ਸਰਦੀਆਂ ਦੇ ਮੌਸਮ ਨੂੰ ਅਲਵਿਦਾ ਆਖ ਫੱਗਣ ਦੇ ਮੌਸਮ ਦੀ ਮਹਿਕ ਮੇਰੀ ਬਗੀਚੀ ਵਿੱਚ ਪਸਰ ਰਹੀ ਸੀ।ਰੰਗੀਨ ਚਿੜੀਆਂ ਫ਼ੁਹਾਰੇ ਦੀ ਨਿੰਮੀ -ਨਿੰਮੀ ਫ਼ੁਹਾਰ 'ਚ ਫੁਦਕ ਰਹੀਆਂ ਸਨ। ਮੈਂ ਫੁੱਲਾਂ ਦੀ ਕਿਆਰੀ 'ਚੋਂ ਸੁੱਕੇ ਪੱਤੇ ਚੁੱਗ ਰਹੀ ਸਾਂ। ਅਚਾਨਕ ਮੇਰੀ ਨਿਗ੍ਹਾ ਸਾਹਮਣੇ ਘਰ ਵੱਲ ਗਈ। ਉਹ ਆਪਣੇ ਨਿੱਕੇ -ਨਿੱਕੇ ਹੱਥ ਹਿਲਾ ਮੈਨੂੰ ਕੋਈ ਅਣਭੋਲ ਜਿਹਾ ਸੰਕੇਤ ਦੇ ਰਹੀ ਸੀ। ਆਪਣੀ ਖੇਡ ਛੱਡ ਪਤਾ ਨਹੀਂ ਕਦੋਂ ਦੀ ਖੜ੍ਹੀ ਉਹ ਮੇਰੇ ਤੱਕਣ ਦੀ ਉਡੀਕ ਕਰ ਰਹੀ ਹੋਵੇਗੀ । ਮੈਂ ਇਸ਼ਾਰਾ ਕਰਕੇ ਉਸ ਨੂੰ ਆਪਣੇ ਕੋਲ਼ ਬੁਲਾ ਲਿਆ। ਛੋਟੀ ਵੱਡੀ ਦਾ ਹੱਥ ਫੜ੍ਹ ਮੇਰੇ ਕੋਲ ਆ ਗਈ ਸੀ। ਮੈਂ ਉਹਨਾਂ ਦੀਆਂ ਨਿੱਕੀਆਂ -ਨਿੱਕੀਆਂ ਗੱਲਾਂ ਦਾ ਹੁੰਗਾਰਾ ਭਰਨ ਲੱਗੀ।
ਮੋਹ -ਮਿੱਠਤ ਦੀਆਂ ਤੰਦਾਂ ਨੂੰ ਕੱਤਦੀ ਮੈਂ ਉਹਨਾਂ ਨੂੰ ਅੰਦਰ ਲੈ ਗਈ। ਹੁਣ ਉਨ੍ਹਾਂ ਦੀਆਂ ਅੱਖਾਂ 'ਚ ਚਮਕ ਸੀ ਤੇ ਚਿਹਰੇ 'ਤੇ ਧੂੜੀ ਗਈ ਸੀ ਖੁਸ਼ੀ। ਟੌਫ਼ੀਆਂ ਵਾਲਾ ਡੱਬਾ ਉਨ੍ਹਾਂ ਦੇ ਸਾਹਵੇਂ ਸੀ। ਗੱਲੀਂ ਲੱਗੀ ਜੇ ਕਦੇ ਮੈਂ ਟੌਫ਼ੀਆਂ ਦੇਣੋ ਖੁੰਝ ਵੀ ਜਾਵਾਂ ਤਾਂ ਛੋਟੀ ਦੀਆਂ ਬੋਲਦੀਆਂ ਅੱਖਾਂ ਮੈਨੂੰ ਚੇਤੇ ਕਰਵਾ ਹੀ ਦਿੰਦੀਆਂ ਨੇ। ਚਾਈਂ ਚਾਈਂ ਆਪਣੀ ਪਸੰਦ ਦੀਆਂ ਟੌਫ਼ੀਆਂ ਮੁੱਠੀਆਂ 'ਚ ਭੀਚ ਦੁੜੰਗੇ ਲਾਉਂਦੀਆਂ ਉਹ ਮੁੜ ਗਈਆਂ। ਸਾਡੇ ਆਂਢ -ਗੁਆਂਢ ਨਾਲ ਮੇਰੀ ਦਾਲ ਦੀ ਕੌਲੀ ਵਾਲੀ ਸਾਂਝ ਹੈ। ਇਹ ਨਿੱਕੜੀਆਂ ਸਾਡੇ ਘਰ ਆਉਣ ਦਾ ਬਹਾਨਾ ਹੀ ਭਾਲਦੀਆਂ ਰਹਿੰਦੀਆਂ ਨੇ ਭਾਵੇਂ ਇਨ੍ਹਾਂ ਦਾ ਕੋਈ ਵੀ ਹਾਣੀ ਸਾਡੇ ਘਰ ਨਹੀਂ। ਜੇ ਕਦੇ ਵੱਡੀ ਕੋਈ ਚੀਜ਼ ਲੈਣ -ਦੇਣ ਆ ਜਾਵੇ, ਛੋਟੀ ਨੰਗੇ ਪੈਰੀਂ ਮਗਰ ਭੱਜੀ ਆਉਂਦੀ ਹੈ।
ਟੌਫ਼ੀਆਂ ਦੇਣ ਦਾ ਸਿਲਸਿਲਾ ਕਦੋਂ ਤੇ ਕਿਉਂ ਸ਼ੁਰੂ ਹੋਇਆ ਹੁਣ ਯਾਦ ਨਹੀਂ। ਛੋਟੀ ਓਦੋਂ ਦੋ ਕੁ ਸਾਲ ਦੀ ਹੋਣੀ ਐ ਤੇ ਵੱਡੀ ਉਸ ਤੋਂ ਚਾਰ -ਪੰਜ ਸਾਲ ਵੱਡੇਰੀ। ਪਹਿਲਾਂ ਪਹਿਲ ਵੱਡੀ ਆਪ ਟੌਫ਼ੀਆਂ ਲੈਣ ਤੋਂ ਹਿਚਕਚਾਉਂਦੀ ਸੀ ਤੇ ਇਸ਼ਾਰੇ ਨਾਲ ਛੋਟੀ ਨੂੰ ਵੀ ਰੋਕਦੀ। ਪਰ ਹੁਣ ਉਹ ਦੋਵੇਂ ਟੌਫ਼ੀਆਂ ਲੈਣਾ ਆਪਣਾ ਹੱਕ ਸਮਝਦੀਆਂ ਨੇ ਤੇ ਕਦੇ -ਕਦੇ ਘਰ ਆਈ ਆਪਣੀ ਸਹੇਲੀ ਲਈ ਵੀ ਟੌਫ਼ੀਆਂ ਲੈ ਜਾਂਦੀਆਂ ਨੇ। ਮੈਂ ਵੀ ਕਦੇ ਟੌਫ਼ੀਆਂ ਵਾਲਾ ਡੱਬਾ ਸੱਖਣਾ ਨਹੀਂ ਹੋਣ ਦਿੱਤਾ।
ਕਹਿੰਦੇ ਨੇ ਕਿ ਬਹੁ-ਪਰਤੀ ਜੀਵਨ ਦੇ ਹਰ ਸਫ਼ੇ ਨੂੰ ਯਾਦ ਰੱਖਣਾ ਅਸੰਭਵ ਜਿਹਾ ਹੁੰਦਾ ਏ । ਸ਼ਾਇਦ ਏਸੇ ਲਈ ਮੇਰੀ ਚੇਤਨਾ 'ਚੋਂ ਮੇਰੇ ਬਚਪਨ ਦਾ ਓਹ ਪੰਨਾ ਐਨਾ ਚਿਰ ਅਣ ਫਰੋਲਿਆ ਹੀ ਰਿਹਾ ਜਿਸ 'ਤੇ ਟੌਫ਼ੀਆਂ ਹੀ ਟੌਫ਼ੀਆਂ ਖਿਲਰੀਆਂ ਪਈਆਂ ਸਨ। ਸਾਡੇ ਕਿਸੇ ਜਾਣੂ ਦਾ ਬੱਚਾ ਸਕੂਲੋਂ ਛੁੱਟੀ ਹੋਣ 'ਤੇ ਸਾਡੇ ਨਾਲ ਹੀ ਘਰ ਆ ਜਾਂਦਾ। ਆਥਣ ਨੂੰ ਲੈਣ ਆਏ ਉਸ ਦੇ ਪਾਪਾ ਸਾਨੂੰ ਭੂਰੇ ਰੰਗ ਦੀ ਇੱਕ ਚੱਪਾ ਕੁ ਲਿਫ਼ਾਫ਼ੀ 'ਚੋਂ ਡਾਲੀਮਾ ਦੀਆਂ ਟੌਫ਼ੀਆਂ ਕੱਢ ਕੇ ਦਿੰਦੇ।