ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Jun 2017

ਆਸ ਦੀ ਖੂਹੀ (ਹਾਇਬਨ)

Related image
ਖ਼ਾਮੋਸ਼ ਕਿਰਨਾਂ ਦਾ ਕਾਫ਼ਲਾ ਅੰਬਰੋਂ ਉਤਰ ਚੁਫ਼ੇਰਾ ਭਰ ਰਿਹਾ ਲੱਗਦਾ ਸੀ। ਬਿਰਖਾਂ ਦੇ ਗਲ਼ 'ਚ ਬਾਹਾਂ ਪਾਉਂਦੀ ਧੁੱਪ ਛਣ ਛਣ ਕੇ ਸ਼ੀਸ਼ੇ ਦੇ ਆਰ -ਪਾਰ ਹੋ ਕੈਂਸਰ ਵਾਰਡ ਦੇ ਵੱਡੇ ਵਰਾਂਡੇ 'ਚ ਖਿੰਡ ਰਹੀ ਸੀ। ਖੁਸ਼ਕ ਮੌਸਮ 'ਚੋਂ ਉੱਠਦੀ ਰੁੱਖੀ ਜਿਹੀ ਧੂੜ ਉਡ ਕੇ ਹਵਾ ਦੀਆਂ ਲਹਿਰਾਂ ਨੂੰ ਚੁੰਬੜਦੀ ਚੌਗਿਰਦੇ 'ਚ ਫੈਲ ਰਹੀ ਸੀ। ਬੱਸ ਉਹ ਚੁੱਪ -ਚਾਪ ਝਾਕੀ ਜਾ ਰਹੇ ਸਨ । ਉਹਨਾਂ ਦੇ ਜ਼ਰਦ ਚਿਹਰੇ ਹਵਾ ਦੇ ਖੁਸ਼ਕ ਫ਼ਰਾਟਿਆਂ ਨਾਲ ਮੁਰਝਾਏ ਖ਼ਲਾਅ ਨੂੰ ਹੁਟ ਰਹੇ ਸਨ। ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਪੀੜਤ ਕਈ ਤਾਂ ਹਾਰ ਮੰਨੀ ਬੈਠੇ ਸਨ ਤੇ ਕਈ ਜ਼ਿੰਦਗੀ ਤੇ ਮੌਤ ਵਿਚਾਲੇ ਪਲਾਂ ਨੂੰ ਯਾਦਗਾਰੀ ਬਣਾਉਣਾ ਲੋਚਦੇ ਸਨ। 
      ਨਿੰਮਾ ਨਿੰਮਾ ਜਿਹਾ ਮੁਸਕਰਾਉਂਦੀ ਨੇ ਉਸ ਪੈਰ ਅੰਦਰ ਧਰਦਿਆਂ ਹੀ ਤੈਰਦੀਆਂ ਨਜ਼ਰਾਂ ਨਾਲ ਚੁਫ਼ੇਰੇ ਝਾਤੀ ਮਾਰੀ। ਅਠਾਰਾਂ ਕੁ ਵਰ੍ਹਿਆਂ ਨੂੰ ਅੱਪੜੀ ਉਹ ਮਿਲਾਪੜੀ ਤੇ ਹੱਸਮੁੱਖ ਸੁਭਾਅ ਦੀ ਹੈ ਅਤੇ ਆਪਣੀ ਉਮਰ ਨਾਲੋਂ ਵੱਧ ਸਿਆਣੀ ਤੇ ਸੰਵੇਦਨਸ਼ੀਲ ਵੀ । ਉਹ ਇੱਥੇ ਇੱਕ ਵਲੰਟੀਅਰ ਦੇ ਤੌਰ 'ਤੇ ਕੰਮ ਕਰਦੀ ਹੈ। ਉਹ ਪੀੜਤਾਂ ਦੀਆਂ ਅਕਹਿ ਪੀੜਾਂ ਦੇ ਹਾਵੀ ਹੋਏ ਬੋਝ ਤੋਂ ਉਨ੍ਹਾਂ ਨੂੰ ਰਾਹਤ ਦਿਵਾ ਜੀਵਨ ਤਾਂਘ ਦੇ ਬੁਝਦੇ ਦੀਵੇ 'ਚ ਤੇਲ ਪਾਉਣ ਦਾ ਨਿੱਤ ਸਫ਼ਲ ਉਪਰਾਲਾ ਕਰਦੀ ਹੈ।
      ਹੁਣ ਵੀ ਉਹ ਕਿਸੇ ਦੀ ਸੁੱਕ ਰਹੀ ਆਸ ਦੀ ਖੂਹੀ ਨੂੰ ਤ੍ਰਿਪਤਾਉਣਾ ਲੋਚਦੀ ਹੈ ਪਰ ਜਦ ਵੀ ਕਿਸੇ ਦੀਆਂ ਉਦਾਸ ਅੱਖਾਂ ਉਸ ਵੱਲ ਝਮਕ ਪੈਂਦੀਆਂ ਤਾਂ ਉਹ ਝੱਟ ਉਸ ਨੂੰ ਦੇਖਣੋਂ ਟਲ ਜਾਂਦੀਆਂ ਨੇ। ਤਿੰਨ -ਚਾਰ ਬੈਂਚਾਂ ਪਿੱਛੋਂ ਅਚਾਨਕ ਇੱਕ ਪੀੜਤ ਨੇ ਉਸ ਵੱਲ ਤੱਕਿਆ। ਉਸ ਦੀਆਂ ਨਜ਼ਰਾਂ ਟਲਦੀਆਂ -ਟਲਦੀਆਂ ਮੁੜ ਕਰਾਰ ਫੜ ਗਈਆਂ। ਉਸ ਫੇਰ ਤੱਕਿਆ ਤੇ ਪਲ ਦੀ ਪਲ ਉਸ ਦੇ ਚਿਹਰੇ ਉਤੇ ਭਾਗ ਜਿਹਾ ਫਿਰ ਆਇਆ। ਉਸ ਦੀਆਂ ਅੱਖਾਂ ਵਿੱਚ ਲਿਸ਼ਕ ਆਈ, ਜਿਹੜੀ ਕਿ ਇਸ ਵਿਹੜੇ 'ਚ ਬਿਲਕੁਲ ਅਣਹੋਣੀ ਜਾਪਦੀ ਸੀ।ਉਹ ਸੱਤਰਾਂ ਕੁ ਵਰ੍ਹਿਆਂ ਨੂੰ ਢੁੱਕਿਆ ਚਮੜੀ ਦੇ ਕੈਂਸਰ ਨਾਲ ਪੀੜਤ ਸੀ ਤੇ ਪਿਛਲੇ ਦੱਸ ਵਰ੍ਹਿਆਂ ਤੋਂ ਜ਼ੇਰੇ ਇਲਾਜ ਹੈ ।ਉਸ ਨੂੰ ਹੁਣੇ ਹੁਣੇ ਆਪਣੇ ਰੋਗ ਦੇ ਅੰਤਲੇ ਪੜਾਵ ਬਾਰੇ ਪਤਾ ਲੱਗ ਚੁੱਕਿਆ ਸੀ। ਪਰ ਫਿਰ ਵੀ ਉਹ ਸ਼ਾਂਤ ਤੇ ਸਹਿਜ ਦਿਖਾਈ ਦੇ ਰਿਹਾ ਸੀ। ਉਸ ਨੂੰ ਆਪਣੀ ਜ਼ਿੰਦਗੀ ਨਾਲ ਕੋਈ ਗਿਲਾ -ਸ਼ਿਕਵਾ ਨਹੀਂ ਸੀ ਤੇ ਗੱਲਬਾਤ ਵੀ ਖੁੱਲ੍ਹ ਕੇ ਕਰ ਰਿਹਾ ਸੀ। ਅਸਲ 'ਚ ਉਹ ਵੀ ਕਿਸੇ ਜ਼ਮਾਨੇ 'ਚ ਕਿਸੇ  ਮਨੋਚਕਿਤਸਾ ਕੇਂਦਰ ਵਿੱਚ ਏਸ ਕੁੜੀ ਵਾਂਗ ਹੀ ਕੰਮ ਕਰ ਚੁੱਕਾ ਸੀ ਤੇ ਇਹ ਨੇਕ ਕਾਰਜ ਉਸ ਨੂੰ ਆਪਣੀਆਂ ਹੀ ਪੈੜਾਂ ਦੀ ਨਿਸ਼ਾਨਦੇਹੀ ਕਰਦਾ ਲੱਗਦਾ ਸੀ। 
