ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

21 Apr 2017

ਅਧੂਰਾ ਚੰਨ

                                                                
Image result for half moon stars
ਆਥਣ ਦੇ ਸੁਰਮਈ ਘੁਸਮੁਸੇ 'ਚ ਪਰਛਾਵਾਂ ਰੁੱਖਾਂ ਦੇ ਗਲ਼ ਆ ਲੱਗਿਆ ਸੀ। ਵਿਹੜੇ ਦੇ ਬਾਹਰਵਾਰ ਵਾਲ਼ੀ ਬਗੀਚੀ ਦੀ ਕੰਧ ਨਾਲ ਲੱਗੀ ਝੁਮਕਾ ਵੇਲ ਦੇ ਨਾਰੰਗੀ ਫੁੱਲਾਂ ਦੀ ਟਹਿਕ ਮੱਧਮ ਪੈ ਗਈ ਸੀ  ਸਰੂ ਦੇ ਰੁੱਖਾਂ ਉਤਲਾ ਢਲਦੇ ਦਿਨ ਦਾ ਅੰਬਰ ਬਹੁਤ ਉੱਚਾ ਜਾਪ ਰਿਹਾ ਸੀ। ਲੱਗਦਾ ਸੀ ਕਿ ਜਿਵੇਂ ਇਹ ਅੰਬਰ ਇੱਥੋਂ ਅਲੋਪ ਹੋ ਜਾਣਾ ਚਾਹੁੰਦਾ ਹੋਵੇ ਪਰ ਉਸ ਵਾਂਗ ਹੀ ਬੇਵੱਸ ਸੀ । ਜ਼ਿੰਦਗੀ ਦਾ ਪਿਛਲਾ ਪੱਖ ਹੰਢਾਉਂਦੀ ਉਹ ਆਪਣੀ ਹੋਂਦ ਦਾ ਅਹਿਸਾਸ ਹੀ ਗਵਾ ਚੁੱਕੀ ਹੈ। ਠੰਡੀਆਂ ਝਪਕੀਆਂ ਲੈਂਦਿਆਂ ਉਸ ਨੇ ਖਿੜਕੀ 'ਚੋਂ ਬਾਹਰ ਤੱਕਿਆ। ਦਿਨ -ਰਾਤ ਦੀ ਇਸ ਮਿਲਾਪ ਘੜੀ 'ਚ ਉਸ ਨੂੰ ਲੱਗਾ ਜਿਵੇਂ ਉਸ ਦੀ ਬੇਵੱਸੀ ਉਸ ਦੇ ਗਲ਼ ਲੱਗੀ ਹਉਕੇ ਭਰ ਰਹੀ ਹੋਵੇ।ਠੰਡੀਆਂ ਰਾਤਾਂ 'ਚ ਠਰਦੇ ਨਾਰੰਗੀ ਫੁੱਲਾਂ ਵਾਂਗ ਉਸ ਨੇ ਵੀ ਸੁਪਨੇ ਵੇਖੇ ਸਨ ਪੱਤਝੜਾਂ ਤੋਂ ਬਾਅਦ ਆਉਣ ਵਾਲ਼ੀਆਂ ਬਹਾਰਾਂ ਦੇ। 
        ਉਹ ਆਪਣੇ ਮਾਪਿਆਂ ਦੀ ਸੁਨੱਖੀ ਤੇ ਸਚਿਆਰੀ ਧੀ ਸੀ, ਬੜੀ ਹੀ ਸ਼ਰਮੀਲੀ ਜਿਹੀ। ਭੀੜ ਭੜਕੇ ਤੋਂ ਉਹ ਪਰ੍ਹੇ ਹੀ ਰਹਿੰਦੀ। ਕਾਲਜ ਪੜ੍ਹਦਿਆਂ ਚਾਹੇ ਕਦੇ ਕੋਈ ਦਾਖ਼ਲਾ ਫੀਸ ਭਰਨੀ ਹੁੰਦੀ ਜਾਂ ਫੇਰ ਰੋਲ਼ ਨੰਬਰ ਲੈਣਾ ਹੁੰਦਾ ਤਾਂ ਸਹੇਲੀਆਂ ਦਾ ਸਾਥ ਹੀ ਸਹਾਈ ਹੁੰਦਾ। ਫੇਰ ਸੁੰਗੜ ਰਹੀਆਂ ਕਿਸਮਤ ਦੀਆਂ ਲਕੀਰਾਂ ਨੇ ਉਸ ਨੂੰ ਦੁਹਾਜੂ ਦੇ ਲੜ ਲਾ ਦਿੱਤਾ। ਕਿੱਤੇ ਵਜੋਂ ਡਾਕਟਰ ਜੋ ਸਰੀਰਕ ਪੀੜਾ  ਦਾ ਇਲਾਜ ਤਾਂ ਜ਼ਰੂਰ ਕਰਦਾ ਹੋਣਾ ਪਰ ਮਾਨਸਿਕ ਟੁੱਟ -ਭੱਜ ਸਮਝਣ ਤੋਂ ਬਿਲਕੁਲ ਕੋਰਾ। ਬੜੇ ਹੀ ਅੜਬ ਸੁਭਾਅ ਦਾ, ਜਿਸ ਦਾ ਕਿਹਾ ਪੱਥਰ 'ਤੇ ਲਕੀਰ ਹੁੰਦਾ। ਔਰਤ ਨੂੰ ਇੱਜ਼ਤ ਦੇਣਾ ਤਾਂ ਸ਼ਾਇਦ ਉਸ ਨੇ ਕਦੇ ਸਿੱਖਿਆ ਹੀ ਨਹੀਂ ਹੋਣਾ। ਉਸ ਨੂੰ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ ਤੇ ਜਦੋਂ ਜੀ ਕਰਦਾ ਠੋਕਰ ਮਾਰ ਦਿੰਦਾ । ਘਰ ਦੇ ਨੌਕਰਾਂ ਸਾਹਮਣੇ ਵੀ ਬੇਹੱਦ ਖਰ੍ਹਵੇ ਤੇ ਤਲਖ਼ ਬੋਲ -ਕੁਬੋਲਾਂ ਨਾਲ ਉਸ ਦੇ ਸਨਮਾਨ ਨੂੰ ਠੇਸ ਪਹੁੰਚਾਉਂਦਾ।
    ਸਕੂਨ ਪਰਾਗਾ ਝੋਲੀ ਪਾਉਣ ਦੀ ਇੱਕ ਆਸ, ਉਸ ਦਾ ਪੇਕੇ ਘਰ ਜਾਣਾ ਹੁੰਦਾ। ਪਰ ਉਹ ਇੱਕ ਕੋਝੇ ਸਾਏ ਵਾਂਗ  ਉਸ ਦਾ ਖਹਿੜਾ ਹੀ ਨਾ ਛੱਡਦਾ।  ਪੇਕਿਆਂ ਦਾ ਘਰ ਉਸ ਦੀ ਹਉਮੈ ਦੇ ਕੱਦ ਦੇ ਕਦੇ ਮੇਚੇ ਨਾ ਆਉਂਦਾ ਤਾਂ ਉਹ ਉਸ ਨੂੰ ਵੀ ਆਪਣੇ ਨਾਲ਼ ਕਿਸੇ ਹੋਟਲ 'ਚ ਰਾਤ ਕੱਟਣ ਲਈ ਮਜਬੂਰ ਕਰਦਾ। ਅਸਹਿ ਪੀੜਾ ਝੱਲਦਿਆਂ ਮਨ ਦੇ ਗੁੰਦੇ ਅਰਮਾਨਾਂ ਨੂੰ ਪੱਤੀ ਪੱਤੀ ਹੁੰਦਾ ਵੇਖ ਮਾਪਿਆਂ ਨੇ ਕਈ ਵਾਰ ਉਸ ਨੂੰ ਮੁੜ ਵਸੇਬੇ ਦੀ ਤਾਕੀਦ ਕੀਤੀ। ਪਰ ਪਤਾ ਨਹੀਂ ਓਸ ਘਾੜੇ ਨੇ ਉਸ ਦੇ ਬੁੱਤ ਨੂੰ ਕਿਹੜੀ ਮਿੱਟੀ ਨਾਲ ਘੜਿਆ ਸੀ ਕਿ ਉਸ ਨੇ ਕਿਸੇ ਅਣਡਿੱਠ ਸੁਖਨ ਦੀ ਆਸ 'ਚ ਆਪਣੀ ਸੰਘਣੀ ਚੁੱਪ ਕਦੇ ਨਾ ਤੋੜੀ। 
     ਆਪਣੇ ਕਾਰੋਬਾਰ ਦੇ ਸਿਲਸਿਲੇ 'ਚ ਉਹ ਤਾਂ ਵਿਦੇਸ਼ ਚਲਾ ਗਿਆ। ਪਿੱਛੇ ਉਸ ਨੇ ਸੱਸ -ਸਹੁਰੇ ਦੀ ਸੇਵਾ ਸੰਭਾਲ 'ਚ ਕੋਈ ਕਸਰ ਨਹੀਂ ਛੱਡੀ ਸੀ। ਸਮੇਂ ਦੇ ਗੇੜ ਨਾਲ ਮਾਪੇ ਤੇ ਸਹੁਰੇ ਆਪੋ ਆਪਣੀ ਵਾਰੀ ਤੁਰ ਗਏ  ਤੇ ਉਸ ਦੀ ਇੱਕਲ ਨੂੰ ਹੋਰ ਗਹਿਰਾ ਕਰ ਗਏ। ਉਸ ਦਾ ਬੇਔਲਾਦ ਹੋਣਾ ਪਤਾ ਨਹੀਂ ਰੱਬ ਦੀ ਮਰਜ਼ੀ ਸੀ ਜਾਂ ਉਸ ਦੇ ਪਤੀ ਦੀ। ਪਤੀ ਨੂੰ ਲਕਵਾ ਮਾਰਨ ਪਿੱਛੋਂ ਉਸ ਨੂੰ ਆਪਣੇ ਕੋਲ ਵਿਦੇਸ਼ ਬੁਲਾ ਲਿਆ। ਬਿਗਾਨੀ ਧਰਤ ਤੇ ਪਰਾਏ  ਲੋਕਾਂ 'ਚ ਜਿਉਣਾ ਉਸ ਨੂੰ ਹੋਰ ਵੀ ਦੁੱਬਰ ਲੱਗਦਾ । ਖੁਦ ਚੱਲਣ ਫਿਰਨ ਦੇ ਅਸਮਰੱਥ ਹੋਣ ਦੇ ਬਾਵਜੂਦ ਵੀ ਨਾ ਤਾਂ ਉਸ ਦੀ ਹੈਂਕੜ ਘਟੀ ਤੇ ਨਾ ਕਸੈਲਾਪਣ। ਉਹ ਜ਼ੇਰੇ ਇਲਾਜ਼ ਪਿਆ ਵੀ ਬਦਚੱਲਣ ਕਹਿ ਕੇ ਉਸ ਦਾ ਤ੍ਰਿਸਕਾਰ ਕਰਦਾ। ਉਸ ਦੀ ਆਪਣੀ ਔਲਾਦ ਨੇ ਵੀ ਬਿਮਾਰ ਬਾਪ ਦੀ ਕੋਈ ਸਾਰ ਨਹੀਂ ਲਈ। ਪਰ ਸੇਵਾ ਪੁੰਜ ਬਣੀ ਉਹ ਆਪਣਾ ਫਰਜ਼ ਨਿਰਵਿਘਨ ਨਿਭਾ ਰਹੀ ਹੈ ਕਦੇ ਵਿਦੇਸ਼ ਰਹਿੰਦਿਆਂ ਤੇ ਕਦੇ ਆਪਣੇ ਦੇਸ । 
         ਸਾਰੇ ਰਿਸ਼ਤਿਆਂ ਨੂੰ ਸਿਰਜ ਕੇ ਉਹ ਅੱਜ ਵੀ ਇੱਕਲੀ ਹੈ । ਆਪਣੀ ਮਰਜ਼ੀ ਨਾਲ ਜਿਉਣ ਦਾ ਅਧਿਕਾਰ ਉਸ ਨੂੰ ਕਦੇ ਨਾ ਮਿਲਿਆ। ਕਰੋੜਾਂ ਦੀ ਜਾਇਦਾਦ ਪਰ ਉਸ ਦੇ ਨਾਮ ਦੀ ਇੱਕ ਧੇਲੀ ਵੀ ਨਹੀਂ। ਪਤੀ ਦੇ ਜ਼ੁਲਮਾਂ ਨੂੰ ਚੁੱਪਚਾਪ ਸਹਿੰਦੀ ਸ਼ਾਇਦ ਉਸ ਨੇ ਆਪਣੀ ਦੇਹ ਨੂੰ ਰੋਗੀ ਕਰ ਲਿਆ ਹੈ। ਜ਼ਿੰਦਗੀ ਦਾ ਹਰ ਪਲ ਉਸ ਨੂੰ ਸੂਲੀ ਦੀ ਛਾਲ ਬਣ ਕੇ ਹੀ ਮਿਲਿਆ ਲੱਗਦੈ। ਉਸ ਦੇ ਅੰਦਰੋਂ ਸਵੈ ਮਾਣ ਤੇ ਸਵੈ -ਭਰੋਸਾ ਕਦੋਂ ਦੇ ਦਮ ਤੋੜ ਗਏ ਲੱਗਦੇ ਨੇ। ਸਭ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਜ਼ਿੰਦਗੀ ਦੇ ਕੁਦਰਤੀ ਰੰਗ ਮਾਨਣ ਨੂੰ ਉਹ ਅੱਜ ਵੀ ਤਰਸਦੀ ਹੈ।
      ਹੁਣ ਰਾਤ ਕਾਫ਼ੀ ਬੀਤ ਚੁੱਕੀ ਸੀ। ਸਾਹਾਂ ਦੀ ਖ਼ਾਮੋਸ਼ ਧੜਕਣ ਸੁਣਦੀ ਨੇ ਉਸ ਬਾਹਰ ਵੱਲ ਇੱਕ ਵਾਰ ਫੇਰ ਝਾਤੀ ਮਾਰੀ। ਅਸਮਾਨ ਵਿਚਲਾ ਚੱਪਾ ਕੁ ਚੰਨ ਉਸ ਨੂੰ ਆਪਣੇ ਵਾਂਗ ਪੀਲ਼ਾ ਤੇ ਪ੍ਰੇਸ਼ਾਨ ਨਜ਼ਰ ਆਉਂਦੈ। ਪਰ ਦੂਰ ਇੱਕ ਚਮਕਦਾ ਤਾਰਾ ਉਸ ਨੂੰ ਆਪਣੇ ਹੀ ਰੂਬਰੂ ਹੋ ਅਕੱਥ ਕਹਾਣੀ ਪਾਉਂਦਿਆਂ ਆਪੇ ਤੋਂ ਆਪ ਤੱਕ ਦੇ ਸਫ਼ਰ ਦੀ ਜਾਂਚ ਸਿਖਾਉਂਦਾ ਲੱਗਦੈ।ਉਹ ਸੁੱਤ ਉਣੀਂਦੇ ਨੈਣਾਂ 'ਚ ਇੱਕ ਨਵੀਂ ਆਸ ਦੀ ਅੰਗੜਾਈ ਭਰਦੀ ਤਰਲ ਮਨ ਨਾਲ ਬਾਹਾਂ ਫੈਲਾਉਂਦੀ ਉੱਚੇ ਅੰਬਰੀਂ ਤੈਰਦੇ ਜ਼ਰਦ ਚੰਨ ਨੂੰ ਆਪਣੇ ਕਲਾਵੇ 'ਚ ਭਰਨ ਦੀ ਕੋਸ਼ਿਸ਼ ਕਰਦੀ ਹੈ। 

