ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Jul 2016

ਮੁਰਝਾਇਆ ਫੁੱਲ

Wilting peony flowers in a vintage clay jar Stock Images
       ਬਾਲਕੋਨੀ 'ਚ ਲਾਏ ਫੁੱਲਾਂ ਨੂੰ ਪਾਣੀ ਦੇਣ ਦੇ ਬਹਾਨੇ ਮੈਂ ਸਵੇਰੇ ਛੇਤੀ ਹੀ ਉੱਠ ਖਲੋਂਦੀ ਹਾਂ। ਧੁੰਦਲਕੇ ਜਿਹੇ 'ਚ ਹੀ ਮੈਂ ਜਦੋਂ ਪਾਣੀ ਦੇ ਰਹੀ ਸੀ ਤਾਂ ਸਾਹਮਣੇ ਸੜਕ 'ਤੇ ਆਉਣ ਜਾਣ ਵਾਲੇ ਇੱਕ ਪਲ ਲਈ ਰੁਕ ਕੇ ਕੁਝ ਦੇਖਦੇ ਤੇ ਫਿਰ ਤੁਰ ਜਾਂਦੇ। ਧਿਆਨ ਨਾਲ ਦੇਖੇ ਤੋਂ ਪਤਾ ਲੱਗਾ ਕਿ ਕੋਈ ਸਾਹਮਣੇ ਝਾੜੀਆਂ 'ਚ ਡਿੱਗਿਆ ਪਿਆ ਸੀ। ਦੂਰੋਂ ਉਮਰ ਤੇ ਲਿੰਗ ਦਾ ਅੰਦਾਜ਼ਾ ਲਾਉਣਾ ਮੁਸ਼ਿਕਲ ਸੀ। ਕੁਝ ਦੇਰ ਖੜ੍ਹੀ ਮੈਂ ਉਸ ਤਨ ਦੇ ਹਿੱਲਣ ਦੀ ਉਡੀਕ ਕਰਦੀ ਰਹੀ। ਪਰ ਉਹ ਤਾਂ ਜਿਵੇਂ ਕਿਸੇ ਗੂੜ੍ਹੀ ਨੀਂਦ ਦਾ ਅਨੰਦ ਲੈ ਰਿਹਾ ਸੀ। ਸ਼ਾਇਦ ਇਸੇ ਕਰਕੇ ਕਿਸੇ ਨੇ ਉਸ ਨੂੰ ਜਗਾਉਣਾ ਵੀ ਉਚਿਤ ਨਹੀਂ ਸਮਝਿਆ ਹੋਣਾ। ਲੋਕਾਂ ਨੂੰ ਲੱਗਦਾ ਹੋਵੇਗਾ ਕਿ ਉਸ ਨੇ ਜ਼ਿਆਦਾ ਸ਼ਰਾਬ ਪੀ ਲਈ ਹੋਣੀ ਹੈ। ਸ਼ਾਇਦ ਇਸੇ ਕਰਕੇ ਹਰ ਕੋਈ ਉਸ ਨੂੰ ਦੇਖ ਕੇ ਅੱਗੇ ਲੰਘ ਜਾਂਦਾ ਹੋਵੇਗਾ।ਇਹਨਾਂ ਸੋਚਾਂ 'ਚ ਮੇਰਾ ਮਨ ਸਵਾਲਾਂ 'ਚ ਉਲਝ ਕੇ ਰਹਿ ਗਿਆ। ਕਿਤੇ ਉਹ ਮਰ ਤਾਂ ਨਹੀਂ ਗਿਆ ਹੋਵੇਗਾ ? ਨਹੀਂ , ਨਹੀਂ ਅਜਿਹਾ ਨਹੀਂ ਹੈ। ਹੁਣ ਤੱਕ ਪੁਲਿਸ ਨੇ ਲਾਲ -ਸਫੈਦ ਰੰਗ ਦੇ ਫੀਤੀਆਂ ਨਾਲ ਘੇਰਾਬੰਦੀ ਕਰ ਦੇਣੀ ਸੀ। ਪੁਲਿਸ ਦੀਆਂ ਗੱਡੀਆਂ ਦੀ ਗੂੰਜ ਨੇ ਸਭ ਨੂੰ ਜਗਾ ਦੇਣਾ ਸੀ। ਪਰ ਇੱਥੇ ਤਾਂ ਸਾਰੇ ਹੁਣ ਤੱਕ ਗੂੜ੍ਹੀ ਨੀਂਦ ਸੁੱਤੇ ਪਏ ਨੇ। ਅੱਜ ਐਤਵਾਰ ਵੀ ਤਾਂ ਹੈ। 
     