ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Oct 2016

ਨਾਨੀ ਨੇ ਕਿਹਾ ਸੀ (ਵਾਰਤਾ)

Image result for heaven
ਓਹ ਵੀ ਕੇਹੇ ਦਿਨ ਸਨ। ਦਾਦਕਿਆਂ ਤੋਂ ਵੱਧ ਨਾਨਕੇ ਲੁਭਾਉਂਦੇ । ਗਰਮੀਆਂ ਦੀਆਂ ਛੁੱਟੀਆਂ 'ਚ ਨਾਨਕੇ ਜਾਣ ਲਈ ਮਾਂ ਦੀ ਹਰ ਗੱਲ ਭੱਜ -ਭੱਜ ਪੂਰੀ ਕਰਨਾ ਵੀ ਥਕਾਉਂਦਾ ਨਹੀਂ ਸੀ। ਮਾਂ ਤੋਂ ਵੱਧ ਨਾਨੀ ਜੋ ਪਿਆਰੀ ਸੀ। ਛੁੱਟੀਆਂ ਦਾ ਢੇਰ ਕੰਮ -ਸੁੰਦਰ ਲਿਖਾਈ ,ਜਮਾ -ਘਟਾਓ ਦੇ ਸਵਾਲ ਤੇ ਵੀਹ ਤੱਕ ਦੇ ਪਹਾੜੇ ਯਾਦ ਕਰਨੇ। ਮਾਂ ਦਾ ਵਾਅਦਾ ਜਿੰਨੀ ਛੇਤੀ ਕੰਮ ਮੁਕਾਉਣਾ ਓਨੀ ਛੇਤੀ ਨਾਨਕੇ ਲੈ ਜਾਣ ਦਾ। ਭਲਾ ਕੰਮ ਕਿਵੇਂ ਅਧੂਰਾ ਰਹਿੰਦਾ ? ਕੰਮ ਕਰਦਿਆਂ ਵੀ ਨਾਨੀ ਦੇ ਕੋਲ ਹੋਣ ਦਾ ਅਹਿਸਾਸ ਕਿਤੇ ਘੱਟ ਲੁਭਾਉਣਾ ਨਹੀਂ ਹੁੰਦਾ ਸੀ। ਓਥੇ ਪਹੁੰਚ ਕੇ ਮਾਮੇ -ਮਾਸੀਆਂ ਦੇ ਬੱਚਿਆਂ 'ਚ ਰਲ਼ ਕੇ ਨਾਨੀ ਨੂੰ ਘੇਰਨਾ। ਨਾਨੀ ਦੀ ਗੋਦੀ 'ਚ ਬਹਿਣਾ। ਰਾਤ ਨੂੰ ਨਾਨੀ ਦੇ ਮੰਜੇ ਨਾਲ ਮੰਜਾ ਡਾਹ ਕੇ ਦੋ -ਦੋ ਬੱਚਿਆਂ ਨੇ ਇਕੱਠਾ ਸੌਣਾ ਤਾਂ ਕਿ ਨੈਣੀਂ ਦੀ ਕਹਾਣੀਆਂ ਨੇੜੇ ਹੋ ਕੇ ਸੁਣ ਸਕੀਏ ਤੇ ਸਵਾਲ ਕਰ ਸਕੀਏ। 
    ਨਾਨੀ ਦੀ ਕਹਾਣੀਆਂ ਖੰਡ ਮਿਸ਼ਰੀ ਦੀ ਗੋਲੀਆਂ। ਸਵਾਦ ਐਨੀਆਂ ਕਿ ਹੋਰ -ਹੋਰ ਦੀ ਫਰਮਾਇਸ਼ ਹੁੰਦੀ। ਕਹਾਣੀ ਕਦੇ ਲੋਰੀ ਬਣ ਸੁਲਾ ਦਿੰਦੀ ਕਦੇ ਅਸੀਂ ਪਰੀਆਂ ਜਾਂ ਰਾਜਕੁਮਾਰੀਆਂ ਬਣੀਆਂ ਲੱਗਣਾ। ਦਲਾਨ ਦੀ ਛੱਤ 'ਤੇ ਤਾਰਿਆਂ ਦੀ ਛਾਂ ਥੱਲੇ ਠੰਢੀ ਹਵਾ ਦੇ ਨਾਲ ਪਲੋਸਦੇ ਹੱਥ , ਨੀਂਦ ਵੀ ਖੂਬ ਆਉਂਦੀ। ਤੜਕਸਾਰ ਜਦੋਂ ਤ੍ਰੇਲ ਪੈਂਦੀ ਤਾਂ ਨਾਨੀ ਨੇ ਸਭ 'ਤੇ ਖੇਸ ਦੇ ਦੇਣਾ। ਹੋਰ ਵੀ ਚੰਗਾ ਲੱਗਦਾ ਰੌਸ਼ਨੀ ਵੱਧਣ 'ਤੇ ਮੂੰਹ ਸਿਰ ਲਪੇਟ ਕੇ ਸੌਣਾ। ਨੀਂਦ ਦਾ ਹੋਰ ਅਨੰਦ ਲੈਂਦੇ। ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਸਕੂਲ ਜਾਣ ਦੀ ਕਾਹਲ਼ੀ। ਸਕੂਲ ਦਾ ਕੰਮ ਅਧਿਆਪਕ ਨੂੰ ਸਭ ਤੋਂ ਪਹਿਲਾਂ ਦਿਖਾ ਕੇ ਸ਼ਾਬਾਸ਼ ਜੋ ਲੈਣੀ ਹੁੰਦੀ। ਦੂਜਾ ਛੁੱਟੀਆਂ ਦਾ ਸਾਰਾ ਹਾਲ ਸਹੇਲੀਆਂ ਨੂੰ ਸੁਣਾਉਣਾ ਹੁੰਦਾ। 
     ਏਸ ਵਾਰ ਤਾਂ ਬੜਾ ਕੁਝ ਰੌਚਕ ਹੋਇਆ ਸੀ ਮੇਰੇ ਨਾਨਕੇ। ਓਥੇ ਪਹੁੰਚਦਿਆਂ ਹੀ ਮੈਥੋਂ ਥੋੜੀ ਜਿਹੀ ਵੱਡੇਰੀ ਮੇਰੀ ਮਾਸੀ ਨੇ ਦੱਸਿਆ," ਪਤਾ ਚਾਚੀ ਸਵਰਗ ਜਾ ਕੇ ਆਈ ਹੈ ?" ਉਹ ਮੇਰੀ ਨਾਨੀ ਦੀ ਗੱਲ ਕਰ ਰਹੀ ਸੀ ਤੇ ਆਪਣੀ ਮਾਂ ਨੂੰ ਚਾਚੀ ਕਹਿੰਦੀ ਆਪਣੀ ਤਾਈ ਦੇ ਬੱਚਿਆਂ ਵਾਂਗ।"ਹਾਂ ਉਹ ਆਪਣੇ ਦਾਦੀ, ਦਾਦਾ, ਬੀਬੀ , ਬਾਪੂ ਨੂੰ ਵੀ ਮਿਲੀ ਸੀ ਓਥੇ।"ਮਾਸੀ ਨੇ ਬੜੇ ਹੀ ਵਿਸ਼ਵਾਸ਼ ਨਾਲ ਗੱਲ ਪੂਰੀ ਕੀਤੀ। "ਹੋਰ ਕੀ  ਵੇਖਿਆ ਚਾਚੀ ਨੇ ?" "ਹੋਰ ਤਾਂ ਕਹਿੰਦੀ ਹੈ ਮੈਨੂੰ ਯਾਦ ਨਹੀਂ। ਤੂੰ ਹੀ ਪੁੱਛ ਲੈ ਸ਼ਾਇਦ ਤੈਨੂੰ ਦੱਸ ਦੇਵੇ। " ਮਾਸੀ ਨੂੰ ਲੱਗਦਾ ਸੀ ਕਿ ਨਾਨੀ ਮੈਨੂੰ ਵੱਧ ਪਿਆਰ ਕਰਦੀ ਹੈ। 