ਉਣੀਂਦੇ ਨੈਣ 
ਤਾਰਾ ਤਾਰਾ ਅੰਬਰ 
ਅਧੂਰਾ ਚੰਨ। 
20 comments:

 1. ਕਿਸੇ ਪਾਠਕ ਨੇ ਮੇਰਾ ਹਾਇਬਨ 'ਕੱਚੀ ਕਾਪੀ' ਪੜ੍ਹਦਿਆਂ ਆਪਣੀ ਯਾਦਾਂ 'ਚੋਂ ਜੋ ਕੁਝ ਸਾਂਝਾ ਕੀਤਾ ਬੱਸ ਉਸੇ ਨੂੰ ਕਲਮਬੱਧ ਕਰਨ ਦੀ ਇੱਕ ਕੋਸ਼ਿਸ਼ ਹੈ ਇਹ 'ਅਧੂਰਾ ਚੰਨ' -ਜੋ ਕਿਸੇ ਦੀ ਜ਼ਿੰਦਗੀ ਦੀ ਸਚਾਈ ਹੈ।

  ReplyDelete
 2. Bhut hi vdiya khani jo ik aurat de sidak nu darsondi hai .....aurat di sehanshilta nu darsondi hai jo sb takleefa jhaldi v apna farz nibhodi aa ....