      ਕੁਝ ਪਲਾਂ ਬਾਦ ਉਹ ਲੰਘੇ ਵਕਤਾਂ ਦੇ ਵੱਗ ਚੁੱਕੇ ਓਸ ਪਾਣੀ ਕੋਲ ਜਾ ਬੈਠੀ ਸੀ ਜਿਸ ਨੇ ਪਤਾ ਨਹੀਂ ਕਿੰਨੇ ਮਾਰੂਥਲਾਂ ਨੂੰ ਭਾਗ ਲਾਏ ਹੋਣਗੇ। ਉਹ ਛਾਤੀ ਦੇ ਕੈਂਸਰ ਨਾਲ ਪੀੜਤ ਸੀ ਤੇ ਉਸ ਲਈ ਹਰ ਦਵਾ ਬੇਅਸਰ ਹੋ ਚੁੱਕੀ ਸੀ। ਕਿਸੇ ਦੇ ਉਚੇ ਸੁਰ 'ਚ ਕੀਤੀ ਗੱਲ ਵੀ ਉਸ ਨੂੰ ਅੰਦਰ ਤੱਕ ਤੋੜ ਦਿੰਦੀ ਸੀ। ਅੱਜ ਉਸ 'ਤੇ ਕਿਸੇ ਦਵਾਈ ਦਾ ਨਿਰੀਖਣ ਹੋਣਾ ਸੀ ਜੋ ਉਸ ਦੀ ਬੁਝੂੰ-ਬੁਝੂੰ ਕਰਦੀ ਆਖ਼ਿਰੀ ਉਮੀਦ ਲਈ ਸ਼ਾਇਦ ਓਟ ਬਣ ਸਕਦੀ ਹੋਵੇ । ਉਸ ਦੇ ਹੰਝੂਆਂ ਨੂੰ ਆਪਣੇ ਹੱਥਾਂ 'ਚ ਬੋਚਦੀ ਇਹ ਬੀਬਾ ਉਸ ਨੂੰ ਆਪਣੇ  ਨਿਵਾਰਣ ਦੀ ਤਲਾਸ਼ ਕਰਦੀ ਭਾਸੀ। 
   ਪੱਤਝੜ 'ਚ ਪੱਤਿਆਂ ਦੇ ਝੜਨ ਦੀ ਰੁੱਖਾਂ ਨੂੰ ਆਦਤ ਹੋਣ ਵਾਂਗ ਹੀ ਉਹ ਸਾਹਮਣੇ ਬੈਠੀ ਇੱਕ ਬੇਬੇ ਆਦਤਨ ਆਪਣਾ ਆਪਾ ਲੁਕਾਉਂਦੀ ਜਾਪ ਰਹੀ ਸੀ। ਉਸ ਦੀ ਖ਼ਾਮੋਸ਼ੀ ਨੂੰ ਤੋੜ ਉਸ ਦੇ ਜੀਵਨ ਸਫ਼ਰ ਦੀ ਅਸੁਖਾਵੀਂ ਡਗਰ 'ਤੇ ਝਾਤ ਪਾਉਣਾ ਔਖਾ ਸੀ। ਕਹਿੰਦੇ ਨੇ ਕਿ ਜਦੋਂ ਕਿਸੇ ਨੂੰ ਸਿਸਕੀ ਸਰਾਪ ਮਿਲਦਾ ਹੈ ਤਾਂ ਜ਼ਿੰਦਗੀ ਆਪਣੇ ਸਰੂਪ ਤੋਂ ਮੁਨਕਰੀ ਵੱਲ ਨੂੰ ਅਹੁਲਦੀ ਹੈ। ਕੋਲ ਬੈਠੇ ਉਸ ਦੇ ਪੁੱਤਰ ਨਾਲ ਹੋਈ ਵਾਰਤਾਲਾਪ ਦੌਰਾਨ ਮੂਕ ਬਣੀ ਮੂਰਤ ਵਾਂਗ ਉਸ ਨੇ ਨਾ ਤਾਂ ਨਜ਼ਰਾਂ ਮਿਲਾਈਆਂ ਤੇ ਨਾ ਹੀ ਕੋਈ ਹੁੰਗਾਰਾ ਹੀ  ਭਰਿਆ ਸੀ । 
       ਵਾਰਡ 'ਚ ਵਿਚਰਦਿਆਂ ਉਹ ਬੀਬਾ ਹੁਣ ਓਸ ਮਹਿਲਾ ਕੋਲ ਆ ਬੈਠੀ ਸੀ ਜੋ ਸਾਹਾਂ ਦੀ ਆਖਰੀ ਪੂੰਜੀ ਸੋਹਜ ਦੇ ਲੇਖੇ ਲਾ ਸੋਚਾਂ ਵਿਚਲੀ ਕਾਲਖ ਨੂੰ ਚਾਨਣ ਦੀ ਕਾਤਰ ਸੰਗ ਪੋਚਣਾ ਲੋਚਦੀ ਸੀ। ਨਾ ਤਾਂ ਉਸ ਨੇ ਏਸ ਬਿਮਾਰੀ ਨੂੰ ਆਪਣੇ ਆਪੇ 'ਤੇ ਹਾਵੀ ਹੋਣ ਦਿੱਤਾ ਸੀ ਤੇ ਨਾ ਹੀ ਖਾਣਾ -ਪੀਣਾ ਛੱਡਿਆ ਸੀ। ਉਹ ਤਾਂ ਉਨ੍ਹਾਂ ਪੱਤਝੜੀ ਰੁੱਖਾਂ ਵਾਂਗਰ  ਸੀ ਜੋ ਆਪਣੇ ਪੱਤ ਝੜਨ ਤੋਂ ਪਹਿਲਾਂ ਵੀ ਇੱਕ ਵਾਰ ਸੂਹੀ ਭਾਅ ਚੁਫ਼ੇਰੇ ਬਿਖੇਰ ਦਿੰਦੇ ਨੇ। ਹੁਣ ਵੀ ਉਹ ਭਾਂਤ -ਸੁਭਾਂਤੇ ਫੁੱਲਾਂ ਦੀਆਂ ਰੰਗੀਨ ਫੋਟੋਆਂ ਸੰਗ ਗੱਲੀਂ ਲੱਗੀ ਆਪਾ ਪ੍ਰਚਾ ਰਹੀ ਜਾਪ ਰਹੀ ਸੀ। 
        ਹਰ ਪੀੜਤ ਦੀ ਗਾਥਾ ਧਿਆਨ ਨਾਲ ਸੁਣਦੀ ਹੋਈ ਉਹ ਇੱਕ ਅਜਿਹੀ ਆਸ ਉਨ੍ਹਾਂ ਦੇ ਆਪੇ 'ਚ ਵਿਸਥਾਰਣ ਦਾ ਉਪਰਾਲਾ ਕਰਦੀ ਹੈ ਜਿਹੜੀ ਜਿਉਣ ਕਿਰਨ ਬਣ ਉਨ੍ਹਾਂ ਦੇ ਅੰਦਰ ਫ਼ੈਲਦੀ ਅੰਤਰਮਨ ਨੂੰ ਸੁਖਨ ਸਰਵਰ ਨਾਲ ਭਰ ਦੇਵੇ। ਦਰਦਮੰਦਾਂ ਦੀਆਂ ਆਹਾਂ ਆਪਣੀ ਝੋਲੀ 'ਚ ਸਮੇਟਦੀ ਇਹ ਬੀਬਾ ਨਿੱਤ ਬਣਦੀ ਹੈ ਉਨ੍ਹਾਂ ਦੀ ਪੀੜ ਲਈ ਸਫ਼ਾਅ ਤੇ ਸਦਾਅ। ਪੱਤਝੜ ਦੀ ਰੁੱਤੇ ਖਿੜਦੇ ਕੁਦਰਤੀ ਰੰਗਾਂ ਨੂੰ ਉਨ੍ਹਾਂ ਸਾਹਵੇਂ ਲਿਆ ਬਿਖੇਰਦੀ ਹੈ ਜੋ ਮੁਰਝਾਉਣ ਤੋਂ ਪਹਿਲਾਂ ਟਹਿਕਣਾ ਜਾਣਦੇ ਨੇ। 

