ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Sep 2016

ਮੂਕ ਵੇਦਨਾ

Image result for dead body on railway trackਅੱਸੂ ਮਹੀਨੇ ਦੀ ਢਲਦੀ ਦੁਪਹਿਰ ਸੀ ਤੇ ਰੁਕ ਰੁਕ ਕੇ ਚੱਲਦੀ ਹਵਾ ਖ਼ਾਮੋਸ਼ ਹੋ ਗਈ ਸੀ। ਇੱਕ ਮੂਕ ਵੇਦਨਾ ਚੌਗਿਰਦੇ 'ਚ ਹਾਵੀ ਸੀ। ਇਸ ਅਸਹਿ ਚੁੱਪ 'ਚ ਦਮ ਘੁੱਟ ਰਿਹਾ ਸੀ।  ਲੋਕਾਂ ਦੀ ਜੁੜੀ ਭੀੜ ਹਰੇਕ ਨੂੰ ਬੇਚੈਨ ਕਰ ਰਹੀ ਸੀ। ਬੋਲਾਂ ਦਾ ਅਟੁੱਟ ਸਿਲਸਿਲਾ ਥੰਮ੍ਹ ਗਿਆ ਸੀ।ਅੱਜ ਉਹ ਹਮੇਸ਼ਾਂ ਹਮੇਸ਼ਾਂ ਲਈ ਚੁੱਪ ਹੋ ਗਈ ਸੀ। ਲਹੂ ਨਾਲ਼ ਲੱਥ -ਪੱਥ ਗੱਡੀ ਦੀ ਲੀਹ 'ਤੇ ਉਹ ਚੌਫ਼ਾਲ ਪਈ ਸੀ। 
         ਅੱਸੀਆਂ ਕੁ ਵਰ੍ਹਿਆਂ ਨੂੰ ਢੁੱਕੀ ਕਿਸੇ ਦੀ ਉਹ ਬੇਬੇ ਸੀ ਤੇ ਕਿਸੇ ਦੀ ਅੰਬੋ। ਸੁੱਘੜ ਸੁਆਣੀ ਦੀ ਮਰਿਆਦਾ ਨੂੰ ਪਾਲਣ ਵਾਲੀ ਸਰਲ ਤੇ ਸ਼ਾਂਤ ਚਿੱਤ। ਲੋਕਾਂ ਦੇ ਘਰਾਂ 'ਚ ਕੰਮ ਕਰਕੇ ਉਸ ਆਪਣਾ ਤੋਰੀ ਫੁਲਕਾ ਵਧੀਆ ਤੋਰੀ ਰੱਖਿਆ ਸੀ। ਹੁਣ ਉਸ ਤੋਂ ਕੰਮ ਨਹੀਂ ਹੁੰਦਾ ਸੀ। ਉਸ ਦਾ ਕੰਮ ਉਸ ਦੀਆਂ ਨੂੰਹਾਂ ਨੇ ਸਾਂਭ ਲਿਆ ਸੀ। ਪਰ ਜਦ ਆਪਣੇ ਹੀ ਤਲਖ਼ੀਆਂ ਬੀਜਣ ਲੱਗ ਜਾਣ ਤੇ ਕੁੜੱਤਣ ਦਾ ਨਿਓਂਦਾ ਪਾਉਣ ਤਾਂ ਭਰੋਸੇ ਭਰਮ ਬਣ ਜਾਂਦੇ ਨੇ। ਵੱਡਾ ਮੁੰਡਾ ਅੱਡ ਹੋ ਗਿਆ। ਛੋਟੀ ਨੂੰਹ ਦੇ ਘਰ ਛੱਡ ਕੇ ਜਾਣ ਤੋਂ ਬਾਦ ਛੋਟਾ ਸ਼ਰਾਬ ਦਾ ਆਦੀ ਹੋ ਗਿਆ ਸੀ। ਛੋਟੇ ਦੇ ਨਿਆਣਿਆਂ ਨੂੰ ਅੰਬੋ ਹੀ ਪਾਲ਼ ਰਹੀ ਸੀ। ਪਰ ਹੁਣ ਉਹ ਹਾਰ ਜਿਹੀ ਗਈ ਸੀ। 
     ਕਈ ਵਾਰ ਕੁਦਰਤ ਅਜਿਹੀ ਚਾਲ ਚੱਲਦੀ ਹੈ,ਜਿਸ ਮੂਹਰੇ ਸਾਰੇ ਤਰਕ ਫਿੱਕੇ ਪੈ ਜਾਂਦੇ ਨੇ। ਸਾਰੇ ਪਾਸੇ ਬੇਵਸੀ ਦਾ ਪਸਾਰਾ ਹੋ ਜਾਂਦਾ ਹੈ। ਅਸੁਖਾਵੀਂ ਡਗਰ 'ਚ ਉਸ ਦੇ ਕਦਮ ਡੱਗਮਗਾਉਣ ਲੱਗ ਪਏ। ਮੁਹੱਲੇ ਦੇ ਲੋਕਾਂ ਦਾ ਮੋਹ ਹੀ ਉਸ ਦੀ ਉਮਰ ਭਰ ਦੀ ਕਮਾਈ ਸੀ। ਕੋਈ ਉਸ ਨੂੰ ਸੂਟ ਸਿਲਾ ਕੇ ਦੇ ਜਾਂਦਾ ਤੇ ਕੋਈ ਦਾਰੂ ਬੂਟੀ ਲਈ ਪੈਸੇ ਦੇ ਜਾਂਦਾ। ਪਿਛਲੇ ਕੁਝ ਅਰਸੇ ਤੋਂ ਉਹ ਲੋਕਾਂ ਦੇ ਘਰ ਹੀ ਰੋਟੀ ਖਾਂਦੀ ਸੀ। 