  ReplyDelete
 3. ਘਾੜੇ ਦੀ ਕਲਾ ਦਾ ਉੱਤਮ ਨਮੂਨਾ ਬਣਕੇ ਰਹਿ ਗਈ ਔਰਤ ਦੀ ਕਹਾਣੀ.!!

  ReplyDelete
  Replies
  1. ਘਾੜਾ ਓਹੀਓ ਘੜਦੈ ਜੋ ਉਸ ਨੂੰ ਦਿਖਾਈ ਦਿੰਦੈ ਤਾਂ ਕਿ ਦੁਨੀਆਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਚੌਗਿਰਦੇ 'ਚ ਕੀ ਹੋ ਰਿਹੈ। ਕੁਝ ਸੋਝੀ ਆਵੇ ਤਾਂ ਕਿ ਹਰ ਕੋਈ ਆਪਣਾ ਵਕਤ ਸੰਭਾਲ ਸਕੇ। ਹੁੰਗਾਰਾ ਭਰਨ ਲਈ ਸ਼ੁਕਰੀਆ ਜੀਓ।

   Delete
 4. Very heart touching story !

  ReplyDelete
  Replies
  1. ਨਿੱਘਾ ਹੁੰਗਾਰਾ ਭਰਨ ਲਈਤਹਿ ਦਿਲੋਂ ਸ਼ੁਕਰੀਆ ਜੀਓ।

   Delete
 5. ਸਬਰ ਤੇ ਸਿਦਕ ਦੀ ਮੂਰਤ ਸਿਰਜੀ ਹੈ ਸਿਰਜਣਹਾਰੇ ਨੇ, ਆਖਰੀ ਸਾਹ ਤੱਕ ਉਮੀਦ ਦੀ ਕਿਰਨ ਨੂੰ ਉਡੀਕਦੀ ਹੈ ।
  ਸੰਪੂਰਨਤਾ ਕਦੇ ਨਹੀਂ ਮਰਨਾ ਚਾਹੁੰਦੀ, ਉਹ ਤਾਂ ਖੰਭ ਖਿਲਾਰ ਕੇ ਅੰਬਰੀਂ ਪਰਵਾਜ਼ ਭਰਨਾ ਲੋਚਦੀ ਹੈ ''

  ReplyDelete
  Replies
  1. ਆਪ ਨੇ ਸਹੀ ਕਿਹਾ ਭੈਣ ਜੀ। ਸਬਰ ਤੇ ਸਿਦਕ ਦੀ ਮੂਰਤ ਹੀ ਤਾਂ ਹੈ ਉਹ !
   ਉਸ ਨੂੰ ਮਿਲ ਕੇ ਮੇਰਾ ਆਪਾ ਸੁੰਨ ਹੋ ਗਿਆ। ਕੋਈ ਐਨਾ ਤਿਆਗ ਕਿਵੇਂ ਕਰਨਾ ਸਿੱਖ ਜਾਂਦਾ ? ਐਨਾ ਸਬਰ ਕਿਵੇਂ ਆ ਜਾਂਦਾ? ਮੇਰਾ ਆਪਾ ਕਈ ਦਿਨ ਖੁਦ ਨਾਲ ਘੁਲਦਾ ਰਿਹਾ। ਬਹੁਤ ਵਿਚਲਿਤ ਕਰ ਦਿੱਤਾ ਸੀ ਮੈਨੂੰ ਉਸ ਨੇ। ਸਹਿਜ ਹੋਣਾ ਇਸ ਵਾਰ ਕਾਫ਼ੀ ਔਖਾ ਸੀ। ਜਿਵੇਂ ਕਹਿੰਦੇ ਨੇ ਕਿ ਓਹ ਦਾਤਾ ਸਭ ਕੁਝ ਸਿਖਾ ਦਿੰਦਾ। ਓਹ ਓਹੀਓ ਕਰਦੈ ਜੋ ਉਸ ਨੂੰ ਸਹੀ ਲੱਗਦੈ। ਸ਼ਾਇਦ ਇਸੇ 'ਚ ਉਸ ਦੀ ਭਲਾਈ ਹੋਣੀ ਹੈ।

