ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Jul 2016

ਮੌਤ ਤੇ ਮੁਹੱਬਤ

Surjit Bhullar's Profile Photoਦੋਸਤ!
ਤੇਰੀ ਸਾਂਵੀ ਜ਼ਿੰਦਗੀ ਅਜੇ ਪੱਧਰੇ ਰਾਹ 'ਤੇ ਤੁਰਦੀ ਹੈ
ਤੂੰ ਕੀ ਜਾਣੇ ਮੌਤ ਤੇ ਮੁਹੱਬਤ ਦੇ ਅੰਤਰ ਨੂੰ?
ਕਦੇ ਨਜ਼ਰ 'ਚ ਰੱਖ ਤੇ ਦੇਖ ਆਮ ਆਦਮੀ ਨੂੰ
ਜੋ ਮੌਤ ਤੇ ਮੁਹੱਬਤ ਨੂੰ ਆਪਣੇ ਤਨ ਮਨ 'ਤੇ ਹੰਢਾਉਂਦਾ।

ਮੌਤ ਕੇਵਲ ਉਹੀ ਨਹੀਂ ਹੁੰਦੀ ,
ਜੋ ਕਬਰਾਂ 'ਚ ਦਫ਼ਨਾ ਦਿੱਤੀ ਜਾਂਦੀ ਹੈ।
ਜਾਂ ਸ਼ਮਸ਼ਾਨਾਂ 'ਚ ਜਲਾ ਦਿੱਤੀ ਜਾਂਦੀ ਹੈ।
ਧਰਤੀ ਹਵਾਲੇ ਕਰ ਦਿੱਤੀ ਜਾਂ ਅਗਨੀ ਭੇਂਟ ਹੋ ਜਾਂਦੀ ਹੈ।
ਮੌਤ ਤਾਂ ਜਿਉਂਦੇ ਲੋਕਾਂ ਨੂੰ ਵੀ ਬਹੁਤ ਵਾਰੀਂ ਆਉਂਦੀ ਹੈ
ਕੋਈ ਭੁੱਖ ਦੇ ਨਾਲ ਪਲ ਪਲ ਸਹਿਕਦਾ ਮਰਦਾ
ਕੋਈ ਆਪਣਿਆਂ ਤੋਂ ਵਿੱਛੜਿਆ ਪੀੜਾਂ ਸਹਿੰਦਾ ਸਹਿੰਦਾ ਮਰਦਾ
ਕੋਈ ਜ਼ਿੰਦਗੀ 'ਚ ਮੁਹੱਬਤ ਦੀ ਗ਼ਰੀਬੀ ਕਾਰਨ
ਉਹਦੀ ਮਿਰਗ ਤ੍ਰਿਸ਼ਨਾ ਪਿੱਛੇ ਭੱਜਦਾ ਭੱਜਦਾ ਮਰਦਾ।

ਕੋਈ ਮਨ 'ਚ ਅਜਿਹੀ ਆਸ ਲੈ ਕੇ ਬੈਠ ਜਾਂਦਾ
ਜਿਸ ਦੀ ਪੂਰਤੀ ਲਈ ਵਾਰ ਵਾਰ ਜਿਉਂਦਾ ਮਰਦਾ ਰਹਿੰਦਾ
ਸ਼ਾਇਦ ਕਦੇ ਕੋਈ ਭੁੱਲ ਭੁਲੇਖੇ ਪਿਆਰ ਦੀ ਆਵਾਜ਼ ਰਾਹੀਂ
ਉਹਦੇ ਕੰਨਾਂ 'ਚ ਪਿਆਰ ਅੰਮ੍ਰਿਤ ਘੋਲ ਜਾਵੇ,
ਪਰ ਉਹ ਪਲ ਜੋ ਉਸ ਨੂੰ ਕਦੇ ਨਸੀਬ ਨਹੀਂ ਹੁੰਦਾ।

ਅਜਿਹੀਆਂ ਜ਼ਿੰਦਗੀਆਂ ਨੂੰ ਸਿਸਕਦੇ ਤੇ ਵਿਲਕਦੇ ਹੋਏ
ਦੁੱਖਾਂ ਦੀ ਗਰਦ 'ਚ ਅੱਟੀਆਂ ਰਾਹਾਂ 'ਤੇ ਭਟਕਣਾ ਪੈਂਦਾ
ਪਲ ਪਲ ਮਰਨਾ ਪੈਂਦਾ।
ਪਲ ਪਲ ਜੀਣਾ ਪੈਂਦਾ।

ਦੋਸਤ!
ਤੇਰੀ ਜ਼ਿੰਦਗੀ ਅਜੇ ਸਾਫ਼ ਪੱਧਰੇ ਰਾਹ ਤੇ ਤੁਰਦੀ ਹੈ
ਤੂੰ ਕੀ ਜਾਣੇ ਮੌਤ ਤੇ ਮੁਹੱਬਤ ਦੇ ਅੰਤਰ ਨੂੰ?

ਸੁਰਜੀਤ ਸਿੰਘ ਭੁੱਲਰ

07-07-2016

ਨੋਟ : ਇਹ ਪੋਸਟ ਹੁਣ ਤੱਕ 159 ਵਾਰ ਪੜ੍ਹੀ ਗਈ

2 comments:

  1. ਮੌਤ ਤੇ ਮੁਹੱਬਤ ਦੇ ਭਿੰਨ ਰੂਪਾਂ ਨੂੰ ਇੱਕ ਅਨੋਖੇ ਅੰਦਾਜ਼ 'ਚ ਪੇਸ਼ ਕੀਤਾ ਹੈ। ਨਵੀਂ ਪਰਿਭਾਸ਼ਾ ਦੇ ਦਿੱਤੀ ਹੈ। ਸਹੀ ਕਿਹਾ ਹੈ ਕਿ ਮੌਤ ਤਾਂ ਜਿਉਂਦੇ ਜੀ ਵੀ ਆਉਂਦੀ ਹੈ ਭੁੱਖ ਨਾਲ ਵਿਲਕਦੀਆਂ ਨੂੰ ਤੇ ਕਦੇ ਆਪਣੇ ਤੋਂ ਵਿਛੜਿਆਂ ਨੂੰ। ਦੁੱਖਾਂ ਦੀ ਗਰਦ 'ਚ ਅੱਟੀਆਂ ਰਾਹਾਂ ਤੇ ਭਟਕਦਾ ਮੋਹ -ਮੁਹੱਬਤ ਨੂੰ ਹਰ ਕੋਈ ਭਾਲਦਾ ਹੈ। ਪਲ ਪਲ ਮਰਦਾ ਹੈ ਤੇ ਪਲ ਪਲ ਜਿਉਂਦਾ ਹੈ। ਹਮੇਸ਼ਾਂ ਦੀ ਤਰਾਂ ਇੱਕ ਵਿਲੱਖਣ ਜਿਹੀ ਰਚਨਾ ਪੜ੍ਹ ਕੇ ਬਹੁਤ ਹੀ ਚੰਗਾ ਲੱਗਾ।

    ReplyDelete
  2. ਬਹੁਤ ਖੂਬ ਭੁੱਲਰ ਸਾਹਿਬ,, ਧੂੜ ਅੱਟੀਆਂ ਰਾਹਾਂ ਤੇ ਤੁਰਨ ਵਾਲੀ ਮੁਹੱਬਤ ਅਤੇ ਸਾਫ ਪੱਧਰੇ ਰਾਹਾਂ ਤੇ ਤੁਰਨ ਵਾਲੀ ਮਹੱਬਤ ਵਿਚ ਸਵੇਦਨਸੀਲਤਾ ਦੀ ਕਮੀ ਅਕਸਰ ਬਣੀ ਰਹਿੰਦੀ ਹੈ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