼ਿੰਦਗੀ 'ਚ ਦੋਸਤੀ ਦਾ ਮੁਕਾਮ ਵੀ ਤਾਂ ਖ਼ਾਸ ਹੁੰਦਾ ਹੈ।  ਮੈਨੂੰ ਸ਼ਾਮ ਦੀ ਮਹਿਫ਼ਲ ਦਾ ਤਾਜ ਪਹਿਨਾਇਆ ਗਿਆ। ਮਹਿਫ਼ਲ ਦੇ ਉੱਠਦਿਆਂ ਹੀ ਦੋਸਤ ਤਾਂ ਕਿਧਰੇ ਖਿੰਡ ਗਏ। ਪਰ ਮੇਰੀ ਚੇਤਨਾ ਮੈਨੂੰ ਮੇਰੇ ਪਿੰਡ ਵਾਲੇ ਘਰ ਦੇ ਦਰਵਾਜ਼ੇ ਮੂਹਰੇ ਲੈ ਗਈ। ਹੁਣ ਮੈਂ ਦੇਖ ਰਿਹਾ ਸੀ ਘਰ ਦੀਆਂ ਕੱਚੀਆਂ ਕੰਧਾਂ ਜਿਨ੍ਹਾਂ ਨਾਲ ਅੱਜ ਵੀ ਮੈਨੂੰ ਮੋਹ ਹੈ। ਜੋ ਅਜੇ ਵੀ ਮੇਰੀਆਂ ਯਾਦਾਂ ਨੂੰ ਹਿੱਕ ਨਾਲ ਸਾਂਭੀ ਖੜ੍ਹੀਆਂ ਨੇ। ਜਦ ਮੈਂ ਇੱਕਲਤਾ ਦੇ ਹਨੇਰਿਆਂ ਤੋਂ ਹਾਰ ਜਾਂਦਾ ਹਾਂ ਤਾਂ ਉਨ੍ਹਾਂ ਗੱਲ ਲੱਗ ਭੁੱਬਾਂ ਮਾਰ ਮਾਰ ਹੌਕੇ ਭਰਦਾ ਹਾਂ। 

ਹੁਣ  ਮੇਰੀ ਸੋਚ ਮੈਨੂੰ ਰੋਹੀ ਵਾਲੇ ਖੇਤ 'ਚ ਇਕੱਲੀ ਖੜੀ ਕਿੱਕਰ ਕੋਲ ਲੈ ਪਹੁੰਚਦੀ ਹੈ ਜਿਸ ਨੂੰ ਮੈਂ ਜਾ ਕਲਾਵੇ ‘ਚ ਲੈਂਦਾ ਹਾਂ। ਉਸ ਅਭਾਗੀ ਨੇ ਮੁੱਦਤ ਪਹਿਲਾਂ ਆਪਣੇ ਸਿਰ ਤੇ ਲੁੰਗ ਦਾ ਤਾਜ ਪਹਿਨਿਆ ਸੀ। ਮੈਨੂੰ ਲੱਗਾ ਜਿਵੇਂ ਉਹ  ਮੈਨੂੰ ਨਿੱਘ ਦਿੰਦੀ ਹੋਵੇ, ਧਰਵਾਸ ਦਿੰਦੀ ਤੇ ਡੁਸਕਦੀ ਕਹਿ ਰਹੀ ਹੋਵੇ, "ਜੀਣ  ਜੋਗਿਆ !ਮੈਂ ਤਾਂ ਕੰਡਿਆਂ ਨਾਲ ਵਿੰਨ੍ਹੀਂ ਪਈ ਹਾਂ,ਤੇਰਾ ਦੁੱਖ ਕਿਵੇਂ ਚੁਗਾਂ? ਜਾ ਪਰਤ ਜਾ ਆਪਣੀਆਂ ਕੱਚੀਆਂ ਕੰਧਾਂ ਦੇ ਕੋਲ,ਮੇਰੇ ਜੀਣ  ਜੋਗਿਆ!"

