ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

27 Mar 2017

ਬੋਲਣ ਵਾਲ਼ੇ ਅਤੇ ਸੁਣਨ ਵਾਲ਼ੇ ਦਰਮਿਆਨ ਸੰਚਾਰ ਸਬੰਧ


No automatic alt text available.
ਹਰ ਇੰਨਸਾਨ ਜੀਵਨ ਵਿੱਚ ਬੁਲਾਰਾ ਵੀ ਹੈ ਤੇ ਸਰੋਤਾ ਵੀ, ਇਸ ਲਈ ਇਹਨਾਂ ਦੋਹਾਂ ਧਿਰਾਂ ਵਿਚਕਾਰ ਸੁਹਿਰਦ ਅਤੇ ਵਾਜਿਬ ਸੰਚਾਰ ਬੜਾ ਹੀ ਜ਼ਰੂਰੀ ਹੈ। ਬੁਲਾਰੇ ਦੇ ਰੂਪ ਵਿੱਚ ਇੰਨਸਾਨੀ ਸੂਝ ਅਤੇ ਸਿਆਣਪ ਦੀ ਹਾਂ-ਪੱਖੀ ਅਤੇ ਪ੍ਰੇਰਨਾਮਈ ਪਹਿਚਾਣ ਇਹ ਹੈ ਕਿ ਉਹ ਵਾਰਤਾਲਾਪ ਕਰ ਰਹੇ ਬੰਦੇ ਨੂੰ ਆਪਾ ਪ੍ਰਗਟਾਉਣ ਲਈ ਉਤਸ਼ਾਹਿਤ ਕਰੇ ਨਾ ਕਿ ਨਿਰਉਤਸ਼ਾਹਿਤ। ਪਰ ਅਫ਼ਸੋਸ ਕਿ ਬਹੁਤੀ ਵਾਰੀ ਏਦਾਂ ਨਹੀਂ ਹੁੰਦਾ। ਅਸੀਂ ਸਮਾਜਿਕ ਵਰਤਾਰੇ ਅਤੇ ਪ੍ਰੋਗਰਾਮ ਅਧੀਨ ਇਹ ਮਹੱਤਵਪੂਰਨ ਧਾਰਨਾ ਭੁੱਲ ਜਾਂਦੇ ਹਾਂ। ਇਸਦੇ ਕਾਰਣ ਵੀ ਬਹੁ-ਪ੍ਰਤੀ ਹਨ। ਇੱਕ ਤਾਂ ਇਹ ਕਿ ਅਸੀਂ ਸਿਰਫ਼ ਆਪਣੀ ਗੱਲ ਦੀ ਸਰਵ ਉੱਚਤਾ ਦੇ ਧਾਰਨੀ ਹਾਂ। ਸਾਨੂੰ ਇਹ ਠੀਕ ਅਤੇ ਜਾਇਜ਼ ਲੱਗਦਾ ਹੈ ਕਿ ਸਾਡੀ ਗੱਲ ਤੋਂ ਵਧੀਆ, ਉੱਚਿਤ ਅਤੇ ਸਿਖਰ ਦੀ ਗੱਲ ਹੋਰ ਹੋ ਹੀਨਹੀਂ ਸਕਦੀ। ਇਹ ਹੋ ਵੀ ਸਕਦਾ ਹੈ ਅਤੇ ਨਹੀਂ ਵੀ,ਪਰ ਕੀ ਇਹ ਫ਼ੈਸਲਾ ਕਰਨਾ ਸਾਡਾ ਕੰਮ ਹੈ ਜਾਂ ਉਸਦਾ ਜੋ ਸੁਣ ਰਿਹਾ ਹੈ? ਅਸਲ ਵਿੱਚ ਉਸਦਾ, ਕਿਉਂਕਿ ਸਾਡਾ ਨਿਰਪੱਖ ਹੋ ਕੇ ਇਸ ਵਾਰੇ ਸਿੱਟਾ ਕੱਢਣਾ ਔਖਾ ਹੀ ਨਹੀਂ ਸਗੋਂ ਅਸੰਭਵ ਹੈ। ਦੂਜਾ, ਅਸੀਂ ਖੜੋਤ ਵਿੱਚ ਰਹਿ ਕੇ ਬੋਲ ਰਹੇ ਹੁੰਦੇ ਹਾਂ ਅਤੇ ਸੁਣਨ ਵਾਲਾ ਖੜੋਤ ਦੇ ਦਾਇਰੇ ਤੋ ਬਾਹਰ ਹੋ ਕੇ ਸੁਣ ਰਿਹਾ ਹੁੰਦਾ ਹੈ । ਜਾਣੀ ਕਿ ਉਸ ਮੁੱਦੇ ਵਾਰੇ ਅਸੀਂ ਵਿਚਾਰ ਬਣਾ ਚੁੱਕੇ ਹੁੰਦੇ ਹਾਂ ਅਤੇ ਦੂਸਰੇ ਵਿਅਕਤੀ ਨੇ ਬਣਾਉਣਾ ਹੁੰਦਾ ਹੈ । ਤੀਜਾ ਬੋਲਣ ਵਾਲ਼ੇ ਦੀ ਉਮਰ, ਸਿਆਣਪ, ਰਿਸ਼ਤਾ, ਰੁੱਤਬਾ, ਵਿਦਿਆ ਅਤੇ ਵਿਸ਼ੇ ਦੀ ਪਕੜ ਸੁਣਨ ਵਾਲ਼ੇ ਤੇ ਹਾਵੀ ਪ੍ਰਭਾਵ ਛੱਡਦੀ ਹੈ । ਹੋਰ ਬਾਕੀ ਵਰਤਾਰਿਆਂ ਦੇ ਨਾਲ ਨਾਲ ਇਹ ਤਿੰਨ ਮੁੱਖ ਵਰਤਾਰੇ ਵਕਤਾ ਅਤੇ ਸਰੋਤੇ ਵਿੱਚ ਉਸਰ ਗਈ ਕੰਧ ਦਾ ਰੂਪ ਧਾਰਨ ਕਰ ਜਾਂਦੇ ਹਨ । ਸਿੱਟੇ ਵਜੋਂ ਸੰਚਾਰ ਦੀ ਲੜੀ ਲੱਗ ਭੱਗ ਟੁੱਟ ਹੀ ਜਾਂਦੀ ਹੈ । 

ਜੇ ਅਸੀਂ ਇਸ ਨੂੰ ਸਹੀ ਮੰਨ ਲਈਏ ਤਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਆਪਣੇ ਮਨੋਰਥ ਵਿੱਚ ਸਫ਼ਲ ਹੁੰਦੇ ਹਾਂ ਜਾਂ ਅਸਫ਼ਲ? ਜਵਾਬ ਬਿਲਕੁੱਲ ਸਪੱਸ਼ਟ ਹੈ, ਅਸਫ਼ਲ। ਤੁਸੀਂ ਦੂਸਰੇ ਪਾਸੇ ਦੇ ਵਿਚਾਰਾਂ ਤੋਂ ਵਿਰਵੇ ਰਹਿ ਜਾਂਦੇ ਹੋ। ਸੁਣ ਰਹੇ ਬੰਦੇ ਦੀ ਪ੍ਰਤਿਭਾ ਤੁਹਾਡੀ ਸੰਭਾਵੀ ਸਿਆਣਪ ਦੀ ਸ਼ਿਕਾਰ ਹੋ ਕੇ ਦੱਬੀ ਦੀ ਦੱਬੀ ਰਹਿ ਜਾਂਦੀ ਹੈ । ਤੁਹਾਡੇ ਇੱਕ ਪਾਸੜ, ਹਾਵੀ ਅਤੇ ਕੱਟੜ ਵਿਚਾਰ ਸੁਣਨ ਵਾਲੇ ਤੇ ਸਿਰਫ਼ ਵਕਤੀ ਅਤੇ ਅਸਥਾਈ ਪ੍ਰਭਾਵ ਛੱਡਦੇ ਹਨ । ਭਵਿੱਖ ਵਿੱਚ ਉਹ ਤਹਾਡੇ ਨਾਲ਼ ਵਾਰਤਾਲਾਪ ਜਾਂ ਵਿਚਾਰ ਕਰਨ ਤੋਂ ਕੰਨੀ ਕਤਰਾਉਣ ਲੱਗਦਾ ਹੈ । ਤੁਹਾਡਾ ਆਪਣੇ ਸਹੀ ਹੋਣ ਦਾ ਭਰਮ ਤੁਹਾਡੇ ਵਿਕਾਸ ਨੂੰ ਖੜ੍ਹੇ ਛੱਪੜ ਦਾ ਪਾਣੀ ਬਣਾ ਦਿੰਦਾ ਹੈ। ਉਸਦੇ ਸਾਫ਼ ਹੋਣ ਦੀ ਸੰਭਾਵਨਾ ਬੜੀ ਸੌੜੀ ਅਤੇ ਸੀਮਿਤ ਹੋ ਕੇ ਰਹਿ ਜਾਂਦੀ ਹੈ । ਸਿੱਟਾ ਇਹੀ ਨਿੱਕਲਦਾ ਹੈ ਕਿ ਅਸੀਂ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਦੇ ਸਮੇਂ ਆਪਣੇ ਗਿਆਨ, ਸਮੇਂ, ਵਿਸ਼ੇ ਦੀ ਸੀਮਾ ਅਤੇ ਸਮਰੱਥਾ ਦਾ ਧਿਆਨ ਰੱਖੀਏ ਤਾਂ ਜੋ ਅਸਲ ਵਿੱਚ ਸੁਣ ਰਹੇ ਬੰਦੇ ਨਾਲ਼ ਅਸੀਂ ਸੁਖਾਵਾਂ ਅਤੇ ਸਿੱਖਿਆਦਾਇਕ ਸਬੰਧ ਕਾਇਮ ਕਰ ਸਕੀਏ, ਜਿਹੜਾ ਦੋਵੇਂ ਧਿਰਾਂ ਨੂੰ ਹਾਂ-ਪੱਖੀ ਸੇਧ ਅਤੇ ਸਿਹਤਮੰਦ ਦਿਸ਼ਾ ਨਿਰਧਾਰਿਤ ਕਰਨ ਵਿੱਚ ਸਹਾਈ ਹੋ ਸਕੇ।

ਅਮਰੀਕ ਪਲਾਹੀ
27/03 /2017 

ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ ਹੈ।

3 comments:

 1. ਬਿਲਕੁਲ ਸਹੀ ਕਿਹਾ ਕਿ ਮੈਂ ਆਪ ਬੁਲਾਰਾ ਆਪ ਸਰੋਤਾ !
  ਸਲੀਕੇ ਨਾਲ ਗੱਲਬਾਤ ਕਰਨਾ ਕਿਸੇ ਵੀ ਵਿਅਕਤੀ ਦਾ ਸਭ ਤੋਂ ਖੂਬਸੂਰਤ ਗਹਿਣਾ ਹੈ | ਬੋਲਣ ਤੋਂ ਪਹਿਲਾਂ ਸੋਚਣਾ ਸਿਆਣਪ ਦੀ ਨਿਸ਼ਾਨੀ ਹੈ। ਬੋਲਣ ਤੋਂ ਬਾਅਦ ਸੋਚਣ ਵਾਲੇ ਅਕਸਰ ਔਸਤ ਬੁੱਧੀ ਦੇ ਮਾਲਕ ਹੁੰਦੇ ਨੇ ਤੇ ਸਿਰਫ ਬੋਲਦੇ ਰਹਿਣ ਵਾਲੇ , ਸੋਚਦੇ ਨਹੀਂ ਅਤੇ ਨਾ ਹੀ ਉਹ ਕਿਸੇ ਦੀ ਸੁਣਦੇ ਹਨ, ਜੋ ਅਕਸਰ ਮੂਰਖ ਹੁੰਦੇ ਨੇ। |ਲੋੜ ਤੋਂ ਵੱਧ ਬੋਲਣ ਵਾਲਾ ਵਿਅਕਤੀ ਅਕਸਰ ਜ਼ਿੱਦੀ ਸੁਭਾਅ ਵਾਲਾ ਤੇ ਹਰ ਛੋਟੀ ਜਿਹੀ ਗੱਲ 'ਤੇ ਭੜਕਣ ਵਾਲਾ ਹੁੰਦੈ ਜੋ ਸਹਿਣਸ਼ੀਲਤਾ ਤੋਂ ਕੋਹਾਂ ਦੂਰ ਹੁੰਦੈ। ਸ਼ਬਦਾਂ ਦੇ ਜਾਦੂਗਰ ਪਹਿਲੀ ਮੁਲਾਕਾਤ 'ਚ ਹੀ ਦਿਲ ਜਿੱਤ ਲੈਂਦੇ ਨੇ ਤੇ ਕਈ ਕੁਸੈਲੇ ਤੇ ਰੁੱਖੇ ਸ਼ਬਦ ਬੋਲ ਕੇ ਪੱਕੇ ਰਿਸ਼ਤੇ ਵੀ ਤੋੜ ਲੈਂਦੇ ਹਨ। ਸਹੀ ਕਿਹਾ ਕਿ ਇੱਕ ਚੰਗਾ ਬੁਲਾਰਾ ਇੱਕ ਚੰਗਾ ਸਰੋਤਾ ਅਤੇ ਇੱਕ ਚੰਗਾ ਪਾਠਕ ਵੀ ਹੁੰਦਾ ਹੈ |
  ਇੱਕ ਚੰਗੀ ਸੋਚ ਵਾਲਾ ਵਿਅਕਤੀ ਹੀ ਅਜਿਹੀ ਲਿਖਤ ਪਾਠਕਾਂ ਨੂੰ ਪ੍ਰੋਸ ਸਕਦੈ। ਇੱਕ ਵਧੀਆ ਲਿਖਤ ਸਾਂਝੀ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਅਮਰੀਕ ਜੀ।

