ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Oct 2016

ਅਕਸ



Click on the arrow to listen - Akas

ਆਥਣ ਦਾ ਵੇਲਾ ਸੀ। ਅਸਮਾਨ ਦੇ ਸਿਖਰ 'ਤੇ ਮਘਦੀ ਟਿੱਕੀ ਰੁੱਖਾਂ ਦੇ ਝੁੰਡ ਪਿੱਛੇ ਢਲ ਚੁੱਕੀ ਸੀ। ਤਿੱਖੀ ਤਪਸ਼ ਨਾਲ ਕੁਮਲਾਏ ਪੱਤਿਆਂ 'ਚੋਂ ਨਿਕਲ ਇੱਕ ਹਾਉਕਾ ਚੁਫ਼ੇਰੇ ਪਸਰਦਾ ਜਾਪ ਰਿਹਾ ਸੀ। ਘਸਮੈਲੀ ਜਿਹੀ ਭਾਅ ਮਾਰਦਾ ਬਲਦੀ ਚਿਖ਼ਾ 'ਚੋਂ ਉਠਦਾ ਧੂੰਆਂ ਦੂਰ ਖਲਾਅ 'ਚ ਜਾ ਕੇ ਆਪਣੀ ਹੋਂਦ ਖ਼ਤਮ ਕਰ ਰਿਹਾ ਸੀ । ਉਹ ਕਦੇ ਲੱਕੜ ਦੇ ਮੁੱਢ ਨਾਲ ਚਿਖ਼ਾ ਫਰੋਲਦਾ ਤੇ ਕਦੇ ਉਠਦੇ ਧੂੰਏਂ ਦੇ ਪਿੱਛੇ -ਪਿੱਛੇ ਦੂਰ ਅੰਬਰ ਵੱਲ ਝਾਕਦਾ। 
         ਪੌਣੀ ਸਦੀ ਹੰਢਾ ਚੁੱਕਿਆ ਹੁਣ ਉਹ ਜਗਤ ਚਾਚਾ ਬਣ ਗਿਆ ਹੈ । ਕੋਈ ਉਸ ਨੂੰ ਸ਼ਰੀਫ਼ ਚਾਚਾ ਕਹਿੰਦੈ ਤੇ ਕੋਈ ਲਾਵਾਰਿਸ ਲਾਸ਼ ਵਾਲਾ ਚਾਚਾ। ਪਿਛਲੇ ਚੌਵੀ -ਪੱਚੀ ਵਰ੍ਹਿਆਂ ਤੋਂ ਉਹ ਲਾਵਾਰਿਸ ਮੋਇਆਂ ਦੀ ਗਤੀ ਕਰਦਾ ਆ ਰਿਹਾ ਹੈ। ਉਹ ਨਿੱਤ ਦਿਨ ਚੜ੍ਹਦੇ ਹੀ ਹਸਪਤਾਲਾਂ 'ਚ ਮਰੀਜ਼ਾਂ  ਦਾ ਹਾਲ ਪੁੱਛਣ ਤੁਰ ਜਾਂਦਾ। ਫੇਰ ਲਾਵਾਰਿਸ ਲਾਸ਼ਾਂ ਲੱਭਣ ਮੁਰਦਾਘਾਟ,ਰੇਲ ਦੀ ਪਟੜੀ ਜਾਂ ਹੋਰ ਆਸੇ ਪਾਸੇ ਗੇੜਾ ਮਾਰਦੈ। ਉਹ ਫੈਜ਼ਾਬਾਦ ਦੇ ਧੂੜ -ਮਿੱਟੀ ਨਾਲ ਅੱਟੇ ਰਾਹ 'ਤੇ ਖੋਲ੍ਹੀ ਇੱਕ ਛੋਟੀ ਜਿਹੀ ਦੁਕਾਨ 'ਚ ਸਾਰੀ ਦਿਹਾੜੀ ਸਾਈਕਲਾਂ ਦੀ ਮੁਰੰਮਤ ਕਰ ਆਪਣਾ ਟੱਬਰ ਪਾਲ ਰਿਹਾ ਹੈ । 
