ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Aug 2016

ਮੇਰੀ ਪਛਾਣ (ਹਾਇਬਨ )ਮੈਂ ਪੈਦਾ ਹੋਇਆ ਸਿਆਲਕੋਟ ਵਿੱਚ,ਜੋ ਹੁਣ ਪਾਕਿਸਤਾਨ ਦਾ ਮਸ਼ਹੂਰ ਸ਼ਹਿਰ ਹੈ।  ਆਪਣੇ ਜੰਮਣ ਸਾਲ 1941 ਤੋਂ 1947 ਤੱਕ  ਮੈਂ  ਉੱਥੇ ਰਿਹਾ ਅਤੇ ਉਸ ਸ਼ਹਿਰ  ਵਿੱਚ ਬਿਤਾਏ ਸਮੇਂ ਦੀਆਂ ਕੁਝ ਕੁ ਯਾਦਾਂ  ਅਜੇ ਤੱਕ ਮੇਰੇ ਕੋਲ ਹਨ।  ਦੇਸ਼ ਦੀ ਵੰਡ ਹੋ ਗਈ ਉਹ ਸ਼ਹਿਰ ਛੱਡਣਾ ਪਿਆ ਅਤੇ ਭਾਰਤ ਵਲ ਕੂਚ ਕੀਤਾ ਅਤੇ ਬਟਾਲਾ ਸ਼ਹਿਰ ਆ ਕੇ ਵਸ ਗਏ ਅਤੇ ਬਟਾਲਾ ਆਪਣਾ ਸ਼ਹਿਰ ਹੋ ਗਿਆ।   ਗਰੀਬ ਜਿਹਾ, ਛੋਟਾ ਜਿਹਾ, ਪਿਆਰਾ ਜਿਹਾ ਸ਼ਹਿਰ।  ਸਕੂਲ ਦੀ ਪੜਾਈ ਕੀਤੀ ਕਾਲਜ  ਗਏ  ਅਤੇ ਰੰਗ ਬਰੰਗੀ ਜ਼ਿੰਦਗੀ ਦੇਖੀ ਅਤੇ ਸੁਪਨੇ ਵੀ ਹੰਢਾਏ।  ਯਾਰੀਆਂ , ਦੋਸਤੀਆਂ ਅਤੇ ਕਈ ਮੌਜ ਮੇਲੇ ਕੀਤੇ। ਵਕਤ ਨਾਲ ਭੈਣ ਭਰਾ ਵੱਡੇ ਹੋ ਗਏ ਅਤੇ  ਆਪਣੇ ਆਪਣੇ ਰਾਹ ਲੱਭਣ ਲੱਗੇ। ਮੈਂ ਵੀ ਆਪਣਾ ਰਾਹ ਲੱਭਦਾ ਲੱਭਦਾ ਦਿੱਲੀ  1962  ਵਿੱਚ ਆ ਕੇ ਨੌਕਰੀ ਕਰਨ ਲਗਾ ਅਤੇ ਉਥੇ ਹੀ ਇੱਕ ਘਰ ਬਣਾ ਕੇ ਰਹਿਣ ਲਗ ਪਿਆ।  1987 ਤੱਕ ਜਦੋਂ ਤਕ ਮਾਂ  ਜਿਉਂਦੀ ਰਹੀ , ਵਿੱਚ ਵਿੱਚ ਬਟਾਲਾ ਜਾਂਦਾ ਰਿਹਾ  ਅਤੇ ਮਾਂ ਦੀ ਮੌਤ ਤੋਂ ਬਾਦ ਘਰ ਵਿੱਕ ਗਿਆ ਅਤੇ ਉਸ ਸ਼ਹਿਰ ਜਾਣ -ਆਉਣ ਦਾ ਨਾਤਾ ਟੁੱਟ ਗਿਆ।  ਪਰ ਦਿਲ ਨਾਲ ਨਾਤਾ ਬਣਿਆ ਰਿਹਾ। 
