
ਭਾਦੋਂ ਦੇ ਤਿੱਖੜ ਦੁਪਹਿਰੇ ਦਾ ਵੱਟ ਆਪਣੇ ਪੂਰੇ ਜੋਰਾਂ 'ਤੇ ਸੀ। ਰੁੱਖਾਂ ਦੇ ਪੱਤੇ ਬਿਮਾਰਾਂ ਵਾਂਗੂ ਪੀਲੇ ਹੋਏ ਮੁਰਝਾਏ ਪਏ ਸਨ।ਥੱਕੀ - ਹਾਰੀ ਗਰਮ ਹਵਾ ਹੌਲ਼ੀ -ਹੌਲ਼ੀ ਸਿਸਕ ਰਹੀ ਸੀ। ਸ਼ਹਿਰ ਦੇ ਵੱਡੇ ਸਰਕਾਰੀ ਹਸਪਤਾਲ ਦੇ ਵਾਰਡਾਂ 'ਚ ਭੁੰਜੇ ਬੈਠੇ ਸਨ ਰੋਗਾਂ ਦੇ ਵਲੂੰਧਰੇ ਮਰੀਜ਼। ਉਹ ਆਪਣੀ ਬਿਮਾਰੀ ਦੇ ਨਾਲ -ਨਾਲ ਓਥੋਂ ਦੀ ਬੇਰੁੱਖੀ ਨਾਲ ਵੀ ਲੜ ਰਹੇ ਸਨ। ਉਹ ਵੀ ਭੁੰਜੇ ਬੈਠੀ ਫਰਸ਼ 'ਤੇ ਬਿਖਰੇ ਦਾਲ -ਚਾਵਲ ਬੇਸਬਰਿਆਂ ਵਾਂਗ ਖਾ ਰਹੀ ਸੀ।
ਉਹ ਹਸਪਤਾਲ ਦੇ ਹੱਡੀਆਂ ਦੇ ਵਾਰਡ 'ਚ ਦਾਖ਼ਲ ਸੀ ਤੇ ਸੱਜੀ ਬਾਂਹ 'ਤੇ ਪੱਟੀਆਂ ਬੱਝੀਆਂ ਸਨ। ਖਿਲਰੇ ਵਾਲ ਤੇ ਤਨ ਦੇ ਝਾਤੀਆਂ ਮਾਰਦੇ ਲੰਗਾਰ ਉਸ ਦੇ ਕਠੋਰ ਜੀਵਨ ਹਾਲਾਤਾਂ ਦੀ ਹਾਮੀ ਭਰ ਰਹੇ ਸਨ। ਬੌਧਿਕ ਅਪੰਗਤਾ ਨਾਲ ਗ੍ਰਸਤ ਸੱਠਾਂ ਕੁ ਵਰ੍ਹਿਆਂ ਨੂੰ ਢੁੱਕੀ ਉਹ ਲੱਗਭੱਗ ਪਿਛਲੇ ਇੱਕ ਮਹੀਨੇ ਤੋਂ ਓਥੇ ਜ਼ੇਰੇ ਇਲਾਜ਼ ਸੀ। ਪੰਜ ਹੋਰ ਬੇਘਰੇ ਮਰੀਜ਼ਾਂ ਵਾਂਗ ਉਹ ਵੀ ਉੱਥੇ ਭੁੰਜੇ ਹੀ ਬਾਹਰ ਵਰਾਂਡੇ 'ਚ ਫਰਸ਼ 'ਤੇ ਹੀ ਨਿੱਤ ਸੌਂਦੀ ਸੀ।
ਕਰੋੜਾਂ ਦੀ ਲਾਗਤ ਨਾਲ ਬਣੇ ਓਸ ਹਸਪਤਾਲ 'ਚ ਉਪਲੱਭਦ ਸਹੂਲਤਾਂ ਪਤਾ ਨਹੀਂ ਸਮਾਜ ਦੇ ਕਿਹੜੇ ਵਰਗ ਲਈ ਰਾਖਵੀਆਂ ਨੇ। ਹੁਣ ਤਾਂ ਬਦ ਤੋਂ ਵੀ ਬਦਤਰ ਹੁੰਦੀ ਜਾ ਰਹੀ ਸੀ ਓਥੋਂ ਦੀ ਹਾਲਤ- ਬੇਹੱਦ ਘਟੀਆ ਪ੍ਰਬੰਧ ਤੇ ਸਫ਼ਾਈ ਪੱਖੋਂ ।