           ਕਹਿੰਦੇ ਨੇ ਕਿ ਜਦੋਂ ਬੇਵਕਤੀ ਅਣਹੋਣੀ ਵਾਪਰਦੀ ਏ ਤਾਂ ਇੱਕ ਬੇਅਵਾਜ਼ ਲੇਰ ਆਪੇ 'ਚ ਫੈਲਣ ਲੱਗਦੀ ਏ। ਢਾਈ ਦਹਾਕੇ ਪਹਿਲਾਂ ਬਾਬਰੀ ਮਸਜਿਦ ਦੇ ਦੰਗਿਆਂ 'ਚ ਉਸ ਦਾ ਜਵਾਨ ਪੁੱਤ ਮਾਰਿਆ ਗਿਆ ਸੀ।ਲਾਵਾਰਿਸ ਜਾਣ ਉਸ ਦੀ ਲਾਸ਼ ਨੂੰ ਬੋਰੇ 'ਚ ਪਾ ਕਿਸੇ ਦਰਿਆ 'ਚ ਰੋੜ੍ਹ ਦਿੱਤਾ ਗਿਆ। ਉਹ ਪਾਗਲਾਂ ਵਾਂਗ ਆਪਣੇ ਪੁੱਤ ਨੂੰ -ਦਿਨ ਰਾਤ ਲੱਭਦਾ ਰਿਹਾ। ਮਹੀਨੇ ਬਾਦ ਬਰਾਮਦ ਹੋਈ ਇੱਕ ਕਮੀਜ਼ 'ਤੇ ਦਰਜ਼ੀ ਦੇ ਲੱਗੇ ਲੇਬਲ ਤੋਂ ਉਸ ਦੇ ਪੁੱਤਰ ਦੀ ਸ਼ਨਾਖਤ ਹੋਈ। ਉਸ ਦੇ ਪੁੱਤ ਦੀ ਅਰਥੀ ਨੂੰ ਕਿਸੇ ਮੋਢਾ ਨਾ ਦਿੱਤਾ। ਬਿਰਹੋਂ ਕੁੱਠੀ ਰੂਹ ਨੂੰ ਹੁਣ ਹਰ ਲਾਵਾਰਿਸ ਲਾਸ਼ 'ਚੋਂ ਆਪਣੇ ਪੁੱਤ ਦਾ ਹੀ ਅਕਸ ਨਜ਼ਰ ਆਉਂਦੈ। 
 ਤਨ ਭੱਠੀ 'ਚ ਭੁੱਜਦੀ ਇਸ ਅਣਕਹੀ ਪੀੜ ਨੂੰ ਉਹ ਭਸਮ ਕਰਨਾ ਲੋਚਦੈ, "ਮੇਰੇ ਜਿਉਂਦੇ ਜੀ ਕਿਸੇ ਵੀ ਲਾਸ਼ ਨੂੰ ਲਾਵਾਰਿਸ ਸਮਝ ਕੇ ਨਹੀਂ ਸੁੱਟਿਆ ਜਾਵੇਗਾ। ਮੇਰੇ ਲਈ ਕੋਈ ਹਿੰਦੂ ਨਹੀਂ ਤੇ ਕੋਈ ਨਹੀਂ ਮੁਸਲਮਾਨ। ਸਭ ਨੇ ਇਨਸਾਨ ਤੇ ਖੂਨ ਦਾ ਇੱਕੋ ਰੰਗ।" ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਉਹ ਆਪ ਅੰਤਿਮ ਕਿਰਿਆ ਕਰਦੈ -ਹਿੰਦੂ ਦਾ ਸੰਸਕਾਰ ਤੇ ਮੁਸਲਮਾਨ ਨੂੰ ਦਫਨਾਉਂਦੈ। "ਹੁਕਮੈ ਅੰਦਰ ਸਭੁ ਕੋ ਬਾਹਰ ਹੁਕਮ ਨਾ ਕੋਇ" ਉਹ ਇਸ ਨੂੰ ਰੱਬੀ ਹੁਕਮ ਮੰਨਦੈ ,"ਉਹ ਅੱਲ੍ਹਾ ਮੈਥੋਂ ਇਹ ਸਭ ਕੁਝ ਕਰਵਾ ਰਿਹਾ ਹੈ। ਮੈਂ ਕਰਨ ਵਾਲਾ ਕੌਣ ਹਾਂ? ਜਿਸ ਦਿਨ ਅਸੀਂ ਇਹ ਸੋਚਣ ਲੱਗ ਜਾਵਾਂਗੇ ਕਿ ਇਹ ਸਭ ਅਸੀਂ ਕਰ ਰਹੇ ਹਾਂ ਤਾਂ ਉਸ ਦਿਨ ਤਾਂ ਕੁਝ ਵੀ ਨਹੀਂ ਕਰ ਸਕਣਾ। "
    ਜ਼ਿੰਦਗੀ ਦੀਆਂ ਲੰਮ -ਮੁਸਤਾਫ਼ੀ ਬੇਅਰਾਮੀਆਂ ਨੂੰ ਝੱਲਦਾ ਲੋਥਾਂ ਨਾਲ ਨਾਤਾ ਜੋੜ ਉਹ ਆਪਣੇ ਜਖ਼ਮਾਂ 'ਤੇ ਆਪੂੰ ਮਰਹਮ ਲਾਉਂਦੈ। ਬੇਰੁੱਖੀ ਜਿੰਦ ਦੇ ਨਪੀੜਿਆਂ ਨੂੰ ਫ਼ਿਰਕੂ ਅਕਸ ਤੋੜ ਆਪਣੇ ਹੱਥੀਂ ਖੁਆਉਂਦਾ । ਆਪੇ ਤੋਂ ਬੇਪ੍ਰਵਾਹ ਉਹ ਹੁਣ ਲੋਕਾਂ ਲਈ ਦਇਆ ਦਾ ਪ੍ਰਤੀਕ ਬਣ ਗਿਆ ਏ।ਹੁਣ ਤੱਕ ਕਈ ਸੰਸਥਾਵਾਂ ਉਸ ਨੂੰ ਸਨਮਾਨਿਤ ਕਰ ਚੁੱਕੀਆਂ ਨੇ। ਪਰ ਇਹ ਕਾਗਜ਼ੀ ਵਾਹ ਵਾਹ ਉਸ ਦਾ ਕੁਝ ਨਾ ਸੰਵਾਰ ਸਕੀ ਜਦੋਂ ਆਪਣੇ ਨਜਿੱਠੇ ਏਸ ਕਾਰਜ ਲਈ ਉਸ ਨੂੰ ਜ਼ਮੀਨ ਦਾ ਇੱਕੋ ਇੱਕ ਟੁਕੜਾ ਵੀ ਵੇਚਣਾ ਪਿਆ ਸੀ । ਸਤਿਆਮੇਵ ਜਾਇਤੇ ਦੀ ਟੀਮ ਦਾ ਬੁਲਾਵਾ ਵੀ ਓਸ ਪ੍ਰੋਗਰਾਮ 'ਚ ਉਸ ਦੀ ਢਾਈ ਕੁ ਮਿੰਟਾਂ ਦੀ ਝਲਕ ਦੇ ਸਿਵਾਏ ਕੁਝ ਵੀ ਪੱਲੇ ਨਾ ਪਾ ਕੇ ਗਿਆ। ਪਰ ਉਸ ਦਾ ਕਾਰਜ ਨਿਰਵਿਘਨ ਜਾਰੀ ਹੈ ਚਾਹੇ ਓਹ ਬੇਗਤੀਆਂ ਰੂਹਾਂ ਉਸ ਨੂੰ ਗੁਜ਼ਾਰੇ ਜੋਗਾ ਕਮਾਉਣ ਲਈ ਵੀ ਸਮਾਂ ਨਹੀਂ ਛੱਡਦੀਆਂ। 
ਕਿਸੇ ਬੋਧੀ ਯਾਜਕ ਅਨੁਸਾਰ ਉਹ ਕੁਰਾਨ ਦੀਆਂ ਉਨ੍ਹਾਂ ਆਇਤਾਂ 'ਤੇ ਖਰਾ ਉਤਰਦਾ ਜਿਸ 'ਤੇ ਇਨਸਾਨੀਅਤ ਦੀ ਗੱਲ ਲਿਖੀ ਹੋਈ ਹੈ। ਸੁੱਚਮ ਤੇ ਸਦਭਾਵਨਾ 'ਚ ਸਮੋਈ ਉਹ ਤਾਂ ਖੁਦ ਇੱਕ ਚੱਲਦੀ ਫਿਰਦੀ ਸੰਸਥਾ ਹੈ। ਉਸ ਦੀ ਨਿਸ਼ਕਾਮ ਸੇਵਾ ਕਿਸੇ ਪੁਰਸਕਾਰ ਦੀ ਮੁਥਾਜ ਨਹੀਂ ਹੈ। ਪਰ ਕਿਸੇ ਵੀ ਸਰਕਾਰ ਨੇ ਉਸ ਦੇ ਏਸ ਨਿਰਸਵਾਰਥ ਕਾਰਜ ਵੱਲ ਕਦੇ ਗੌਰ ਨਹੀਂ ਕੀਤੀ। ਦਿਲ ਦੇ ਇਸ ਕਰਮਯੋਗੀ ਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ। ਪਰ ਇੱਕੋ -ਇੱਕ ਝੋਰਾ ਉਸ ਨੂੰ ਹੁਣ ਵੀ ਖਾਈ ਜਾ ਰਿਹਾ ਏ ਕਿ ਉਸ ਤੋਂ  ਪਿੱਛੋਂ ਏਸ ਕਾਰਜ ਨੂੰ ਕੌਣ ਸੰਭਾਲੂ ?