     ਹੁਣ ਘਰ 'ਚ ਗੁਰਬਤ ਦੇ ਆਲਮ ਤੋਂ ਸਿਵਾਏ ਕੁਝ ਨਹੀਂ ਸੀ। ਜ਼ਿੰਦਗੀ ਚਿੰਤਾਵਾਂ ਤੇ ਝੋਰਿਆਂ 'ਚ ਕਟ ਰਹੀ ਸੀ। ਉਸ ਦੇ ਘਰ 'ਚ ਨਿੱਤ ਗਮ ਦੀ ਧੂਣੀ ਧੁਖਣ ਲੱਗ ਪਈ ਸੀ। ਉਹ ਹਉਕਿਆਂ ਦੀ ਤ੍ਰਾਸਦੀ ਹੰਢਾਉਣ ਲਈ ਮਜ਼ਬੂਰ ਹੋ ਗਈ ਸੀ। ਜਦ ਆਪਣੇ ਹੀ ਨਿਹੋਰਿਆਂ ਦੀ ਬੁਛਾੜ 'ਚ ਭਿਉਂ ਦੇਣ ਤਾਂ ਸਬਰ ਦਾ ਬੰਨ ਟੁੱਟ ਜਾਂਦਾ ਹੈ। ਅੱਜ ਉਸ ਕਈਆਂ ਨੂੰ ਗੱਲਾਂ ਗੱਲਾਂ 'ਚ ਹੀ ਕਿਹਾ ਸੀ ਕਿ ਭਲਕ ਕਿਸ ਨੇ ਦੇਖੀ ਹੈ। 
    ਮਨ ਦੇ ਵਿਹੜੇ ਲੱਥੀ ਸੁੰਨਤਾ ਝੱਲਦੀ ਹੁਣ ਉਹ ਥੱਕ ਗਈ ਸੀ। ਜੀਵਨ ਦੀ ਅਪੂਰਨਤਾ ਉਸ ਦੀ ਰਗ ਰਗ ਨੂੰ ਪੀੜਤ ਕਰ ਰਹੀ ਸੀ।ਆਪਣੀ ਖਾਮੋਸ਼ ਚੀਖ਼ ਦਾ ਅੰਤ ਕਰਨ ਲਈ ਉਹ ਸਿਖਰ ਦੁਪਹਿਰੇ ਗੱਡੀ ਦੀ ਲੀਹ ਵੱਲ ਤੁਰੀ ਪਈ ਸੀ। ਪੋਤੇ ਨੇ ਚੁੰਨੀ ਦਾ ਲੜ ਖਿੱਚ ਕੇ ਹੋਣ ਵਾਲੇ ਅਨਰਥ ਨੂੰ ਰੋਕ ਲਿਆ। ਪਰ ਅੱਜ ਉਸ ਦੇ ਹਰ ਅਹਿਸਾਸ 'ਤੇ ਅਸਹਿ ਪੀੜ ਭਾਰੂ ਸੀ। ਤਿੜਕੇ ਆਪੇ ਦੀ ਸੋਗਮਈ ਸੁਰ ਉਸ ਨੂੰ ਉਪਰਾਮ ਕਰ ਰਹੀ ਸੀ। ਕੁਝ ਵਕਫ਼ੇ ਬਾਦ ਗੱਡੀ ਦੀ ਕੂਕ ਸੁਣ ਉਸ ਫੇਰ ਹੰਭਲਾ ਮਾਰਿਆ। ਪਿੱਛੇ ਭੱਜੇ ਆਉਂਦੇ ਪੋਤੇ ਦੇ ਡੰਡਾ ਮਾਰ ਉਸ ਨੂੰ ਪਿਛਾਂਹ ਸੁੱਟ ਦਿੱਤਾ। ਏਸ ਫ਼ਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਅੱਜ ਉਸ ਆਪਣੀ ਹਰ ਪੀੜ ਤੋਂ ਛੁਟਕਾਰਾ ਪਾ ਲਿਆ ਸੀ। 
   ਚਸ਼ਮਦੀਦ ਗਵਾਹਾਂ ਨੇ ਪਰਿਵਾਰ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਉਸ ਦੀ ਮਾਨਸਿਕਤਾ ਨੂੰ ਅਸੰਤੁਲਿਤ ਕਰਾਰ ਦੇ ਦਿੱਤਾ ਸੀ। ਪਰ ਏਸ ਮਾਤਮੀ ਚੁੱਪ 'ਚ ਉਸ ਦੀ ਸੰਵੇਦਨਸ਼ੀਲਤਾ ਨੂੰ ਅਹਿਸਾਸਦੀਆਂ ਅੱਖੀਆਂ ਬੇਰੋਕ ਵਹਿ ਰਹੀਆਂ ਸਨ। 