ਮੇਰੇ ਮਨ 'ਚ ਖਿਆਲਾਂ  ਨੇ ਫਿਰ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਹੋ ਸਕਦਾ ਕਿਸੇ ਨਾਲ ਝਗੜਾ ਹੋ ਗਿਆ ਹੋਵੇ ਤੇ ਉਸ ਨੇ ਧੱਕਾ ਦੇ ਕੇ ਇੱਥੇ ਝਾੜੀਆਂ 'ਚ ਸੁੱਟ ਦਿੱਤਾ ਹੋਵੇ। ਲੁੱਟਾਂ ਖੋਹਾਂ ਕਰਨ ਵਾਲੇ ਇਸ ਤਰ੍ਹਾਂ ਹੀ ਕਰਦੇ ਨੇ। ਲੇਕਿਨ ਇਹ ਕਦੋਂ ਹੋਇਆ ਹੋਵੇਗਾ ? ਕਿਸੇ ਦੇ ਚੀਕਣ -ਚਿਲਾਉਣ ਦੀ ਕੋਈ ਆਵਾਜ਼ ਵੀ ਤਾਂ ਸੁਣਾਈ ਨਹੀਂ ਦਿੱਤੀ। ਪਰ ਇੱਥੇ ਕਿਸੇ ਦੀ ਕੌਣ ਪ੍ਰਵਾਹ ਕਰਦਾ ਹੈ ? ਪਿੱਛੇ ਜਿਹੇ ਕੋਈ ਕਿਸੇ ਦਾ ਨਾਮ ਲੈ ਲੈ ਕੇ ਬੁਲਾ ਰਿਹਾ ਸੀ ਤੇ ਉਸ ਦੇ ਪਿੱਛੇ ਤੇਜ਼ ਕਦਮਾਂ ਦੀਆਂ ਅਵਾਜ਼ਾਂ ਜਿਵੇਂ ਕਿਸੇ ਦੀ ਮਾਰ ਕੁਟਾਈ ਕਰਨ ਦੀ ਬੇਤਾਬੀ ਦੀ ਸੂਚਨਾ ਦੇ ਰਹੀਆਂ ਹੋਣ । ਪਰ ਕਿਸੇ ਨੇ ਬਾਹਰ ਝਾਕ ਕੇ ਵੀ ਨਹੀਂ ਦੇਖਿਆ ਕਿ ਕੀ ਹੋ ਰਿਹਾ ਹੈ ਤੇ ਕਿਉਂ ? ਕੋਈ ਕਿਸੇ ਦੇ 'ਜੀਵਨ ਚ ਦਖਲ ਅੰਦਾਜ਼ੀ ਨਹੀਂ ਕਰਦਾ। ਸਭ ਆਪਣਾ ਜੀਵਨ ਆਪਣੇ ਢੰਗ ਨਾਲ ਹੀ ਜਿਉਂਣ 'ਚ ਮਸਤ ਨੇ। 
     ਮੈਂ ਬਾਲਕੋਨੀ 'ਚ ਖੜ੍ਹੀ ਦੇਖਦੀ ਰਹੀ। ਸਾਹਮਣੇ ਸਕੂਲ ਹੈ ਤੇ ਨਾਲ ਹੀ ਇੱਕ ਤਿਕੋਣੀ ਜਿਹੀ ਜਗ੍ਹਾ ਖਾਲੀ ਹੈ। ਨਾਲ ਇੱਕ ਸੜਕ ਹੈ ਜੋ ਦਿਨ ਰਾਤ ਖੁੱਲ੍ਹੇ ਰਹਿਣ ਵਾਲੇ ਸ਼ਾਪਿੰਗ ਸੈਂਟਰ ਨੂੰ ਜਾਂਦੀ ਹੈ। ਮੈਂ ਅਜੇ ਵੀ ਉਸ ਬੇਹੋਸ਼ ਪਏ ਬਾਰੇ ਸੋਚੀ ਜਾ ਰਹੀ ਸੀ। ਸ਼ਾਇਦ ਕੋਈ ਡਰਿੰਕ ਵਗੈਰਾ ਜ਼ਿਆਦਾ ਪੀ ਕੇ ਲੁੜਕ ਗਿਆ ਹੋਵੇਗਾ। ਇਸ ਦੇਸ਼ 'ਚ ਬੱਚਿਆਂ ਨੂੰ ਦਿੱਤੀ ਖੁੱਲ੍ਹ ਤੇ ਆਜ਼ਾਦੀ ਉਹਨਾਂ ਨੂੰ ਬਿਗਾੜਦੀ ਵੀ ਹੈ ਤੇ ਲਾਪਰਵਾਹ ਵੀ ਬਣਾ ਦਿੰਦੀ ਹੈ। ਆਪਣੀ ਹੀ ਉਹਨਾਂ ਨੂੰ ਚਿੰਤਾ ਨਹੀਂ ਹੋਰਾਂ ਦੀ ਕੀ ਹੋਵੇਗੀ ?ਦਖਲ ਅੰਦਾਜ਼ੀ ਇੱਥੇ ਕਿਸੇ ਨੂੰ ਪਸੰਦ ਨਹੀਂ। ਕੁਦਰਤ ਦੀ ਕਿਰਪਾ ਹੀ ਸਮਝੋ ਕਿ ਅਜੇ ਤੱਕ ਸੂਰਜ ਦੇਵਤਾ ਆਪਣੀਆਂ ਕਿਰਨਾਂ ਦਾ ਰੱਥ ਲੈ ਕੇ ਪ੍ਰਗਟ ਨਹੀਂ ਹੋਏ। ਹੁਣ ਅਸਮਾਨ 'ਚ ਹਲਕੀ ਲਾਲੀ ਨਜ਼ਰ ਆਉਣ ਲੱਗੀ ਹੈ। ਕੈਸਾ ਇਨਸਾਨ ਹੈ ਉੱਠ ਕਿਉਂ ਨਹੀਂ ਰਿਹਾ। ਕੋਈ ਉਸ ਨੂੰ ਉੱਠਾ ਕਿਉਂ ਨਹੀਂ ਰਿਹਾ। ਮੈਂ ਆਪਣੇ ਸੁਆਲਾਂ ਦਾ ਖੁਦ ਹੀ ਜਵਾਬ ਦੇ ਲੈਂਦੀ। ਇੱਥੋਂ ਦੇ ਸਖਤ ਕਾਨੂੰਨ ਨੂੰ ਕੋਈ ਆਪਣੇ ਹੱਥ 'ਚ ਸ਼ਾਇਦ ਲੈਣਾ ਵੀ ਨਹੀਂ ਚਾਹੁੰਦਾ ਹੋਵੇਗਾ। 