ਬਲਦੀ ਚਿਖ਼ਾ 
ਉਠਦੇ ਧੂੰਏਂ ਵਿੱਚੋਂ 
ਲੱਭੇ ਅਕਸ। 

ਡਾ. ਹਰਦੀਪ ਕੌਰ ਸੰਧੂ 
ਨੋਟ : ਇਹ ਪੋਸਟ ਹੁਣ ਤੱਕ 329 ਵਾਰ ਪੜ੍ਹੀ ਤੇ ਸੁਣੀ ਗਈ ਹੈ।


8 comments:

  1. ਭੈਣ ਜੀ ਤਲਖ ਹਕੀਕਤ ਨੂੰ ਪੜ ਕੇ ਰੌਂਗਟੇਖੜੇ ਹੋ ਗਏ । ਸਚਮੁੱਚ ਕਈ ਵਾਰ ਆਪਣੀ ਰੂਹ ਨੂੰ ਸਕੂਨ ਦੇਣ ਦਾ ਵਧੀਆ ਮਕਸਦ ਬਣ ਜਾਂਦਾ ਹੈ । ਬੇਸ਼ੱਕ ਆਰਥਿਕ ਪਖੋਂ ਕਮਜੋਰ ਰਿਹਾ , ਦ੍ਰਿੜਇਰਾਦੇ ਨਾਲ ਕਾਰਜ ਨੇਪਰੇ ਚਾੜ੍ਹ ਰਿਹਾ ਸੀ ,,