ਮੂਕ ਵੇਦਨਾ -
ਲੀਹ 'ਤੇ ਵੱਢੀ ਚੀਖ਼ 
ਤਰਲ ਅੱਖਾਂ।  

ਡਾ ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 260 ਵਾਰ ਪੜ੍ਹੀ ਗਈ

9 comments:

 1. ਅੱਖਾਂ ਨਮ ਹੋ ਗਈਆਂ ਤੇ ਮਨ ਉਦਾਸ। ਵਾਹਿਗੁਰੂ ਉਸ ਦੀ ਰੂਹ ਨੂੰ ਸ਼ਾਂਤੀ ਬਖਸ਼ੇ।

  ReplyDelete
 2. Message via what's app-

  1.ਬਹੁਤ ਗ਼ਮਗੀਨ

  Pro.Surinder Kaur Sidhu

  2.May her soul rest in peace !

  Gurjeet Singh Brar


  ReplyDelete
 3. ਕਈਂ ਲੜਦੇ ਰਹਿੰਦੇ ਹਨ , ਅਖੀਰ ਤਕ ਅਤੇ ਲੜਦੇ ਧੁਖਦੇ ਦੁਨੀਆਂ ਤੋਂ ਚੱਲ ਬਣਦੇ ਹਨ। ਕਈਂ ਲੜਦੇ ਲੜਦੇ ਥੱਕ ਜਾਂਦੇ ਹਨ , ਹਾਰ ਕੇ ਖੁਦ ਨੂੰ ਮਾਰ ਲਹਿੰਦੇ ਹਨ। ਚਲਦੇ ਸਮੇਂ ਵਿੱਚ ਖੁਦਕਸ਼ੀ ਇੱਕ ਆਮ ਰਸਤਾ ਹੋ ਗਿਆ ਹੈ , ਇਸ ਯੁਗ ਦੀ ਇਹ ਵੀ ਦੇਣ ਹੈ। ਖੁਦਕਸ਼ੀ ਤਾਂ ਆਦਿ ਕਲ 'ਤੋਂ ਚਲੀ ਆ ਰਹੀ ਹੈ ਪਰ ਅਜ ਕਲ ਇਸਦੀ ਰਫਤਾਰ ਕਾਫੀ ਤੇਜ ਹੈ। ਕਹਾਣੀ ਦੇ ਦੁਖਾਂਤ ਨੇ ਦਿਲ ਨੂੰ ਦੁਖੀ ਕੀਤਾ - ਪਰ ਇਹ ਹੁੰਦਾ ਹੈ।

