ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Apr 2017

ਇਹ ਵੀ ਸੱਚ ਹੈ

ਬਾਬੁਲ ਮੇਰੇ ਇਹ ਕੀ ਕੀਤਾ 
ਵਿਆਹ ਦਿੱਤਾ ਈ ਰਾਵੀ ਪਾਰ ,
ਨਾ ਕੋਈ ਆਵੇ ,ਨਾ ਕੋਈ ਜਾਵੇ 
ਕਿੰਝ ਜਾਣੇਗਾ ਮੇਰਾ ਹਾਲ ।
ਸੂਹੇ ਸਾਲੂ ਲਪੇਟ ਕੇ ਮੈਨੂੰ
ਅੱਖਾਂ ਉੱਤੇ ਘੁੰਡ ਸੀ ਲੰਮਾ ,
ਕਿਸ ਦਾ ਪੱਲਾ ਹੱਥ  ਫੜਾਇਆ
ਚਿੜੀ ਨੂੰ ਕਿਸ ਨੇ ਲਿਆ ਉਧਾਲ ।
ਚਿੜੀਆਂ ਤੇਰੇ ਵਿਹੜੇ  ਆਵਣ
ਚੋਗਾ ਚੁਗ ਚੁਗ ਖੇਡ ਰਚਾਵਣ,
ਮੇਰਾ ਚੁਗਣਾ ਕਿਉਂ ਕੌੜਾ ਲੱਗਾ
ਮੋਹ ਮਮਤਾ ਹੀ ਬਣੀ ਸਵਾਲ ।
ਕੀ ਕਰੇਂਗਾ ਉਸ ਵਿਹੜੇ ਨੂੰ
ਜਿੱਥੇ ਖੇਡਦੀ ਮੈਂ ਨਾ ਦਿਸਾਂ ,
ਉੱਚੀਆਂ ਕੰਧਾਂ ,ਚੁੱਪ  ਦਾ ਡੇਰਾ
ਅੰਦਰ ਲਟਕਣ ਲੰਮੇ ਸਾਲ ।
ਦੂਰ ਕਿਤੇ ਮੈਂ ਬਹਿ ਕੇ ਬਾਬੁਲ
ਯਾਦ ਕਰਾਂਗੀ ਵਿਹੜਾ ਤੇਰਾ ,
ਅਵਾਜ਼ ਮਾਰੀਂ , ਮੈਂ ਉਡ ਕੇ ਆਵਾਂ
ਕੁਝ ਦਿਨ ਜੀਵਾਂ ਤੇਰੇ ਨਾਲ ।
ਇੱਕ ਜਿੰਦਗੀ ਅਤੇ ਲੱਖ ਜੁਦਾਈਆਂ
 ਖੱਡੀ ਕੱਚੀਆਂ ਤੰਦਾਂ ਪਾਈਆਂ ,
ਉਮਰ ਭਰ ਨਾ ਕਿਸੇ ਹੰਢਾਈਆਂ
ਮਨ ਨੂੰ ਕਿਹੜੇ ਸੱਚ ਦੀ ਭਾਲ ।
ਦਿਲਜੋਧ ਸਿੰਘ 

1 comment:

  1. ਬਾਬੁਲ ਬੇਟੀ ਦਾ ਹਾਲ ਜਾਨ ਕੇ ਵੀ ਕੁਝ ਨਹੀ ਕਰ ਸਕਤਾ ।ਉਹ ਤਾਂ ਜਨਮ ਤੌਂ ਹੀ ਬੇਟੀ ਨੁੰ ਪਰਾਆ ਧਨ ਸਮਝਦਾ ਰਹਾ ਹੈ । ਬਾਬੁਲ ਦੇ ਘਰ ਬੇਟੀ ਦੀ ਰਿਹਾਯਸ਼ ਆਦਿ ਯੁਗ ਤੌਂ ਹੀ ਨਹੀ ਕਬੂਲੀ ਗਈ । ਬੇਟੀ ਚਾਹੇ ਕਿਤਨਾ ਹੀ ਬਿਲਾਪ ਕਰੇ ।ਸਾਰ ਏਹ ਹੀ ਨਿਕਲਦਾ ਹੈ ਜਿਂਦਗੀ 'ਚ ਜੁਦਾਇਆਂ ਹੀ ਜੁਦਾਇਆਂ ਹਨ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