ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

19 Mar 2017

ਕਹੇ ਸ਼ਬਦਾਂ ਦਾ ਬੋਝ


Image may contain: one or more people and closeup
ਗੁਰਨੂਰ ਮੇਰਾ ਦੋਸਤ ਬਹੁਤ ਹੀ ਪਿਆਰਾ ਇੰਨਸਾਨ ਹੈ। ਉਸਦੀ ਉਮਰ 65 ਕੁ ਸਾਲ ਹੈ। ਉਸਦੀ ਮਾਂ ਕਾਫੀ ਬਿਮਾਰ ਰਹਿੰਦੀ ਹੈ, ਜਿਸਦੀ ਉਮਰ 85 ਕੁ ਸਾਲ ਹੈ। ਉਸਦਾ ਆਪਣੀ ਮਾਂ ਨਾਲ਼ ਬੜਾ ਹੀ ਮੋਹ ਹੈ। ਮੈਂ ਉਸਦੀ ਮਾਤਾ ਜੀ ਨੂੰ ਛੇਤੀਂ ਛੇਤੀਂ ਮਿਲ ਆਉਂਦਾ ਹਾਂ। ਪਿਛਲੇ ਕੁਝ ਅਰਸੇ ਤੋਂ ਉਹ ਕੁਝ ਉਦਾਸ ਰਹਿੰਦਾ ਹੈ। ਮੈਂ ਅੰਦਾਜ਼ਾ ਲਾਇਆ ਕਿ ਉਹ ਆਪਣੀ ਮਾਂ ਦਾ ਫ਼ਿਕਰ ਕਰਦਾ ਹੋਵੇਗਾ। ਪਿਛਲੇ ਮਹੀਨੇ ਜਦੋਂ ਇੱਕ ਦਿਨ ਮੈਂ ਉਸਦੀ ਮਾਤਾ ਜੀ ਨੂੰ ਮਿਲਣ ਗਿਆ ਸੀ, ਉਸਨੇ ਗੱਲਾਂ ਗੱਲਾਂ ਵਿੱਚ ਕਿਹਾ ”ਪ੍ਰਮਾਤਮਾਂ ਹੁਣ ਮਾਂ ਨੂੰ ਚੁੱਕ ਹੀ ਲਵੇ ਤਾਂ ਚੰਗਾ।” ਮੈਨੂੰ ਬੜਾ ਉੱਪਰਾ ਅਤੇ ਅਜੀਬ ਲੱਗਾ, ਪਰ ਮੈਂ ਚੁੱਪ ਰਿਹਾ। ਹੁਣ ਜਦ ਦੋ ਕੁ ਹਫ਼ਤੇ ਬਾਅਦ ਮੈਂ ਦੂਜੀ ਵਾਰ ਮਿਲਣ ਗਿਆ ਤਾਂ ਉਸਨੇ ਉਹੀ ਗੱਲ ਫ਼ੇਰ ਦੁਹਰਾਈ ਤਾਂ ਮੈਨੂੰ ਬੜੀ ਤਕਲੀਫ਼ ਹੋਈ। ਮੈਂ ਮਨ ਵਿੱਚ ਸੋਚਿਆ ਕਿ ਪਹਿਲਾਂ ਮਾਂ ਨੂੰ ਕਿੰਨਾ ਪਿਆਰ ਕਰਦਾ ਸੀ, ਹੁਣ ਉਹ ਬਿਮਾਰ ਆ ਤਾਂ ਇਸਨੂੰ ਭਾਰ ਲੱਗਣ ਲੱਗ ਪਈ ਆ। ਕੋਈ ਮਾਂ ਦੇ ਰਿਸ਼ਤੇ ਪ੍ਰਤੀ ਵੀ ਏਨਾ ਬੇਹਿਸ ਹੋ ਸਕਦਾ ਹੈ। ਮੈਂ ਆਪਣੇ ਅੰਦਰਲੇ ਗੁੱਸੇ ਅਤੇ ਪੀੜ ਤੇ ਕਾਬੂ ਨਾ ਰੱਖ ਸਕਿਆ ਅਤੇ ਉਸਨੂੰ ਪੁੱਛਣ ਦਾ ਮਨ ਬਣਾ ਲਿਆ। ਮੈਂ ਤੁਰਨ ਲੱਗਾ ਨੇ ਕਿਹਾ, ”ਜਰਾ ਬਾਹਰ ਨੂੰ ਆਵੀਂ ਮੈਂ ਤੇਰੇ ਨਾਲ਼ ਗੱਲ ਕਰਨੀ ਆਂ।”