   ਮੈਂ ਵੀ ਬਿਨਾ ਪੁੱਛਿਆਂ ਕਿਵੇਂ ਰਹਿ ਸਕਦੀ ਸਾਂ। "ਚਾਚੀ ਜੀ ਕੀ ਤੁਸੀਂ ਸੱਚੀਂ ਸਵਰਗ ਜਾ ਆਏ ਹੋ ?"
 "ਕਿਸ ਨੇ ਕਿਹਾ ?" ਨਾਨੀ ਦਾ ਗੁੱਸੇ ਵਾਲਾ ਚਿਹਰਾ ਦੇਖ ਲੱਗ ਰਿਹਾ ਸੀ ਕਿ ਹੁਣੇ ਕੰਨ ਖਿੱਚੇਗੀ। 
"ਤੁਸੀਂ ਬੇਹੋਸ਼ ਹੋ ਗਏ ਸੀ ਕੀ ? ਸਭ ਕਹਿ ਰਹੇ ਨੇ ਕਿ ਤੁਸੀਂ ਉੱਠ ਹੀ ਨਹੀਂ ਰਹੇ ਸੀ। ਮਾਸੀ ਦਾ ਨਾਮ ਲੈਣਾ ਮੈਂ ਠੀਕ ਨਹੀਂ ਸਮਝਿਆ।
 "ਹਾਂ , ਮੈਂ ਪਤਾ ਨਹੀਂ ਕਿਉਂ ਗਹਿਰੀ ਨੀਂਦ 'ਚ ਚਲੀ ਗਈ ਸੀ। ਇਹਨਾਂ ਨੂੰ ਲੱਗਾ ਮੈਂ ਸਵਰਗ ਸਿਧਾਰ ਗਈ ਹਾਂ।" "ਅੱਛਾ ਇਹ ਗੱਲ ਏ। ਮਾਸੀ ਮੈਨੂੰ ਮੂਰਖ ਬਣਾ ਰਹੀ ਹੈ। "ਮਾਸੀ ਦੇ ਪ੍ਰਤੀ ਮਨ ਗੁੱਸੇ ਨਾਲ ਭਰ ਗਿਆ।
 "ਚਾਚੀ ਜੀ ਕੀ ਸੱਚੀਂ ਸਵਰਗ ਹੁੰਦਾ ਹੈ ?" ਮੈਂ ਕਿੱਥੇ ਗੱਲ ਨੂੰ ਛੱਡਣ ਵਾਲੀ ਸੀ। 
"ਹਾਂ ਸੱਚੀਂ ਹੁੰਦਾ ਹੈ ਸਵਰਗ। ਤੇਰੇ ਵਰਗੇ ਬੱਚਿਆਂ ਦੀਆਂ ਗੱਲਾਂ 'ਚ , ਦੁਧੀਆ ਹਾਸੇ 'ਚ ਤੇ ਕਿਲਕਾਰੀਆਂ 'ਚ। ਮੁਗਧ ਹੋ ਕੇ ਆਪਣੇ ਮਾਂ -ਬਾਪ ਵੱਲ ਵੇਖਦੇ ਨੰਨ੍ਹਿਆਂ ਦੀਆਂ ਨਿਗਾਹਾਂ 'ਚ , ਇਨ੍ਹਾਂ ਦੇ ਪਵਿੱਤਰ ਪਿਆਰ 'ਚ ਸਵਰਗ ਹੁੰਦਾ। ਪਹਿਲਾਂ ਦੱਸ ਛੁੱਟੀਆਂ ਦਾ ਕੰਮ ਪੂਰਾ ਕਰਕੇ ਆਈਂ ਏ। ਨਹੀਂ ਤਾਂ ਹੁਣੇ ਵਾਪਸ ਭੇਜ ਦੇਵਾਂਗੀ। " ਨਾਨੀ ਨੇ ਗੱਲ ਟਾਲਣ ਲਈ ਕਿਹਾ ਸੀ। 
