ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Jun 2017

ਕਸ਼ਮੀਰੋ

"ਨੀ ਕਸ਼ਮੀਰੋ ਕੋਠੇ 'ਤੇ ਕੀ ਖੇਹ ਪਈ ਖਾਨੀ ਏਂ ,ਥੱਲੇ ਮਰ ",ਕਸ਼ਮੀਰੋ ਦੀ ਮਾਂ ਨੇ ਗੁੱਸੇ 'ਚ ਆਵਾਜ਼ ਮਾਰੀ ।
''ਮੈਂ ਵਾਲ ਸੁਕਾ ਕੇ ਆਉਣੀ ਆਂ " ਕਸ਼ਮੀਰੋ ਖਿੱਝ ਕੇ ਬੋਲੀ। 

ਉਹ ਵਾਲ ਘੱਟ ਸੁਕਾ ਰਹੀ ਸੀ ਪਰ ਇਧਰ ਉਧਰ ਝਾਤੀਆਂ ਜ਼ਿਆਦਾ ਮਾਰ ਰਹੀ ਸੀ।ਕਦੀ ਵਾਲ ਇੱਕ ਮੋਢੇ 'ਤੇ ਸੁੱਟਦੀ, ਕਦੇ ਦੂਸਰੇ 'ਤੇ ਅਤੇ ਕੋਠੇ 'ਤੇ ਮਟਕ ਮਟਕ ਕੇ ਚੱਲਦੀ । ਮੈਂ ਆਪਣੇ ਕੋਠੇ ਤੋਂ ਸਭ ਦੇਖ ਰਿਹਾ ਸੀ ਅਤੇ ਮੈਨੂੰ ਦੇਖ ਕੇ ਕੁਝ ਜ਼ਿਆਦਾ ਹੀ ਮਟਕ ਰਹੀ ਸੀ। 

ਕਸ਼ਮੀਰੋ ਸੁਨਿਆਰਿਆਂ ਦੀ ਕੁੜੀ ਸੀ ਤੇ 
ਉਸ ਦਾ ਘਰ ਸਾਡੇ ਘਰ ਤੋਂ ਦੋ ਘਰ ਛੱਡ ਕੇ ਸੀ। ਛੱਤਾਂ 'ਤੇ ਬੰਨੇ ਤਾਂ ਹੈ ਨਹੀਂ ਸਨ ਤੇ ਛੱਤਾਂ ਨਾਲ ਛੱਤਾਂ ਜੁੜੀਆਂ ਸਨ। ਸਾਡੇ ਘਰ ਦੀ ਛੱਤ ਦੁਵਾਲੇ ਚਾਰ ਕੁ ਫੁੱਟ ਦਾ ਇੱਟਾਂ ਦਾ ਬੰਨਾ ਸੀ ਪਰ ਉਹ ਜ਼ਿਆਦਾ ਕੋਈ ਉਹਲਾ ਨਹੀਂ ਸੀ ਕਰਦਾ। ਮੈਂ ਹਫਤੇ ਦੀ ਛੁੱਟੀ 'ਤੇ ਘਰ ਗਿਆ ਹੋਇਆ ਸੀ ਅਤੇ ਕੋਠੇ 'ਤੇ ਧੁੱਪ ਸੇਕ ਰਿਹਾ ਸੀ ।

      ਮਾਂ ਨੇ ਦੱਸਿਆ ਕਿ ਕਸ਼ਮੀਰੋ ਦਾ ਆਉਂਦੇ ਐਤਵਾਰ ਵਿਆਹ ਏ ।ਮੁੰਡੇ ਵਾਲੇ ਦਸ ਕੁ ਜਣੇ ਅੰਬਾਲੇ ਤੋਂ ਵਿਆਉਣ ਆ ਰਹੇ ਨੇ।ਸੁਣਿਆਂ ਉਹ ਵੀ ਸੁਨਿਆਰੇ ਨੇ। ਕਸ਼ਮੀਰੋ ਦਾ ਘਰ ਪੈਸੇ -ਧੇਲੇ ਵਲੋਂ ਮਾੜਾ ਹੀ ਸੀ। ਉਸ ਦਾ ਪਿਓ ਇੱਕ ਦੁਕਾਨ ਦੇ ਅੱਗੇ ਆਪਣਾ ਅੱਡਾ ਲਾ ਕੇ ਮਾੜਾ ਮੋਟਾ ਸੁਨਿਆਰ ਦਾ ਕੰਮ ਕਰਦਾ ਸੀ ।