1962  ਤੋਂ ਰਿਟਾਇਰ  ਹੋਣ ਤੱਕ ਪੂਰੀ ਤਰਾਂ ਦਿੱਲੀ ਵਿੱਚ ਜ਼ਿੰਦਗੀ ਜੀਵੀ।  ਵਿਆਹ ਹੋਇਆ ,ਬੱਚੇ ਹੋਏ , ਬੱਚੇ ਪਾਲੇ , ਪੜਾਏ  ਲਿਖਾਏ , ਵੱਡੇ ਹੋਏ , ਵਿਆਹ ਕੀਤੇ ਅਤੇ ਫਿਰ ਉਹ ਆਪਣੇ ਆਪਣੇ ਟੱਬਰਾਂ ਨਾਲ ਆ ਕੇ ਅਮਰੀਕਾ ਵਿੱਚ  ਨੌਕਰੀਆਂ ਕਰਣ  ਲੱਗੇ ਅਤੇ ਅਮਰੀਕਾ ਹੀ ਵਸ ਗਏ। ਰਹਿ ਗਏ ਪਿੱਛੇ ਦਿੱਲੀ  ਵਿੱਚ , ਮੈਂ ਅਤੇ ਮੇਰੀ ਪਤਨੀ। ਆਪਣੇ ਮਾਂ -ਪਿਉ ਦੀ ਕਹਾਣੀ ਫਿਰ ਤੋਂ ਦੁਹਰਾਈ ਗਈ। 
ਮੈਂ ਅਤੇ ਮੇਰੀ ਪਤਨੀ ਅਮਰੀਕਾ ਆਉਂਦੇ ਜਾਂਦੇ ਰਹੇ ਪਰ ਜ਼ਿਆਦਾ ਸਮਾਂ ਦਿੱਲੀ ਹੀ ਗੁਜ਼ਾਰਿਆ।  ਆਪਣੇ  ਘਰ ਦੇ  ਮੋਹ ਨੇ ਦਿੱਲੀ ਨਾਲ ਬੰਨਿਆ ਹੋਇਆ ਸੀ। ਫਿਰ ਇੱਕ ਦਿਨ ਪਤਨੀ ਵੀ ਸਾਥ ਛੱਡ ਗਈ ਅਤੇ ਮੈਂ ਰਹਿ ਗਿਆ ਦਿੱਲੀ ਇੱਕਲਾ। ਜ਼ਿੰਦਗੀ ਨੇ ਆਪਣਾ ਕੌੜਾ ਜਿਹਾ ਰੂਪ ਦਿਖਾਉਣਾ ਸ਼ੁਰੂ ਕੀਤਾ।  ਮੇਰੀ ਇੱਕਲਤਾ ਦੇ ਕਾਰਨ ਮੈਨੂੰ ਅਮਰੀਕਾ ਦਾ ਗ੍ਰੀਨ ਕਾਰਡ ਲੈਣਾ ਪਿਆ ਅਤੇ ਮੈਂ ਅਮਰੀਕਾ ਦਾ ਵਾਸੀ ਹੋ ਗਿਆ ਪਰ ਸ਼ਹਿਰੀ ਅਜੇ ਤੱਕ ਭਾਰਤ ਦਾ ਹੀ ਹਾਂ। ਭਾਰਤ ਦੀ ਮਿੱਟੀ ਦੀ ਖੁਸ਼ਬੂ ਅਤੇ ਆਪਣੇ ਘਰ ਦਾ ਮੋਹ ਘੁੱਟ ਕੇ ਨਾਲ ਚੁੱਕੀ ਫਿਰਦਾ ਹਾਂ। ਅਮਰੀਕਾ ਮੇਰਾ ਆਪਣਾ ਘਰ ਨਹੀਂ। ਇੱਥੇ ਬੱਚਿਆਂ ਦੇ ਘਰ ਹਨ ਜਿੰਨਾ ਕੋਲ ਮੈਂ ਸਿਰਫ ਸਾਲ ਵਿੱਚ ਛੇ ਮਹੀਨੇ ਰੁਕਦਾ ਹਾਂ ਅਤੇ ਫਿਰ ਝੱਟ ਕੀਤੇ ਦਿੱਲੀ ਜਾ ਪਹੁੰਚਦਾ ਹਾਂ। ਘਰ ਦਾ ਜੰਦਰਾ ਖੋਲ ਕੇ , ਘਰ ਨੂੰ ਖੁੱਲ੍ਹਾ ਡੁੱਲਾ  ਸਾਹ ਲੈਣ ਦੇ ਕਾਬਿਲ ਕਰਦਾ ਹਾਂ  ਅਤੇ ਪੂਰੀਆਂ ਸਰਦੀਆਂ ਘਰ ਦਾ ਨਿੱਘ ਮਾਣਦਾ ਹਾਂ। 
