ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਜੇਕਰ ਤੁਸੀਂ ਵੀ ਪੰਜਾਬੀ ਵਿੱਚ ਲਿਖਦੇ ਹੋ ਤੇ ਪੰਜਾਬੀ ਸਾਹਿਤ ਖ਼ਜ਼ਾਨੇ 'ਯੋਗਦਾਨ ਚਾਹੁੰਦੇ ਹੋ ਤਾਂ ਸਾਨੂੰ haikusyd@gmail .com 'ਤੇ ਈ -ਮੇਲ ਕਰ ਸਕਦੇ ਹੋ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Sep 2016

ਜ਼ਿੰਦਾਦਿਲੀ (ਹਾਇਬਨ)

ਅੱਜ ਅਸੀਂ ਇੱਕ ਹੋਰ ਨਵੇਂ ਜੁੜੇ ਸਾਥੀ ਦਾ ਸਾਡੇ ਵਿਹੜੇ ਸੁਆਗਤ ਕਰਦੇ ਹਾਂ - ਨਿਰਮਲ ਕੋਟਲਾ। ਆਪ ਪਿੰਡ ਕੋਟਲਾ ਮਜੀਠਾ ਅੰਮ੍ਰਿਤਸਰ ਨਾਲ ਸਬੰਧ ਰੱਖਦੇ ਨੇ। ਆਪ ਸਿੱਖਿਆ ਦੇ ਖੇਤਰ ਨਾਲ ਜੁੜੇ ਹੋਏ ਹਨ ਤੇ ਪੰਜਾਬੀ ਸੱਭਿਆਚਾਰ ਨਾਲ ਆਪ ਦਾ ਅੰਤਾਂ ਦਾ ਮੋਹ ਹੈ। ਆਪ ਦੀਆਂ ਰਚਨਾਵਾਂ  ਪੰਜਾਬੀ ਇਨ ਹੌਲੈਂਡ ਅਖ਼ਬਾਰ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਆਪ ਸਮੇਂ ਸਮੇਂ 'ਤੇ ਸਾਹਿਤ ਸਭਾਵਾਂ ਦਾ ਹਿੱਸਾ ਬਣਦੇ ਰਹਿੰਦੇ ਹਨ। ਆਪ ਦਾ ਕਹਿਣਾ ਹੈ ਕਿ ਸੋਚ ਬਦਲੋ ਦੇਸ਼ ਬਦਲੇਗਾ -ਇਹ ਵਕਤ ਦੀ ਪੁਕਾਰ ਹੈ। ਅੱਜ ਆਪ ਨੇ ਸਾਡੇ ਨਾਲ ਜ਼ਿੰਦਾਦਿਲੀ ਹਾਇਬਨ ਨਾਲ ਸਾਂਝ ਪਾਈ ਹੈ। ਆਸ ਕਰਦੇ ਹਾਂ ਕਿ ਆਪ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ। 
********************************************************