ਗੂੜ੍ਹੇ ਬੱਦਲ਼ 
ਧੁਪੀਲੀਆਂ ਰਿਸ਼ਮਾਂ 
ਖਿੜਦੇ ਰੰਗ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 297 ਵਾਰ ਪੜ੍ਹੀ ਗਈ ਹੈ।

10 comments:

  1. ”ਕੁਝ ਪਲਾਂ ਬਾਅਦ ਉਹ ਲੰਘੇ ਵਕਤਾਂ ਦੇ ਵੱਗ ਚੁੱਕੇ ਉਸ ਪਾਣੀ ਕੋਲ਼ ਜਾ ਬੈਠੀ ਸੀ ਜਿਸਨੇ ਪਤਾ ਨਹੀਂ ਕਿੰਨ੍ਹੇ ਮਾਰੂਥਲਾਂ ਨੂੰ ਭਾਗ ਲਾਏ ਹੋਣਗੇ” ”ਕਹਿੰਦੇ ਨੇ ਜਦੋਂ ਕਿਸੇ ਨੂੰ ਸਿਸਕੀ ਸਰਾਪ ਮਿਲਦਾ ਹੈ ਤਾਂ ਜ਼ਿੰਦਗੀ ਆਪਣੇ ਸਰੂਪ ਤੋਂ ਮੁਨਕਰੀ ਵੱਲ ਨੂੰ ਅਹੁਲ਼ਦੀ ਹੈ”। ” ਉਹ ਇੱਕ ਅਜਿਹੀ ਆਸ ਉਨ੍ਹਾਂ ਦੇ ਆਪੇ ’ਚ ਵਿਸਥਾਰਣ ਦਾ ਉਪਰਾਲਾ ਕਰਦੀ ਹੈ ਜਿਹੜੀ ਜਿਉਣ ਕਿਰਨ ਬਣ ਉਨ੍ਹਾਂ ਦੇ ਅੰਦਰ ਫ਼ੈਲਦੀ ਅੰਤਰਮਨ ਨੂੰ ਸੁਖਨ ਸਰਵਰ ਨਾਲ਼ ਭਰ ਦੇਵੇ” ਵਾਹ ! ਹਰਦੀਪ ਕੌਰ ਸੰਧੂ ਜੀ, ਇਸ ਹਾਈਬਨ ਵਿੱਚ ਬਹੁਤ ਹੀ ਸੰਵੇਦਨਸ਼ੀਲ, ਭਾਵਮਈ ਅਤੇ ਉੱਚਕੋਟੀ ਦੀ ਵਾਰਤਿਕ ਦਾ ਨਮੂਨਾ ਸਿਰਜਿਆ ਹੈ। ਜੀਓ!

    ReplyDelete
    Replies
    1. ਇਹ ਹਾਇਬਨ ਅਸਲ ਤੱਥਾਂ 'ਤੇ ਅਧਾਰਿਤ ਹੈ। ਇਸ ਦੇ ਸਾਰੇ ਪਾਤਰ ਅਸਲੀ ਨੇ ਬੱਸ ਪਿੱਠ ਭੂਮੀ ਨੂੰ ਰੂਪਮਾਨ ਕਰਨ ਲਈ ਕੁਦਰਤ ਦੇ ਰੰਗਾਂ ਦਾ ਸਹਾਰਾ ਲਿਆ ਹੈ। ਹਾਇਬਨ ਨੂੰ ਪਸੰਦ ਕਰ ਨਿੱਘੇ ਹੁੰਗਾਰੇ ਲਈ ਸ਼ੁਕਰੀਆ ਅਮਰੀਕ ਭਾਜੀ।