  ReplyDelete
 4. ਘਟਨਾ ਨੂੰ ਇੰਨ ਬਿੰਨ ਬਿਆਨ ਕੀਤਾ।
  ਬੜੀ ਨਿੱਘੀ ਸ਼ਰਧਾਜਲੀ !

  ReplyDelete
 5. ਅਂਤਹੀਨ ਦਰਦ ਦੀ ਏਹ ਦਾਂਸਤਾ ਮਨਾਂ ਨੂ ਗਮਗੀਨ ਕਰਨ ਵਾਲੀ ਹੀ ਨਹੀਂ ਸਾਡੇ ਸਾਮਨੇ ਕਈ ਸਵਾਲ ਲੇਕੇ ਆਈ ਹੈ । ਇਸ ਆਤਮ ਘਾਤ ਪਿਛੇ ਛੁਪੇ ਦਰਦ ਨੂੰ ਉਜਾਗਰ ਕਰਨ ਲੇਈ ਆਖਦੀ ਹੈ ।
  ਸਮਾਜ ਜਿਸਨੇ ਉਸਦੇ ਪਰਿਵਾਰ ਨੂੰ ਖੱਜਲ ਖੁਆਰ ਹੋਣ ਤੌਂ ਬਚਾਉਣ ਵਾਸਤੇ ਝੂਠੀ ਗਵਾਹੀ ਦੇਕੇ ਮਾਤਾ ਨੂੰ ਅਸੰਤੁਲਿਤ ਮਾਨਸਿਕਤਾ ਵਾਲੀ ਕਰਾਰ ਦਿੱਤਾ ਹੈ । ਕਿ ਉਹ ਅਪਰਾਧੀ ਨਹੀ ? ਜੇੜਾ ਅੱਖਾਂ ਦੇ ਸਾਮਨੇ ਉਸ ਬੇਬੇ ਯਾ ਮਾਤਾ ਨਾਲ ਹਮਦਰਦੀ ਤਾਂ ਰਖਦਾ ਸੀ , ਹਿਮੱਤ ਮੁਤਾਵਿਕ ਮਦਦ ਵੀ ਕਰਦਾ ਸੀ , ਪਰ ਉਸ ਦੇ ਪਰਿਵਾਰ ਨੂ ਸਮਝਾ ਨਹੀਂ ਸਕਿਆ ।
  ਸਮਾਜ ਅੱਖ ,ਕਾਨ , ਜੁਬਾਨ ਹੋਤੇ ਹੁਏ ਵੀ ਨਾ ਉਸੇ ਜੀਵਿਤ ਰਹਤੇ ਇਨਸਾਫ਼ ਦਿਲਾ ਸਕਿਆ ਨਾ ਮਰਨੇ ਕੇ ਬਾਦ । ਕਾਨੁਨ ਕੋ ਤੋ ਕੋਈ ਪਰਵਾਹ ਹੀ ਨਹੀ ਕਿਸੀ ਕੋ ਵੀ ਇਨਸਾਫ ਦਿਲਾਣ ਦੀ । ਜਿਸਨੇ ਉਸ ਕੀ ਜੇਬ ਭਰ ਦੀ ਵਹ ਹੀ ਨਿਰਦੋਸ ।
  ਕੋਈ ਵੀ ਲੇਖਕ ਯਾ ਚਿਤਰਕਾਰ ਏਸੀ ਦਾਸਤਾਂ ਦੀ ਛਵੀ ਸਾਡੀ ਹਮਦਰਦੀ ਜਗੋਣ ਵਾਸਤੇ ਨਹੀ । ਸਮਾਜ ਨੂ ਜਗੌਨ ਵਾਸਤੇ ਲਿਖਤਾ ਹੈ ਅਪਨਾ ਫਰਜ਼ ਸਮਝ । ਹਮੇਂ ਅਬ ਸੋਚਨਾ ਹੈ ਕੈਸਾ ਸਮਾਜ ਬਨਾਏਂ ।
  ਰਚਨਾ ਕਲਾ ਅਤੇ ਸ਼ਬਦਾਵਲੀ ਬੜੀ ਮੋਹਕ,
  ਹਾਦਸੇ ਦਾ ਚਿਤੱਰ ਜੀਵਂਤ ਸਾਮਨੇ ਰੱਖਾ ਹੈ ।
  ਹਰਦੀਪ ਜੀ ਵਧਾਈ ।