  ਮੈਂ ਜਦ ਪਿੱਛੇ ਮੁੜ ਦੇਖਦਾ ਹਾਂ, ਨਾ ਕੋਈ ਆਵਾਜ਼ ਸੀ ,ਨਾ ਕੋਈ ਪੈਰ ਚਾਲ ਸੀ। ਕੇਵਲ ਇੱਕੋ ਇੱਕ ਦੁਖਦਾਈ ਖ਼ਿਆਲ ਸੀ ਜੋ ਮੇਰੀ ਅਰਧ ਚੇਤਨਾ ਦਾ ਜਾਲ- ਜੰਜਾਲ ਸੀ।  ਮੈਂ ਅਹਿਸਾਸਾਂ ਦੀ ਆਤਮ ਹੱਤਿਆ ਹੁੰਦੀ ਦੇਖਦਾ ਹਾਂ। ਆਪਣੇ ਦਰਦ ਨੂੰ ਸੀਨੇ 'ਚ ਦਬਾ, ਚੁੱਪ ਦੀ ਜ਼ਬਾਨ ਸਾਧ ਮੈਂ ਫਿਰ ਘਰ ਦੀਆਂ ਕੱਚੀਆਂ ਕੰਧਾਂ ਕੋਲੇ ਆ ਖਲੋਂਦਾ ਹਾਂ ਤੇ ਰੋਂਦਾ ਹਾਂ ਜੋ ਮੈਨੂੰ ਹਿੱਕ ਨਾਲ ਲਾਈ ਸਾਂਭੀ ਖੜ੍ਹੀਆਂ ਨੇ। ਕਦੇ ਮੈਨੂੰ ਲੱਗਦਾ ਕਿ ਇਹ ਗੁੰਗੀਆਂ ਨੇ ਤੇ ਕਦੇ ਲੱਗਦਾ ਇਹ ਬੋਲਦੀਆਂ ਵੀ ਨੇ। ਮੇਰੇ ਤਨ ਦੀਆਂ ਕੱਚੀਆਂ ਕੰਧਾਂ! ਮੇਰੇ ਘਰ ਦੀਆਂ ਕੱਚੀਆਂ ਕੰਧਾਂ! 

        ਮੇਰੀ ਆਕਾਸ਼ ਚੜ੍ਹੀ ਸੋਚ ਇੱਕ ਦਮ ਧਰਤੀ ਤੇ ਆ ਡਿਗਦੀ ਹੈ। ਮੈਂ ਆਪਣੇ ਆਪ ਨੂੰ ਸਹਿਜ ਕਰਨ ਦਾ ਯਤਨ ਕਰਦਾ ਹਾਂ। ਸਵੇਰ ਹੋਣ ਤੱਕ ਮੇਰੀਆਂ ਅੱਖਾਂ ਦਾ ਦਰਿਆ ਸੁੱਕ ਚੁੱਕਾ ਸੀ।ਮੈਂ ਹੀ ਜਾਣਦਾ ਮੇਰੇ ਜ਼ਖਮ ਕਿਨ੍ਹੇ ਸੱਚੇ ਨੇ। ਸ਼ਾਇਦ ਮੈਂ ਪਾਗਲਾਂ ਵਾਂਗ ਮੇਰੇ ਘਰ ਦੀਆਂ ਕੱਚੀਆਂ ਕੰਧਾਂ ਨੂੰ ਅੱਜ ਵੀ ਮੋਹ ਕਰਦਾ ਹਾਂ। 

ਯਾਦ ਸਫ਼ਰ -

ਰੋਹੀ ਵਾਲੀ ਕਿੱਕਰ 

ਕੱਚੀਆਂ ਕੰਧਾਂ। 

ਸੁਰਜੀਤ ਸਿੰਘ ਭੁੱਲਰ
ਨੋਟ : ਇਹ ਪੋਸਟ ਹੁਣ ਤੱਕ 56 ਵਾਰ ਪੜ੍ਹੀ ਗਈ

6 comments:

 1. ਇਸਤਰਾਂ ਦੀ ਲਿਖਤ ਪੜਕੇ ਮੰਨ ਉਦਾਸ/ਉਚਾਟ ਹੋ ਜਾਂਦਾ ਹੈ | ਅਜ ਦੀ ਜਿੰਦਗੀ ਕੱਚੇ ਦਾਗੇ ਦੀ ਪੀਂਗ ਝੂਟਦੀ , ਕੱਚੇ ਸਰੀਰ ਵਿਚ ਜਿਉਂਦੀ ,ਕੱਚੀਆਂ ਕੰਧਾਂ ਨੂੰ ਤਰਸੀ ਜਾਂਦੀ ਏ |

  ReplyDelete
  Replies
  1. ਆਪ ਜੀ ਦੇ ਵਿਚਾਰ ਅਤਿ ਸਾਰਥਿਕ ਹਨ। ਵਿਸ਼ਵੀਕਰਨ ਹੋਣ ਕਾਰਨ ਮਨੁੱਖ ਦੀਆਂ ਖ਼ਾਹਿਸ਼ਾਂ ਵੀ ਅਸੀਮ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਪੂਰਤੀ ਲਈ ਕੁੱਝ ਨਾ ਕੁੱਝ ਬਲੀਦਾਨ ਕਰਨਾ ਪੈਂਦਾ ਹੈ। ਬੱਸ,ਇਹੀ ਤਿਆਗ ਕਦੇ ਜ਼ਿੰਦਗੀ ਨੂੰ ਕੱਚੀਆਂ ਕੰਧਾਂ ਨਾਲ ਮਿਲਣ ਲਈ ਤਰਸਾਉਂਦਾ ਏ। ਟਿੱਪਣੀ ਲਈ ਆਪ ਦਾ ਧੰਨਵਾਦ, ਦਿਲਜੋਧ ਸਿੰਘ ਜੀ। 03-07-2016

   Delete
 2. ਕੱਚੀਆਂ ਕੰਧਾਂ
  ਪਿੰਡ ਦੀਆਂ ਯਾਦਾਂ ਦੀ ਮਹਕ ਭਰੀ ਸੁਂਦਰ ਲਿਖਤ ਹੈ ।ਯਾਦੇਂ ਜੋ ਹਮਾਰੀ ਚੇਤਨਾ ਕੋ ਇਕ ਸਕੂਨ ਦੇ ਜਾਤੀ ਹੈ ।ਹਮਸੇ ਬਾਤੇਂ ਕਰਤੀ ਹੈ ।ਹਮੇ ਲਗਤਾ ਹੈ ਗੁਜਰਾ ਵਕਤ ਹਮ ਸੇ ਦੂਰਚਲਾ ਗਿਆ ਹੈ ਲੇਕਿਨ ਵਹ ਹਮੇਸ਼ਾਂ ਹਮਾਰੇ ਅੰਗ ਸੰਗ ਰਹਤਾ ਹੈ । ਸੁਰਜੀਤ ਜੀ ਆਪ ਕਾ ਯਾਦ ਸਫ਼ਰ /ਰੋਹੀ ਵਾਲੀ ਕਿੱਕਰ /ਕੱਚਿਆਂ ਕੰਧਾਂ ।ਬਹੁਤ ਵੜਿਆ ਲਗਾ ।ਬਧਾਈ ਆਪ ਕੋ ।

  Kamla Ghataaura

  ReplyDelete
  Replies
  1. ਆਪ ਜੀ ਕੋਲੋਂ ਉਸਤਤ ਅਤੇ ਪ੍ਰਸ਼ੰਸਾ ਪ੍ਰਾਪਤ ਕਰਨਾ ਮੇਰੇ ਲਈ ਇੱਕ ਬਹੁਤ ਇਨਾਮ ਹੈ,ਮੈਂ ਨਿਮਰਤਾ ਨਾਲ ਅਹਿਸਾਨਮੰਦ ਹਾਂ। ਸਕਾਰਾਤਮਿਕ ਟਿੱਪਣੀ ਲਈ ਆਪ ਦਾ ਧੰਨਵਾਦ Kamla Ghataaura ਜੀ। 03-07-2016

