ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

18 Oct 2016

ਨੂਰ ਤੇ ਹਨ੍ਹੇਰ ?

Surjit Bhullar's Profile Photoਹਨ੍ਹੇਰ 'ਚੋਂ ਉਪਜੇ ਨੂਰ, ਨੂਰ 'ਚੋਂ ਉਪਜੇ ਹਨ੍ਹੇਰ।
ਰਾਤ 'ਚੋਂ ਉਗਮੇ ਸਵੇਰ, ਸਵੇਰ 'ਚ ਉੱਘੇ ਹਨ੍ਹੇਰ।
ਦੱਸ ਮਿੱਟੀ ਦੇ ਬਾਵਿਆ, ਕੀ ਹੈ ਤੇਰਾ ਵਿਚਾਰ?
0
ਕੋਈ ਕਹਿੰਦਾ ਨੂਰ ਹੈ,ਤੇ ਕੋਈ ਕਹੇ ਹਨ੍ਹੇਰ।
ਇਸ ਨਿਰਨੇ 'ਤੇ ਪੁੱਜਣਾ,ਪੰਧ ਬੜਾ ਲੰਮੇਰ।
ਦੱਸ ਮਿੱਟੀ ਦੇ ਬਾਵਿਆ ਤੂੰ ਕੀ ਕਰੇਂ ਇਜ਼ਹਾਰ?
0
ਤੂੰ ਸੋਝੀ ਨੂੰ ਵਰਤ ਕੇ, ਹੱਥ 'ਚ ਫੜੇ ਚਿਰਾਗ਼।
ਰੱਬ ਲੱਭਣ ਤੁਰ ਪਿਆ,ਦਿਲ ਛੱਡ ਦਿਮਾਗ਼।
ਦੱਸ ਮਿੱਟੀ ਦੇ ਬਾਵਿਆ, ਇਹ ਕੀ ਤੇਰਾ ਆਚਾਰ?
0
ਊ ਤੂੰ ਹਨ੍ਹੇਰ ਮਾਣਦਾ,ਜਿਹਦਾ ਨਾ ਕੋਈ ਮਾਪ।
ਫਿਰ ਤੂੰ ਇਸ ਤੋਂ ਡਰੇ ਡਰੇ,ਕਰ ਕੇ ਘੋਰ ਪਾਪ।
ਦੱਸ ਮਿੱਟੀ ਦੇ ਬਾਵਿਆ,ਕੀ ਤੇਰਾ ਇਹ ਕਾਰੋਬਾਰ?
0
ਹਨੇਰੇ ਅਤੇ ਚਾਨਣ 'ਚ,ਲਟਕ ਰਿਹਾ ਹਰ ਜੀਵ।
ਆਖ਼ਿਰ ਇੱਕ ਦੀ ਬੁੱਕਲ 'ਚ,ਜਾ ਛੁਪਣਾ ਸਦੀਵ।
ਦੱਸ ਮਿੱਟੀ ਦੇ ਬਾਵਿਆ,ਕਿਸ ਸੰਗ ਕਰੇ ਪਿਆਰ?
0
ਚਾਨਣ ਅਤੇ ਹਨ੍ਹੇਰ ਤਾਂ, ਹੈ ਧੁੰਦੂਕਾਰਾ ਦੀ ਦੇਣ ।
ਬੋਧ ਅਬੋਧ ਦੋਵੇਂ ਮਿਲਣ,ਰੇ ਮਨ ਕਿਉਂ ਬੇਚੈਨ?
ਦੱਸ ਮਿੱਟੀ ਦੇ ਬਾਵਿਆ, ਇਹ ਕੀ ਤੇਰਾ ਸੰਸਾਰ?
0
ਚਾਨਣ ਹਰ ਕੋਈ ਲੋਚਦਾ,ਚਾਨਣ ਤਾਂ ਲੱਭ ਜਾਊ।
'ਸੁਰਜੀਤ'ਨਜ਼ਰ ਜੇ ਬਦਲ ਜੇ,ਫਿਰ ਕੀਕਣ ਪਾਊ?
ਦੱਸ ਮਿੱਟੀ ਦੇ ਬਾਵਿਆ,ਮਨ ਦਾ ਕੀ ਇਤਬਾਰ?
0
ਹਨ੍ਹੇਰ 'ਚੋਂ ਉਪਜੇ ਨੂਰ, ਨੂਰ 'ਚੋਂ ਉਪਜੇ ਹਨ੍ਹੇਰ।
ਰਾਤ 'ਚੋਂ ਉਗਮੇ ਸਵੇਰ,ਸਵੇਰ 'ਚ ਉੱਘੇ ਹਨ੍ਹੇਰ।
ਦੱਸ ਮਿੱਟੀ ਦੇ ਬਾਵਿਆ, ਕੀ ਹੈ ਤੇਰਾ ਵਿਚਾਰ?
-0-
-ਸੁਰਜੀਤ ਸਿੰਘ ਭੁੱਲਰ-17-10-2016


ਨੋਟ : ਇਹ ਪੋਸਟ ਹੁਣ ਤੱਕ 88 ਵਾਰ ਪੜ੍ਹੀ ਗਈ ਹੈ।

3 comments:

