ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

14 Feb 2017

ਜ਼ਿੰਦਗੀ

ਕਿਹੜੇ ਲਫ਼ਜ਼ੀਂ ਗੱਲ ਕਰਾਂ ਮੈਂ 
ਤੇਰੇ ਮਨ ਨੂੰ ਭਾਵੇ ।
ਕਿਹੜੀ ਤੱਕਣੀ ਤੱਕਾਂ ਤੈਨੂੰ
ਤੇਰੇ ਧੁਰ ਅੰਦਰ ਲਹਿ ਜਾਵੇ ।
ਸੱਜ ਸੰਵਰ ਕੇ ਬੈਠੀ ਹਾਂ ਮੈਂ
ਕਈ ਨਜ਼ਰਾਂ ਤੋਂ ਬਚਦੀ ,
ਗਲੀ ਮੇਰੀ 'ਚੋਂ ਲੰਘੇ ਜੇ ਤੂੰ ,
ਨਜ਼ਰ ਤੇਰੀ ਪੈ ਜਾਵੇ ।
ਤਿੰਨ ਪਹਿਰ ਦੀ ਜ਼ਿੰਦਗੀ ਗੁਜ਼ਰੀ
ਤੇਰੇ ਚਿੱਤ ਨਾ ਆਈ ,
ਚੌਥੇ ਪਹਿਰ ਦੀ ਜ਼ਿੰਦਗੀ ਔਖੀ
ਆਉਂਦੀ ਰਾਤ ਡਰਾਵੇ ।
ਚਿੜੀਆਂ ਨੇ ਸਭ ਚੋਗਾ ਚੁਗ ਕੇ
ਗਈਆਂ ਮਾਰ ਉਡਾਰੀ ,
ਖਾਲੀ ਧੁੱਪ ਨੇ ਚੁੱਪ ਖਿਲਾਰੀ
ਪਿੰਡਾ ਮੇਰਾ ਖਾਵੇ ।
ਪਾਟੀ ਚੁੰਨੀ ਕਿੰਝ ਮੈਂ ਸੀਵਾਂ
ਥਾਂ ਥਾਂ ਤੋਂ ਹੈ ਪਾਟੀ ,
ਪੱਤ ਢੱਕਣ ਲਈ ਸੂਹਾ ਸਾਲੂ
ਸਿਰ ਦਾ ਸਾਈਂ ਲਿਆਵੇ ।
ਚਲੋ ਚੱਲੀ ਦੇ ਮੇਲੇ ਅੰਦਰ
ਮੇਰੀ ਜ਼ਿੰਦ  ਇੱਕਲੀ ,
ਕੋਠੇ ਚੜ ਕੇ ਝਾਤੀ ਮਾਰਾਂ
ਤਨ ਨੂੰ ਮਨ ਜਦ ਖਾਵੇ ।
ਸਬਕ ਜੀਉਣ ਦਾ ਕਿੱਥੋਂ ਪੜ ਲਾਂ
ਕਿਹੜੀ ਪੁਸਤਕ ਲਿਖਿਆ ,
ਸੱਚ ਜ਼ਿੰਦਗੀ ਦਾ ਜ਼ਿੰਦਗੀ ਜਾਣੇ
ਜਿਹੜੀ ਸੱਚ ਹੰਢਾਵੇ ।


ਦਿਲਜੋਧ ਸਿੰਘ 
(ਯੂ ਐਸ ਏ )
ਨੋਟ : ਇਹ ਪੋਸਟ ਹੁਣ ਤੱਕ 80 ਵਾਰ ਪੜ੍ਹੀ ਗਈ ਹੈ।

3 comments:

  1. ਮੇਰਾ ਨਿੱਜੀ ਵਿਚਾਰ- ਜ਼ਿੰਦਗੀ ਨਜ਼ਮ 'ਤੇ

    ਜੀਵਨ ਦੇ ਇਸ ਲੰਮੇ ਸਫ਼ਰ ਤੇ, ਸਾਨੂੰ ਵੱਖ ਵੱਖ ਪ੍ਰਸਥਿਤੀਆਂ ਵਿਚੋਂ ਦੀ ਲੰਘਣਾ ਪੈਂਦਾ ਹੈ ਜਿਸ ਵਿਚ ਕਈ ਪ੍ਰਕਾਰ ਦੀਆਂ ਖ਼ੁਸ਼ੀਆਂ,ਗ਼ਮੀਆਂ,ਉਦਾਸੀਆਂ ਸਚਾਈਆਂ, ਸਫਲਤਾਵਾਂ ਅਤੇ ਅਸਫਲਤਾਵਾਂ ਦੇ ਰੂਪ ਦੇਖਣ ਨੂੰ ਮਿਲਦੇ ਹਨ ਅਤੇ ਜਿਨ੍ਹਾਂ ਕਰ ਕੇ ਜ਼ਿੰਦਗੀ ਅਨੇਕਾਂ ਤਜਰਬਿਆਂ ਨਾਲ ਭਰਪੂਰ ਹੁੰਦੀ ਰਹਿੰਦੀ ਹੈ।
    ਇਨ੍ਹਾਂ ਤਜਰਬਿਆਂ ਨੂੰ ਅਸੀਂ ਕਿਨ੍ਹਾਂ ਕੁ ਅਤੇ ਕਿਸ ਤਰ੍ਹਾਂ ਸਵੀਕਾਰ ਕਰਨਾ ਚਾਹੁੰਦੇ ਹਾਂ,ਇਹ ਹਰ ਵਿਅਕਤੀ ਦਾ ਆਪਣਾ ਆਪਣਾ ਕੋਮਲ,ਤੀਬਰ ਅਨੁਭਵ ਗਿਆਨ ਹੁੰਦਾ ਹੈ,ਨਜ਼ਰੀਆ ਹੁੰਦਾ ਹੈ,ਜਿਸ ਨਾਲ ਉਹ ਆਪਣੀ ਬੁੱਧ ਅਨੁਸਾਰ ਮਨ ਨਾਲ ਅਨੁਕੂਲ ਕਰਦਾ ਰਹਿੰਦਾ ਹੈ।ਜੇ ਇਸ ਨੂੰ ਸਹੀ ਤਰ੍ਹਾਂ ਜਾਂ ਸੰਤੁਲਨ ਨਾ ਕਰ ਸਕੇ ਤਾਂ, ਜ਼ਿੰਦਗੀ ਬੋਝਲ ਤੇ ਆਪਣੇ ਆਪ ਤੇ ਭਾਰੂ ਲੱਗਣ ਲੱਗ ਪੈਂਦੀ ਹੇ। ਜ਼ਿੰਦਗੀ ਦੇ ਇਨ੍ਹਾਂ ਤੱਤਾਂ ਨੂੰ ਸੰਵੇਦਨਸ਼ੀਲ ਮਨੁੱਖ ਕਿਸੇ ਨਾ ਕਿਸੇ ਰੂਪ ਵਿਚ ਵਿਅਕਤ ਕਰਦਾ ਰਹਿੰਦਾ ਹੈ।

    ਉੱਪਰਲੇ ਸੰਦਰਭ ਨੂੰ ਵਿਚਾਰਦਿਆਂ ਜੇ ਅੱਸੀ ਗੱਲ ਕਰੀਏ ਤਾਂ ਕਵੀ ਦਿਲਜੋਧ ਸਿੰਘ ਜ਼ਿੰਦਗੀ ਨੂੰ ਮੁਖ਼ਾਤਬ ਹੁੰਦਾ ਕਹਿੰਦਾ ਹੈ,'ਕਿਹੜੇ ਲਫ਼ਜ਼ੀਂ ਗੱਲ ਕਰਾਂ ਮੈਂ ਤੇਰੇ ਮਨ ਨੂੰ ਭਾਵੇਂ।'ਅਤੇ ਫਿਰ ਸਮੇਂ ਦੇ ਵਕਤ ਨੂੰ ਦਾਰਸ਼ਨਿਕ ਰੂਪਕ ਪੱਖੋਂ ਇਸ਼ਾਰਾ ਕਰਦਾ ਕਹਿੰਦਾ ਹੈ ਕਿ ਤਿੰਨ ਪਹਿਰ ਤਾਂ ਜ਼ਿੰਦਗੀ ਗੁਜ਼ਰ ਗਈ ਹੈ ਪਰ ਅਖੀਰਲਾ ਚੌਥਾ ਪਹਿਰ ਜੋ ਆਇਆ ਹੈ ਉਹ ਔਖਾ ਵੀ ਹੈ ਤੇ ਡਰਾਉਣਾ ਵੀ ਹੈ।

    ਬਾਲ ਬਰੇਸ ਜਵਾਨੀ ਵਿਚ ਤਾਂ,' ਚਿੜੀਆਂ ਨੇ ਸਭ ਚੋਗ਼ਾ ਚੁਗ ਕੇ,ਗਈਆਂ ਮਾਰ ਉਡਾਰੀ।ਬੁਢਾਪੇ ਵਿਚ ਤਾਂ ਕੇਵਲ ਉਮਰ ਦੀ ਚੁੰਨੀ ਥਾਂ ਥਾਂ ਤੋਂ ਹੈ ਪਾਟੀ ਪਈ ਹੈ,ਉਸ ਨੂੰ ਕਿੰਜ ਸੀਂ ਵਾਂ? ਕਵੀ ਇਸ ਸਵਾਲ ਦਾ ਜਵਾਬ ਆਪਣੇ ਵਿਚੋਂ ਲੱਭਦਾ ਹੈ ਪਰ ਨਿਰਾਸ਼ਾ ਦੇ ਚੱਕਰ ;ਚ ਘਿਰਿਆ ਹੋਇਆ ਕਹਿ ਉੱਠਦਾ ਹੈ, 'ਸਬਕ ਜਿਊਣ ਦਾ ਕਿੱਥੋਂ ਪੜ੍ਹ ਲਾਂ, ਤਨ ਨੂੰ ਮਨ ਜਦ ਖਾਵੇ?' ਉਸ ਕੋਲ ਇਸ ਪ੍ਰਸ਼ਨ ਦਾ ਜਵਾਬ ਹੈ,ਪਰ ਲੁਕਵੇਂ ਤਰੀਕੇ ਨਾਲ ਬਿਆਨ ਕਰਦਾ ਕਹਿੰਦਾ ਹੈ, 'ਸੱਚ ਜ਼ਿੰਦਗੀ ਦਾ ਜ਼ਿੰਦਗੀ ਜਾਣੇ,ਜਿਹੜੀ ਸੱਚ ਹੰਢਾਵੇ।'
    ਅਤੇ ਜ਼ਿੰਦਗੀ ਦਾ ਇਹ ਸੱਚ ਮੌਤ ਤੇ ਆ ਕੇ ਰੁਕ ਜਾਂਦਾ ਹੈ।

    ਦੇਖਿਆ ਜਾਵੇ ਤਾਂ ਕਵੀ ਨੇ ਜ਼ਿੰਦਗੀ ਦੇ ਯਥਾਰਥ ਨੂੰ ਬਹੁਤ ਸੁਹਣੇ ਤਰੀਕੇ ਨਾਲ ਬਿਆਨ ਕੀਤਾ ਹੈ। ਸ਼ਬਦਾਂ ਅਤੇ ਵਿਚਾਰਾਂ ਨੂੰ ਸੁਜੁਗਤੀ ਨਾਲ ਪਰੋਇਆ ਹੈ। ਪਰ, ਜੇ ਇਸ ਨਜ਼ਮ ਦੇ ਸਮੁੱਚੇ ਅੰਤਰੀਵ ਭਾਵ ਨੂੰ ਦੇਖੀਏ ਤਾਂ ਉਹ ਨਕਾਰਾਤਮਿਕ ਅਰਥਾਂ ਦੀ ਜ਼ਿਆਦਾ ਧਾਰਨੀ ਹੈ। ਮੇਰੇ ਅਨੁਸਾਰ ਕਵੀ ਨੂੰ ਇਸ ਪੱਖੋਂ ਸੁਚੇਤ ਰਹਿਣ ਦੀ ਲੋੜ ਹੈ ਅਤੇ ਸਕਾਰਾਤਮਿਕ ਰਵੱਈਆ ਅਪਣਾਉਣਾ ਚੰਗਾ ਰਹੇਗਾ।

    ਕਵਿਤਾ ਨੂੰ ਜੇ ਬਣਤਰ ਦੇ ਰੂਪਕ ਪੱਖੋਂ ਦੇਖਿਆ ਜਾਵੇ ਤਾਂ ਬਹੁਤ ਹੀ ਸੁੰਦਰ ਰਚਨਾ ਹੈ,ਜਿਸ ਵਿਚ ਥਾਂ ਥਾਂ ਤੇ ਕਮਾਲ ਦੀਆਂ ਨਵੀਆਂ ਨਿਕੋਰ ਉਪਨਾਮਾਂ ਮਨ ਨੂੰ ਮੋਹ ਦੀਆਂ ਹਨ,ਜਿਵੇਂ 'ਖ਼ਾਲੀ ਧੁੱਪ ਨੇ ਚੁੱਪ ਖਿਲਾਰੀ,ਪਿੰਡਾ ਮੇਰਾ ਖਾਵੇ।' ਜਾਂ ਅਧਿਆਤਮਕ ਰਮਜ਼ ਨੂੰ ਕਿਨ੍ਹੇ ਵਧੀਆਂ ਤਰੀਕੇ ਨਾਲ ਚਿਤਰਿਆ ਹੈ,'ਪੱਤ ਢੱਕਣ ਲਈ ਸੂਹਾ ਸਾਲੂ,ਸਿਰ ਦਾ ਸਾਈਂ ਲਿਆਵੇ।'