ਕਮਰਿਆਂ ਦੀਆਂ ਤ੍ਰੇੜੀਆਂ ਕੰਧਾਂ, ਸਲਾਬੇ ਫਰਸ਼ 'ਤੇ ਜੰਮੀ ਕਾਲੀ ਉੱਲੀ, ਮਰੀਜ਼ਾਂ ਦੇ ਬੈਡਾਂ 'ਤੇ ਪਏ ਗੰਦੇ ਫਟੇਹਾਲ ਗੱਦੇ ਤੇ ਬਦਬੋ ਮਾਰਦੇ ਪਖਾਨੇ। ਜ਼ਹਿਮਤਾਂ ਤੇ ਰੋਗਾਂ 'ਚ ਫਸੇ ਮਰੀਜ਼ ਕਿਵੇਂ ਉਥੇ ਸਮਾਂ ਲੰਘਾਉਂਦੇ ਨੇ ਇਹ ਤਾਂ ਉਹਨਾਂ ਦਾ ਰੱਬ ਹੀ ਜਾਣਦਾ ਸੀ ।
ਉਹ ਪਤਾ ਨਹੀਂ ਕਿਹੜੇ ਕਰਮਾਂ ਦਾ ਹਰਜਾਨਾ ਭਰ ਰਹੀ ਸੀ। ਜਦ ਆਂਦਰਾਂ ਦੀ ਭੁੱਖ ਚੀਕਦੀ ਏ ਤਾਂ ਸਰੀਰ 'ਚੋਂ ਸਾਹ ਸਤ ਹੀ ਮੁੱਕ ਜਾਂਦੇ ਨੇ। ਕਈ ਕਈ ਵਾਰ ਭੁੱਖ ਨਾਲ ਪੈਂਦੇ ਢਿੱਡ 'ਚ ਕੜਵੱਲ ਉਸ ਨੂੰ ਹਾਲੋਂ -ਬੇਹਾਲ ਕਰ ਦਿੰਦੇ ਪਰ ਖਾਣ ਨੂੰ ਕੁਝ ਵੀ ਨਾ ਮਿਲਦਾ। ਆਖਿਰ ਨੂੰ ਬੇਰੁੱਖੀ ਦੀ ਥਾਲ਼ੀ ਉਸ ਮੂਹਰੇ ਸੁੱਟ ਦਿੱਤੀ ਜਾਂਦੀ।ਕਦੇ ਕੋਈ ਰਸੋਈ ਕਰਮਚਾਰੀ ਉਸ ਨੂੰ ਭੋਜਨ ਪਰੋਸਣ ਤੋਂ ਵੀ ਆਨਾ ਕਾਨੀ ਕਰਦਾ ਮੌਜੂਦਾ ਪ੍ਰਬੰਧਾਂ ਦੀਆਂ ਧੱਜੀਆਂ ਹੀ ਉਡਾ ਦਿੰਦਾ। ਉਸ ਨੂੰ ਪਿਛਲੇ ਇੱਕ ਮਹੀਨੇ ਤੋਂ ਫਰਸ਼ 'ਤੇ ਹੀ ਭੋਜਨ ਪਰੋਸਿਆ ਜਾਂਦਾ ਸੀ। ਭੋਜਨ ਪਰੋਸਣ ਵਾਲੀ ਗੰਦੀ ਥਾਂ ਨੂੰ ਉਹ ਪਾਣੀ ਨਾਲ ਧੋ ਦਿੰਦੀ।ਪਲੇਟ ਮੰਗਣ 'ਤੇ ਹਸਪਤਾਲ ਦੇ ਰਸੋਈਏ ਨੇ ਬੜੇ ਰੁੱਖੇ ਢੰਗ ਨਾਲ ਪੇਸ਼ ਆਉਂਦਿਆਂ ਕਿਹਾ ਸੀ ਕਿ ਉਸ ਕੋਲ ਭੋਜਨ ਪਰੋਸਣ ਲਈ ਕੋਈ ਪਲੇਟ ਨਹੀਂ। ਨਾਸ਼ਤੇ 'ਚ ਬਣਦਾ ਭੋਜਨ ਹਿੱਸਾ ਮੰਗਣ 'ਤੇ ਕਿਸੇ ਮਰੀਜ਼ ਦੀ ਪਤਨੀ ਦੇ ਚਿਹਰੇ 'ਤੇ ਗਰਮ ਦੁੱਧ ਸੁੱਟ ਦਿੱਤਾ ਗਿਆ।