  ReplyDelete
 6. ਖ਼ਬਰਾਂ ਅਨੁਸਾਰ, ਪਿਛਲੇ ਕਈ ਸਾਲਾਂ ਤੋਂ,ਲੋਕਾਂ ਵਿਚ ਖ਼ੁਦਕੁਸ਼ੀ ਕਰਨ ਦੀ ਪ੍ਰਵਿਰਤੀ ਵਧਦੀ ਹੀ ਜਾਂਦੀ ਹੈ।ਕਾਰਨ ਭਾਵੇਂ ਕੁੱਝ ਵੀ ਹੋਣ,ਅਜਿਹੀਆਂ ਖ਼ਬਰਾਂ ਪੜ੍ਹ ਸੁਣ ਕੇ ਮਨ ਬਹੁਤ ਦੁਖੀ ਹੁੰਦਾ ਹੈ। ਜਾਣ ਵਾਲਾ ਅਜਿਹਾ ਭਿਆਨਕ ਕਦਮ ਉਸ ਵੇਲੇ ਚੁੱਕਦਾ ਹੈ ਜਦ ਉਹ ਆਪਣੇ ਤਨ ਮਨ ਤੇ ਅਸਹਿ ਪੀੜਾਂ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ।ਸ਼ਾਇਦ ਉਸ ਦੇ ਅੰਦਰ ਜੀਨ ਦੀ ਚਾਹੁਣਾ ਪੂਰੀ ਤਰ੍ਹਾਂ ਖ਼ਤਮ ਹੋ ਜਾਂਦੀ ਹੈ।ਸੋਚ ਅਤੇ ਅਹਿਸਾਸ ਮਰ ਜਾਂਦੇ ਹਨ।ਉਸ ਨੂੰ ਇਨ੍ਹਾਂ ਸਾਰਿਆਂ ਤੋਂ ਨਿਜਾਤ ਪਾਉਣ ਲਈ ਇੱਕੋ ਇੱਕ ਬਿੰਦੂ ਦਿਸਦਾ ਹੋਵੇ-ਆਪਣੇ ਸਰੀਰ ਦਾ ਖ਼ਾਤਮਾ।ਆਤਮ ਹੱਤਿਆ-ਭਾਵੇਂ ਆਤਮਾ ਤਾਂ ਅਮਰ ਹੈ ਪਰ ਫਿਰ ਵੀ ਸਰੀਰ ਰਾਹੀ ਦੁੱਖ ਤਾਂ ਉਹ ਵੀ ਭੋਗਦੀ ਹੈ।

  ਅੱਜ ਡਾ: ਹਰਦੀਪ ਕੌਰ ਸੰਧੂ ਜੀ ਦੀ "ਮੂਕ ਵੇਦਨਾ" ਵਿਚਲੀ ਬੇਬੇ ਅੰਬੋ ਬਾਰੇ ਪੜ੍ਹ ਕੇ ਮਨ ਬਹੁਤ ਹੀ ਦੁਖੀ ਹੋਇਆ।ਆਪਣੇ ਪੋਤੇ ਨੂੰ,ਜਿਸ ਨੂੰ ਉਹ ਅੰਤਾਂ ਦਾ ਪਿਆਰ ਕਰਦੀ ਹੁੰਦੀ ਸੀ, ਕਿਸ ਜੇਰੇ ਨਾਲ ਡੰਡਾ ਮਾਰ ਕੇ ਰੋਕਿਆ ਹੋਣਾ?ਇਹ ਤਾਂ ਉਹ ਦਾ ਅੰਦਰਲਾ ਮਨ ਹੀ ਜਾਣਦਾ ਹੋਊ, ਜੋ ਨਾ ਚਾਹੁੰਦੀ ਹੋਈ ਵੀ,ਜਾਂਦੀ ਜਾਂਦੀ ਮਜਬੂਰੀ ਹਿਤ ਆਪਣੇ ਨਾਲ ਇੱਕ ਹੋਰ ਦੁਖਦਾਈ ਪੀੜਾ ਵੀ ਸਮੇਟ ਕੇ ਲੈ ਗਈ।

