ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

4 Aug 2016

ਇਖਲਾਕੀ ਬੰਦਾ


ਬੀਤਦਾ ਸਿਆਲ ਮੱਠੀ ਮੱਠੀ ਠੰਡ ਦੇ ਦਿਨ । ਮੈਂ ਤੇ ਮੇਰਾ ਬੇਟਾ ਪਿੰਡ ਮਛਲੀ ਖੁਰਦ ਤੋਂ ਬੱਸ ਰਾਹੀਂ  ਆਪਣੇ ਪਿੰਡ ਵਾਪਸ ਆ ਰਹੇ ਸੀ । ਕੁਝ ਕਵੇਲੇ ਤੁਰੇ, ਕੁਝ ਬੱਸ ਕੰਡਕਟਰਾਂ  ਲੇਟ ਕਰਤਾ । ਕੋਈ ਵੀ ਕੰਡਕਟਰ ਸਾਡੇ ਪਿੰਡ ਬੱਸ ਰੋਕਣ ਲਈ ਤਿਆਰ ਨਾ ਹੁੰਦਾ । ਜੀ.ਟੀ ਰੋਡ ਸ਼ੰਭੂ ਪਿੰਡ ਦੇ ਆਲੇ ਦੁਆਲੇ ਹੋਰ ਵੀ ਕਈ ਪਿੰਡ ਵੱਸਦੇ ਹਨ । ਹੌਲੀ ਹੌਲੀ ਸੱਤ ਅੱਠ ਸਵਾਰੀਆਂ ਆ ਜੁੜੀਆਂ ਸ਼ੰਭੂ ਉੱਤਰਨ ਵਾਲੀਆਂ । ਬੱਸ ਰਾਜਪੁਰੇ ਬਾਈਪਾਸ 'ਤੇ ਆਣ ਰੁਕੀ, ਬੱਸ ਕੰਡਕਟਰ ਸ਼ੰਭੂ ਬੱਸ ਰੋਕਣ ਲਈ ਤਿਆਰ ਸੀ । ਮੈਂ ਤੇ ਅਮਿਤੋਜ ਵੀ ਉਹਨਾਂ ਸਵਾਰੀਆਂ ਨਾਲ ਬੱਸ 'ਚ ਸਵਾਰ ਹੋ ਗਏ । 

ਜਿੰਦਗੀ ਦੇ ਸਫਰ 'ਚ ਆਪਾ ਸਾਰੇ ਹੀ ਆਪਣਿਆਂ ਬਿਗਾਨਿਆਂ ਨਾਲ ਹੱਸਦੇ ਖੇਡਦੇ ਹਾਂ।  ਬਹੁਤੀ ਵਾਰ ਤਾਂ ਕਈ ਬੰਦੇ ਉਮਰ ਭਰ ਦੁਬਾਰਾ ਨਹੀਂ ਮਿਲਦੇ। ਕਿਸੇ ਸਫਰ 'ਚ ਸਾਡੇ ਹਮਸਫਰ ਹੁੰਦੇ ਹਨ ਤੇ ਆਪਣੇ ਪੜਾਅ 'ਤੇ ਪਹੁੰਚ ਸਾਡੇ ਕੋਲੋਂ ਸਦਾ ਲਈ ਵਿੱਛੜ ਜਾਂਦੇ ਹਨ । ਪਰ ਕੁਝ ਕੁ ਐਸੇ ਵੀ ਹੁੰਦੇ ਹਨ ਜੋ ਸਾਡੇ ਚੇਤਿਆਂ 'ਚ ਵੱਸਦੇ ਹਨ। ਮੇਰੀ ਸੋਚਾਂ ਦੀ ਲੜੀ ਟੁੱਟੀ ਤੇ ਅਸੀਂ ਸ਼ੰਭੂ ਉਤਰੇ ਤਾਂ ਚਾਰ ਚੁਫੇਰੇ ਨੇ ਹਨੇਰੇ ਦੀ ਬੁੱਕਲ ਮਾਰੀ ਹੋਈ ਸੀ । ਸ਼ੰਭੂ ਤੋਂ ਸਾਡੇ ਪਿੰਡ ਦੀ ਦੂਰੀ ਪੰਜ ਕਿਲੋਮੀਟਰ ਸੀ ਤੇ  ਉੱਤੋਂ ਸਿਆਲੀ ਸ਼ਾਮ ਦਾ ਸਿਖਰ । ਸਾਡਾ ਪਿੰਡ ਵੀ ਜੀ.ਟੀ ਰੋਡ ਤੇ ਹੀ ਆਉਂਦਾ ਪਰ 'ਕੱਲੀ ਸਵਾਰੀ 'ਕੱਲਾ ਬੰਦਾ 'ਕੱਲਾ ਹੀ ਹੁੰਦਾ ।