ਗੁਰਨੂਰ ਇੱਕ ਗੱਲ ਦੱਸ ”ਤੂੰ ਆਪਣੀ ਮਾਂ ਵਾਰੇ ਇਸ ਤਰਾਂ ਕਿਵੇ ਕਹਿ ਸਕਦਾ ਏਂ ਕਿ ਹੁਣ ਇਹ ਚਲੀ ਜਾਵੇ ਤਾਂ ਚੰਗਾ। ਮੈਨੂੰ ਬੜਾ ਹੀ ਅਫ਼ਸੋਸ ਹੈ ਕਿ ਮੈਂ ਅੱਜ ਤੱਕ ਤੈਨੂੰ ਸਮਝ ਹੀ ਨਹੀਂ ਸਕਿਆ। ਮੈਂ ਤੈਨੂੰ ਇੱਕ ਚੰਗਾ ਅਤੇ ਨੇਕ ਇੰਨਸਾਨ ਸਮਝਦਾ ਰਿਹਾ। ਪਰ ਯਾਰ, ਤੂੰ ਤੇ ਆਪਣੀ ਮਾਂ ਦਾ ਵੀ ਸਕਾ ਨਹੀਂ ਹੋਇਆ। ਮੇਰੀਆਂ ਅੱਖਾਂ ਨਮ ਹੋ ਗਈਆਂ, ਪਤਾ ਨਹੀਂ ਕਿ ਗੁੱਸੇ ਨਾਲ ਜਾਂ ਅੰਦਰਲੀ ਪੀੜ ਨਾਲ”। ਉਹ ਮੈਨੂੰ ਜੱਫੀ ਪਾਉਣ ਲਈ ਅਹੁੜਿਆ ਅਤੇ ਮੈਂ ਪਿੱਛੇ ਹਟ ਗਿਆ। 

 ”ਨਹੀਂ ਯਾਰ, ਤੂੰ ਗਲਤ ਨਹੀਂ ਸਮਝਿਆ। ਮੈਂ ਬੰਦਾ ਤੇ ਠੀਕ ਠਾਕ ਹਾਂ, ਪਰ ਕਈ ਵਾਰ ਸਮਾਂ ਏਨਾ ਬਲਵਾਨ ਹੁੰਦਾ ਹੈ ਕਿ ਇੰਨਸਾਨ ਦੀ ਧੁਰ ਅੰਦਰਲੀ ਭਾਵਨਾ ਦੇ ਅਰਥਾਂ ਦਾ ਵੀ ਅਨਰਥ ਕਰਕੇ ਰੱਖ ਦਿੰਦਾ ਹੈ। ”ਬਸ ਕੁਝ ਇਹੀ ਭਾਣਾ ਮੇਰੇ ਨਾਲ ਵਾਪਰਿਆ” ਉਸਨੇ ਬੜੀ ਹੀ ਡੂੰਘੀ ਅਤੇ ਦੁੱਖ ਭਰੀ ਅਵਾਜ਼ ਵਿੱਚ ਕਿਹਾ। 