   Delete
 3. ਸੁਰਜੀਤ ਸਿੰਘ ਭੁੱਲਰ ਜੀ ਦਾ ਲਿਖਿਆ ਇਹ ਹਾਇਬਨ ਦਿਲ ਨੂੰ ਧੂਹ ਪਾਉਂਦਾ ਹੈ। ਯਾਦਾਂ ਦਾ ਸਫ਼ਰ ਆਪ ਨੂੰ ਪਿੰਡ ਲੈ ਜਾਂਦਾ ਹੈ ਕਦੇ ਘਰ ਦੀਆਂ ਕੱਚੀਆਂ ਕੰਧਾਂ ਕੋਲ ਤੇ ਕਦੇ ਰੋਹੀ ਵਾਲ਼ੇ ਖੇਤ ਖੜ੍ਹੀ ਕਿੱਕਰ ਕੋਲ। ਓਥੇ ਜਾ ਕੇ ਮਨ ਨੂੰ ਸਕੂਨ ਮਿਲਿਆ ਚਾਹੇ ਇਹ ਕੁਝ ਪਲਾਂ ਦਾ ਹੀ ਸੀ। ਯਾਦਾਂ ਮਨ ਦੇ ਜ਼ਖਮਾਂ 'ਤੇ ਮਲ੍ਹਮ ਲਾਉਂਦੀਆਂ ਨੇ। ਚੇਤਨ ਮਨ ਫਿਰ ਨਿਰਾਸ਼ ਹੋ ਜਾਂਦਾ ਹੈ ਆਪਣੇ ਆਪ ਨੂੰ ਫਿਰ ਤੋਂ ਇੱਕਲਾ ਖੜ੍ਹਾ ਤੱਕਦਾ ਹੈ। ਆਪ ਦੇ ਇਸ ਸਫ਼ਰ ਦੌਰਾਨ ਮੇਰੇ ਵਾਂਗ ਸਭ ਨੇ ਆਪਣੇ -ਆਪਣੇ ਪਿੰਡ ਦਾ ਫੇਰਾ ਪਾ ਲਿਆ ਹੋਣਾ । ਸੁੰਨੇ ਰਾਹ 'ਤੇ ਖੜ੍ਹੀ ਲੁੰਗ ਵਾਲੀ ਕਿੱਕਰ ਤੇ ਘਰ ਦੀਆਂ ਕੰਧਾਂ ਨੂੰ ਕਲਾਵੇ 'ਚ ਵੀ ਲੈ ਲਿਆ ਹੋਣਾ । ਬਹੁਤ ਬਹੁਤ ਸ਼ੁਕਰੀਆ ਸਭ ਕੁਝ ਮੁੜ ਤੋਂ ਯਾਦ ਕਰਵਾਉਣ ਤੇ ਸਾਂਝਾ ਕਰਨ ਲਈ। ਬੇਮਿਸਾਲ ਹਾਇਬਨ ਸਾਂਝਾ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
  ਹਰਦੀਪ

  ReplyDelete
  Replies
  1. ਸਤਿਕਾਰਤ ਹਰਦੀਪ ਜੀ,ਆਪ ਦੀ ਪਰੇਰਨਾ ਅਤੇ ਉਤਸ਼ਾਹ ਨਾਲ ਹੀ 'ਸਫ਼ਰ ਸਾਂਝ' ਵਿਚ ਮੇਰੀ ਹਾਜ਼ਰੀ ਲੱਗੀ ਹੈ।ਇਸ ਲਈ ਅਤੇ ਸ਼ਬਦਾਂ ਦੀ ਭਰੀ ਪਟਾਰ-ਟਿੱਪਣੀ ਲਈ ਮੈਂ ਦਿਲੋਂ ਧੰਨਵਾਦ ਪੇਸ਼ ਕਰਦਾ ਹਾਂ। 03-07-2016

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