ਸਾਨੂੰ ਵੀ ਹਰ ਸ਼ਾਮ ਉਹਨਾਂ ਟੌਫ਼ੀਆਂ ਦੀ ਉਡੀਕ ਰਹਿੰਦੀ। ਇਹ ਸਿਲਸਿਲਾ ਪਤਾ ਨਹੀਂ ਕਿੰਨਾ ਕੁ ਚਿਰ ਚੱਲਿਆ ਹੋਣਾ ਪਰ ਓਸ ਪਿੱਛੋਂ ਓਹ ਟੌਫ਼ੀਆਂ ਦੇਣ ਵਾਲ਼ਾ ਤੇ ਉਸ ਦੀਆਂ ਟੌਫ਼ੀਆਂ ਮੁੜ ਕਦੇ ਵੀ ਯਾਦ ਨਹੀਂ ਆਈਆਂ। ਮੇਰੀ ਚੇਤਨਾ 'ਚੋਂ ਇਹ ਟੌਫ਼ੀਆਂ ਓਦੋਂ ਵੀ ਮਨਫ਼ੀ ਸਨ ਜਦੋਂ ਮੈਂ ਖੁਦ ਇਹ ਸਿਲਸਿਲਾ ਸ਼ੁਰੂ ਕੀਤਾ।
ਜ਼ਿੰਦਗੀ ਦਾ ਓਹ ਸਫ਼ਾ ਜਿਸ 'ਤੇ ਕੋਈ ਵਿਕੋਲਤਰੀ ਜਿਹੀ ਇਬਾਰਤ ਹੁੰਦੀ ਹੈ ਜਦ ਤੁਹਾਡੀ ਚੇਤਨਾ 'ਚ ਪਰਤ ਆਉਂਦਾ ਹੈ ਤਾਂ ਉਸ ਦੀ ਇਬਾਦਤ ਕਰਨ ਨੂੰ ਜੀ ਕਰਦਾ ਏ। ਗੱਲ ਟੌਫ਼ੀਆਂ ਦੀ ਨਹੀਂ, ਮਨ ਦੇ ਮੋਹ ਦੀ ਹੈ, ਮਿੱਠਤ ਦੀ ਹੈ। ਅੱਜ-ਕੱਲ ਗੁੜ ਦੀ ਭੇਲੀ ਜਾਂ ਖੰਡ -ਸ਼ੱਕਰ ਦੇ ਭਰੇ ਕੌਲੇ -ਬਾਟਿਆਂ ਦੀ ਸਾਂਝ ਤਾਂ ਰਹੀ ਨਹੀਂ ਚੱਲੋ ਟੌਫ਼ੀਆਂ ਦੀ ਹੀ ਸਹੀ। ਹੁਣ ਜਦੋਂ -ਜਦੋਂ ਵੀ ਨਿੱਕੜੀਆਂ ਮੇਰੇ ਕੋਲ ਆਉਂਦੀਆਂ ਨੇ ਤਾਂ ਸਾਢੇ ਤਿੰਨ ਦਹਾਕੇ ਪਹਿਲਾਂ ਖਾਧੀਆਂ ਉਹਨਾਂ ਡਾਲੀਮਾ ਟੌਫ਼ੀਆਂ ਦੀ ਮਿਠਾਸ ਮੇਰੇ ਆਪੇ 'ਚ ਝੱਟ ਘੁਲ ਜਾਂਦੀ ਹੈ। ਜ਼ਿੰਦਗੀ ਦਾ ਬਹੁਪੱਖੀ ਪਸਾਰਾ ਕਿਆਰੀਆਂ 'ਚ ਲਰਜ਼ਦੇ ਫੁੱਲਾਂ ਵਾਂਗ ਰੰਗਲਾ ਬਣ ਮਹਿਕਣ ਲੱਗ ਜਾਂਦਾ ਹੈ।
ਅਭੁੱਲ ਯਾਦ -
ਚੱਪਾ ਕੁ ਲਿਫ਼ਾਫ਼ੀ 'ਚ