      Delete
  2. ਪੀੜਤਾਂ ਲਈ ਕੀਤੀ ਅਰਦਾਸ ਲਈ ਸ਼ੁਕਰੀਆ ਜੀ।

    ReplyDelete
  3. ਕੈਂਸਰ ਦਾ ਨਾਂ ਸੁਣ ਕੇ ਮੈਂ ਸੁੰਨ ਹੋ ਜਾਂਦਾ ਹਾਂ , ਇਸ ਬਾਰੇ ਨਾਂ ਗੱਲ ਕਰਨਾ ਚਾਹੁੰਦਾ ਹਾਂ , ਨਾਂ ਕੋਈ ਸ਼ਬਦ ਲਭਦਾ ਹਾਂ ਇਸ ਬਾਰੇ ਲਿਖਣ ਲਈ ਕਿਉਂਕਿ ਇਸ ਦਾ ਤਾਂਡਵ ਨਾਚ ਮੈਂ ਆਪਣੇ ਘਰ ਦੇਖ ਚੁੱਕਿਆ ਹਾਂ । ਕੈਂਸਰ ਮਤਲਬ ਮੌਤ ।ਕੈਂਸਰ ਦਾ ਮਰੀਜ਼ ਜੇ ਮੁਸਕਰਾਉਂਦਾ ਹੈ ਤਾਂ ਆਪਣੀ ਆਉਂਦੀ ਮੌਤ ਨੂੰ ਦੇਖ ਕੇ , ਦੁਨੀਆਂ ਨੂੰ ਤਕਦਾ ਹੈ ਕਿਉਂ ਕਿ ਪਤਾ ਨਹੀਂ ਕਲ ਦੇਖਣੀ ਹੈ ਕਿ ਨਹੀਂ । ਕੈਂਸਰ ਦੇ ਵਾਰਡਾਂ ਵਿੱਚ ਡਾਕਟਰ ਮਰੀਜ਼ਾਂ ਦਾ ਭਵਿੱਖ ਜਾਣਦੇ ਹਨ ਫਿਰ ਵੀ ਉਹਨਾਂ ਦੇ ਸਰੀਰਾਂ ਨੂੰ ਰੇਡੀਏਸ਼ਨ ਅਤੇ ਕੀਮੋ ਨਾਲ ਕੋਹ ਰਹੇ ਹੁੰਦੇ ਹਨ । ਮੌਤ ਨੂੰ ਹੋਰ ਕਸ਼ਟ ਦਾਇਕ ਬਣਾ ਰਹੇ ਹੁੰਦੇ ਹਨ । ਇਹ ਮੇਰੇ ਨਿਜੀ ਵਿਚਾਰ ਹਨ ਤੁਹਾਡੀ ਲਿਖਤ ਦੇ ਸਹਿਤਕ ਪੱਖ ਨਾਲ ਕੋਈ ਸਬੰਧ ਨਹੀਂ ।

    ReplyDelete
    Replies
    1. ਆਪ ਦੇ ਵਿਚਾਰ ਪੜ੍ਹੇ , ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨੇ ਆਪ ਨੇ ਬਹੁਤ ਨੇੜੇ ਤੋਂ ਤੱਕਿਆ ਹੈ। ਆਪ ਦਾ ਅਣਜਾਣੇ 'ਚ ਮਨ ਦੁੱਖੀ ਕੀਤਾ ਖਿਮਾ ਦੀ ਜਾਚਕ ਹਾਂ। ਮੈਨੂੰ ਨਹੀਂ ਪਤਾ ਸੀ ਕਿ ਇਹ ਹੋਣੀ ਆਪ ਦੇ ਘਰ 'ਚ ਵੀ ਕਹਿਰ ਢਾਹ ਚੁੱਕੀ ਹੈ।
      ਉਸ ਲਿਖਤ 'ਚ ਕੈਂਸਰ ਪੀੜਤਾਂ ਨਾਲ ਹੋਈ ਗੱਲਬਾਤ ਅਧਾਰ 'ਤੇ ਉਨ੍ਹਾਂ ਨੂੰ ਨੇੜੇ ਤੋਂ ਪੜ੍ਹਨ ਦਾ ਯਤਨ ਕੀਤਾ ਜੋ ਜੇਰੇ ਇਲਾਜ ਨੇ।
      ਇਸ ਲਿਖਤ ਦਾ ਮਤਲਬ ਸਿਰਫ ਲੋਕਾਂ 'ਚ ਜਾਗਰੂਕਤਾ ਪੈਦਾ ਕਰਨਾ ਸੀ ਕਿ ਕਿਵੇਂ ਅਸੀਂ ਉਨਾਂ ਪੀੜਤਾਂ ਨੂੰ ਸਕੂਨ ਦੇ ਸਕਦੇ ਹਾਂ ਚਾਹੇ ਕੁਝ ਪਲਾਂ ਦਾ ਕਿਉਂ ਨਾ ਹੋਵੇ। ਆਪ ਨੂੰ ਦੁੱਖ ਪਹੁੰਚਾਉਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ।

      Delete
  4. ਆਸ ਦੀ ਖੁਹੀ
    इस हाइबन में लेखिका ने वह विषय चुना है जिसका कोई नाम लेना भी अशुभ समझता है ।आज संसार के अनेक लोग इस नामुराद बीमारी के शिकार हैं ।
    इस हाइबन का अगला पक्ष है ।बीमार लोगों की पीड़ा को समझना सुनना अपनत्व जताना ताकि वे चाहे कुछ पल का ही सही ,थोड़ा सकून पा सकें ।रोग से ध्यान बँटाने का यह एक कामयाब तरीका है ।ऐसा करके वलंटियर लड़की इन्सानियत की सेवा कर रही है ।
    उन पीड़ित लोगों के हाव भाव पढ़ने सुनने का जिन्हें मालूम है जिन्दगी बस दवाइयों पर ही निर्भर है ।दवाई काम कर गई तो कुछ दिन जीने को और मिल जायेंगे ।यह बीमारी तो ऐसे घुण की तरह जो जिस्म में पक्का घर बना लेता है । दवाई के प्रभाव से कुछ देर को दब भले जाये ,पर जाता नहीं ।जो इस बीमारी के बाद कुछ दिन और जी लेते हैं ।दूसरे मरीजों को उन की कहानी सुन कर आस बनती है कि शायद वे भी ठीक हो जायेंगे । इन बीमारी के शिकार लोगों की कहानी टैस्ट करने और ट्रीटमेंट करने की बातें सुन कर ही दिल काँप जाता है ।जो इस हालात से गुजर रहें हैं उन की कल्पना ही नहीं की जा सकती ।
    वलंटियर का काम करने वाली लड़की बड़ी हिम्मत और रहम दिल्ली का काम कर रही है । यह भगवान की ही उसपर कृपा है जो वह इतनी नामुराद बिमारी के शिकार लोगों को उन की कहानी सुनकर उनके मन से कुछ देर आस के पल देने का काम कर रही है ।इस से उन्हें कितना सकून मिलता होगा वे महसूस भले न करें लेकिन लड़की के कहे दो मीट्ठे बोल और मधुर मुस्कान की किरणे फैलाना ही बहुत कुछ कर देता है कोई माने या ना उनके मन पर बातें प्रिन्ट हो जाती हैं ।उनके अन्तिम पल अवश्य सुखाले हो जायें गे । मैं अपने निज के जीवन में ऐसे सुकून भरे पल का सुख ले चुकी है ।ऐसा हौसला देने वाला कोई भी रब्बी रूप ही लगता है ।
    दुख की बात तो यह है आज की दुनिया में दूर नजदीक का हर किसी का अपना इस बिमारी का शिकार हो चुका है । सेहत सम्बंधी पूरी सावधानी के बावजूद उनके शरीर इस की पकड़ में आ रहे हैं । खाने पीने वाले पदार्थों में मिले कैमिकल लोगों की जिन्दगी को नर्क बना रहें हैं ।हम कुछ नहीं कर पा रहे । डाक्टर पुरजोर मेहनत करके मरीज की जिन्दगी बचाना चाहते हैं । कुछ बच कर थोड़ा और जी भी लेते हैं ।पर पूरी तरह इस बिमारी से बचाने में कामयाबी हासिल नहीं हुई अभी तक ।
    पहले इस बिमारी को डाक्टर तुरन्त नहीं बताते थे कहीं मरीज सदमें से ही न मर जाये आज ऐसा नहीं है ।मरीज और घर वाले जान जाते हैं इस के बारे में ।और सचाई को नकार नहीं पाते । होनी होकर चल देती है ।लोग धन और अपना जन गवाँ लेते हैं ।लेखिका ने हाइबन में इस बीमारी के लोगों के बार्ड का एक दुख भरा चित्र प्रस्तुत किया है । जो मन को दुखी कर जाता है , लेकिन साथ ही वलंटियर के रूप में काम करने वाली लड़की के इन्सानियत के प्रति सेवा के जज़बे की तरीफ किये बिना हम नहीं रह सकते ।