   Delete
  2. ਭੈਣ ਜੀ ਬਹੁਤ ਸਿਦਕ ਦੀਆਂ ਮੂਰਤਾਂ ਨੇ ਸਾਡੇ ਆਲੇ ਦੁਆਲੇ, ਕੋਈ ਕਿਸੇ ਰੂਪ ਵਿੱਚ ਕੋਈ ਕਿਸੇ ਵਿੱਚ । ਬਿਲਕੁੱਲ ਸਹੀ ਕਿਹਾ ਆਪ ਨੇ ਰੂਹ ਵਿਚਲਿਤ ਹੋ ਜਾਂਦੀ ਹੈ ਦੇਖ ਕੇ''

   Delete
  3. ਕਦੇ ਕਦੇ ਅਜਿਹੀ ਰੂਹ ਨੂੰ ਮਿਲ ਕੇ ਅਚਨਚੇਤ ਬਹੁਤ ਕੁਝ ਝੋਲੀ ਪੈ ਜਾਂਦਾ ਹੈ। ਬਹੁਤ ਕੁਝ ਸਿਖਾ ਗਈ ਓਸ ਦੀ ਜੀਵਨ ਗਾਥਾ।

   Delete
 6. ਅਧੂਰਾ ਚੰਨ ਦਰਦ ਦੀ ਇਕ ਜੀਂਦੀ ਜਾਗਦੀ ਮੁਰਤ ਹੈ ਏਹ ਹਾਇਬਨ । ਪਤਾ ਨਹੀ ਰੱਬ ਕਿਸੇ ਦੀ ਝੋਲੀ 'ਚ ਏਨੇ ਦੁਖ ਕਿਂਉ ਪਾ ਦਿਂਦਾ ਹੈ ? ਉਹਦਿਆਂ ਉਹ ਹੀ ਜਾਣੇ ।ਕਹਦੇਂ ਹਨ ਕਿ ਵਾਰਹ ਸਾਲ ਬਾਦ ਰੋੜੀ ਦੇ ਵੀ ਦਿਨ ਫਿਰਦੇ ਹਣ । ਏਹ ਵਹਮਾਤਾ ਨੇ ਉਸ ਦੇ ਹੱਥ ਤੇ ਕਿਸਮਤ ਦਿਆਂ ਕੈਸੀ ਲਕੀਰਾਂ ਵਾਹ ਦਿਤਿਆਂ ਕਿ ਉਸ ਨੂੰ ਸਾਰੀ ਉਮਰ ਹੀ ਹੋਕੇ ਭਰਭਰ ਗੁਜਾਰਨੀ ਪੈ ਗਈ ਹੈ ।
  ਇਸ ਤਰਹ ਦੀ ਕਹਾਨੀ ਦੇ ਪਾਤਰ ਮੇ ਂਖੁਦ ਰੱਬ ਹੀ ਸਬਰ ਸਿੱਦਕ ਨਾਲ ਜੀਤਾ ਹੋਤਾ ਹੈ । ਵਹੀ
  ਬਂਦੇ ਦੇ ਕਰਮਾ ਦਾ ਲੇਖਾ ਜੋਖਾ ਪੁਰਾ ਕਰਨ ਵਾਸਤੇ ਭੇਜਦਾ ਹੈ ।ਤਾਕੀ ਹਿਸਾਬ ਪੂਰਾ ਹੋ ਜਾਏ ਫੇਰ ਰੱਬ ਆਪ ਉਸਨੂੰ ਅਪਨੀ ਸ਼ਰਣ 'ਚ ਲੈ ਸਕੇ ।ਅਜ ਦੇ ਯੁਗ 'ਚ ਏਹ ਸਬ ਸਹਨਾ ਕੋਈ ਸਰਲਨਹੀ ।ਪੜ ਕਰ ਏਹ ਕਹਾਨੀ ਰੂਹ ਕਂਬਦੀ ਹੈ ਜੋ ਏਹ ਜੀ ਰਹਾ ਹੈ ।ਉਸ ਕੇ ਦੁਖ ਕਾ ਕੋਈ ਅਂਨਦਾਜਾ ਭੀ ਨਹੀ ਲਗਾ ਸਕਤਾ ।ਹਰਦੀਪ ਦੀ ਕਲਮ ਨੇ ਆੰਸੂ ਗਿਰਾ ਗਿਰਾ ਇਸ ਕਹਾਨੀ ਨੂੰ ਸ਼ਬਦਾ ਦਾ ਵਾਣਾ ਪਹਨਾਆਂ ਹੋਗਾ ।ਬਹੁਤ ਮੇਹਨਤ ਨਾਲ ਮਨਤੇ ਕਾਬੂ ਰਖ ਕੇ ਇਸੇ ਪੂਰਾ ਲਿਖਾ ਹੋਗਾ ।ਸਾਢੀ ਪੜਣ ਵਾਲਿਆਂ ਦੀ ਉਸ ਨਾਲ ਦਿਲੀ ਹਮਦਰਦੀ ਹੈ ।ਪਰ ਅਸੀਂ ਕੁਝ ਕਰ ਨਹੀ ਸਕਤੇ।ਹਰਦੀਪ ਨੇ ਉਸ ਦੇ ਦਰਦ ਦੀ ਸਾਢੇ ਨਾਲ ਸਾੰਝ ਪਾਕੇ ਸਬ ਦੇ ਮਨ ਦੀ ਸਹਾਨੁਭੂਤੀ ਉਸ ਲੇਈ ਇਕੱਠੀ ਕੀਤੀ ਹੈ ।ਉਸ ਕੇ ਮਨ ਕੋ ਜਰੁਰ ਥੋੜਾ ਸ਼ਕੂਨ ਮਿਲੇਗਾ ਮੇਰਾ ਮਨ ਯਹ ਕਹਤਾ ਹੈ । ਉਸ ਕੇ ਮਨ ਕੋ ਮਨ ਕੀ ਬਾਤ ਅਵਸ਼ਯ ਸੁਨਾਈ ਦੇਗੀ ।