ਉਸ ਨੇ ਵੀ ਹੋਰਾਂ ਮਰੀਜ਼ਾਂ ਵਾਂਗ ਕਈ ਵਾਰ ਮਾੜੇ ਭੋਜਨ ਬਾਰੇ ਸ਼ਕਾਇਤ ਕੀਤੀ ਪਰ ਕਿਸੇ ਦੇ ਕੰਨਾਂ 'ਤੇ ਜੂੰ ਵੀ ਨਾ ਸਰਕੀ।
ਉਹ ਨਿੱਤ ਗੂੰਗਾ ਦਰਦ ਹੰਢਾ ਰਹੀ ਸੀ। ਇੱਕ ਸੁੰਨ ਉਸ ਦੇ ਆਪੇ ਅੰਦਰ ਤੇ ਉਸ ਦੇ ਦੁਆਲੇ ਪਸਰੀ ਹੋਈ ਸੀ। ਅਜਿਹੀ ਬੇਰਹਿਮੀ ਨੂੰ ਵੇਖ ਕਿਸੇ ਦੀ ਰੂਹ ਨਾ ਛਿੱਲ ਹੋਈ। ਕਹਿੰਦੇ ਨੇ ਜਦੋਂ ਸਮਾਜਿਕ ਬੇਕਿਰਕੀ ਦੀ ਰਾਖ ਫ਼ੈਲਦੀ ਏ ਤਾਂ ਮਨੁੱਖੀ ਅਹਿਸਾਸ ਫ਼ੌਤ ਹੋ ਜਾਂਦੇ ਨੇ। "ਜਿਨ ਕੇ ਅੰਤਰਿ ਦਰਦ ਨ ਪਾਈ।।ਸੋ ਕਤ ਜਾਨੈ ਪੀਰ ਪਰਾਈ। ਜਿਸ ਦੇ ਅੰਦਰ ਦਰਦ ਨਹੀਂ ਉਹ ਦੂਜਿਆਂ ਦਾ ਦਰਦ ਕਿਵੇਂ ਮਹਿਸੂਸ ਕਰ ਸਕਦਾ ਹੈ। ਜਦੋਂ ਇਹ ਅਣਮਨੁੱਖੀ ਵਰਤਾਰਾ ਅਖਬਾਰਾਂ ਦੀ ਸੁਰਖ਼ੀ ਬਣ ਦੇਸ਼ ਦੇ ਹਸਪਤਾਲਾਂ ਦੀ ਗੰਭੀਰ ਹਾਲਤ ਬਾਰੇ ਕਈ ਸਵਾਲ ਖੜ੍ਹੇ ਕਰਨ ਲੱਗਾ ਓਦੋਂ ਹੀ ਪ੍ਰਬੰਧਕਾਂ ਦੀ ਨੀਂਦ ਖੁੱਲ੍ਹੀ।
ਪਸਰੀ ਸੁੰਨ -
ਭੁੰਜਿਓਂ ਚੁੱਕ ਖਾਵੇ
ਡੋਲ੍ਹਿਆ ਅੰਨ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 247 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 247 ਵਾਰ ਪੜ੍ਹੀ ਗਈ ਹੈ।
ਬੜੀ ਦਰਦਮਈ ਕਹਾਣੀ ਹੈ ।
ReplyDeleteਇਹ ਕਹਾਣੀ ਨਹੀਂ ਕਿਸੇ ਦੀ ਹੱਡਬੀਤੀ ਹੈ। ਇਹ ਤਸਵੀਰ ਰਜਿੰਦਰਾ ਮੈਡੀਕਲ ਇੰਸਟੀਚਿਊਟ (RIMS) ਰਾਂਚੀ ਦੀ ਹੈ।