  ਜਿਸ ਦਰਦ ਭਰੀ ਸ਼ਬਦਾਵਲੀ ਤੇ ਲਿਖਣ ਯੁਕਤ ਨੂੰ ਇਸ ਘਟਨਾ ਕਰਮ ਨੂੰ ਚਿੱਤਰਿਣ ਲਈ ਅਪਣਾਇਆ ਹੈ,ਉਸ ਦਾ ਕੋਈ ਜਵਾਬ ਨਹੀਂ। ਪਤਾ ਨਹੀਂ,ਲਿਖਣ ਸਮੇਂ ਲੇਖਕਾ ਕਿਨ੍ਹੇ ਮਾਨਸਿਕ ਤਣਾਉ ਵਿਚੋਂ ਦੀ ਲੰਘੀ ਹੋਵੇਗੀ,ਜਦ ਕਿ ਇੱਕ ਸਾਧਾਰਨ ਪਾਠਕ ਪੜ੍ਹਦਿਆਂ ਪੜ੍ਹਦਿਆਂ ਬੇਬੇ ਅੰਬੋਂ ਦੇ ਦਰਦ ਨੂੰ ਖ਼ੁਦ ਮਹਿਸੂਸ ਕਰਨ ਲੱਗ ਜਾਂਦਾ ਹੈ।
  ਕਾਸ਼! ਸਾਡੇ ਸਮਾਜ ਵਿਚ ਆਰਥਕ ਪ੍ਰਣਾਲੀ ਵਿਚ ਕਿਵੇਂ ਨਾ ਕਿਵੇਂ ਸਾਰਥਿਕ ਸੁਧਾਰ ਆ ਸਕੇ ਤਾਂ ਜੋ ਅਜਿਹੇ ਰੌਂਗਟੇ ਖੜੇ ਕਰਨ ਵਾਲੀਆ ਘਟਨਾਵਾਂ ਨੂੰ ਠੱਲ ਪੈ ਸਕੇ ਅਤੇ ਅਜਿਹੀ ਮਾਰੂ ਪ੍ਰਵਿਰਤੀ ਤੋਂ ਮਨੁੱਖ ਜਾਤੀ ਛੁਟਕਾਰਾ ਪਾ ਸਕੇ?
  -ਸੁਰਜੀਤ ਸਿੰਘ ਭੁੱਲਰ -25-09-2016