  ReplyDelete
  Replies
  1. ਕਮਲਾ ਜੀ ਆਪ ਨੇ ਸਹੀ ਕਿਹਾ ਕਿ ਉਸ ਦੇ ਪਰਮਾਤਮਾ ਨੇ ਉਸ ਦੇ ਹੱਥਾਂ 'ਤੇ ਕਿਹੋ ਜਿਹੀਆਂ ਲਕੀਰਾਂ ਵਾਹ ਦਿੱਤੀਆਂ ? ਸ਼ਾਇਦ ਕਰਮਾਂ ਦਾ ਕੋਈ ਲੇਖਾ -ਜੋਖਾ। ਪਰ ਸਭ ਇਸ ਤੱਥ ਨੂੰ ਨਹੀਂ ਮੰਨਦੇ। ਕਿਹਾ ਜਾਂਦਾ ਹੈ ਕਿ ਅੱਜ ਦੇ ਜ਼ਮਾਨੇ 'ਚ ਔਰਤ ਨੂੰ ਆਪ ਆਪਣੀ ਕਿਸਮਤ ਲਿਖਣੀ ਆਉਣੀ ਚਾਹੀਦੀ ਹੈ।
   ਸਹੀ ਕਿਹਾ ਆਪ ਨੇ ਇਸ ਨੂੰ ਲਿਖਦਿਆਂ ਬਹੁਤ ਦਰਦ ਹੋਇਆ ਤੇ ਮਨ ਬੇਚੈਨ ਹੋਇਆ ਸੀ।
   ਕਹਿੰਦੇ ਨੇ ਕਿ ਦਰਦ ਵੰਡਿਆਂ ਘਟਦੈ ! ਸ਼ਾਇਦ ਸਾਡੇ ਹਮਦਰਦੀ ਭਰੇ ਬੋਲ ਉਸ ਤੱਕ ਅੱਪੜ ਜਾਣ ਤੇ ਉਸ ਨੂੰ ਕੁਝ ਰਾਹਤ ਦੇ ਪਲ ਨਸੀਬ ਹੋ ਜਾਣ। ਬੱਸ ਇਹੋ ਦੁਆ ਹੈ।

   Delete
 7. ਜ਼ਿੰਦਗੀ ਵਿੱਚ ਪੂਰਨਤਾ ਇੱਕ ਸੁਪਨਾ ਹੀ ਹੈ ।ਚੰਨ ਖੁਦ ਇੱਕ ਅਪੂਰਨਤਾ ਦੀ ਮਿਸਾਲ ਹੈ ,ਜਿਸ ਦਿਨ ਪੂਰਾ ਦਿਖਾਈ ਦੇਂਦਾ ਹੈ ਉਸ ਦਿੰਨ ਉਸਦਾ ਦਾਗੀ ਚਿਹਰਾ ਹੋਰ ਵੱਡਾ ਹੋ ਜਾਂਦਾ ਹੈ ।
  ਰਿਸ਼ਤੇ ਦੇ ਦੁੱਖ ਨੂੰ ਤੁਸੀਂ ਸੋਹਣੇ ਤਰੀਕੇ ਨਾਲ ਪੇਸ਼ ਕੀਤਾ ਹੈ ।