ਸਾਂਝ ਮਿਠਾਸ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 256 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 256 ਵਾਰ ਪੜ੍ਹੀ ਗਈ ਹੈ।
ਪੜ ਕੇ ਮੰਨ 'ਚ ਮਿੱਠਾ ਜਿਹਾ ਘੁੱਲ ਗਿਆ ,
ReplyDeleteਬਚਪਨ ਵੀ ਮਿੱਠਾ , ਟਾਫੀਆਂ ਵੀ ਮਿੱਠੀਆਂ ,
ਮਿੱਠੇ ਵਿੱਚ ਮਿੱਠਾ , ਇੱਕ ਮਿੱਕ ਹੋ ਗਿਆ ।
ਪੜ ਕੇ ਖੂਬ ਸਵਾਦ ਆਇਆ ।
ਮੇਰਾ ਨਿੱਜੀ ਵਿਚਾਰ: 'ਟੌਫ਼ੀਆਂ' ਹਾਇਬਨ 'ਤੇ
ReplyDeleteਉਹ ਯਾਦਾਂ, ਜਿਨ੍ਹਾਂ ਦੀ ਨਿੱਤ ਪ੍ਰਤੀ ਜੀਵਨ ਵਿਚ ਬਹੁਤੀ ਲੋੜ ਨਹੀਂ ਰਹਿੰਦੀ, ਦਿਮਾਗ਼ ਦੀ ਕਿਸੇ ਨੁੱਕਰੇ ਜਾ ਕੇ ਸਥਾਈ ਛਾਇਆ ਬਣ ਸੁਰੱਖਿਅਤ ਟਿੱਕ ਜਾਂਦੀਆਂ ਹਨ ਅਤੇ ਕਿਸੇ ਵਿਸ਼ੇਸ਼ ਮੌਕਾ ਮੇਲ ਤੇ ਸਾਡੀਆਂ ਅੱਖਾਂ ਸਾਹਮਣੇ ਆ ਬਰਾਜਮਾਨ ਹੁੰਦੀਆਂ ਹਨ। ਬਚਪਨ ਦੀਆਂ ਅਜਿਹੀਆਂ ਬਹੁਤ ਯਾਦਾਂ ਇਸ ਵਰਗ ਵਿਚ ਹੀ ਆਉਂਦੀਆਂ ਹਨ।
ਡਾ. ਹਰਦੀਪ ਕੌਰ ਸੰਧੂ ਦੀ 'ਟੌਫ਼ੀਆਂ' ਹਾਇਬਨ ਵੀ ਬਚਪਨ ਦੀ ਇੱਕ ਅਜਿਹੀ ਯਾਦ ਨੂੰ ਤਾਜ਼ਾ ਕਰਾਉਂਦੀ ਹੈ।
ਕਹਾਣੀ ਆਪਣੇ ਸਾਹਮਣੇ ਘਰ ਵਿਚ ਰਹਿੰਦੀਆਂ ਦੋ ਛੋਟੀਆਂ ਭੈਣਾਂ ਤੋਂ ਸ਼ੁਰੂ ਹੁੰਦੀ ਹੋਈ,ਲੇਖਕਾ ਉਨ੍ਹਾਂ ਨੂੰ,'ਮੋਹ-ਮਿੱਠਤ ਦੀਆਂ ਤੰਦਾਂ ਨੂੰ ਕੱਤਦੀ' ਆਪਣੇ ਕੋਲ ਬੁਲਾ ਲੈਂਦੀ ਹੈ ਅਤੇ ਟਾਫ਼ੀਆਂ ਵਾਲਾ ਡੱਬਾ ਉਨ੍ਹਾਂ ਦੇ ਸਾਹਵੇਂ ਖ਼ੋਲ ਦਿੰਦੀ ਹੈ। ਉਹ ਆਪਣੀ "ਪਸੰਦ ਦੀਆਂ ਟਾਫ਼ੀਆਂ ਮੁੱਠੀਆਂ 'ਚ ਭੀਚ ਦੁੜੰਗੇ ਲਾਉਂਦੀਆਂ' ਆਪਣੇ ਘਰ ਪਰਤ ਜਾਂਦੀਆਂ ਹਨ ਪਰ ਇਨ੍ਹਾਂ ਟਾਫ਼ੀਆਂ ਤੋਂ ਲੇਖਕਾ ਨੂੰ ਆਪਣੇ ਬਚਪਨ ਵਿਚ (ਪੈਂਤੀ ਸਾਲ) ਚੱਪਾ ਕੁ ਲਿਫਾਫੀ 'ਚ ਮਿਲਣ ਵਾਲੀਆਂ ਡਾਲੀਮਾ ਦੀਆਂ ਟਾਫ਼ੀਆਂ ਦੀ ਉਡੀਕ ਵਾਲੀ 'ਸਾਂਝ' ਮਿਠਾਸ ਯਾਦ ਆ ਘੇਰਦੀ ਹੈ। ਇਸ ਹਾਇਬਨ ਵਿਚ ਰੋਚਕਤਾ ਦੇ ਨਾਲ ਨਾਲ ਉਸ ਸਮੇਂ ਦੇ ਸਭਿਆਚਾਰਕ ਰਿਸ਼ਤਿਆਂ ਦੀ ਸਾਂਝ ਦੇ ਵਰਤਾਰੇ ਦਾ ਬਹੁਤ ਸਪਸ਼ਟਤਾ ਨਾਲ ਜ਼ਿਕਰ ਕੀਤਾ ਹੈ,ਜੋ ਹਕੀਕਤ ਨੂੰ ਬਿਆਨ ਦਾ ਹੈ ਪਰ ਅਸਲ ਵਿਚ ਅਲੋਪ ਹੋ ਰਿਹਾ ਹੈ।
ਇਸ ਹਾਇਬਨ ਨੂੰ ਪੜ੍ਹਿਆ ਮੈਨੂੰ ਵੀ ਮੇਰੇ ਬਚਪਨ ਨੇ ਆਨ ਘੇਰਿਆ। ਮੈਂ ਵੀ ਉਸ ਦੇ ਨਾਲ 75 ਸਾਲਾਂ ਉੱਪਰੋਂ (ਪੌਣੀ ਸਦੀ) ਦਾ ਬਾਲਕ ਬਣ, ਯਾਦਾਂ ਦੀ ਰੌ ਵਿਚ ਵਹਿ ਤੁਰਿਆ।ਅਤੀਤ ਦੀਆਂ ਕੁੱਝ ਯਾਦਾਂ ਨੂੰ ਮਾਣਨ ਲੱਗਾ। ਮੇਰਾ ਕਹਿਣ ਦਾ ਤਤਪਰ ਹੈ ਕਿ ਇਹ ਲਿਖਤ ਐਨੀ ਪ੍ਰਭਾਵਸ਼ਾਲੀ ਹੈ ਕਿ ਜੋ ਵੀ ਇਸ ਨੂੰ ਪੜ੍ਹੇਗਾ, ਆਪਣੇ ਬਚਪਨ ਦੀਆਂ ਪ੍ਰਕਾਸ਼ਮਈ ਯਾਦਾਂ ਦਾ ਅਨੰਦ ਮਾਣੇਗਾ ਤੇ ਉਨ੍ਹਾਂ ਵਿਚ ਲੀਨ ਹੋ ਜਾਵੇ ਗਾ।
ਅਜਿਹੀ ਮਨੋਵਿਗਿਆਨਕ ਗੁਣਵੰਤ ਲਿਖਤ ਦੀ ਲੇਖਕਾ ਨੂੰ ਮੈ ਦਿਲੋਂ ਵਧਾਈ ਪੇਸ਼ ਕਰਦਾ ਹਾਂ।
-ਸੁਰਜੀਤ ਸਿੰਘ ਭੁੱਲਰ-10-10-2016
ਪੜੋਸ ਦਿਆਂ ਨਿਕੜੀਆ ਤੇਨੂ ਹੀ ਨਹੀ ਬਚਪਨ ਲੈ ਗਇਆ ਤੇਰੇ ਸਫਰ ਸਾਂਝ ਦੇ ਸਾਰੇ ਸਾਥਿਆ ਨੂੰ ਵੀ ਲੈ ਗਇਆਂ ਹੋਣ ਗਿਆਂ । ਮੀਠਾ ਮੀਠਾ ਜਿਨ੍ਹਾ ਹਾਇਬਨ ਉਨਿਆ ਮਿਠੀਆਂ ਟੌਫਿਆਂ ।ਮਨੋਰਂਜਕ ਲਿਖਤ ਹੈ । ਉਸ ਸਮੇਂ ਦੇ ਸਭਿਆਚਾਰ ਦਾ ਸਹੀ ਚਿਤਰਣ ਹੈ ।ਬਹਾਨਾ ਚਾਹੀਦਾ ਹੁੰਦਾ ਸੀ ਆਸ ਪੜੋਸ ਨੂੰ ਮਿਲਨ ਦਾ ।ਕਿਣੀ ਕਲਾਤਮਕ ਸ਼ੈਲੀ ਨਾਲ ਵਰਣਨ ਕੀਤਾ ਬਚਪਨ ਦੀ ਯਾਦ ਦਾ । ਸਾਨੁੰ ਵੀ ਟੌਫਿਆਂ ਖੁਆ ਦਿਤੀਆਂ ।
ReplyDeleteਹੁੰਗਾਰਾ ਭਰਨ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ। ਹਾਇਬਨ ਪੜ੍ਹ ਕੇ ਸਭ ਨੂੰ ਇੱਕ ਮਿੱਠਾ ਜਿਹਾ ਅਹਿਸਾਸ ਹੋਇਆ ਜੋ ਇਸ ਲਿਖਤ ਦੀ ਰੂਹ ਸੀ। ਸੋ ਲਿਖਤ ਆਪ ਤੱਕ ਅੱਪੜ ਗਈ।
ReplyDeleteਦਿਲਜੋਧ ਸਿੰਘ ਜੀ ਸਹੀ ਕਿਹਾ ਆਪ ਨੇ ਮਿੱਠੇ ਬਚਪਨ ਦੀਨਾ ਮਿੱਠੀਆਂ ਟੌਫ਼ੀਆਂ ਮਿੱਠਾ ਹੀ ਮਿੱਠਾ।
ਸਹੀ ਕਿਹਾ ਭੁੱਲਰ ਜੀ ਕਿ ਕੁਝ ਗੱਲਾਂ ਪੱਕੇ ਸਥਾਈ ਤੌਰ 'ਤੇ ਜ਼ਿਹਨ 'ਚ ਟਿਕੀਆਂ ਤਾਂ ਹੁੰਦੀਆਂ ਨੇ ਪਰ ਸਾਹਮਣੇ ਨਹੀਂ ਆਉਂਦੀਆਂ। ਮੌਕੇ ਸੁਮੇਲ ਨਾਲ ਸਭ ਕੁਝ ਇੱਕ ਵਾਰ ਮੁੜ ਤੋਂ ਪ੍ਰਤੱਖ ਹੋ ਜਾਂਦਾ ਹੈ। ਇਹੋ ਮੇਰੇ ਨਾਲ ਹੋਇਆ। ਟੌਫ਼ੀਆਂ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਦੇ ਕਈ ਸਾਲਾਂ ਬਾਦ ਮੈਨੂੰ ਇਹ ਸਭ ਯਾਦ ਆਇਆ। ਚੱਲੋ ਸ਼ਾਇਦ ਇਸ ਬਹਾਨੇ ਹੁਣ ਸਾਨੂੰ ਵੀ ਆਪ ਦੇ ਬਚਪਨ ਦੀ ਕੋਈ ਝਾਕੀ ਦਿਖਾਈ ਦੇ ਜਾਵੇ।
ਸਹੀ ਹੈ ਕਮਲਾ ਜੀ ਇਸ ਲਿਖਤ ਨੂੰ ਪੜ੍ਹਨ ਵਾਲਾ ਹਰ ਆਪਣੇ ਬਚਪਨ 'ਚ ਦੁੜੰਗੇ ਲਾਉਣ ਜ਼ਰੂਰ ਪਹੁੰਚ ਗਿਆ ਹੋਵੇਗਾ ਇਹੋ ਆਸ ਹੈ।