    Kamla Ghataaura

    ReplyDelete
    Replies
    1. ਹਾਇਬਨ ਦੀ ਰੂਹ ਤੱਕ ਅੱਪੜ ਇਸ ਦੇ ਹਰ ਪੱਖ ਨੂੰ ਮਹਿਸੂਸ ਕਰ ਕੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕਰਨ ਲਈ ਕਮਲਾ ਜੀ ਤਹਿ ਦਿਲੋਂ ਸ਼ੁਕਰੀਆ।
      ਆਪ ਨੇ ਸਹੀ ਕਿਹਾ ਕਿ ਇਸ ਹਾਇਬਨ ਦਾ ਮੁਖ ਵਿਸ਼ਾ ਉਨ੍ਹਾਂ ਪੀੜਤਾਂ ਦੇ ਮਨ ਦੀ ਗੱਲ ਨੂੰ ਸੁਣਨਾ ਹੀ ਹੈ ਤੇ ਲੋੜੀਂਦੀ ਸਲਾਹ ਦੇਣਾ ਹੈ ਜੋ ਕਈ ਵਾਰ ਉਹ ਝਿਜਕਦੇ ਹੋਏ ਕਿਸੇ ਕੋਲੋਂ ਪੁੱਛਦੇ ਹੀ ਨਹੀਂ।
      ਕਈ ਵਾਰ ਡਾਕਟਰ ਨੂੰ ਉਹ ਆਪਣੀ ਤਕਲੀਫ ਵੀ ਬਿਆਨ ਨਹੀਂ ਕਰਦੇ ਇਹ ਸੋਚਦੇ ਹੋਏ ਕਿ ਇਹ ਤਕਲੀਫ ਤਾਂ ਸ਼ਾਇਦ ਉਹਨਾਂ ਸਭਨਾਂ ਨੂੰ ਹੀ ਹੋਵੇਗੀ ਜੋ ਇਸ ਰੋਗ ਨਾਲ ਪੀੜਤ ਨੇ। ਪਰ ਅਜਿਹਾ ਨਹੀਂ ਹੁੰਦਾ।
      ਵਲੰਟੀਅਰ ਕੁੜੀ ਸੱਚ 'ਚ ਹੀ ਬੜੀ ਸੰਵੇਦਨਸ਼ੀਲ ਹੈ। ਉਸ ਦੀ ਟਰੇਨਿੰਗ ਦੌਰਾਨ ਇੱਕ ਵੱਡੇਰੀ ਉਮਰ ਦੀ ਵਲੰਟੀਅਰ ਨੇ ਉਸ ਨੂੰ ਗੱਲਬਾਤ ਕਰਦਿਆਂ ਤੱਕਿਆ ਹੋਵੇਗਾ। ਤੇ ਜਦੋਂ ਅਸਲ ਡਿਊਟੀ ਦਾ ਸਮਾਂ ਆਇਆ ਤਾਂ ਓਸ ਵੱਡੇਰੀ ਉਮਰ ਦੀ ਵਲੰਟੀਅਰ (ਜੋ ਇੱਕ ਰਿਟਾਇਰ ਨਰਸ ਹੈ ) ਨੇ ਕਹਿ ਕੇ ਆਪਣੀ ਡਿਊਟੀ ਇਸ ਕੁੜੀ ਨਾਲ ਲਗਵਾਈ ਹੈ। ਭਾਵੇਂ ਇਹ ਇੱਕ ਮਮੂਲੀ ਜਿਹਾ ਵਰਤਾਰਾ ਹੈ ਪਰ ਜੇ ਗਹੁ ਨਾਲ ਵਾਚੀਏ ਤਾਂ ਬਹੁ ਅਰਥਾ ਤੇ ਬਹੁ ਪਰਤਾ ਵਰਤਾਰਾ ਵੀ ਹੈ। ਇਹ ਅਜੋਕੇ ਸਮੇਂ ਦੀ ਮੰਗ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਨੂੰ ਜਾਣੂੰ ਕਰਵਾਉਂਦੇ ਹੋਏ ਉਨ੍ਹਾਂ ਦੇ ਦਿਲਾਂ 'ਚ ਇਸ ਪ੍ਰਤੀ ਜਜ਼ਬਾ ਪੈਦਾ ਕਰੀਏ।

      Delete
  5. ਮੇਰੇ ਨਿੱਜੀ ਵਿਚਾਰ: ਆਸ ਦੀ ਖੂਹੀ (ਹਾਇਬਨ)

    ਆਸ ਦੀ ਖੂਹੀ (ਹਾਇਬਨ) ਦੀ ਸ਼ੁਰੂਆਤ ਪ੍ਰਕ੍ਰਿਤੀ ਦੇ ਉਦਾਸੀਨਤਾ ਨੂੰ ਦਰਸਾਉਂਦੀ,ਕੈਂਸਰ ਹਸਪਤਾਲ ਦੇ ਕੈਂਸਰ ਵਾਰਡ ਵਿਚ ਇਲਾਜ ਲਈ ਉਡੀਕਵਾਨ ਮਰੀਜ਼ਾਂ ਦੇ ਨਿਰਾਸ਼ਾਜਨਕ ਮਨੋਦਸ਼ਾ ਦੇ ਝਲਕਾਰੇ ਦੀ ਮੂੰਹ ਬੋਲਦੀ ਤਸਵੀਰ ਹੈ,ਜਿਨ੍ਹਾਂ ਵਿਚੋਂ ਕਈ ਤਾਂ ਜੀਵਨ ਹਾਰ ਮੰਨੀ ਬੈਠੇ ਹਨ ਤੇ ਕਈ ਜ਼ਿੰਦਗੀ ਤੇ ਮੌਤ ਵਿਚਾਲੇ ਇਨ੍ਹਾਂ ਪਲਾਂ ਨੂੰ ਯਾਦਗਾਰੀ ਬਣਾਉਣਾ ਲੋਚਦੇ ਹੋਏ ਠੀਕ ਹੋਣ ਦੀ ਪ੍ਰਬਲ ਇੱਛਾਵਾਂ ਰੱਖਦੇ ਹਨ।