  ReplyDelete
  Replies
  1. ਯਹਾਂ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ
   ਕਿਸੀ ਕੋ ਜ਼ਮੀਂ ਤੋਂ ਕਿਸੀ ਕੋ ਆਸਮਾਂ ਨਹੀਂ ਮਿਲਤਾ !
   ਸਹੀ ਕਿਹਾ ਦਿਲਜੋਧ ਸਿੰਘ ਜੀ ਆਪ ਨੇ।
   ਹਾਇਬਨ ਦੀ ਰੂਹ ( ਚੰਨ ਦੇ ਬਿੰਬ ਨਾਲ ਜ਼ਿੰਦਗੀ ਦਾ ਅਧੂਰਾਪਣ) ਤੱਕ ਅੱਪੜ ਹੁੰਗਾਰਾ ਭਰਨ ਲਈ ਸ਼ੁਕਰੀਆ।

   Delete
 8. ਪਰ ਕਿਸੇ ਦੀ ਸੰਘਣੀ ਚੁੱਪੀ ਕਿਵੇਂ ਤੋੜੀਏ ?

  ReplyDelete
  Replies
  1. ਉਸ ਚੁੱਪ ਨੂੰ ਤੋੜਨ ਦੀ ਬਜਾਏ ਸਤਿਕਾਰ ਦਿਓ ...!!

   Delete
  2. ਆਪ ਨੇ ਬਿਲਕੁਲ ਸਹੀ ਕਿਹਾ ਕੁਲਵਿੰਦਰ ਭੈਣ ਜੀ, ਬਣਦਾ ਸਤਿਕਾਰ ਦੇਣਾ ਹੀ ਓਸ ਦੀ ਕੂੰਜੀ ਹੈ। ਮੈਂ ਇੱਥੇ ਆਪਣੇ ਇੱਕ ਹਾਇਬਨ "ਅਧੂਰਾ ਚੰਨ ' ਦੀ ਪਾਤਰ ਦੀ ਗੱਲ ਕਰ ਰਹੀ ਸਾਂ। ਜਿਸ ਦੀ ਚੁੱਪੀ ਦੀ ਗੰਢ ਅੱਜ ਤੱਕ ਕੋਈ ਖੋਲ੍ਹ ਨਾ ਸਕਿਆ।

   Delete
  3. ਆਪੇ ਨਾਲ ਖ਼ੁਦ ਦਾ ਮੁਲਾਕਾਤੀ ਪੱਲ ਸੰਘਣੀ ਤੋਂ ਸੰਘਣੀ ਚੁੱਪ ਵਿੱਚ "ਝੀਤ"ਦਾ ਸਾਜ਼-ਕਲਾਕਾਰ ਹੈ ...ਜਿਵੇਂ ਕਿ "ਅਧੂਰੇ ਚੰਨ" ਵਿੱਚ ਦੂਰ ਚਮਕਦਾ ਤਾਰਾ ...!!

   Delete
 9. ਜਾਗਦੀ ਮਿਸਾਲ

  ReplyDelete
 10. ਇੰਨੀ ਸਹਨਸ਼ੀਲਤਾ ਔਰਤ ਦੇ ਹਿੱਸੇ ਹੀ ਕਿਓਂ ਆਈ, ਇਸ ਗੱਲ ਨੂੰ ਮੈਨੇ ਭੀ ਬਹੁਤ ਵਾਰ ਸੋਚਿਆ ਹੈ ! ਹੁਣ ਜਦੋਂ ਕਦੇ ਕਦੇ ਕਿਸੇ ਕਿਸੇ ਔਰਤ ਦੀ ਕਰੜਾਈ ਸੁਣਦਾ ਹਾਂ ਤਾਂ ਮੈਨੂੰ ਲਗਦਾ ਹੁਣ ਔਰਤ ਇਸ ਗੱਲ ਵਿਚ ਵਿਸ਼ਵਾਸ ਕਰਨ ਲੱਗੀ ਹੈ ਕਿ enough is enough !

  ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