  ReplyDelete
 7. 'ਮੂਕ ਵੇਦਨਾ' ਇੱਕ ਸੱਚੀ ਘਟਨਾ 'ਤੇ ਅਧਾਰਿਤ ਹਾਇਬਨ ਹੈ। ਹਾਇਬਨ 'ਚ ਬਿਰਤਾਂਤ ਦਾ ਵਰਨਣ ਹੂਬਹੂ ਘਟਿਤ ਹੈ। ਕੁਝ ਵੀ ਕਾਲਪਨਿਕ ਨਹੀਂ ਹੈ। ਇਹ ਬੇਬੇ ਸਾਡੇ ਗੁਆਂਢ 'ਚ ਹੀ ਰਹਿੰਦੀ ਸੀ ਤੇ ਸਾਡੇ ਘਰ ਵੀ ਆਉਣਾ -ਜਾਣਾ ਸੀ। ਓਥੇ ਗਈ ਮੈਨੂੰ ਵੀ ਉਸ ਬਹੁਤ ਵਾਰ ਅਸੀਸਾਂ ਦੀ ਝੜੀ ਲਾ ਸਰਸ਼ਾਰ ਕੀਤਾ ਸੀ। ਕਮਲਾ ਜੀ ਉਸ ਦੇ ਪਰਿਵਾਰ ਵਾਲਿਆਂ ਨੂੰ ਸਮਝਾਉਣ ਦੀ ਤੇ ਹਰ ਹੀਲੇ ਉਹਨਾਂ ਦੀ ਮਦਦ ਸਮੇਂ -ਸਮੇਂ 'ਤੇ ਮਦਦ ਵੀ ਕਰਦੇ ਪਰ ਫੇਰ ਵੀ ਉਸ ਦੇ ਦੁੱਖਾਂ ਦੀ ਲੜੀ ਦਿਨ -ਬ -ਦਿਨ ਵੱਧਦੀ ਹੀ ਜਾਂਦੀ ਸੀ। ਏਸ ਦੀਵਾਲੀ ਤੋਂ ਪਹਿਲਾਂ ਉਸ ਆਪਣੇ ਵੱਡੇ ਪੋਤੇ ਦਾ ਵਿਆਹ ਕਰਨਾ ਸੀ ਤੇ ਸਾਡੇ ਪਰਿਵਾਰ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਹਾਮੀ ਵੀ ਭਰੀ ਸੀ। ਪਰ ਉਸ ਦਾਤੇ ਨੂੰ ਕੁਝ ਹੋਰ ਹੀ ਮੰਜੂਰ ਸੀ। ਭੁੱਲਰ ਜੀ ਸੱਚ ਕਿਹਾ ਤੁਸਾਂ ਨੇ ਇਸ ਦੁੱਖ ਨੂੰ ਬਿਆਨਣ ਵੇਲੇ ਮੈਂ ਵੀ ਮਾਨਸਿਕ ਪੀੜਾ 'ਚੋਂ ਲੰਘੀ ਸਾਂ। ਮੈਨੂੰ ਇਓਂ ਲੱਗਾ ਕਿ ਸ਼ਾਇਦ ਬੇਬੇ ਦੇ ਦੁੱਖ ਨੂੰ ਸਾਰੇ ਜੱਗ ਨਾਲ ਸਾਂਝਾ ਕਰਕੇ ਮੈਂ ਉਸ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਰਹੀ ਹੋਵਾਂ। ਅੱਜ ਵੀ ਉਹ ਮੈਨੂੰ ਬੂਹੇ ਮੂਹਰੇ ਬੈਠੀ ਦਿਖਾਈ ਦੇ ਰਹੀ ਹੈ ਤੇ ਮੈਨੂੰ ਲੰਘਦੀ ਨੂੰ ਵੇਖ ਕੇ ਕਹਿ ਰਹੀ ਹੋਵੇ ਕਿ ਆ ਗਈ ਪੁੱਤ ਤੂੰ ਹੁਣ ਕਿੰਨੇ ਕੁ ਦਿਨ ਰਹੇਂਗੀ ? ਬੇਬੇ ਦਾ ਭੋਗ ਏਸ ਸ਼ੁਕਰਵਾਰ 30 ਸਤੰਬਰ ਨੂੰ ਹੈ। ਪਰਮਾਤਮਾ ਵਿਛੜੀ ਆਤਮਾ ਨੂੰ ਸ਼ਾਂਤੀ ਦੇਵੇ।