    ਕੈਂਸਰ ਦੇ ਰੋਗੀਆਂ ਦੀ ਅਜਿਹੀ ਭਾਵਾਤਮਿਕ ਪ੍ਰਕਿਰਿਆਵਾਂ ਉਨ੍ਹਾਂ ਦੇ ਜੀਵਨ 'ਚ ਸੰਘਰਸ਼ ਕਰਦਿਆਂ ਆਏ ਕਈ ਕਾਰਕਾਂ 'ਤੇ ਨਿਰਭਰ ਹੁੰਦੀ ਹੈ ਜੋ ਬਿਮਾਰੀ ਦੇ ਵੱਖ ਵੱਖ ਸੋਗ ਪੜਾਵਾਂ- ਕੈਂਸਰ ਦੀ ਸ਼ੁਰੂਆਤੀ ਪ੍ਰਕਿਰਿਆ ਤਣਾਅ ਅਤੇ ਸਮਾਯੋਜਨ ਵਿਚੋਂ ਦੀ ਹੋ ਕੇ ਲੰਘਦੀਆਂ ਹਨ। ਇਸੇ ਲਈ ਉਨ੍ਹਾਂ ਦੀ ਇਸ ਵਿਚੋਂ ਨਿਕਲੀ ਚਿੰਤਾ,ਸਦਮਾ, ਉਦਾਸੀ, ਪ੍ਰੇਸ਼ਾਨੀ ਅਤੇ ਅਵਿਸ਼ਵਾਸ ਦੇ ਮਿਸ਼ਰਤ ਲੱਛਣਾਂ ਦੁਆਰਾ ਦਰਸਾਈ ਗਈ ਤਕਲੀਫ਼ ਦੇ ਵਿਕਲਪਾਂ ਬਾਰੇ ਮਰੀਜ਼ ਨੂੰ ਸੋਸ਼ਲ ਵਰਕਰਾਂ, ਨਰਸ ਕੌਂਸਲਰਾਂ ਰਾਹੀਂ ਉਪਲਬਧ ਸਹਾਇਤਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੋ ਨਿਸ਼ਚਿਤ ਰੂਪ ਵਿਚ ਗੁਣਕਾਰੀ ਸਿੱਧ ਅਤੇ ਸਫਲਤਾਪੂਰਵਕ ਹੁੰਦੇ ਹਨ।

    ਇਸ ਹਾਇਬਨ ਵਿਚ ਵੀ ਇੱਕ ਅਜਿਹੀ ਹੀ ਵਲੰਟੀਅਰ ਸੰਵੇਦਨਸ਼ੀਲ ਦਾ ਚੰਗੇ ਮਨੁੱਖੀ ਗੁਣਾਂ ਵਾਲੇ ਚਿਹਰੇ ਦਾ ਵਿਆਖਿਆ ਭਰਪੂਰ ਬਿਆਨ ਮਿਲਦਾ ਹੈ,ਜੋ ਉਹ ਸੱਚੇ ਦਿਲੋਂ ਇਨ੍ਹਾਂ ਰੋਗੀਆ ਦੇ ਜੀਵਨ ਵਿਚ 'ਸੁੱਕ ਰਹੀ ਆਸ ਦੀ ਖੂਹੀ ਨੂੰ ਤ੍ਰਿਪਤਾਉਣਾ ਲੋਚਦੀ ਹੈ।' ਹਾਂ,ਬਿਲਕੁਲ ਅਜਿਹਾ ਹੀ,ਜੋ ਕਦੇ ਉਹ ਵੀ ਵਲੰਟੀਅਰ ਦੇ ਰੂਪ ਵਿਚ ਇਸ ਹਸਪਤਾਲ ਵਿਚ ਆਇਆ ਅਤੇ ਇਸ ਕੁੜੀ ਵਾਂਗ ਹੀ ਕੰਮ ਕਰ ਚੁੱਕਾ ਸੀ। ਉਹਨੂੰ ਮਹਿਸੂਸ ਹੋਇਆ ਜਿਵੇਂ 'ਇਹ ਨੇਕ ਕਾਰਜ ਉਸ ਨੂੰ ਆਪਣੀਆਂ ਹੀ ਪੈੜਾਂ ਦੀ ਨਿਸ਼ਾਨਦੇਹੀ ਕਰਦਾ ਲੱਗਦਾ ਸੀ।'

    ਉਹ ਵਲੰਟੀਅਰ ਕੁੜੀ,ਚਮੜੀ ਦੇ ਕੈਂਸਰ ਪੀੜਤ ਨਾਲ ਗ੍ਰਸੇ ਇਸ ਰੋਗੀ ਕੋਲ ਆ ਬੈਠੀ ਅਤੇ ਆਪਣੀ ਯੋਗਤਾ ਅਨੁਸਾਰ ਉਸ ਦੇ ਰੂਬਰੂ ਹੋ ਗਈ। ਮਰੀਜ਼ ਨੂੰ ਮਹਿਸੂਸ ਹੋਇਆ ਜਿਵੇਂ ਉਹ ਉਹਦੇ ਲਈ 'ਨਿਰਵਾਣ ਦੀ ਤਲਾਸ਼ ਕਰਦੀ ਭਾਸੀ।' ਉਸ ਲੜਕੀ ਦੇ ਇਸ ਵਤੀਰੇ ਨਾਲ ਮਰੀਜ਼ ਨੂੰ ਕਿੰਨੀ ਸ਼ਾਂਤੀ ਮਿਲੀ ਹੋਊ,ਇਹ ਤਾਂ ਉਸ ਦਾ ਮਨ ਹੀ ਜਾਣਦਾ ਹੈ?

    ਹੁਣ ਉਹ ਇੱਕ ਅਜਿਹੀ ਮਹਿਲਾ ਕੋਲ ਆ ਗਈ ਸੀ ਜਿਸ ਦੇ ਆਪੇ ਦੀ ਅਖੀਰਲੀ ਪਤਝੜ ਨੂੰ ਆਸ ਦੀਆਂ ਗੁਲਾਬੀ ਕਰੂੰਬਲਾਂ ਦੀ ਮਹਿਕ ਨਾਲ' ਉਸ ਦਾ ਆਪਾ ਪਰਚਾ ਰਹੀ ਸੀ।'

    ਇਹ ਬੀਬਾ,ਨਿੱਤ ਪ੍ਰਤੀ ਨਿਯਮਤ ਸਮਾਂ ਲਈ ਕੈਂਸਰ ਪੀੜਤ ਮਰੀਜ਼ਾਂ ਦੀ ਨਕਾਰਾਤਮਿਕ ਸੋਚ ਨੂੰ ਸਕਾਰਾਤਮਿਕ ਰਵੱਈਏ ਵਿਚ ਕਾਇਮ ਰੱਖਣ ਦੀ ਪੂਰੀ ਯਤਨਸ਼ੀਲ ਹੈ।