”ਬੁਝਾਰਤਾਂ ਨਾ ਪਾ, ਮੈਨੂੰ ਦੱਸ ਗੱਲ ਕੀ ਆ?” ਮੈਂ ਖਿੱਝ ਕੇ ਕਿਹਾ। 

”ਥੋਹੜਾ ਚਿਰ ਅਟਕ ਕੇ ਦੱਸਾਂਗਾ” ਉੇਸਨੇ ਕਿਹਾ। 
”ਨਹੀਂ ਮੈਂ ਤਾਂ ਹੁਣੇ ਈ ਪੁੱਛਣਾ,” ਮੈਂ ਆਪਣੀ ਗੱਲ ਤੇ ਅੜ ਗਿਆ। 
”ਚੰਗਾ ਫਿਰ ਇੱਕ ਵਾਇਦਾ ਕਰ, ਕਿ ਜੋ ਮੈਂ ਤੈਂਨੂੰ ਦੱਸਣ ਲੱਗਾਂ ਤੂੰ ਇਹ ਕਿਸੇ ਨੂੰ ਨਹੀਂ ਦੱਸੇਂਗਾ। ਮੈਂ ਕਿਹਾ ”ਨਹੀਂ ਦੱਸਾਂਗਾ।” 
ਉਸਨੇ ਬੜੇ ਠਰ੍ਹੰਮੇਂ ਨਾਲ਼ ਬੋਲਣਾ ਸ਼ੁਰੂ ਕੀਤਾ, ”ਗੱਲ ਇਹ ਹੈ ਦੋਸਤਾ, ਕਿ ਤੇਰੇ ਜਿਗਰੀ ਯਾਰ ਨੂੰ ਕੈਂਸਰ ਹੈ ਅਤੇ ਉਹ ਵੀ ਆਖ਼ਰੀ ਪੜਾਉ ਵਿੱਚ। ਡਾਕਟਰ ਦੇ ਕਹਿਣ ਅਨੁਸਾਰ ਮੇਰੇ ਕੋਲ਼ ਵੱਧੋ ਵੱਧ ਤਿੰਨ ਮਹੀਨੇ ਹਨ। ਮੈਂ ਅਜੇ ਤੱਕ ਕਿਸੇ ਨੂੰ ਕੁਝ ਨਹੀਂ ਦੱਸਿਆ, ਮੌਕਾ ਆਉਣ ਤੇ ਦੱਸ ਦੇਵਾਂਗਾ। ਮੈਂ ਅਜੇ ਕੁਝ ਪ੍ਰਬੰਧ ਕਰਨੇ ਹਨ। ਇਸ ਕਰਕੇ ਮੈਂ ਕਹਿਨਾ ਕਿ ਪਈ ਜੇ ਕਿਤੇ ਬੀਬੀ ਮੇਰੇ ਤੋਂ ਪਹਿਲਾਂ ਮੁੱਕ ਜਾਵੇ ਤਾਂ ਮੇਰੀ ਜਾਨ ਸੌਖੀ ਨਿਕਲ਼ੂ। ਇਸ ਤੋਂ ਮੇਰਾ ਵਿਛੋੜਾ ਝੱਲਿਆ ਨਹੀਂ ਜਾਣਾ, ਇਹਨੂੰ ਬਹੁਤ ਔਖਾ। ਜਦ ਕਿ ਮੈਂ ਇਹਦਾ ਵਿਛੋੜਾ ਝੱਲਣ ਲਈ ਬਿਲਕੁੱਲ ਤਿਆਰ ਹਾਂ,” ਉਸਨੇ ਬੜੇ ਹੀ ਠਰੰਮੇਂ ਨਾਲ ਕਿਹਾ। ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਬੇਬਾਕ ਖੜ੍ਹਾ ਆਪਣੇ ਅੱਥਰੂਆਂ ਨੂੰ ਰੋਕ ਨਾ ਸਕਿਆ। ਮੈਂ ਆਪਣੇ ਯਾਰ ਦੇ ਜਾਣ ਦਾ ਦੁੱਖ ਅਤੇ ਆਪਣੇ ਕਹੇ ਸ਼ਬਦਾਂ ਦਾਂ ਬੋਝ ਲੈ ਕੇ ਗੁੰਮ ਸੁੰਮ ਹੋਇਆ ਆਪਣੇ ਘਰ ਨੂੰ ਤੁਰ ਪਿਆ।


ਕਹਾਣੀਕਾਰ : ਅਮਰੀਕ ਪਲਾਹੀ : 12/3 /2017
ਪੇਂਟਿੰਗ : ਗੁਰਪਰੀਤ ਸਿੰਘ ਆਰਟਿਸ
ਨੋਟ : ਇਹ ਪੋਸਟ ਹੁਣ ਤੱਕ 76  ਵਾਰ ਪੜ੍ਹੀ ਗਈ ਹੈ।

4 comments:

  1. ਅਸਹਿ ਪੀੜਾ ਨੂੰ ਬਿਆਨਦੀ ਇਸ ਕਹਾਣੀ ਰਾਹੀਂ ਤੁਸਾਂ ਨੇ ਮਨ ਅੰਤਰ ਦੀ ਪੀੜਾ ਨੂੰ ਜ਼ੁਬਾਨ ਦੇ ਦਿੱਤੀ। ਇਸ ਵਿਚਲੀ ਪੀੜਾ ਦੀ ਕਸਕ ਕਲੇਜੇ 'ਚ ਧੂਹ ਪਾਵਣ ਲੱਗਦੀ ਹੈ।