    ReplyDelete
  2. ਅਕਸ....ਵਾਹ ਜੀ

    ReplyDelete
  3. ਜਗਤ ਚਾਚੇ ਵਰਗੇ ਕਰਮਯੋਗੀ ਦੇ ਕਰਮ ਨੂੰ ਜੋ ਇਨਸਾਨੀਅਤ ਨਾਲ ਓਤਪੋਤ ਹੈ ਬੜੀ ਸੋਹਣੀ ਸ਼ੈਲੀ ਵਿੱਚ ਪੇਸ਼ ਕੀਤਾ ਹੈ। ਆਪ ਵਧਾਈ ਦੇ ਪਾਤਰ ਹੋ।

    ReplyDelete
  4. Jagroop kaur khalsa23.10.16

    ਰੌਂਗਟੇ ਖੜੇ ਹੋ ਗਏ ਭੈਣ ਜੀ , ਸੱਚੀਂ ਭੈਣ ਜੀ ਅਚਨਚੇਤ ਹੋਈਆਂ ਘਟਨਾਵਾਂ ਜਿੰਦਗੀ ਦੇ ਰਸਤੇ ਬਦਲ ਦਿੰਦੀਆਂ ਹਨ । ਜਗਤ ਚਾਚੇ ਦਾ ਅਕਸ ਹਮੇਸ਼ਾ ਲਈ ਅਮਰ ਹੋ ਗਿਆ ।
    ਬਹੁਤ ਵਧੀਆ ਰੂਪ ਵਿੱਚ ਸਭ ਨਾਲ ਸਾਂਝਾ ਕੀਤਾ , ਆਪ ਜੀ ਵਧਾਈ ਦੇ ਪਾਤਰ ਹੋ ,,

    ReplyDelete
  5. ਭੈਣ ਜੀ ਜਿੰਨਾ ਵਧੀਆ ਆਪ ਜੀ ਨੇ ਅੱਖਰੀ ਰੂਪ ਦਿੱਤਾ ਜਗਤ ਚਾਚੇ ਦੇ ਅਕਸ ਨੂੰ , ਉੰਨੀ ਹੀ ਦਿਲਖਿੱਚਵੀਂ ਆਵਾਜ਼ ਵਿੱਚ ਪੇਸ਼ ਕੀਤਾ ਹੈ ।
    ਬਹੁਤ ਖੂਬ ਭੈਣ ਜੀ ਆਪ ਵਧਾਈ ਦੇ ਪਾਤਰ ਹੋ ਜੀ .

    ReplyDelete
  6. ਇਹ ਭਾਵਪੂਰਨ ਲਿਖਤ ਜਿੱਥੇ ਪਾਠਕਾਂ ਦੀ ਸੋਚ ਨੂੰ ਨਵੀਂ ਰਾਹ ਦਿਖਾਉਣ ਲਈ ਟੁੰਬਦੀ ਹੈ,ਉੱਥੇ ਹੀ ਜਗਤ ਚਾਚੇ ਨੂੰ ਵੀ 'ਲਾਵਾਰਸ ਲਾਸ਼ਾਂ ਦਾ ਮਸੀਹਾ' ਬਣਾਉਂਦੀ ਹੈ।ਇਹ ਕਾਰਜ ਕਰਦਿਆਂ ਸ਼ਰੀਫ਼ ਚਾਚੇ ਦੀ ਰੂਹ ਨੂੰ ਸੰਤੁਸ਼ਟੀ ਵੀ ਮਿਲਦੀ ਹੈ ਅਤੇ ਬੇਟੇ ਦੀ ਯਾਦ ਤਾਜ਼ਾ ਵੀ ਰੱਖਦੀ ਹੈ।