   ਵਕਤ ਬੀਤਦਾ ਗਿਆ ਲੇਕਿਨ ਉਹ ਗੱਲ ਨਹੀਂ ਭੁੱਲੀ। ਸਵਾਲ ਮੈਨੂੰ ਤੰਗ ਕਰਦਾ ਸਵਰਗ ਦੀ ਹੋਂਦ ਬਾਰੇ। ਜਦੋਂ ਨਾਨੀ ਸਾਨੂੰ ਮਿਲਣ ਆਉਂਦੀ ਮੈਂ ਫਿਰ ਓਹੀਓ ਸਵਾਲ ਦੁਹਰਾਉਂਦੀ।
 "ਚਾਚੀ ਜੀ ਕੀ ਕੋਈ ਸਵਰਗ ਤੋਂ ਵੀ ਮੁੜ ਕੇ ਆਇਆ ਹੈ ?" 
" ਹਾਂ ਕਦੇ -ਕਦੇ ਹੋ ਜਾਂਦਾ ਹੈ। " ਅਚਾਨਕ ਨਾਨੀ ਤੋਂ ਖੁਦ ਬ ਖੁਦ ਬੋਲ ਹੋ ਗਿਆ। ਵਾਕ ਪੂਰਾ ਕਰਦਿਆਂ ਲੱਗਿਆ ਕਿ ਉਹ ਓਸ ਸਵਰਗ 'ਚ ਪਹੁੰਚ ਗਈ ਹੋਵੇ।  
" ਆਪ ਨੂੰ ਕਿਵੇਂ ਪਤਾ ?"
 "ਮੈਂ ਗਈ ਸੀ ਨਾ। " ਹੁਣ ਭੇਤ ਖੁੱਲ੍ਹ ਗਿਆ ਸੀ। 
"ਸੱਚ " ਤੁਸੀਂ ਕੀ -ਕੀ ਵੇਖਿਆ ਉੱਥੇ ?" 
" ਆਪਣੇ ਸਭ ਰਿਸ਼ਤੇਦਾਰ ਘੁੰਮਦੇ ਦੇਖੇ। ਪਰ ਮੇਰੀ ਕਿਸੇ ਨਾਲ ਗੱਲ ਨਹੀਂ ਹੋਈ। ਪਲਕ ਝਪਕਦਿਆਂ ਹੀ ਕੋਈ ਮੈਨੂੰ ਵਾਪਸ ਛੱਡ ਗਿਆ। " 
" ਤੁਸੀਂ ਉਦੋਂ ਕਿਉਂ ਨਹੀਂ ਦੱਸਿਆ ?" 
ਨਾਨੀ ਕਹਿਣ ਲੱਗੀ," ਬੱਚਿਆਂ ਨੂੰ ਅੰਧ -ਵਿਸ਼ਵਾਸ਼ 'ਚ ਕਿਓਂ ਬੰਨਦੀ ? ਤੂੰ ਜਾ ਕੇ ਆਪਣੀ ਸਹੇਲੀਆਂ ਨੂੰ ਦੱਸਦੀ। ਅਜਿਹੀਆਂ ਅਸੰਭਵ ਗੱਲਾਂ ਜੋ ਆਮ ਨਹੀਂ ਹੁੰਦੀਆਂ ਉਨ੍ਹਾਂ ਨੂੰ ਭੁੱਲ ਜਾਣਾ ਚਾਹੀਦਾ ਹੈ। ਪ੍ਰਚਾਰ ਨਹੀਂ ਕਰਨਾ ਚਾਹੀਦਾ , ਸਮਝੀ ਤੂੰ। ਸਵਰਗ ਤਾਂ ਇਸੇ ਜਗਤ 'ਚ ਹੈ। ਬੱਚਿਆਂ ਦੇ ਨਿਰਮਲ ਪਿਆਰ 'ਚ। "
 ਨਾਨੀ ਨੇ ਐਨੇ ਵਧੀਆ ਤਰੀਕੇ ਨਾਲ ਕਿਹਾ ਕਿ ਮੈਂ ਵੀ ਖੁਦ ਨੂੰ ਸਮਝਾਉਣ ਲੱਗੀ। ਕਿਉਂ ਲੱਭਾਂ ਸਵਰਗ, ਅੱਖਾਂ ਲਾ ਅੰਬਰ ਵੱਲ ,ਸਵਰਗ ਤਾਂ ਪਿਆਰ 'ਚ ਹੀ ਹੈ। 