    ਵਾਹ! ਦਿਲਜੋਧ ਸਿੰਘ ਜੀ,ਇਸ ਸੁੰਦਰ ਰਚਨਾ ਲਈ ਮੈਂ ਆਪ ਨੂੰ ਵਧਾਈ ਭੇਜਦਾ ਹਾਂ।
    -0-
    ਸੁਰਜੀਤ ਸਿੰਘ ਭੁੱਲਰ-13-02-2017

    ReplyDelete
  2. ਜਿਂਦਗੀ ਕਵਿਤਾ 'ਚ ਦਿਲਜੋਧ ਸਿੰਘ ਜੀ ਨੇ ਦਾਰਸ਼ਨਿਕ ਭਾਵਾਂ ਦੀ ਬਾਨਗੀ ਪੇਸ਼ ਕੀਤੀ ਹੈ ।ਜਨਮ ਤੋੌਂ ਸ਼ੁਰੂ ਹੋਆ ਸਫਰ ਅਖੀਰਲੇ ਪੜਾ ਤੇ ਆਕੇ ਤਨ ਮਨ ਕੀ ਸੁਣਨ ਨੂਂ ਮਜਬੂਰ ਹੋ ਜਾਂਦਾ ਹੈ ।ਏਹ ਸੋਚਨਾ ਹੀ ਅਪਨੀ ਜੀ ਚੁਕੀ ਜਿਂਦਗੀ ਨੂ ਦੇਖਨਾ ਹੈ ।ਏਹ ਜਰੂਰੀ ਭੀ ਹੈ ਕਿੳਂੁਕਿ ਅਸਾਂ ਕਰਮ ਕਮੌਨ ਆਏ ਸੀ ਕੀ ਕਮਾਆ ? ਸਵਾਲ ਉਠਦਾ ਹੈ ।ਇਸ ਮੇਂ ਜੀਵ ਯਾਨੀ ਬਂਦੇ ਦੀ ਜਿਂਦਗੀ ਨਾਲ ਕਹੋ ਯਾ ਅਪਨੇ ਆਪ ਨਾਲ ਵਾਰਤਾਲਾਪ ਨੂ ਕਹਾਨੀ ਦਾ ਰੂਪ ਦੇ ਦਿਆ ਹੈ ਕਵਿ ਨੇ । ਜਿਸ ਮੇਂ ਉਪਮਾਅੋਂ ਨੇ ਭੀ ਕਵਿਤਾ ਨੂ ਚਾਰ ਚੰਦ ਲਗਾ ਦਿੱਤੇ ਹਨ ।ਕਵਿਤਾ ਅਪਨੀ ਰਚਨਾ ਦੀ ਸੁਂਦਰਤਾ ਦੇ ਨਾਲ ਭਾਵਾਂ ਨੂ ਵੀ ਵਹਨ ਕਰਦੀ ਜਾਂਦੀ ਹੈ ।ਜੋਕਿ ਪੜਣ ਦਾ ਆਨਂਦ ਦਿਂਦੀ ਹੈ । ਜਿਂਦਗੀ ਦਾ ਸਾਰ ਵੀ ਦਸਦੀ ਜਾਂਦੀ ਹੈ ਕਿ ਏਹ ਜਗ ਚਲੋ ਚਲੀ ਦਾ ਹੀ ਡੇਰਾ ਹੈ । ਹਰ ਆਨੇ ਵਾਲੇ ਨੂ ਜਾਂਣਾ ਹੀ ਹੈ ।

    ReplyDelete
  3. ਜ਼ਿੰਦਗੀ ਦੇ ਸਾਰੇ ਪੜਾਵਾਂ ਦਾ ਜ਼ਿਕਰ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਹੈ। ਸ਼ਬੜਚੋਣ ਤੇ ਗੱਲ ਕਹਿਣ ਦਾ ਸੁਵੱਲਾ ਤਰੀਕਾ। ਖਾਲੀ ਧੁੱਪ,ਚੁੱਪ ਖਿਲਾਰੀ,ਸੂਹਾ ਸਾਲੂ,ਜ਼ਿੰਦ ਇੱਕਲੀ,ਪੱਤ ਢੱਕਣ ਤੇ ਤਿੰਨ ਪਹਿਰ ਦੀ ਜ਼ਿੰਦਗੀ ਪਾਠਕ ਦਾ ਧਿਆਨ ਖਿੱਚਦੇ ਨੇ। ਸੋਹਣੀ ਬੁਣਤਰ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