Deleteਇਹ ਭਾਵੇ ਕਿਸੇ ਦੀ ਹੱਡਬੀਤੀ ਹੈ ਦੁਖਾਂ ਦੀ ਗੰਡ ਹੈ ਜੇੜੀ ਗਰੀਬ ਹਮੇਸ਼ਾ ਕੰਧੇ ਤੇ ਅੱਜ ਤਕ ਚੱੁਕੀ ਆਇਆ ਹੈ ।ਮੀਡਿਆ ਜਦ ਏਹ ਤਸਵੀਰਾਂ ਸਾਮਨੇ ਲਿਅੋਂਦਾ ਹੈ ਤਦ ਵੀ ਪਰਸ਼ਾਸਨ ਕੱਨ ਬਂਦ ਕਰਕੇ ਸੋਆ ਰਹਂਦਾ ਹੈ । ਗਰੀਬ ਨੂ ਕੋਈ ਇਨਸਾਨ ਹੀ ਨਹੀ ਸਮਜਦਾ । ਕਰੋੜਾਂ ਖਰਚ ਕਰਕੇ ਬਨਾਏ ਹਸਪਤਾਲ ਕੀ ਦੋਲਤ ਸ਼ੌ ਕਰਨ ਲੇਈ ਹਨ? ਬੜੀ ਸ਼ਰਮ ਵਾਲੀ ਗਲ ਹੈ ।
ReplyDeleteਮੇਰਾ ਨਿੱਜੀ ਵਿਚਾਰ: 'ਗੁੰਗਾ ਦਰਦ'
ReplyDeleteਡਾ:ਹਰਦੀਪ ਕੌਰ ਸੰਧੂ ਦੀ ਇਸ ਲਿਖਤ ਨੂੰ ਵੀ ਪੜ੍ਹਦਿਆਂ ਇੱਕ ਗੱਲ ਤਾਂ ਯਕੀਨੀ ਤੌਰ ਤੇ ਕਹਿ ਸਕਦਾ ਹਾਂ ਕਿ ਉਸ ਦੀ ਇਸ ਵਿਸ਼ੇ ਪ੍ਰਤੀ ਪਕੜ ਦੇ ਨਾਲ ਨਾਲ ਰੂਪਕ ਪੱਖ ਤੇ ਕਾਲਪਨਿਕ ਸ਼ਕਤੀ ਵੀ ਬਹੁਤ ਅਸਰ ਭਰਪੂਰ ਹੈ। ਉਹ ਜਿਸ ਵਿਸ਼ੇ ਨੂੰ ਵੀ ਛੋਹੂੰ ਦੀ ਹੈ,ਉਸ ਦੀ ਪਰਤ ਦਰ ਪਰਤ ਆਪਣੇ ਡੁੰਗੇ ਅਨੁਭਵ ਅਤੇ ਸ਼ਬਦ ਭੰਡਾਰ ਦੀ ਯੋਗ ਵਰਤੋਂ ਕਰਨ ਨਾਲ ਬਹੁਤ ਪ੍ਰਭਾਵਸ਼ਾਲੀ ਬਣਾ ਦਿੰਦੀ ਹੈ। ਮੇਰਾ ਵਿਸ਼ਵਾਸ ਹੈ,ਪਾਠਕ ਪੜ੍ਹਦਿਆਂ ਪੜ੍ਹਦਿਆਂ ਉਸ ਦੀ ਸੋਚ ਦੇ ਨਾਲ ਇੱਕ ਸੁਰ ਹੋ ਜਾਂਦਾ ਹੋਵੇਗਾ ਅਤੇ ਲਿਖਤ ਵਿਚ ਜੋ ਵੀ 'ਰਸ' ਦੀ ਬਹੁਲਤਾ ਹੁੰਦੀ ਹੈ,ਉਸ ਨੂੰ ਤੀਬਰਤਾ ਨਾਲ ਮਹਿਸੂਸ ਕਰਦਿਆਂ ਆਪਣੇ ਆਪ ਨੂੰ ਵੀ ਇਸ ਦਾ ਇੱਕ ਹਿੱਸਾ ਹੀ ਮਹਿਸੂਸ ਕਰਨ ਲੱਗ ਜਾਂਦਾ ਹੋਵੇਗਾ। ਬੱਸ,ਅਜਿਹੀ ਵਿਸ਼ੇਸ਼ਤਾਈ ਤੇ ਪਕਿਆਈ ਦੇਖੀ ਜਾ ਸਕਦੀ ਹੈ,ਲੇਖਕਾ ਦੀ ਇਸ ਲਿਖਤ ਵਿਚੋਂ ਵੀ,ਜਿਸ ਨੂੰ ਮੈਂ ਆਪਣੇ ਤੇ ਲਾਗੂ ਕਰ ਕੇ ਦੇਖਦਾ ਹਾਂ।
