ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Oct 2016

ਨਿਮਾਣੀ ਕੁੱਖ

Jagroop Kaur Khalsa's Profile Photoਮੰਜੇ ਤੇ ਬੈਠੀ ਗੁਰਦੀਪ ਕੰਧ ਨਾਲ ਢੋਅ ਲਾ ਕੇ ਸਾਰਾ ਦਿਨ ਟਿਕਟਿਕੀ ਲਾ ਕੇ ਦੇਖਦੀ ਰਹਿੰਦੀ ।ਉਸ ਦੀਆਂ ਸੁੰਨੀਆਂ ਅੱਖਾਂ ਵਿੱਚ ਵਿਛੋੜੇ ਦਾ ਦਰਦ ਤੇ ਮਿੱਠੀ ਜਿਹੀ ਉਡੀਕ ਸਾਫ ਝਲਕਦੀ ਸੀ ।ਉਹ ਆਪਣੇ ਪੋਤੇ ਪੋਤੀਆਂ ਨਾਲ ਤੇ ਨੂੰਹਾਂ ਨਾਲ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਪਰ ਰੱਬ ਨੇ ਜਿਵੇਂ ਖੁਸ਼ੀ ਤਾਂ ਉਸਦੇ ਭਾਗਾਂ ਵਿੱਚ ਲਿਖੀ ਹੀ ਨਹੀਂ ਸੀ ।ਕੁਝ  ਨਾ ਕੁਝ  ਉਸ ਦੇ ਮਨ ਵਿੱਚ ਚੱਲਦਾ ਰਹਿੰਦਾ।  ਉਹ ਸਦਾ ਹੀ ਅਣਕਿਆਸੇ ਭੈਅ ਤੋਂ ਤ੍ਰਬਕਦੀ ਰਹਿੰਦੀ ।ਉਸ ਦਾ ਭੈਅ ਸੀ ਵੀ ਸੱਚਾ !

ਗੁਰਦੀਪ ਕਦੇ ਕਦੇ ਆਪਣੀ ਵੱਡੀ ਨੂੰਹ ਨਾਲ ਅਤੀਤ ਸਾਂਝਾ ਕਰ ਲੈਂਦੀ। ਉਸ ਵਕਤ ਉਹਦੀਆਂ ਅੱਖਾਂ ਵਿੱਚ ਅਨੋਖੀ ਚਮਕ ਹੁੰਦੀ ਸੀ ।ਗੁਰਦੀਪ ਇਕ ਰੱਜੇ ਪੁੱਜੇ ਸ਼ਹਿਰੀ ਪਰਿਵਾਰ ਦੀ ਧੀ ਸੀ।  ਜਵਾਨੀ ਦੀ ਦਹਿਲੀਜ਼ 'ਤੇ ਪੈਰ ਧਰਦਿਆਂ ਹੀ ਬਾਪ ਨੇ ਸੋਹਣਾ ਵਰ ਘਰ ਦੇਖ ਕੇ ਉਸ ਦਾ ਵਿਆਹ ਕਰ ਦਿੱਤਾ।ਤਿੰਨ ਸਾਲ ਗੁਰਦੀਪ ਦੇ ਕਿਸੇ ਸੁਪਨੇ ਦੀ ਤਰ੍ਹਾਂ ਬੀਤ ਗਏ ।ਪਤਾ ਹੀ ਨਾ ਲੱਗਿਆ ਸਮਾਂ ਬੀਤਦੇ ਦਾ। ਇਸ ਦੌਰਾਨ ਉਹ ਦੋ ਧੀਆਂ ਦੀ ਮਾਂ ਬਣ ਗਈ, ਪਰ ਅਚਾਨਕ ਪਤੀ ਦੀ ਮੌਤ ਨੇ ਅਰਸ਼ੋਂ ਫਰਸ਼ 'ਤੇ ਪਟਕਾ ਮਾਰਿਆ ।

ਰੋ ਰੋ ਅੱਖੀਆਂ ਦਾ ਨੀਰ ਮੁੱਕ ਗਿਆ। ਚਿਹਰਾ ਬੇਨੂਰ ਹੋ ਗਿਆ ।ਧੀਆਂ ਨੂੰ ਹਿੱਕ ਨਾਲ ਲਾ ਕੇ ਬਾਪ ਬਣਨ ਦੀ ਕੋਸ਼ਿਸ਼ ਕਰਦੀ ਪਰ ਕਿਸੇ ਨੇ ਸਾਥ ਨਾ ਦਿੱਤਾ ।