ਕਮਲਾ ਘਟਾਔਰਾ 
ਯੂ ਕੇ 
ਹਿੰਦੀ ਤੋਂ ਅਨੁਵਾਦ : ਡਾ ਹਰਦੀਪ ਕੌਰ ਸੰਧੂ 

*ਟੌਫ਼ੀਆਂ ਹਾਇਬਨ ਤੋਂ ਪ੍ਰੇਰਿਤ ਹੋ ਕੇ ਲਿਖੀ ਵਾਰਤਾ। 

ਨੋਟ : ਇਹ ਪੋਸਟ ਹੁਣ ਤੱਕ 100 ਵਾਰ ਪੜ੍ਹੀ ਗਈ ਹੈ।

3 comments:

 1. "ਨਾਨੀ ਨੇ ਕਿਹਾ ਸੀ" ਵਾਰਤਾ ਟੌਫ਼ੀਆਂ ਹਾਇਬਨ ਤੋਂ ਪ੍ਰਭਾਵਿਤ ਹੋ ਕੇ ਲਿਖੀ ਗਈ ਹੈ। ਪੜ੍ਹ ਕੇ ਬੜਾ ਹੀ ਅਨੰਦ ਆਇਆ। ਲੱਗਿਆ ਮੈਂ ਵੀ ਆਪਣੇ ਨਾਨਕੇ ਜਾ ਆਈ ਹੋਵਾਂ। ਨਾਨਕੇ ਘਰ ਦਾ ਆਪਣਾ ਹੀ ਲਾਡ ਪਿਆਰ ਹੁੰਦਾ ਹੈ ਜੋ ਕਿਤੇ ਹੋਰ ਅਨੁਭਵ ਕੀਤਾ ਹੀ ਨਹੀਂ ਜਾ ਸਕਦਾ। ਕਮਲਾ ਜੀ ਨੇ ਨਾਨੀ ਦੀਆਂ ਬਾਤਾਂ ਦੇ ਨਾਲ ਨਾਲ ਇੱਕ ਰੌਚਕ ਗੱਲ ਵੀ ਸਾਂਝੀ ਕੀਤੀ ਹੈ ਸਵਰਗ ਵਾਲੀ। ਇਸ ਸੰਸਾਰ ਤੋਂ ਅੱਗੇ ਦੀ ਯਾਤਰਾ ਜਿਸ ਨੂੰ ਸਾਡੇ 'ਚੋਂ ਬਹੁਤੇ ਕਾਲਪਨਿਕ ਮੰਨਦੇ ਨੇ ਤੇ ਵਿਸ਼ਵਾਸ ਕਰਨ ਵਾਲੇ ਸੱਚ। ਸੋਚ ਆਪੋ ਆਪਣੀ। ਪਰ ਬੱਚਿਆਂ ਨੂੰ ਬੜਾ ਸੁਆਦ ਆਉਂਦਾ ਸੀ ਅਜਿਹਾ ਸਭ ਸੁਣ ਕੇ ਕਿਉਂਕਿ ਹੁਣ ਤਾਂ ਇਹ ਕਾਲਪਨਿਕ ਸੰਸਾਰ ਟੀ ਵੀ ਸੀਰੀਅਲ ਪੇਸ਼ ਕਰ ਦਿੰਦੇ ਨੇ ਪਰ ਪਹਿਲਾਂ ਤਾਂ ਸਭ ਕੁਝ ਦਾਦੀ /ਨਾਨੀ ਦੀਆਂ ਬਾਤਾਂ 'ਚੋਂ ਹੀ ਸਿਰਜਿਆ ਜਾਂਦਾ ਸੀ।
  ਕਮਲਾ ਜੀ ਨੇ ਬੜੇ ਹੀ ਸੁੱਚਜੇ ਢੰਗ ਨਾਲ ਆਪਣੀ ਵਾਰਤਾ ਰਾਹੀਂ ਅਜਿਹੇ ਅੰਧਵਿਸ਼ਵਾਸ ਨੂੰ ਖਤਮ ਕਰਨ ਦਾ ਉਪਰਾਲਾ ਵੀ ਕੀਤਾ ਹੈ। ਆਪ ਵਧੀਆ ਲਿਖਤ ਸਾਂਝੀ ਕਰਨ ਲਈ ਵਧਾਈ ਦੇ ਪਾਤਰ ਨੇ।

  ReplyDelete
 2. ਬੱਚੇ ਜਬ ਭੀ ਕੋਈ ਏਸੀ ਗਲ ਸੁਨਦੇ ਹਨ ਜੋ ਆਮ ਦੇਖਨ ਸੁਨਨ 'ਚ ਨਹੀਂ ਆਉਦੀ ਉਸ ਦਾ ਸੱਚ ਜਾਣਨ 'ਚ ਜੁਟ ਜਾਂਦੇ ਹਨ ਜਦ ਤਕ ਉਨ੍ਹਾਂ ਦੇ ਮਨ ਨੂ ਤਸੱਲੀ ਨਹੀ ਹੋ ਜਾਂਦੀ । ਦੁਨਿਆ ਦਾ ਸਾਰਾ ਗਿਆਨ ਉਨ੍ਹਾਂ ਨੂ ਅਪਨੇ ਬੜਿਆਂ ਤੋ ਹੀ ਮਿਲਦਾ ਹੌ ।ਕਹਾਨੀ ਦੇ ਨਾਲ ਨਾਲ ਸਿਖਿਆ ਵੀ ਮਿਲ ਜਾਂਦੀ ਹੈ ।ਹਰਦੀਪ ਜੀ ਕੀ ਲਿਖਤ ਪੜਕੇ ਕੁਝ ਨ ਕੁਝ ਯਾਦ ਆ ਜਾਤਾ ਹੈ । ਹਰਦੀਪ ਜੀ ਦਾ ਬਹੁਤ ਬਹੁਤ ਆਭਾਰ ਹੈ । ਮੇਰੀ ਹਿਂਦੀ ਦੀ ਲਿਖਤ ਨੂ ਪੰਜਾਬੀ ਮੇਂ ਅਨੁਵਾਦ ਕਰਕੇ ਅਪਨੇ ਸਫ਼ਰਸਾਂਝ 'ਚ ਸ਼ਾਮਿਲ ਕਰਕੇ ਅੱਗੇ ਵੜਣ ਦਾ ਰਾਹ ਦਿਖਾਤੀ ਹੈ ।

  ReplyDelete
 3. ਇੱਕ ਚੰਗੀ ਅਤੇ ਪੜਣ - ਯੋਗ ਰਚਨਾ

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