    ਰੂਪਕ ਪੱਖੋਂ ਵੀ ਕਮਾਲ ਦੀ ਪੇਸ਼ਕਾਰੀ ਹੈ-ਧੂੰਏਂ ਦੀ ਮੌਤ ਨੂੰ ਦੇਖੋ ਕਿਸ ਅੰਦਾਜ਼ ਵਿਚ ਦਿਖਾਇਆ ਹੈ-" ਘਸਮੈਲ਼ੀ ਜਿਹੀ ਭਾਅ ਮਾਰਦਾ ਬਲਦੀ ਚਿਖਾ 'ਚੋਂ ਉੱਠਦਾ ਧੂੰਆਂ ਦੂਰ ਖ਼ਲਾਅ 'ਚ ਜਾ ਕੇ ਆਪਣੀ ਹੋਂਦ ਖ਼ਤਮ ਕਰ ਰਿਹਾ ਸੀ।" ਸੁੰਦਰ ਤੁਲਨਾ ਤੇ ਕਰੁਣਾ ਵਿਚਾਰ ਪਾਠਕ ਨੂੰ ਇੱਕ ਦਮ ਆਪਣੇ ਨਾਲ ਆਕਰਸ਼ਕ ਕਰ ਲੈਂਦੇ ਹਨ,ਜੋ ਕਿਸੇ ਵੀ ਲਿਖਤ ਦਾ ਠੋਸ ਗੁਣ ਹੁੰਦਾ।

    ਦਿਲਕਸ਼ ਆਵਾਜ਼ ਵਿਚ ਇਸ ਲਿਖਤ ਦਾ ਆਡੀਓ ਸੁਣਿਆ ,ਜੋ ਮਨ ਦੀਆ ਗਹਿਰਾਈਆਂ ਤਕ ਦਰਦੀਲੀ ਧੂਹ ਪਾਉਂਦਾ ਉੱਤਰ ਗਿਆ।

    ਮੇਰੇ ਵੱਲੋਂ ਲੇਖਕਾ ਨੂੰ ਵਧਾਈ ਪਹੁੰਚੇ।

    -ਸੁਰਜੀਤ ਸਿੰਘ ਭੁੱਲਰ-21-10-2016

    ReplyDelete
  7. अकस इक निष्काम कर्म योगी की अथाह पीड़ा की दास्ताँ है । जो पीड़ा वह अपने पुत्र के अकस्मिक विछ़ोड़े के कारण भोग रहा है ।अपने मन को तसल्ली देने के लिये हर लावारिस लाश का दाह संस्कार करता है । हर लाश में अपने पुत्र का अकस खोजता है ।... हरदीप ने उसके इस दर्द को हाइबन के रूप मे ढाल कर उसके प्रति अपनी गहरी सहानुभूति प्रकट की है ।
    और उस जगत चाचे के दुख को दर्दपूण आवाज़ मे पेश करके और भी करूण बना दिया है । ऐसे निष्काम कर्म योगी के प्रति हम सिर्फ उसकी मन:शान्ति की प्रार्थना ही कर सकते हैं । उसकी इस पच्चीस साल की तपस्या का प्रतिफल उसे कोई भी नहीं दे सकता भगवान के सिवा ।...
    एक बात और जैसे हम जब किसी एक बीमारी के लिये कोई भी दवाई लेते हैं तो उसका साइड इफैक्ट कुछ न कुछ जरूर होता है ।उसी तरह इस जगत चाचे ने पुत्र के बिछोड़े के दर्द को कम करने के लिये लावारिश लाशों को चिता के सपुर्द करने का बीड़ा तो उठा लिया लेकिन इसकाम के साइड इफैक्ट से भी वह नहीं बच सका । वह और दुखी हो रहा है कि मेरे बाद इस काम को कौन संभालेगा ? अथाह पीड़ा भरी है इस जगत चाचे की कहानी । हरदीप की लेखनी की जादूभरी भाषा और वर्णन शैली ने इसे और भी प्रभावशाली बना दिया है ।

    Kamla Ghataaura

    ReplyDelete
  8. Didi aks is so wonderfully written, I don't have words how to appreciate your work. I listened it many times..I love your word selection. Every time it's just marvelous.
    May God bless you always .
    Parminder

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