ਉਸ ਦੇ ਬਾਪ ਨੇ ਧੀਆਂ ਨਾਲ ਤੋਰਨ ਦੇ ਵਾਅਦੇ ਨਾਲ ਉਸ ਦਾ ਦੂਜਾ ਵਿਆਹ ਕਰ ਦਿੱਤਾ ਤੇ ਕਿਹਾ ਕਿ ਧੀਆਂ ਨੂੰ ਕੁਝ ਦਿਨ ਬਾਅਦ ਲੈ ਜਾਵੀਂ । ਜਦੋਂ ਗੁਰਦੀਪ ਧੀਆਂ ਨੂੰ ਲੈਣ ਵਾਪਿਸ ਆਈ ਤਾਂ ਪਤਾ ਲੱਗਿਆ ਕਿ ਉਹਨਾਂ ਦੇ ਦਾਦਾ ਦਾਦੀ ਲੈ ਗਏ ਹਨ ।ਗੁਰਦੀਪ ਗਸ਼ ਖਾ ਕੇ ਧਰਤੀ 'ਤੇ ਡਿੱਗ ਪਈ ਤੇ ਮੱਥੇ ਤੇ ਖੂਨ ਦੀ ਤਤੀਰੀ ਵਗ ਤੁਰੀ ।ਕੁਝ ਦਿਨ ਹਸਪਤਾਲ ਦਾਖਲ ਰਹੀ ।ਉਸ ਤੋਂ ਬਾਅਦ ਜਿਉਂਦੀ ਲਾਸ਼ ਬਣ ਆਪਣੇ ਸਹੁਰੇ ਘਰ ਆ ਗਈ, ਜੋ ਉਸ ਦੇ ਪਹਿਲੇ ਪਰਿਵਾਰ ਤੋਂ ਬਿਲਕੁੱਲ ਉਲਟ ਸੀ ।ਵਕਤ ਨਾਲ ਸਮਝੌਤਾ ਕਰ ਦਿਨ ਕੱਟਦੀ ਰਹੀ। ਵਾਹਿਗੁਰੂ ਨੇ ਸਾਲ ਬਾਅਦ ਪੁੱਤ ਉਹਦੀ ਝੋਲੀ ਵਿੱਚ ਪਾ ਦਿੱਤਾ ।ਪੁੱਤ ਦੀ ਖੁਸ਼ੀ ਉਸ ਦੀਆਂ ਧੀਆਂ ਦੇ ਵਿਛੋੜੇ ਨੂੰ ਘਟਾ ਨਾ ਸਕੀ, ਸਗੋਂ ਇਹੀ ਸੋਚਦੀ ਕਿ ਕਿਤੇ ਧੀਆਂ ਦੀ ਤਰ੍ਹਾਂ ਪੁੱਤ ਨਾ ਦੂਰ ਹੋ ਜਾਵੇ ।ਪਰਛਾਵੇਂ ਵਾਂਗ ਉਸ ਦਾ ਖਿਆਲ ਰੱਖਦੀ ।ਦੂਜੇ ਪੁੱਤ ਦੇ ਜਨਮ ਤੋਂ ਬਾਅਦ ਇੱਕ ਵਾਰ ਫਿਰ ਖੁਸ਼ੀਆਂ ਗੁਰਦੀਪ ਦੇ ਬੂਹੇ ਤੇ ਦਸਤਕ ਦੇ ਰਹੀਆਂ ਸੀ ।

ਨਿੱਕੀ ਉਮਰੇ ਵੱਡੇ ਪੁੱਤ ਦਾ ਵਿਆਹ ਕਰ ਦਿੱਤਾ। ਪੁੱਤ ਵੀ ਲੋਕਾਂ ਦੀ ਦੇਖਾ ਦੇਖੀ ਪਰਦੇਸ ਜਾਣ ਦੀ ਅੜੀ ਕਰਨ ਲੱਗਾ । ਪਰਦੇਸੀਂ ਜਾ ਕੇ ਪਰਦੇਸੀ ਹੋ ਕੇ ਬਹਿ ਗਿਆ। ਮੁੜ ਵਤਨੀਂ ਨਾ ਆਇਆ ।ਅਣਕਿਆਸਿਆ ਭੈਅ ਸਾਕਾਰ ਹੋ ਗਿਆ ।

ਪੁੱਤ ਦੀ ਉਡੀਕ ਵਿੱਚ ਬਾਪ ਵੀ ਇਸ ਦੁਨੀਆਂ ਤੋਂ ਤੁਰ ਗਿਆ।  ਛੋਟਾ ਵੀ ਕੰਮਕਾਰ ਵਿੱਚ ਫਸਿਆ ਘੱਟ ਵੱਧ ਹੀ ਕੋਲ ਬੈਠਦਾ । ਆਪਣੀ ਦਵਾਈ ਲੈਣ ਜਾਂਦੀ ਪਹਿਲਾਂ ਪੋਤੇ ਪੋਤੀਆਂ ਦੀਆਂ ਮਨਪਸੰਦ ਚੀਜਾਂ ਲੈਂਦੀ। ਨੂੰਹਾਂ ਨੂੰ ਸੂਟ ਲਿਆਉਣਾ ਨਾ ਭੁੱਲਦੀ।