    ਕੈਂਸਰ ਪੀੜਤ ਲੋਕਾਂ ਦੀ ਸੋਚ ਆਮ ਲੋਕਾਂ ਨਾਲੋਂ ਬਹੁਤ ਭਿੰਨ ਹੁੰਦੀ ਹੈ,ਜਿਸ ਨੂੰ ਮੈਂ ਜ਼ਾਤੀ ਤਜਰਬੇ ਦੇ ਆਧਾਰ ਤੇ ਕਹਿ ਸਕਦਾ ਹਾਂ ਕਿਉਂਕਿ ਮੇਰੀ ਪਤਨੀ ਵੀ ਇਸ ਰੋਗ ਵਿਚੋਂ ਆਪਣੀ ਜ਼ਿੰਦਗੀ ਦੇ ਬਿਹਤਰੀਨ ਦਸ ਸਾਲ ਦੇ ਲੰਬੇ ਸਮੇਂ ਨੂੰ ਤੜਫਣ ਵਿਚੋਂ ਦੀ ਲੰਘਾ ਚੁੱਕੀ ਹੈ।

    ਡਾ:ਹਰਦੀਪ ਕੌਰ ਸੰਧੂ ਹੋਰਾਂ ਨੇ ਕੈਂਸਰ ਦੇ ਵਿਸ਼ੇ ਤੇ ਸੁੰਦਰ ਕਾਵਿਕ ਸ਼ੈਲੀ ਰਾਹੀਂ ਉਨ੍ਹਾਂ ਮਰੀਜ਼ਾਂ ਦੇ ਮਨਾਂ ਦੀ ਪੀੜਾ ਨੂੰ ਬਹੁਤ ਭਾਵਪੂਰਨ ਅਤੇ ਵਿਲੱਖਣ ਅੰਦਾਜ਼ ਵਿਚ ਪੇਸ਼ ਕਰ ਕੇ ਪਾਠਕਾਂ ਤਕ ਪਹੁੰਚਾਇਆ ਹੈ ਅਤੇ ਨਾਲ ਹੀ ਜਾਗਰੂਕਤਾ ਦਾ ਉਦੇਸ਼ ਵੀ ਦਿੱਤਾ ਹੈ ਕਿ ਕਿਸ ਤਰ੍ਹਾਂ ਅਜਿਹੇ ਮਰੀਜ਼ਾਂ ਦੇ ਜਜ਼ਬਾਤ ਨਾਲ ਨਜਿੱਠਣਾ ਲੋੜੀਂਦਾ ਹੈ,ਜਿਸ ਲਈ ਉਹ ਵਧਾਈ ਦੇ ਪਾਤਰ ਹਨ।
    -0-
    ਸੁਰਜੀਤ ਸਿੰਘ ਭੁੱਲਰ - 02-07-2017

    ReplyDelete
    Replies
    1. ਹਾਇਬਨ ਪਸੰਦ ਕਰਨ ਲਈ ਤੇ ਹਮੇਸ਼ਾਂ ਵਾਂਗ ਬਰੀਕੀ ਨਾਲ ਵਿਆਖਿਆ ਕਰਦਿਆਂ ਕੀਤੀ ਹੌਸਲਾ ਅਫ਼ਜਾਈ ਲਈ ਮੇਰੇ ਕੋਲ ਨਹੀਂ ਆਪ ਦਾ ਸ਼ੁਕਰੀਆ ਕਰਨ ਲਈ।
      ਆਪ ਦੀ ਭਾਵਪੂਰਨ ਟਿੱਪਣੀ ਪੜ੍ਹਦਿਆਂ ਲੱਗਿਆ ਕਿ ਮੈਂ ਇੱਕ ਵਾਰ ਵੇਰ ਉਨ੍ਹਾਂ ਪੀੜਤਾਂ ਦੇ ਸਨਮੁੱਖ ਬੈਠੀ ਓਸ ਵਲੰਟੀਅਰ ਕੁੜੀ ਨਾਲ ਗੱਲਬਾਤ ਕਰਦੀ ਉਨ੍ਹਾਂ ਦੀਆਂ ਅਕਹਿ ਪੀੜਾਂ ਨੂੰ ਕੁਝ ਪਲਾਂ ਲਈ ਹਰ ਕੇ ਰਾਹਤ ਦਿਵਾ ਰਹੀ ਹੋਵਾਂ। ਆਪ ਨੇ ਸਹੀ ਕਿਹਾ ਕਿ ਉਹ ਕੁੜੀ ਓਸ ਵਕਤ ਕਿੰਨੀ ਸ਼ਾਂਤ ਚਿੱਤ ਹੋਵੇਗੀ ਜਦੋਂ ਉਹ ਉਨ੍ਹਾਂ ਦੀਆਂ ਤਕਲੀਫ਼ਾਂ ਨੂੰ ਸੁਣ ਰਹੀ ਹੋਵੇਗੀ। ਉਸ ਦਾ ਕਹਿਣਾ ਹੈ ਕਿ ਓਸ ਸੰਸਥਾ 'ਚੋਂ ਬਾਹਰ ਆਉਂਦੇ ਵਕਤ ਉਸ ਦਾ ਆਪਾ ਬਹੁਤ ਅੰਭਿਆ ਹੁੰਦਾ ਹੈ। ਸੰਸਥਾ ਵੱਲੋਂ ਇਹਨਾਂ ਵਲੰਟੀਅਰ ਵਰਕਰਾਂ ਦੀ ਮਨੋਸਥਿਤੀ ਨੂੰ ਸੰਤੁਲਨ 'ਚ ਰੱਖਣ ਲਈ ਵੀ ਪ੍ਰਬੰਧ ਹੈ ਜਿੱਥੇ ਉਹ ਸੰਸਥਾ ਨੂੰ ਫੋਨ ਕਰ ਸਲਾਹ ਮਸ਼ਵਰਾ ਕਰ ਸਕਦੇ ਨੇ।
      ਆਪ ਦੇ ਵਿਚਾਰਾਂ ਨਾਲ ਇਹ ਹਾਇਬਨ ਸੰਪੂਰਨ ਹੋ ਗਿਆ। ਬਹੁਤ ਬਹੁਤ ਸ਼ੁਕਰੀਆ।