ਜ਼ਿੰਦਾਦਿਲੀ 
ਕੱਲ ਮੇਰੇ ਅਜੀਜ਼ ਰਿਸ਼ਤੇਦਾਰ ਦੀ ਖ਼ਬਰ ਲੈਣ ਲਈ ਹਸਪਤਾਲ ਗਈ । ਉੱਥੇ ਨਾਲ ਦੇ ਬੈੱਡ 'ਤੇ ਇੱਕ ਮਰੀਜ ਵੇਖਿਆ ਜਿਸ ਦੀ ਉਮਰ ਤਕਰੀਬਨ 65 ਸਾਲ ਦੇ ਕਰੀਬ ਹੋਵੇਗੀ ।ਉਸ ਦੀ ਹਾਲਤ ਦੇਖ ਕੇ ਮੇਰਾ ਦਿਲ ਦਹਿਲ ਗਿਆ ।ਮੈਂ ਮਨ ਹੀ ਮਨ ਸੋਚਣ ਲੱਗੀ, " ਐ ਮਨਾ ! ਤੂੰ ਕੀ ਜਾਣੇ ਦਰਦ ਕੀਹਨੂੰ ਕਹਿੰਦੇ ਨੇ, ਦਰਦ ਤਾਂ ਮੈਂ ਹੁਣ ਅੱਖੀਂ ਦੇਖ ਰਹੀ ਹਾਂ ।" 
ਉਹ ਵਿਅਕਤੀ ਸ਼ੂਗਰ ਕਾਰਨ ਦੋਵੇਂ ਲੱਤਾਂ ਤੇ ਅੱਖਾਂ ਗੁਆ ਬੈਠਾ ਸੀ।ਅੱਜ ਮੈਂ  ਉਸ ਦੀ ਬਹਾਦਰ ਪਤਨੀ ਨੂੰ ਮੋਢੇ 'ਤੇ ਇੱਕ ਜ਼ਿੰਦਾ ਲਾਸ਼ ਚੁੱਕੀ ਦੇਖਿਆ। ਇੱਕ ਰਜਨੀ ਸੋਲ੍ਹਵੀਂ ਸਦੀ 'ਚ ਹੋਈ ਸੀ ਤੇ ਇੱਕ ਰਜਨੀ ਮੇਰੀਆਂ ਅੱਖਾਂ ਸਾਹਮਣੇ ਸੀ। ਖਾਣ -ਪੀਣ ਤੋਂ ਲਾਚਾਰ ਪਤੀ ਦੀ ਸਾਂਭ ਸੰਭਾਲ ਅਸਲੀ ਸੇਵਾ, ਉੱਚੀ -ਸੁੱਚੀ ਗੁਰੂ ਘਰ ਤੋਂ ਵੀ ਵੱਡੀ। ਇਨਸਾਨੀਅਤ ਦੀ ਜ਼ਿੰਦਾ ਮਿਸਾਲ ਲੱਗੀ ਮੈਨੂੰ ਓਹ ਔਰਤ, ਜ਼ੁੰਮੇਵਾਰੀਆਂ ਦੀ ਪੰਡ ਚੁੱਕੀ। ਮੈਂ ਓਸ ਦੀ ਜ਼ਿੰਦਾਦਿਲੀ ਤੋਂ ਕੁਰਬਾਨ ਹੋ ਗਈ। 
ਮੇਰੀਆਂ ਅੱਖਾਂ ਮੱਲੋ -ਮੱਲੀ ਵਹਿ ਤੁਰੀਆਂ। ਇੱਕ ਵਾਰ ਫਿਰ ਮੈਂ ਸੋਚਾਂ 'ਚ ਵਹਿ ਤੁਰੀ, " ਐਵੇਂ ਕੋਸਦੇ ਆਂ ਤੈਨੂੰ ਐ ਜ਼ਿੰਦਗੀ ! ਜਦ ਮੈਂ ਤੈਨੂੰ ਨੇੜਿਓਂ ਤੱਕਿਆ ਤਾਂ ਨਪੀੜੀ ਗਈ, ਇੱਕ ਅਸਹਿ ਪੀੜ ਨਾਲ।" ਅੱਜ ਮੈਂ ਆਪਣੀ ਜ਼ਿੰਦਗੀ ਦਾ ਸ਼ੁਕਰਾਨਾ ਕੀਤਾ ਪਰ ਅਫ਼ਸੋਸ ਮੈਂ ਉਸ ਲਈ ਕੁਝ ਨਹੀਂ ਕਰ ਸਕੀ। ਮੇਰੀਆਂ ਅੱਖੀਆਂ 'ਚੋਂ  ਹੰਝੂ ਅਜੇ ਵੀ ਵਹਿ ਰਹੇ ਸਨ ਤੇ ਫੇਰ ਬੱਸ ਵਹਿੰਦੇ ਰਹੇ ! ਵਹਿੰਦੇ ਰਹੇ !

ਹਸਪਤਾਲ -
ਵੇਖੀ ਬੀਬੀ ਰਜਨੀ 
ਅੱਖਾਂ 'ਚ ਹੰਝੂ।

ਨਿਰਮਲ ਕੋਟਲਾ
ਪਿੰਡ ਕੋਟਲਾ - ਮੱਝੇਵਾਲ ਅੰਮ੍ਰਿਤਸਰ 
ਨੋਟ : ਇਹ ਪੋਸਟ ਹੁਣ ਤੱਕ 300 ਵਾਰ ਪੜ੍ਹੀ ਗਈ

2 comments:

  1. ਸੁੰਦਰ ਰਚਨਾ ਹੈ ,ਹਰਦੀਪ ਦੇ ਕੰਮ ਨਾਲ ਜੁੜੇ ਹੋ , ਜੁੜੇ ਰਹਿਣਾ । ਛੱਡ ਕੇ ਦੌੜਨ ਦੀ ਜਲਦੀ ਨਾਂ ਕਰਨਾ ।

    ReplyDelete
  2. ਨਿਰਮਲ ਜੀ ਸਾਡੇ ਨਾਲ ਹੁਣੇ ਹੁਣੇ ਜੁੜੇ ਹਨ। ਆਪ ਜੀ ਦਾ ਇੱਕ ਵਾਰ ਫੇਰ ਤਹਿ ਦਿਲੋਂ ਸੁਆਗਤ।
    ਭਾਵਪੂਰਨ ਹੱਡਬੀਤੀ ਨੂੰ ਹਾਇਬਨ ਰੂਪ 'ਚ ਪੇਸ਼ ਕਰਕੇ ਸਾਡੇ ਨਾਲ ਸਾਂਝ ਪਾਈ ਹੈ। ਇੱਕ ਔਰਤ 'ਚੋਣ ਆਪ ਨੂੰ ਰਜਨੀ ਨਜ਼ਰ ਆਈ। ਭਾਵਕ ਦਿਲ ਕਿਸੇ ਦਾ ਦੁੱਖ ਵੇਖ ਕੇ ਪਸੀਜ਼ ਗਿਆ। ਉਸ ਰਜਨੀ ਨਾਲ ਆਪ ਨੇ ਸਾਨੂੰ ਵੀ ਮਿਲਾ ਦਿੱਤਾ। ਆਪ ਵਧਾਈ ਦੇ ਪਾਤਰ ਨੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