ਪੁੱਤ ਦੀ ਉਡੀਕ ਉਸ ਨੂੰ ਲੈ ਬੈਠੀ। ਕਦੋਂ ਦਿਨ ਚੜਦਾ ਕਦੋਂ ਰਾਤ ਪੈਂਦੀ ਉਸ ਨੂੰ ਕੋਈ ਸਰੋਕਾਰ ਨਹੀਂ ਸੀ ।ਜਾਗਦੀ ਵੀ ਸੁੱਤਿਆਂ ਵਾਂਗ ਗੱਲਾਂ ਕਰਦੀ ਠੰਡੇ ਹੌਕੇ ਭਰਦੀ ਰਹਿੰਦੀ। ਕਦੇ ਦੋਵੇਂ ਹੱਥ ਜੋੜ ਉੱਪਰ ਵੱਲ ਕਰਕੇ ਕਹਿੰਦੀ ਮੇਰੇ ਵਰਗੀ ਨਿਮਾਣੀ ਕੁੱਖ ਨਾ ਹੋਵੇ ਕਿਸੇ ਦੀ ।ਠੰਢਾ ਹਾਉਕਾ ਭਰਦੀ ਕਹਿੰਦੀ ਰੱਬਾ ਧੀਆਂ ਨੂੰ ਵਿਛੋੜ ਕੇ ਤੇਰਾ ਢਿੱਡ ਨਹੀਂ ਸੀ ਭਰਿਆ, ਹੁਣ ਮੇਰਾ ਪੁੱਤ ਵੀ ਮੈਥੋਂ ਵਿਛੋੜ ਦਿੱਤਾ। 


ਜਗਰੂਪ ਕੌਰ ਖ਼ਾਲਸਾ 
ਕਰਨਾਲ ਹਰਿਆਣਾ 
ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ ਹੈ।

3 comments:

  1. ਮਾਂ ਦਾ ਜਿਗਰਾ ਬੜਾ ਵਿਸ਼ਾਲ ਹੁੰਦੈ। ਬਹੁਤ ਕੁਝ ਤਨ ਮਨ 'ਤੇ ਹੰਢਾਉਂਦੀ ਹੈ ਪਰ ਸੀ ਤੱਕ ਨਹੀਂ ਕਹਿੰਦੀ। ਪੜ੍ਹਦਿਆਂ ਪੜ੍ਹਦਿਆਂ ਅੱਖਾਂ ਨਮ ਹੋਣੋ ਨਾ ਰਹਿ ਸਕੀਆਂ। ਇੱਕ ਸੰਵੇਦਨਸ਼ੀਲ ਕਲਮ ਹੀ ਅਜਿਹੇ ਦਰਦ ਨੂੰ ਇੰਨ ਬਿੰਨ ਬਿਆਨ ਕਰ ਸਕਦੀ ਹੈ। ਇੱਕ ਮਾਂ ਦੀ ਪੀੜਾ ਨੂੰ ਸ਼ਬਦਾਂ 'ਚ ਪਰੋ ਕੇ ਸਾਂਝਾ ਕਰਨ ਲਈ ਧੰਨਵਾਦ ਜੀਓ।
    ਆਪਣੇ ਵੱਡਮੁਲੇ ਵਿਚਾਰਾਂ ਦੀ ਸਾਂਝ ਪਾਉਣ ਲਈ ਸ਼ੁਕਰੀਆ ਜੀ।

    ReplyDelete
  2. Jagroop kaur khalsa25.10.16

    ਬਹੁਤ ਬਹੁਤ ਸ਼ੁਕਰੀਆ ਭੈਣ ਜੀ ਆਪ ਨੇ ਮੇਰੀ ਲਿਖਤ ਨੂੰ ਸਫਰ ਸਾਂਝ ਵਿੱਚ ਹਮਸਫਰ ਹੋਣ ਦਾ ਮਾਣ ਬਖਸ਼ਿਆ ।
    ਮਾਂ ਅਣਮੁਲਾ ਤੇ ਵਡਮੁੱਲਾ ਸੰਸਾਰ ਹੈ , ਜਿਸ ਦੀ ਪੀੜਾ ਸੰਸਾਰ ਦਾ ਹਰ ਵਾਸੀ ਮਹਿਸੂਸ ਕਰਦਾ ਹੈ ।

    ReplyDelete
  3. Jagroop kaur khalsa25.10.16

    ਬਹੁਤ ਬਹੁਤ ਧੰਨਵਾਦ ਭੈਣ ਜੀ ਆਪ ਜੀ ਨੇ ਮਾਂ ਦੇ ਪ੍ਰਤੀ ਬਹੁਤ ਸੰਵੇਦਨਸ਼ੀਲ ਸ਼ਬਦਾਂ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ ਹਨ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