    ReplyDelete
  2. ਕੁਦਰਤ ਦਾ ਨਿਯਮ ਹੈ,, ਮਾਵਾਂ ਪੁੱਤਰਾਂ ਦੇ ਹੱਥਾਂ ਵਿੱਚ ਸੰਤੁਸ਼ਟੀ ਅਤੇ ਸ਼ਾਂਤੀ ਨਾਲ ਜਾਂਦੀਆਂ ਨੇ ,,ਪਰ ਜਦੋਂ ਕਿਸੇ ਬੇਬਸ ਮਾਂ ਨੂੰ ਹੱਥੀਂ ਪੁੱਤ ਤੋਰਨਾ ਪੈ ਜਾਵੇ,, ਕਹਿਰ ਦਾ ਦੁੱਖ ,ਅਮੁੱਕ ਅੱਥਰੂ ,ਬਿਰਹਾ ਦਾ ਸੇਕ ,,,,,ਕਹਾਣੀ ਵਿਚਲਾ ਪੁੱਤ ਪਾਤਰ,, ਮਾਂ ਪ੍ਰਤੀ ਫ਼ਰਜ਼ਾਂ ਲਈ ਫ਼ਿਕਰਮੰਦ ,,ਮੌਤ ਦੇ ਕੰਢੇ ਤੇ ਖੜ੍ਹਾ ,,ਭੰਨਤਾਂ -ਘੜਤਾਂ ਕਰਦਾ ,,,,,,ਦਿਲ ਟੁੰਬਣ ਵਾਲੀ ਕਹਾਣੀ।

    ReplyDelete
  3. ਹਮ ਸਹਜ ਹੀ ਕਿਸੀ ਬਾਤ ਕਾ ਉਲਟਾ ਅਰਥ ਨਿਕਾਲ ਲੇਤੇ ਹੈਂ । ਗਹਰਾਈ ਕੋ ਛੂ ਨਹੀ ਪਾਤੇ ।ਏਸੇ ਅਨੇਕ ਉਦਾ ਹਰਣ ਮਿਲ ਜਾਏਂਗੇ । ਨਾ ਮਾਂ ਬੇਟੇ ਕਾ ਬਿਛੋੜਾ ਸਹ ਸਕਤੀ ਹੈ ਨ ਬੇਟਾ ਹੀ ।.. ਯਹਾਂ ਵਕਤ ਕੀ ਮਾਰ ਸਹਤਾ ਬੇਟਾ ਮਾਂ ਕੀ ਚਿਂਤਾ ਮੇ ਜੀ ਰਹਾ ਹੈ ਅਪਨੀ ਜਿਂਦਗੀ ਕੇ ਕੁਛਏਕ ਦਿਨ ।ਕੋਈ ਨਹੀ ਜਾਨਤਾ ਏਸਾ ਵਹ ਕਿਊੰ ਕਹਤਾ ਹੈ । ਜਬ ਭੇਦ ਸਮਝ ਆਯਾ ਤੋ ਦਿਲ ਕੋ ਜੋਰ ਕਾ ਝਟਕਾ ਲਗਤਾ ਹੈ ।ਅਪਨੇ ਪਿਆਰੋਂ ਕੇ ਪ੍ਰਤੀ ਅਥਾਹ ਮੋਹ ਕੀ ਕਹਾਨੀ ਕਹਨੇ ਔਰ ਪੜਨੇ ਵਾਲੇ ਕੋ ਰੂਲਾਨੇ ਵਾਲੀ ਹੈ ।...
    ਏਸਾ ਵੀ ਹੋਤਾ ਹੈ ਕਭੀ ਕਭੀ ।ਹਰਦੀਪ ਕੀ ਲਿਖੀ ਕਹਾਨੀ " ਕਮਲੀ " ਏਸੀ ਹੀ ਭਾਵਨਾ ਸੇ ਭਰੀ ਹੈ । ਵਕਤ ਕੀ ਮਾਰ ਕਬ ਕਹਾਂ ਚੋਟ ਕਰਦੇ ਕੋਈ ਨਹੀਂ ਜਾਨਤਾ ।

    ReplyDelete
  4. Jagroop kaur22.3.17

    ਕਈ ਵਾਰ ਥੋੜ੍ਹੇ ਲਫ਼ਜਾਂ ਵਿੱਚ ਕਹੀ ਗੱਲ ਨਾਲ ਅਰਥ ਬਦਲ ਜਾਂਦੇ ਹਨ, ਪਰ ਕਿੰਨਾ ਮਜਬੂਰ ਹੁੰਦਾ ਉਹ ਇਨਸਾਨ ਜੋ ਅੰਤਲੇ ਪੜਾਅ ਤੇ ਖੜਾ ਮਾਂ ਦੀ ਪੀੜਾ ਮਹਿਸੂਸ ਕਰ ਰਿਹਾ ਹੋਵੇ ।
    ਵਾਹਿਗੁਰੂ...

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