  ReplyDelete
 8. ਹਰਦੀਪ, ਸਚ ਬੋਲਾਂ, ਕਹਾਣੀ ਪੜ੍ਹ ਕੇ ਰੋਣਾ ਆ ਗਿਆ . ਆਪ ਨੇ ਲਿਖਿਆ, ਇਹ ਸਚੀ ਕਹਾਣੀ ਹੈ ਅਤੇ ਆਪ ਨੇ ਬੇਬੇ ਦੀਆਂ ਅਸ਼ੀਰਵਾਦਾਂ ਭੀ ਹਾਸਲ ਕੀਤੀਆਂ ਹਨ . ਮੈਨੂੰ ਭੀ ਬਹੁਤ ਸਮਾਂ ਪਹਲਾਂ ਦੀਆਂ ਉਹ ਸਭ ਬੇਬੇ ਯਾਦ ਆ ਗਿਆਂ ਲੇਕਿਨ ਉਸ ਸਮੇ ਬੇਬੇ ਦੀ ਸਰਦਾਰੀ ਹੁੰਦੀ ਸੀ ਜੋ ਅੱਜ ਢੂਂਢਣੇ ਤੇ ਭੀ ਨਹੀਂ ਮਿਲਦੀ .ਪਤਾ ਨਹੀਂ ਇਹ ਕਿਹੋ ਜਿਹੀ ਤਰੱਕੀ ਹੈ, ਅੱਜ ਸਾਡੇ ਦੇਸ਼ ਵਿਚ ਬਿਰਧ ਆਸ਼੍ਰਮ ਭੀ ਸੁਣਨ ਨੂੰ ਮਿਲ ਰਹੇ ਹਨ . ਪੁਰਾਣੇ ਜ਼ਮਾਨੇ ਵਿਚ ਲੋਕ ਤਾਨੇ ਮਾਰ ਕੇ ਸ਼ਰਮਿੰਦਾ ਕਰ ਦਿੰਦੇ ਸਨ ਕਿ," ਓਏ ਗੱਲਾਂ ਮਾਰਦੇ ਹੋ, ਤੁਹਾਡਾ ਬੁੜਾ ਧੁੱਪੇ ਮਰ ਗਿਆ, ਕਿਸੇ ਨੇ ਉਹਦਾ ਮੰਜਾ ਨਹੀਂ ਛਾਵੇਂ ਕੀਤਾ ", ਹਰਦੀਪ ,ਆਪ ਦੀ ਲਿਖਤ ਮੈਂ ਬਹੁਤ ਪਸੰਦ ਇਸ ਲਈ ਕਰਦਾ ਹਾਂ ਕਿ ਲਿਖਿਤ ਵਿਚ ਯਥਾਰਥ ਦੀ ਤਸਵੀਰ ਦਿਸਦੀ ਹੈ . ਮੈਂ ਤਾਂ ਕੋਈ ਲੇਖਕ ਨਹੀਂ ਲੇਕਿਨ ਜਦ ਤੋਂ ਲੇਖਕਾਂ ਨੂੰ ਪੜ੍ਹਨ ਦਾ ਰੁਝਾਨ ਸ਼ੁਰੂ ਹੋਇਆ ਹੈ, ਮੈਂ ਬਹੁਤ ਕੁਛ ਸਮਝਿਆ .ਕੁਛ ਲੇਖਕ ਜੋ ਬਹੁਤ ਕਿਤਾਬਾਂ ਦੇ ਲੇਖਕ ਹਨ ਉਹ ਹਮੇਸ਼ਾਂ ਜਿੰਦਗੀ ਦਾ ਸਕਾਰਤਮਿਕ ਪਖ ਹੀ ਲਿਖਦੇ ਹਨ ਲੇਕਿਨ ਮੈਂ ਸਮਝਦਾ ਹਾਂ, ਜਿੰਦਗੀ ਐਸੀ ਹੈ ਨਹੀਂ .ਹੁਣ ਜਿਸ ਤਰਾਂ ਆਪ ਨੇ ਬੇਬੇ ਅਮ੍ਬੋ ਬਾਰੇ ਲਿਖਿਆ ਹੈ, ਆਪ ਨੇ ਉਸ ਦੇ ਮਨ ਦਾ ਐਕਸਰੇ ਦਿਖਾ ਦਿੱਤਾ, ਉਸ ਵਕਤ ਜੋ ਉਸ ਦੇ ਮਨ ਦੀ ਹਾਲਤ ਸੀ, ਸਕਾਰਤਮਿਕ ਸੋਚ ਲਈ ਕੋਈ ਜਗਾਹ ਹੀ ਨਹੀਂ ਬਚੀ ਸੀ . ਹਾਯ੍ਬਨ ਦੀ ਚਾਸ਼ਨੀ ਲਾ ਕੇ ਪੇਸ਼ ਕੀਤੀ ਗਈ ਕਹਾਣੀ, ਧੁਰ ਅੰਦਰ ਚਲੇ ਗਈ . ਕਹਾਣੀ ਪਰਸਤੁਤ ਕਰਨ ਲਈ ਧਨਵਾਦ .

  ReplyDelete
 9. Ajj khudkushian da daur chal pea hai . Zindgi to nirash lok hi ajeha kadam chukde han . Bebe bechari v gareebi di maar jhaldean haar jandi hai te khudkushi kar lendi hai . Bahut dukhbhari kahani hai . Dr. Hardeep ne har vaar di tarah is vaar v sachi ghatna byan kiti hai . Bebe di maut da bahut dukh hai .

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