      Delete
  6. ਆਸ ਦੀ ਖੂਹੀ -
    ਇਹ ਕਹਾਣੀ ਕੈਂਸਰ ਦੇ ਮਰੀਜ਼ਾਂ ਦੀ ਮਨੋਦਸ਼ਾ ਦਰਸਾਉਂਦੀ ਹੈ। ਵੈਸੇ ਤਾਂ ਇਸ ਨੂੰ ਨਾਮੁਰਾਦ ਬਿਮਾਰੀ ਕਹਿੰਦੇ ਹਨ। ਕਿਸੇ ਮਰੀਜ਼ ਕੋਲ ਬੈਠਣਾ ਤਾਂ ਕੀ
    ਅਜੇ ਵੀ ਲੋਕ ਇਸ ਦਾ ਨਾਮ ਨਹੀਂ ਲੈਂਦੇ। ਡਾ ਹਰਦੀਪ ਕੌਰ ਸੰਧੂ ਨੇ ਇਸ ਵਿਸ਼ੇ ਨੂੰ ਬਾਖੂਬੀ ਬਿਆਨ ਕੀਤਾ ਹੈ। ਕਿੰਨੀ ਤਕਲੀਫ਼ ਮਾਨਸਿਕ ਸਰੀਰਿਕ ਇਹ ਮਰੀਜ਼ ਝੇਲਦੇ ਹਨ। ਔਖਾ ਮੰਜ਼ਰ ਆਉਂਦਾ ਹੈ। ਮਰੀਜ਼ ਆਪਣੀ ਨਿਰਾਸ਼ ਹੋ ਜਾਂਦੇ ਹਨ। ਪਰ ਜਦੋਂ ਕੋਈ ਆਸ ਦੀ ਕਿਰਨ ਉਨ੍ਹਾਂ ਨੂੰ ਮਿਲਦੀ ਹੈ , ਕੋਈ ਉਨ੍ਹਾਂ ਦਾ ਦੁੱਖ ਦਰਦ ਸਮਝਦਾ ਹੈ , ਉਨ੍ਹਾਂ ਕੋਲ ਬੈਠਦਾ ਹੈ ਤਾਂ ਉਹਨਾਂ ਨੂੰ ਵੀ ਜਿਉਣ ਦਾ ਦਿਲ ਕਰਦਾ ਹੈ।
    ਇਸ ਹਾਇਬਨ ਦੀ ਨਾਇਕਾ ਕੁੜੀ ਛੋਟੀ ਉਮਰ ਦੀ ਹੀ ਹੈ ਤੇ ਵਲੰਟੀਅਰ ਹੈ। ਉਹ ਬਹੁਤ ਸੱਭਿਅਕ ਤੇ ਸਮਝਦਾਰ ਕੁੜੀ ਹੈ। ਉਹ ਰੁਟੀਨ ਨਾਲ ਇਹਨਾਂ ਮਰੀਜ਼ਾਂ ਨੂੰ ਦੇਖਣ ਆਉਂਦੀ ਹੈ। ਮੁਸਕਰਾਉਂਦੀ ਹੋਈ ਤੇ ਸਭ ਨੂੰ ਫੁਲ ਅਟੈਂਸ਼ਨ ਦਿੰਦੀ ਹੋਈ। ਮੈਨੂੰ ਤਾਂ ਇਹ ਕੁੜੀ ਫ਼ਰਿਸ਼ਤਾ ਲੱਗਦੀ ਹੈ ਜੋ ਹਰ ਇੱਕ ਦਾ ਦੁੱਖ ਸੁਣਦੀ ਹੈ ਤੇ ਪਿਆਰ ਨਾਲ ਉਹਨਾਂ ਕੋਲ ਬੈਠ ਕੇ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵੀ ਕਰਦੀ ਹੈ। ਉਹ ਬਹੁਤ ਹੀ ਇਮੋਸ਼ਨਲ ਤੇ ਗੁਣਵਾਨ ਹੈ ਜੋ ਆਪਣੀ ਸੱਚੀ ਮੁਸਕਾਨ ਤੇ ਡੇਡੀਕੇਸ਼ਨ ਨਾਲ ਆਪਣਾ ਫਰਜ਼ ਪੂਰਾ ਕਰਦੀ ਹੈ। ਉਸ ਨੂੰ ਵਧੀਆ ਸੰਸਕਾਰ ਮਿਲੇ ਹਨ ਜੋ ਉਸ ਦੇ ਵਰਤਾਰੇ ਤੋਂ ਝਲਕਦੇ ਹਨ।ਉਹ ਕੈਂਸਰ ਦੇ ਮਰੀਜ਼ਾਂ ਨੂੰ ਪੋਜ਼ਿਟਿਵਟੀ ਵੱਲ ਲੈਜਾਣ ਦਾ ਭਰਪੂਰ ਯਤਨ ਕਰਦੀ ਰਹਿੰਦੀ ਹੈ ਤੇ ਸਫ਼ਲ ਵੀ ਹੁੰਦੀ ਹੈ।
    ਅਜਿਹੇ ਵਲੰਟੀਅਰ ਹੋਣ ਜੋ ਸੱਚੀ ਲਗਨ ਨਾਲ ਆਪਣਾ ਫਰਜ਼ ਪੂਰਾ ਕਰਨ ਤਾਂ ਅਜਿਹੇ ਮਰੀਜ਼ਾਂ ਦੀ ਕਾਫੀ ਤਕਲੀਫ ਤੇ ਰੋਗ ਕਿੰਨਾ ਘੱਟ ਜਾਵੇ। ਉਨ੍ਹਾਂ ਵਿੱਚ ਪੋਜ਼ੀਟਿਵ ਐਨਰਜੀ ਆਵੇ ਤੇ ਉਹ ਵੀ ਜਿਉਣ ਦੀ ਆਸ ਰੱਖਣ।
    ਆਸ ਦੀ ਖੂਹੀ ਸੱਚ ਵਿੱਚ ਆਸ ਦੀ ਖੂਹੀ ਹੈ ਜੋ ਇੱਕ ਉਸ ਬੱਚੀ ਦੇ ਰੂਪ ਵਿੱਚ ਆਈ ਹੈ। ਅੱਜ ਦੇ ਸਮੇਂ ਵਿੱਚ ਸਭ ਬਿਜ਼ੀ ਹਨ। ਕਿਸੇ ਕੋਲ ਵੀ ਦੂਜਿਆਂ ਲਈ ਸਮਾਂ ਨਹੀਂ ਹੁੰਦਾ। ਪਰ ਇਹ ਵਲੰਟੀਅਰ ਬੇਟੀ ਜਿਸਨੂੰ ਮੈਂ ਫ਼ਰਿਸ਼ਤਾ ਕਹਾਂਗੀ ਸਭ ਨੂੰ ਸਪੈਸ਼ਲੀ ਟਾਈਮ ਦਿੰਦੀ ਹੈ। ਕਿੰਨੀ ਲਗਨ ਤੇ ਡੇਡੀਕੇਸ਼ਨ ਹੈ ਉਸ ਅੰਦਰ। ਡਾ. ਹਰਦੀਪ ਕੌਰ ਸੰਧੂ ਤੇ ਉਹ ਫ਼ਰਿਸ਼ਤਾ ਬੇਟੀ ਦੋਨੋਂ ਹੀ ਪ੍ਰਸ਼ੰਸਾ ਦੇ ਕਾਬਿਲ ਹਨ। ਜੁੱਗ -ਜੁੱਗ ਜੀਏ ਇਹ ਫ਼ਰਿਸ਼ਤਾ ਬੇਟੀ ਜਿਸ ਨੇ ਕਿੰਨੇ ਹੋਰ ਨੇਕ ਕੰਮ ਕਰਨੇ ਹਨ
    ਸੁਖਜਿੰਦਰ ਸਹੋਤਾ
    03-07-17

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