      ਫੁੱਲਾਂ ਨੂੰ ਪਾਣੀ ਦੇ ਕੇ ਮੈਂ ਆਪਣੇ ਹੋਰ ਕੰਮਾਂ 'ਚ ਰੁਝ ਗਈ। ਕੁਝ ਦੇਰ ਬਾਦ ਬਾਹਰ ਆਈ ਤਾਂ ਉੱਥੇ ਕੋਈ ਨਹੀਂ ਸੀ। ਕਿ ਉਹ ਮੇਰੀਆਂ ਅੱਖਾਂ ਦਾ ਭਰਮ ਸੀ ? ਨਹੀਂ , ਉੱਥੇ ਝਾੜੀਆਂ ਹੁਣ ਤੱਕ ਮੁਚੜੀਆਂ ਪਈਆਂ ਹਨ। ਸੱਚੀ ਹੀ ਉੱਥੇ ਕੋਈ ਸੀ। ਕਿਹੋ ਜਿਹੇ ਲੋਕ ਨੇ ਇੱਥੇ ? ਨਾ ਆਪਣੀ ਪ੍ਰਵਾਹ ਹੈ ਨਾ ਆਪਣੇ ਬੱਚਿਆਂ ਦੀ। ਮੈਂ ਇੱਥੋਂ ਦੇ ਸਮਾਜ ਨੂੰ ਦੋਸ਼ੀ ਕਹਿੰਦੀ ਅੰਦਰ ਆ ਗਈ। ਸਾਡੀ ਯੁਵਾ ਪੀੜ੍ਹੀ ਵੀ ਤਾਰੀਫ ਦੇ ਲਾਇਕ ਕਿੱਥੇ ਹੈ ?ਜਦ ਸਾਰੇ ਸੰਸਾਰ ਦੇ ਬੱਚਿਆਂ ਲਈ ਨਸ਼ਾ ਹੀ ਜੀਵਨ ਦਾ ਅਨੰਦ ਹੋਵੇ ਤਾਂ ਕੋਈ ਕੀ ਕਰ ਸਕਦਾ ਹੈ ? 