ਬਹੁਤ ਹੀ ਸੁਆਦ ਟੌਫ਼ੀਆਂ ਵਰਗੀ ਮਿੱਠੀ ਕਹਾਣੀ।
ReplyDeleteਮੇਰੇ ਜਿੰਦਗੀ'ਚ ਵੀ ਅਜਿਹੀ ਯਾਦ ਜੁਡ਼ੀ ਆ ਜੋ ਆਪ ਨਾਲ ਸਾਂਝੀ ਕਰਨ ਜਾ ਰਹੀ ਹਾ।
ReplyDeleteਛੋਟੇ ਹੁੰਦਿਆ ਪਿੰਡ ਰਿਸ਼ਤੇਦਾਰੀ 'ਚ ਇੱਕ ਮਾਮਾ ਸੀ । ਜਿਸਦਾ ਨਾਂ ਪੂਰਨ ਸੀ । ਉਹ ਦੋਧੀ ਹੋਣ ਕਰਕੇ ਰੋਜ਼ ਪਿੰਡ ਤੋ ਸ਼ਹਿਰ ਦੁੱਧ ਲੈ ਕੇ ਜਾਂਦਾ ਸੀ ।ਸਾਡਾ ਘਰ ਖਰਪ ਫਿਰਨੀ ਤੇ ਹੋਣ ਕਰਕੇ ਅਕਸਰ ਉਸ ਮਾਮੇ ਨੂੰ ਉਚੇਚੀ ਸਤਿ ਸ੍ੀ ਅਕਾਲ ਕਹਿਣੀ ਤੇ ਨਾਲ ਹੀ ਪੈਸਾ ਮੰਗ ਲੈਣਾ ।ਮਾਮੇ ਨੇ ਆਪਣੀ ਜੇਬ ਚੋ' 10 ਪੈਸੇ 20 ਪੈਸੇ ਸਾਡੀ ਹਥੇਲੀ ਤੇ ਰੱਖ ਦੇਣੇ ।ਅਸੀ ਚਾਈਂ ਚਾਂਈ ਦਾਦੇ ਦੀ ਹੱਟੀ ਤੋ ਡੱਡੀਆਂ ਮੱਛੀਆਂ ਲੈ ਆਣੀਆ ।ਸੱਚੀ ਬਡ਼ਾ ਭੋਲਾ ਭਾਲਾ ਬਚਪਨ ਸੀ । ਜਦੋ ਮਾਤਾ ਜੀ ਨੂੰ ਪਤਾ ਲੱਗਾ ਕਿ ਅਸੀ ਮਾਮੇ ਕੋਲੋ ਪੇਸੇ ਮੰਗਦੇ ਆ ਬਡ਼ੀ ਕੁੱਟ ਵੀ ਪਈ ਸੀ ।
ਟੌਫ਼ੀਆਂ ਹਾਇਬਨ ਬਹੁਤ ਵਧੀਆ ਹੈ। ਭਾਵਨਾਤਮਿਕ ਤੇ ਵਿਚਾਰਾਤਮਕ ਹਰ ਪੱਖੋਂ ਉੱਤਮ ਰਚਨਾ। ਸਾਂਝੀ ਕਰਨ ਲਈ ਬਹੁਤ ਵਧਾਈ।
ReplyDeleteਤੇਰੀਆਂ ਟੌਫ਼ੀਆਂ ਨੇ ਮੋਹ ਦੀਆਂ ਤੰਦਾਂ ਬੰਨ ਦਿੱਤੀਆਂ ਅਣਜਾਣ ਰਿਸ਼ਤਿਆਂ 'ਚ।
ReplyDeleteWow didi....Amazing.....Meriyan akaan ch hanju aa gaye to see the way u have expressed......Brilliant !
ReplyDelete