  1. ਡੂੰਘਾ ਸੁਨੇਹਾ ਦਿੰਦੀ ਇੱਕ ਵਿਲੱਖਣ ਰਚਨਾ।ਭੁੱਲਰ ਜੀ ਦੀ ਸੁੱਚੀ ਸੋਚ ਦੀ ਹਾਮੀ ਭਰਦੀ ਹੈ। ਬੜੇ ਹੀ ਡੂੰਘੇ ਸਵਾਲ ਨੇ ? ਮਿੱਟੀ ਦਾ ਬਾਵਾ ਤਾਂ ਕੁਝ ਬੋਲਦਾ ਹੀ ਨਹੀਂ। ਜਵਾਬ ਔਖਾ ਹੀ ਲੱਭੂ। ਲੱਗਦਾ ਖੁਦ ਨੂੰ ਹੀ ਬਾਵਾ ਬਣਨਾ ਪੈਣਾ। ਹਨ੍ਹੇਰ 'ਚੋਂ ਉਗਮੇ ਨੂਰ ਲਈ ਆਸ ਦਾ ਦੀਵਾ ਬਾਲ ਦੋਹਾਂ ਨੂੰ ਸਵੀਕਾਰਨ ਦੀ ਜਾਂਚ ਸਿੱਖਣੀ ਪੈਣੀ ਹੈ। ਜਦੋਂ ਦਿਲਾਂ 'ਚ ਵਸਦੇ ਰੱਬ ਨੂੰ ਅਸੀਂ ਪਾ ਲਿਆ ਤਾਂ ਚਾਨਣ -ਹਨ੍ਹੇਰ ਦੀ ਲੜਾਈ ਖੁਦ ਬ ਖੁਦ ਮੁੱਕ ਜਾਣੀ ਹੈ। ਮਿੱਟੀ ਦੇ ਬਾਵੇ ਨੇ ਵੀ ਫਿਰ ਆਪੇ ਬੋਲ ਪੈਣਾ ਹੈ ਸਾਡੇ ਹਰ ਸਵਾਲ ਦਾ ਜਵਾਬ ਦੇਣ।

    ReplyDelete
  2. ਮੈਂ ਸਫ਼ਰ ਸਾਂਝ ਦਾ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨਜ਼ਮ 'ਚ ਆਏ ਵਿਚਾਰਾਂ ਨੂੰ ਗਹੁ ਨਾਲ ਵਿਚਾਰ ਕੇ, ਢੁਕਵੇਂ ਸ਼ਬਦਾਂ ਰਾਹੀਂ ਸਵਾਲਾਂ ਦਾ ਜਵਾਬ ਖ਼ੂਬਸੂਰਤੀ ਨਾਲ ਇੰਜ ਬਿਆਨਿਆਂ ਹੈ।" ਜਦੋਂ ਦਿਲਾਂ 'ਚ ਵੱਸਦੇ ਰੱਬ ਨੂੰ ਅਸੀਂ ਪਾ ਲਿਆ ਤਾਂ ਚਾਨਣ-ਹਨੇਰ ਦੀ ਲੜਾਈ ਖ਼ੁਦ ਬ ਖ਼ੁਦ ਮੁੱਕ ਜਾਣੀ ਹੈ।'ਮਿੱਟੀ ਦਾ ਬਾਵਾ' ਜਦ ਇਸ ਮੁਕਾਮ 'ਤੇ ਪੁੱਜ ਜਾਵੇਗਾ ਤਾਂ ਅਵੱਸ਼ ਮਨ ਵਿਚ 'ਆਤਮਿਕ ਭਾਵਾਂ ਦੀ ਰੰਗਤ ਆ ਜਾਵੇਗੀ।

    ਮੈਂ 'ਸਫ਼ਰ ਸਾਂਝ' ਦਾ ਇੱਕ ਵਾਰ ਫਿਰ ਦਿਲੋਂ ਰਿਣੀ ਹਾਂ,ਜਿਨ੍ਹਾਂ ਇਸ ਨਜ਼ਮ ਨੂੰ ਆਪਣੇ ਬਲੋਗ ਤੇ ਵਿਸ਼ੇਸ਼ ਸਥਾਨ ਦੇ ਕੇ ਮੈਨੂੰ ਉਤਸ਼ਾਹਿਤ ਕੀਤਾ ਹੈ।
    -ਸੁਰਜੀਤ ਸਿੰਘ ਭੁੱਲਰ-17-10-2016

    ReplyDelete
  3. ਜਿਹੜੀਆਂ ਉਲਝਣਾਂ ਦਾ ਇਸ ਕਵਿਤਾ ਵਿੱਚ ਜ਼ਿਕਰ ਹੈ , ਮਿੱਟੀ ਦਾ ਬਾਵਾ ਜਨਮਾਂ ਤੋਂ ਇਹਨਾਂ ਉਲਝਣਾਂ ਵਿੱਚ ਹੀ ਤੁਰਿਆ ਫਿਰਦਾ ਹੈ । ਇਹ ਉਲਝਣਾਂ /ਸਵਾਲ ਇਨਸਾਨੀ ਜ਼ਿੰਦਗੀ ਦੇ ਨਾਲ ਨਾਲ ਹੀ ਚਲਦੀਆਂ ਹਨ ਅਤੇ ਚਲਦੀਆਂ
    ਰਹਿਣ ਗੀਆਂ । ਇਹਨਾਂ ਉਲਝਣਾਂ ਦੀ ਹੀ ਖੂਬਸੂਰਤੀ ਹੈ ਕਿ ਇਨਸਾਨ ਉਸ ਸ਼ਕਤੀ ਨੂੰ ਢੂੰਡਦਾ ਫਿਰਦਾ ਹੀ ਜੋ ਇਸ ਰਹਸਮਈ ਕਾਇਨਾਤ ਨੂੰ ਚਲਾ ਰਹੀ ਹੈ ਅਤੇ ਤੁਸੀਂ ਇਹਨੀ ਚੰਗੀ ਕਵਿਤਾ ਇਸ ਵਿਸ਼ੇ 'ਤੇ ਲਿਖ ਸਕੇ ਹੋ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