ਬਾਲਕੋਨੀ 'ਚ 
ਮੁਰਝਾਇਆ ਫੁੱਲ 
ਬਿਨ ਪਾਣੀ ਤੋਂ ।

ਕਮਲਾ ਘਟਾਔਰਾ 
ਯੂ . ਕੇ .

ਹਿੰਦੀ ਤੋਂ ਅਨੁਵਾਦ : ਡਾ . ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 73 ਵਾਰ ਪੜ੍ਹੀ ਗਈ

3 comments:

 1. ਮੁਰਝਾਇਆ ਫੁੱਲ -ਟਿੱਪਣੀ
  ਹਰਦੀਪ ਜੀਨੇ ਮੇਰੀ ਇਸ ਅਨਘੜਤ ਹਿਂਦੀ ਲਿਖਤ ਨੂ ਪਂਜਾਬੀ 'ਚ ਅਨੁਵਾਦ ਕਰਕੇ ਜਿਵੇਂ ਬੇਜਾਨ ਟਾਂਚੇ 'ਚ ਪਰਾਣ ਪਾ ਦਿਤੇ ਹੋਣ । ਉਸ ਪਰ ਢੁਕਵਾਂ ਹਾਇਕੁ ਲਿਖ ਕੇ ਅਪਨੇ ਸਫਰ ਸਾਂਝ 'ਚ ਸ਼ਾਮਿਲ ਕਰਕੇ ਮੇਰਾ ਕਿੱਨਾਂ ਹੌਸਲਾ ਵਦਾਇਆ ਦਸ ਨਹੀ ਸਕਦੀ ।
  ਮੇਰੇ ਹਾਇਬਨ ਲਿਖਨ ਦੇ ਭਾਵ ਨੂੰ ਸਮਝ ਕੇ ਹਰਦੀਪ ਨੇ ਵਹੁਤ ਹੀ ਖੂਬਸੂਰਤੀ ਨਾਲ ਹਾਇਕੁ 'ਚ ਦਸ ਦਿੱਤਾ ਹੈ ।
  ਅਸੀਂ ਬਚਿਆਂ ਨੂ ਪਾਲ ਪੋਸ਼ ਕੇ ਲਾਇਕ ਬਨਨ ਲੇਈ ਸਕੂਲ ਕਾਲੇਜ ਭੇਜਦੇ ਹਾਂ ।ਪਰ ਅੋਹ ਤਾਂ ਬਾਹਰ ਦੀ ਹਵਾ 'ਚ ਆਕੇ ਨਸ਼ਿਆਂ ਦੇ ਆਦੀ ਹੋ ਰਹਿਂਦੇ ਨੇ ।ਅਚੱਛੇ ਸਂਸਕਾਰਾਂ ਦੇ ਖਾਦ-ਪਾਣੀ ਦੀ ਘਾਟ ਕਾਰਣ ਉਨਹਾਂ ਦਾ ਖਿੜੇ ਫੁੱਲ ਬਰਗਾ ਜੀਵਨ ਮੁਝਾਇਆ ਫੁੱਲ ਬਨ ਕੇ ਰਹ ਜਾਂਦਾਂ ਹੈ ।