ਜੰਮਣ ਮਿੱਟੀ ਮੈਨੂੰ ਸਿਆਲਕੋਟ ਦੀ ਲੱਗੀ ਹੈ ਅਤੇ ਉਹ ਸ਼ਹਿਰ ਵੀ ਮੇਰੇ ਦਿਲ ਦਾ ਇੱਕ ਕੋਨਾ ਮੱਲ ਕੇ ਬੈਠਾ ਹੈ। ਮੂਲ ਪਛਾਣ ਮੇਰੀ ਬਟਾਲਾ ਸ਼ਹਿਰ ਨਾਲ ਜੁੜੀ ਹੈ। ਇਸ ਨੂੰ ਮੈਂ ਆਪਣੇ ਮਾਂ ਪਿਉ ਦਾ ਸ਼ਹਿਰ ਕਹਿੰਦਾ ਹਾਂ ਅਤੇ ਉਸ ਸ਼ਹਿਰ ਦੇ ਮੈਂ ਸਭ ਤੋ ਵੱਧ ਸੁਪਨੇ ਦੇਖਦਾ ਹਾਂ। ਵਾਸੀ ਮੈਂ ਆਪਣੇ ਨੂੰ ਦਿੱਲੀ ਦਾ ਕਹਿੰਦਾ ਹਾਂ ਕਿਉਂਕਿ ਜ਼ਿੰਦਗੀ ਨੂੰ ਬਣਾਇਆ ਸਵਾਰਿਆ ਉਥੇ ਹੈ। ਹੁਣ ਕਾਗਜ਼ਾਂ  'ਤੇ ਵਾਸੀ ਅਮਰੀਕਾ ਦਾ  ਹਾਂ  ਪਰ ਭਾਰਤ ਨਾਲ ਰਿਸ਼ਤਾ ਫਿੱਕਾ ਨਹੀਂ ਹੋਣ ਦੇਂਦਾ। 
ਇਸ ਵੇਲੇ ਮੈਂ ਅਮਰੀਕਾ ਬੈਠਾ ਹਾਂ। ਰਾਤ ਦੇ ਬਾਰਾਂ ਵੱਜਣ  ਵਾਲੇ ਹਨ ਅਤੇ  ਮੈਂ  ਉਹਨਾਂ ਸਾਰੇ ਸ਼ਹਿਰਾਂ ਨਾਲ ਘਿਰਿਆਂ ਬੈਠਾ ਹਾਂ , ਜਿਥੇ ਜਿਥੇ ਮੈਂ ਜੀਵਿਆਂ ਹਾਂ ਅਤੇ ਜਿੰਨਾ ਧਰਤੀਆਂ ਨੇ ਮੇਰਾ  ਮੂੰਹ ਮੁਹਾਂਦਰਾ ਤੇ ਮੇਰੀ ਪਛਾਣ ਸਵਾਰੀ ਹੈ। ਹੁਣ ਇਸ ਜਗ੍ਹਾ 'ਤੇ ਪਲਾਸਟਿਕ ਦੇ ਕਾਰਡ (ਗ੍ਰੀਨ ਕਾਰਡ) ਵਿੱਚੋਂ ਆਪਣਾ ਰਿਸ਼ਤਾ ਤੇ ਪਛਾਣ ਲੱਭ ਰਿਹਾ ਹਾਂ । ਖਿੜਕੀ 'ਚੋਂ ਬਾਹਰ ਦੇਖਦਾ ਹਾਂ , ਆਸਮਾਨ 'ਤੇ ਤਾਰੇ ਨਜ਼ਰ ਆਉਂਦੇ ਹਨ ਪਰ ਓਪਰੇ  ਜਿਹੇ ਲੱਗਦੇ ਹਨ ।