ਉਦਾਹਰਨ ਵੱਜੋ,ਸ਼ੁਰੂ ਦੀਆ ਪਹਿਲੀਆਂ ਸਤਰਾਂ ਪੜ੍ਹਦਿਆਂ ਹੀ ''ਦੁੱਖ ਦਰਦ" ਦੇ ਵਾਯੂ-ਮੰਡਲ ਨੂੰ ਸ਼ਬਦਾਂ ਦੀ ਵਿਉਂਤ ਬੰਦੀ ਤੇ ਹੁਨਰ ਮੰਦੀ ਨਾਲ ਪ੍ਰਕਿਰਤੀ ਦੀ ਦੁਖਦਾਈ ਤਸਵੀਰ ਚਿਤਰੀ ਹੈ- ਭਾਦੋਂ ਦੇ ਤਿੱਖੜ ਦੁਪਹਿਰੇ ਦਾ ਵੱਟ, ਬਿਮਾਰਾਂ ਵਾਂਗੂ ਰੁੱਖਾਂ ਦੇ ਮੁਰਝਾਏ ਪੱਤੇ, ਥੱਕੀ ਹੋਈ ਗਰਮ ਹਵਾ। ਪੜ੍ਹ ਕੇ ਇੰਜ ਮਹਿਸੂਸ ਹੁੰਦਾ ਹੈ ਕਿ ਹਰ ਪਾਸੇ ਦਰਦ ਹੀ ਦਰਦ ਭਰਿਆਂ ਪਿਆ ਹੈ।
ਇਸੇ ਤਰਾਹ,ਸਾਡੇ ਸਮਾਜਿਕ ਅਤੇ ਸਿਆਸੀ ਨਿੱਗਰ ਰਹੇ ਸਿਸਟਮ 'ਤੇ ਬਹੁਤ ਜ਼ੋਰਦਾਰ ਸ਼ਬਦਾਂ ਨਾਲ ਕਟਾਖਸ਼ ਕੀਤਾ ਹੈ ਅਤੇ ਇਸ ਵਿਚ ਹੋ ਰਹੀਆਂ ਕੁਰੀਤੀਆਂ ਨੂੰ ਉਜਾਗਰ ਵੀ ਕੀਤਾ ਹੈ:-ਜਿਵੇਂ-ਕਰੋੜਾਂ ਦੀ ਲਾਗਤ ਨਾਲ ਬਣੇ ਸ਼ਹਿਰ ਦੇ ਵੱਡੇ ਸਰਕਾਰੀ ਹਸਪਤਾਲ ਦੀ ਖ਼ਰਾਬ ਪ੍ਰਬੰਧਕੀ ਹਾਲਤ ਦਾ ਵੇਰਵਾ,ਸਟਾਫ਼ ਵੱਲੋਂ ਮਰੀਜ਼ਾਂ ਨੂੰ ਬੇਰੁਖ਼ੀ ਦਾ ਵਰਤਾਓ,ਕਈ ਮਰੀਜ਼ਾਂ ਦੇ ਨਾਲ ਇਸ ਘਟਨਾ ਦੀ ਨਾਇਕਾ ਵੀ,ਜੋ ਆਪਣੀ ਸੱਜੀ ਬਾਂਹ ਦੀ ਟੁੱਟੀ ਹੱਡੀ ਦਾ ਇਲਾਜ ਕਰਵਾਉਣ ਆਈ ਨੂੰ ਬੈੱਡ ਨਾ ਮਿਲਣਾ,ਫ਼ਰਸ਼ 'ਤੇ ਹੀ ਨਿੱਤ ਸੌਣਾ ਪੈਣਾ,ਕਈ ਮਰੀਜ਼ਾਂ ਨੂੰ ਬਿਨਾਂ ਪਲੇਟ ਦਿੱਤਿਆਂ ਸਰਕਾਰੀ ਖਾਣਾ ਫ਼ਰਸ਼ ਤੇ ਮਜਬੂਰੀ ਹਿਤ ਖਾਣ ਲਈ ਮਜਬੂਰ ਹੋਣਾ ਅਤੇ ਕਈ ਵਾਰ ਮਾੜੇ ਭੋਜਨ ਬਾਰੇ ਸ਼ਿਕਾਇਤ ਕਰਨ ਦੇ ਬਾਵਜੂਦ ਕਿਸੇ ਦੇ ਕੰਨਾਂ 'ਤੇ ਜੂੰ ਤਕ ਨਾ ਸਰਕਣਾ ਆਦਿ ਆਦਿ।
ਪਸਰੀ ਸੁੰਨ ਵਿਚ ਅਜਿਹਾ ਗੁੰਗਾ ਦਰਦ, ਸੂਖਮ ਇਹਸਾਸ ਵਾਲੇ ਵਿਅਕਤੀ ਦੀ ਰੂਹ ਨੂੰ ਛਿੱਲ ਕੇ ਰੱਖ ਦਿੰਦਾ ਹੈ,ਪਰ ਜ਼ਾਤੀ ਫ਼ਾਇਦੇ ਲਈ ਬਹੁਤੇ ਲੋਕ ਆਪਣੀ ਆਤਮਾ ਨੂੰ ਮਾਰ ਕੇ ਅਹਿਸਾਸ ਹੀਣ ਬੁੱਚੜ ਪ੍ਰਵਿਰਤੀ ਦੇ ਮਾਲਕ ਬਣ ਜਾਂਦੇ ਨੇ,ਜੋ ਇਨਸਾਨੀਅਤ ਦੇ ਘਾਤਕ ਤੇ ਭੇੜੀਏ ਦੇ ਰੂਪ ਵਿਚ ਪੇਸ਼ ਆਉਂਦੇ ਹਨ।
ਡਾ:ਹਰਦੀਪ ਕੌਰ ਸੰਧੂ ਨੇ ਲੋਕ ਜੀਵਨ ਦੇ ਕਠੋਰ ਯਥਾਰਥ ਨੂੰ ਆਪਣੀ ਅੰਤਰਮੁਖੀ ਪੀੜਾ ਦੀ ਚਾਸ਼ਨੀ ਨਾਲ ਲਪੇਟ ਕੇ ਬਹੁਤ ਅੱਛੀ ਲਿਖਤ ਨੂੰ ਜਨਮ ਦਿੱਤਾ ਹੈ। ਆਸ ਹੈ,ਸ਼ਾਇਦ ਕੋਈ ਇਸ ਨੂੰ ਪੜ੍ਹ ਕੇ ਆਪਣੀ ਦਿਓ ਬਿਰਤੀ ਨੂੰ ਦੇਵ ਬਿਰਤੀ ਵਿਚ ਢਾਲ ਲਵੇ-"ਸਧਨਾ ਜਾਤਿ ਅਜਾਤਿ ਕਸਾਈ।।"ਵਾਂਗ।
- ਸੁਰਜੀਤ ਸਿੰਘ ਭੁੱਲਰ-05-10-2016
ਸਭ ਤੋਂ ਪਹਿਲਾਂ ਤਾਂ ਭੁੱਲਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਵੱਡਮੁੱਲੇ ਵਿਚਾਰਾਂ ਨਾਲ ਸਾਂਝ ਪਾਉਣ ਲਈ। ਹੁਣ ਗੱਲ ਕਰਦੇ ਹਾਂ ਵਿਸ਼ੇ ਦੀ ਪਕੜ , ਰੂਪਕ ਪੱਖ ਤੇ ਕਾਲਪਨਿਕ ਸ਼ਕਦੀ ਦੀ। ਜਦੋਂ ਕਿਸੇ ਦੇ ਦਰਦ ਨੂੰ ਤੁਹਾਡਾ ਦਿਲ ਮਹਿਸੂਸ ਕਰਦਾ ਹੈ ਤਾਂ ਲੱਗਦਾ ਹੈ ਕਿ ਉਹ ਦਰਦ ਤੁਹਾਨੂੰ ਖੁਦ ਨੂੰ ਹੋ ਰਿਹਾ ਹੈ। ਫਿਰ ਕੋਈ ਕਲਪਨਾ ਕਰਨ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਉਸ ਦਾ ਪਲ ਪਲ ਤੁਸੀਂ ਆਪ ਹੰਢਾਉਂਦੇ ਹੋ -ਰੂਪਕ ਪੱਖ ਆਪੇ ਪੇਸ਼ ਹੋ ਜਾਂਦਾ ਹੈ।
Deleteਕੋਈ ਲਿਖਤ ਤਾਂ ਹੀ ਸਫ਼ਲ ਮੰਨੀ ਜਾਵੇਗੀ ਜੇ ਬਣਦਾ ਸੁਨੇਹਾ ਪੜ੍ਹਨ ਵਾਲੇ ਤੱਕ ਅੱਪੜ ਜਾਵੇ। ਤੇ ਕਿਸੇ ਲਿਖਤ ਦੀ ਰੂਹ ਤੱਕ ਪਹੁੰਚਣ ਲਈ ਉਸ ਲਿਖਤ ਦੇ ਅਹਿਸਾਸਾਂ ਨੂੰ ਪੜ੍ਹਨਾ ਜ਼ਰੂਰੀ ਹੁੰਦਾ ਹੈ, ਤੇ ਜਿਹੜਾ ਪਾਠਕ ਅਲਫਾਜ਼ਾਂ ਦੇ ਨਾਲ ਅਹਿਸਾਸ ਪੜ੍ਹ ਲਏ ਲਿਖਤ ਦੀ ਰੂਹ ਉਸ ਤੱਕ ਪਹੁੰਚ ਹੀ ਜਾਂਦੀ ਹੈ।
ਭੁੱਲਰ ਜੀ ਤੁਸਾਂ ਨੇ ਸਹੀ ਕਿਹਾ ਹੈ ਕਿ "ਗੂੰਗਾ ਦਰਦ" ਵਿਚਲੀ ਪਸਰੀ ਸੁੰਨ ਸੰਵੇਦਨਸ਼ੀਲ ਪਾਠਕ ਦੀ ਰੂਹ ਨੂੰ ਜ਼ਰੂਰ ਛਿੱਲ ਜਾਵੇਗੀ।
ਇੱਕ ਵਾਰ ਫਿਰ ਭੁੱਲਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕੀਮਤੀ ਸਮੇਂ ਤੇ ਵਿਚਾਰਾਂ ਦੀ ਸਾਂਝ ਲਈ।
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਸਮਾਜ ਦੀ ਕਾਰਗੁਜ਼ਾਰੀ ਨੂੰ !
ReplyDeleteਇੱਕ ਕੋਸ਼ਿਸ਼ ਹੈ ਜੀ। ਇਹ ਉਪਰਾਲਾ ਆਪ ਨੂੰ ਚੰਗਾ ਲੱਗਾ। ਬਹੁਤ ਬਹੁਤ ਧੰਨਵਾਦ ਭੈਣ ਜੀ।
DeleteHor kujj davo cha na par har ikk nu izzat taan deni chahidi aa
ReplyDelete