  Kamla Ghataaura

  ReplyDelete
 2. ਕਮਲਾ ਜੀ ਦਾ ਹਾਇਬਨ ਦਿਲ ਨੂੰ ਟੁੰਬਣ ਵਾਲਾ ਹੀ ਨਹੀਂ ਸਗੋਂ ਸਾਨੂੰ ਇੱਕ ਡੂੰਘੀ ਸੋਚ 'ਚ ਉਤਾਰ ਦਿੰਦਾ ਹੈ। ਬਾਲਕੋਨੀ ਦੇ ਫੁੱਲਾਂ ਨੂੰ ਪਾਣੀ ਦਿੰਦਿਆਂ ਸਾਹਮਣੇ ਹੋ ਰਹੇ ਵਰਤਾਰੇ ਨੂੰ ਵੇਖਦਿਆਂ ਕਮਲਾ ਜੀ ਦੀ ਸੋਚ ਸਮਾਜਿਕ ਢਾਂਚੇ ਦੇ ਤਾਣੇ -ਬਾਣੇ 'ਚ ਉਲਝ ਜਾਂਦੀ ਹੈ। ਵਿਦੇਸ਼ੀ ਤੇ ਸਾਡੇ ਦੇਸੀ ਢਾਂਚੇ 'ਚ ਅੱਜ ਕੋਈ ਫਰਕ ਨਹੀਂ ਰਿਹਾ। ਅਸੀਂ ਬੁਰੀ ਗੱਲ ਨੂੰ ਤਾਂ ਝੱਟ ਸਿੱਖ ਲੈਂਦੇ ਹਾਂ ਪਰ ਚੰਗੀਆਂ ਗੱਲਾਂ ਤੋਂ ਕੋਹਾਂ ਦੂਰ ਭਟਕਦੇ ਰਹਿੰਦੇ ਹਾਂ। ਸਾਡੇ ਫੁੱਲ ਮੁਰਝਾ ਰਹੇ ਨੇ ਲੋੜ ਹੈ ਸਾਨੂੰ ਵੇਲੇ ਸਿਰ ਉਹਨਾਂ ਦਾ ਖ਼ਿਆਲ ਰੱਖਣ ਦੀ।
  ਕਮਲਾ ਜੀ ਆਪ ਇਸ ਸੁੱਚੀ ਲਿਖਤ ਲਈ ਵਧਾਈ ਦੇ ਪਾਤਰ ਹੋ। ਸਾਂਝ ਬਣਾਈ ਰੱਖਣਾ ਜੀ।

  ReplyDelete
 3. ਮੁਰਝਾਇਆ ਫੁੱਲ - ਕਮਲਾ ਜੀ ਦੀ ਵਧੀਆ ਲਿਖਤ। ਉੱਤਮ ਅਨੁਵਾਦ। ਲੇਖਕ ਤੇ ਅਨੁਵਾਦਕ ਦੋਵੇਂ ਹੀ ਵਧਾਈ ਦੇ ਪਾਤਰ ਨੇ। ਅਨੁਵਾਦ ਦਾ ਇੱਕ ਵਧੀਆ ਕਾਰਜ ਉਹਨਾਂ ਪਾਠਕਾਂ ਲਈ ਜੋ ਸਿਰਫ਼ ਪੰਜਾਬੀ ਪੜ੍ਹਨਾ ਜਾਣਦੇ ਨੇ।
  ਸੁਰਜੀਤ ਸਿੰਘ ਭੁੱਲਰ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