ਅੰਬਰੀਂ ਤਾਰੇ 
ਗ੍ਰੀਨ ਕਾਰਡ ਤੱਕਾਂ 
ਲੱਭਾਂ ਪਛਾਣ।

ਦਿਲਜੋਧ ਸਿੰਘ
ਵਿਸਕੋਨਸਿਨ  ਅਮਰੀਕਾ


ਨੋਟ : ਇਹ ਪੋਸਟ ਹੁਣ ਤੱਕ 63 ਵਾਰ ਪੜ੍ਹੀ ਗਈ
Attachments area

3 comments:

 1. ਜ਼ਿੰਦਗੀ ਦੀ ਕਿਤਾਬ ਦੇ ਤਿੰਨ ਪੰਨੇ ਹਨ। ਪਹਿਲਾ ਤੇ ਆਖ਼ਿਰੀ ਪੰਨਾ ਰੱਬ ਆਪ ਲਿਖਦਾ ਹੈ - ਪਹਿਲਾ ਪੰਨਾ ਹੈ ਜਨਮ ਤੇ ਆਖ਼ਿਰੀ ਪੰਨਾ ਹੈ ਮੌਤ। ਵਿਚਕਾਰਲਾ ਪੰਨਾ ਅਸਾਂ ਨੇ ਖੁਦ ਲਿਖਣਾ ਹੁੰਦਾ ਹੈ। ਜਿਵੇਂ ਚਾਹੋ ਇਸ ਨੂੰ ਖੂਬਸੂਰਤ ਬਣਾ ਲਓ।
  ਜ਼ਿੰਦਗੀ ਦੇ ਮਹੱਤਵਪੂਰਣ ਸਬੱਬ ਅਤੇ ਪੜਾਅ. ਸਾਡਾ ਇਹ ਪੰਨਾ ਲਿਖਦੇ ਨੇ। ਜ਼ਿੰਦਗੀ ਚੜ੍ਹਦਾ ਸੂਰਜ ਤੇ ਅੰਤ ਦਿਨ ਦੀ ਢਲਦੀ ਸ਼ਾਮ ਹੈ। ਹਰ ਵਕਤ ਸਮਾਂ ਇੱਕੋ ਜਿਹਾ ਨਹੀਂ ਰਹਿੰਦਾ। ਹਾਂ ਪੱਖੀ ਪ੍ਰਭਾਵਾ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਲਿਆਉਂਦੇ ਨੇ। ਦਿਲਜੋਧ ਸਿੰਘ ਜੀ ਨੇ ਬੜੇ ਖੂਬਸੂਰਤ ਅੰਦਾਜ਼ 'ਚ ਆਪਣੀ ਜ਼ਿੰਦਗੀ ਦੇ ਵਿਚਲੇ ਪੰਨੇ ਨੂੰ ਪਾਠਕਾਂ ਸਾਹਮਣੇ ਪਰੋਸਿਆ ਹੈ। ਜਨਮ ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਤੋਂ ਲੈ ਕੇ ਭਾਰਤ ਪੰਜਾਬ ਬਟਾਲੇ ਦਿੱਲੀ ਹੁੰਦੇ ਹੋਏ ਆਪ ਅਮਰੀਕਾ ਆ ਪਹੁੰਚੇ। ਬਚਪਨ ਤੇ ਜਵਾਨੀ ਵੇਲੇ ਦੀ ਮਿੱਟੀ ਦੀ ਖੁਸ਼ਬੂ ਹੁਣ ਵੀ ਆਪਣੀ ਝੋਲੀ 'ਚ ਸਮੇਟੀ ਬੈਠੇ ਨੇ। ਆਪ ਦੀ ਜਿੰਦਗੀ ਦਾ ਇਹ ਖੂਬਸੂਰਤ ਪੰਨਾ ਹਰ ਪੜ੍ਹਨ ਵਾਲੇ ਨੂੰ ਬੜਾ ਕੁਝ ਕਹਿ ਗਿਆ। ਆਪ ਵਧਾਈ ਦੇ ਪਾਤਰ ਨੇ।
  ਹਰਦੀਪ

  ReplyDelete
 2. ਜਿੰਦਗੀ ਦੇ ਰੰਗ

  ReplyDelete
 3. Anonymous14.8.16

  ਬਹੁਤ ਵਧੀਆ ਰਚਨਾ । ਸਿਆਲਕੋਟ ਜਿਲ੍ਹੇ 'ਚ ਸਾਡੇ ਬਜੁਰਗਾਂ ਦਾ ਜੱਦੀ ਪਿੰਡ ਸੈਦੋ ਕੇ ਤਹਿਸੀਲ ਨਾਰੋਵਾਲ ਸੀ । ਹੁਣ ਨਾਰੋਵਾਲ ਜਿਲ੍ਹਾ ਬਣ ਚੁੱਕਾ । ਫੇਰ ਬਾਰਾ ਖੁੱਲ੍ਹੀਆਂ ਤਾਂ ਬਜੁਰਗ ਸਰਗੋਧੇ 85 ਚੱਕ ਆਣ ਵੱਸੇ । ਸੰਨ ਸੰਤਾਲੀ 'ਚ ਕੀ ਹੋਇਆ ਪੰਜਾਬ ਨਾਲ ਆਪਾ ਸਾਰੇ ਜਾਣਦੇ ਹਾਂ ।
  ਬਹੁਤ ਵਧੀਆ ਹਾਇਬਨ ਹੈ, ਇਸ ਰਚਨਾ 'ਚ ਮੈਨੂੰ ਮੇਰੀਆਂ ਅੱਖਾਂ ਸਾਹਵੇਂ ਆਪਣੇ ਬਾਪੂ ਜੀ ਬੋਲਦੇ ਲੱਗੇ ।

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