  ReplyDelete
 2. ਮੈਂ ਹਰਦੀਪ ਕੇ ਵਿਚਾਰੋਂ ਕੇ ਸਾਥ ਸਹਮਤ ਹੂੰ ।
  ਯਹਾਂ ਅਗਰ ਬੁਲਾਰਾ ਬੋਲਨੇ ਸੇ ਪਹਲੇ ਸੱਚਾ ਸਰੋਤਾ ਵੀ ਹੋਵੇ ਤਬ ਹੀ ਵਹ ਸਮਯ ਔਰ ਸੀਮਾ ਅਨੁਸਾਰ ਅਪਨੇ ਗਿਆਨ , ਅਨੁਭਵ ਔਰ ਵਿਚਾਰੋਂ ਕਾ ਆਦਾਨ ਪ੍ਰਦਾਨ ਕਰੇਂ ਤੋ ਦੋਨੋਂ ਪਖ ਉਸ ਕਾ ਲਾਭ ਉਠਾ ਸਕਤੇ ਹੈਂ ।
  ਦੇਖਨੇ ਮੇਂ ਤੋ ਯਹੀ ਆਤਾ ਹੈ ਹਮ ਬੁਲਾਰਾ ਅਧਿਕ ਹੈਂ ਸਰੋਤਾ ਕਮ ।
  ਇਸ ਪਰਕਾਰ ਨ ਤੋ ਹਮ ਦੂਸਰੇ ਕੇ ਅਨੁਭਵੀ ਵਿਚਾਰੋਂ ਕਾ ਲਾਭ ਉਠਾ ਸਕਤੇ ਹੈਂ ।
  ਨਾ ਅਪਨੇ ਗਿਆਨ ਕਾ ਵਿਕਾਸ ਕਰ ਸਕਤੇ ਹੈ ।
  ਯਹ ਸਬ ਕਹਨਾ ਤੋ ਬਹੁਤ ਸਰਲ ਹੈ ਪਰ ਉਸ ਪਰ ਚਲਨਾ ਕਠਿਨ ਹੈ ।


  ReplyDelete
  Replies
  1. ਵਾਜਿਬ ਟਿਪਣੀ ਹੈ ਜੀ। ਇੱਕ ਵਧੀਆ ਸਰੋਤਾ ਹੀ ਚੰਗੇ ਬੁਲਾਰੇ ਦੀ ਸਹੀ ਭੂਮਿਕਾ ਨਿਭਾ ਸਕਦਾ ਹੈ। ਪਰ ਨਾਲ਼ ਹੀ ਸਰੋਤੇ ਲਈ ਚੰਗਾ ਬੁਲਾਰਾ ਹੋਣਾ ਜ਼ਰੂਰੀ ਨਹੀਂ , ਜਦ ਕਿ ਚੰਗੇ ਬੁਲਾਰੇ ਲਈ ਚੰਗਾ ਸਰੋਤਾ ਹੋਣਾ ਜ਼ਰੂਰੀ ਹੈ। ਕਮਲਾ ਜੀ ਧੰਨਵਾਦ। ਸਤਿਕਾਰ।

   Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