ਪੰਦਰਾਂ ਵੀਹ ਮਿੰਟ ਗੁਜਰ ਗਏ ਸੀ ਪਰ ਕੋਈ ਸਵਾਰੀ ਨਾ  ਮਿਲੀ।  ਮੈਂ ਬੇਵੱਸ ਹੋਇਆ ਸੜਕ ਕਿਨਾਰੇ ਖੜਿਆ ਰਿਹਾ । ਇੱਕ ਮੋਟਰ ਸਾਇਕਲ ਆਉਂਦਾ ਦੇਖਿਆ ਮੈਂ ਹੱਥ ਦਿੱਤਾ। ਮੋਟਰ ਸਾਇਕਲ ਰੁਕਿਆ ਨਾ । ਅੱਧਾ ਮਿੰਟ ਵੀ ਨਾ  ਲੰਘਿਆ ਉਹੀ ਮੋਟਰ ਸਾਇਕਲ ਵਾਪਸ ਆਣ ਸਾਡੇ ਕੋਲ ਰੁਕਿਆ ।

“ ਬਹਿਜੋ ”

ਅਸੀਂ ਦੋਵੇਂ ਚੁੱਪ ਚਾਪ ਮੋਟਰ ਸਾਇਕਲ 'ਤੇ ਬਹਿ ਗਏ ਤੇ ਕੁਝ ਕੁ ਮਿੰਟਾਂ 'ਚ ਪਿੰਡ ਪਹੁੰਚ ਗਏ ।

“ ਮਿਹਰਬਾਨੀ ਭਾਅ ਜੀ, ਤੁਸੀਂ ਕਿੱਥੇ ਜਾਣਾ ? ” ਮੈਂ ਪੁੱਛਿਆ ।

ਜਿਹੜਾ ਪਿੰਡ ਉਸ ਇਖਲਾਕੀ ਬੰਦੇ ਦੱਸਿਆ, ਉਹ ਪਿੰਡ ਤਾਂ ਦੋ ਕਿਲੋਮੀਟਰ ਪਿੱਛੇ ਰਹਿ ਗਿਆ ਸੀ ,ਜੀ.ਟੀ ਰੋਡ ਤੋਂ ਨਿਕਲਦੇ ਲਿੰਕ ਰੋਡ ਤੋਂ ਚਾਰ ਕਿਲੋ ਮੀਟਰ ਦੀ ਦੂਰੀ 'ਤੇ ਸੀ।

“ ਜਦੋਂ ਮੈਂ ਤੁਹਾਡੇ ਕੋਲੋਂ ਲੰਘਿਆ ਤਾਂ ਆ ਮੋਢੇ ਚੁੱਕੇ ਮੁੰਡੇ ਨੂੰ ਵੇਖਿਆ ਤਾਂ ਦਿਲ ਨਾ ਕੀਤਾ ਤੁਹਾਨੂੰ ਕੱਲਿਆ ਛੱਡ ਕੇ ਜਾਣ ਨੂੰ ।” ਇਹ ਆਖ ਉਹ ਇਖਲਾਕੀ ਬੰਦਾ ਤੁਰ ਗਿਆ । ਪਰ ਉਹ ਮੇਰੇ ਲਈ ਖਾਸ ਤੇ ਅਣਮੁੱਲਾ ਬਣ ਗਿਆ ਤੇ ਯਾਦਾਂ ਦੀ ਸੰਦੂਕੜੀ 'ਚ ਭਰਿਆ ਸਰਮਾਇਆ। 

ਨਵਾਂ ਸਫ਼ਰ -


ਜੀ ਟੀ ਰੋਡ ਤੋਂ ਪਿੰਡ 


ਦਿਲ ਤੋਂ ਦਿਲ। 



ਬਾਜਵਾ ਸੁਖਵਿੰਦਰ
ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ


2 comments:

  1. ਇਨਸਾਨੀ ਰਿਸ਼ਤਿਆਂ ਨੂੰ ਬਿਆਨਦੀ ਸੁੰਦਰ ਅਤੇ ਪੜਣ -ਯੋਗ ਰਚਨਾ

    ReplyDelete
    Replies
    1. ਧੰਨਵਾਦ ਜੀ !!

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