      ਕਸ਼ਮੀਰੋ ਦੀ ਇੱਕ ਅੱਖ ਜਨਮ ਤੋਂ ਹੀ ਖਰਾਬ ਸੀ, ਛੋਟੀ ਸੀ ਅਤੇ ਦਿਖਾਈ ਵੀ ਘੱਟ ਦੇਂਦਾ ਸੀ । ਰੰਗ ਗੋਰਾ ਸੀ , ਅੱਖ ਨੂੰ ਛੱਡ ਕੇ ਬਾਕੀ ਸਭ ਬਣਦੀ ਫਬਦੀ ਸੀ। ਚੱਲਦੀ ਖੂਬ ਮਟਕ ਮਟਕ ਕੇ ਸੀ ਅਤੇ ਜਦੋਂ ਕੋਈ ਦੇਖ ਰਿਹਾ ਹੋਵੇ ਤਾਂ ਹੋਰ ਜ਼ਿਆਦਾ ਮਟਕ ਕੇ ਚੱਲਦੀ ਸੀ ।

 ਸ਼ਾਮ ਨੂੰ ਗਲੀ ਵਿੱਚ ਕਸ਼ਮੀਰੋ ਮਿਲ ਗਈ ।

ਗਲੀ ਵਿੱਚ ਹੋਰ ਕੋਈ ਨਹੀਂ ਸੀ। ਮੇਰੇ ਸਾਹਮਣੇ ਖਲੋਦਿਆਂ    ਬੋਲੀ -''  ਤੈਨੂੰ ਧੁੱਪ ਸੇਕਦੇ ਨੂੰ ਅੱਜ ਛੱਤ 'ਤੇ ਦੇਖਿਐ ਸੀ ਮੈਂ, ਛੁੱਟੀ ਆਇਆਂ ਲੱਗਦੈਂ। "  


"ਹਾਂ , ਪਤਾ ਲੱਗਾ ਏ ਤੇਰਾ ਵਿਆਹ  ਹੋ ਰਿਹਾ ਏ ", ਮੈਂ ਪੁੱਛਿਆ। 

" ਹੈਰਾਨ ਕਿਉਂ ਹੁੰਦਾ ਏਂ , ਕੀ ਮੇਰਾ ਵਿਆਹ ਨਹੀਂ ਹੋ ਸਕਦਾ। ਫਿਕਰ ਵਾਲੀ ਕੋਈ ਗੱਲ ਨਹੀਂ। ਮੇਰੀ ਖੱਬੀ ਅੱਖ ਨਹੀਂ ,ਮੇਰਾ ਘਰ ਵਾਲਾ ਵੀ ਮੇਰੇ ਵਰਗਾ  ਹੀ ਏ , ਉਸਦੀ ਸੱਜੀ ਅੱਖ ਖਰਾਬ ਏ।"

  ਮੈਂ ਉਸ ਵੱਲ ਨਜ਼ਰ ਭਰ ਵੇਖ ਕੇ ਬੋਲਿਆ, " ਚੰਗੀ ਗੱਲ ਹੈ , ਬੜੀ ਖੁਸ਼ੀ ਵਾਲੀ ਖਬਰ ਏ।"

 ਉਹ ਖਚਰਾ ਜਿਹਾ ਮੁਸਕਰਾਈ ਅਤੇ ਮੋਢੇ 'ਤੇ ਚੁੰਨੀ ਠੀਕ ਕਰਦੇ ਬੋਲੀ, " ਮੇਰੇ ਵਿਆਹ 'ਤੇ ਜ਼ਰੂਰ ਆਵੀਂ ,ਭਾਵੇਂ ਛੁੱਟੀ ਹੋਰ ਲੈਣੀ ਪਵੇ।"

 "ਠੀਕ ਏ ਜ਼ਰੂਰ ਆਵਾਂਗਾ ," ਕਹਿ ਕੇ ਮੈਂ ਉਥੋਂ ਚੱਲਣ ਲੱਗਾ । 

 "ਮੈਨੂੰ ਵਿਦਾ ਹੁੰਦੀ ਨੂੰ ਰੱਜ ਕੇ ਵੇਖ ਲਵੀਂ। ਉਸ ਤੋਂ ਬਾਅਦ ਮੈਂ ਕੋਠੇ 'ਤੇ ਨਹੀਂ ਦਿਸਣਾ।"  



 ਉਹ ਆਪਣੇ ਦਿਲ ਦੀ ਕਹਿ ਕੇ ਹੱਸਦੀ ਹੋਈ ਅੱਗੇ ਨਿਕਲ ਗਈ ਅਤੇ ਮੈਂ ਸੁੰਨ ਖੜਾ ਮਟਕ -ਮਟਕ ਜਾਂਦੀ ਨੂੰ ਪਿੱਛੋਂ ਦੇਖ ਰਿਹਾ ਸੀ ।

ਦਿਲਜੋਧ ਸਿੰਘ

ਨੋਟ : ਇਹ ਪੋਸਟ ਹੁਣ ਤੱਕ 122 ਵਾਰ ਪੜ੍ਹੀ ਗਈ ਹੈ। 

4 comments:

  1. ਮੇਰਾ ਨਿੱਜੀ ਵਿਚਾਰ:

    ਕਸ਼ਮੀਰੋਂ (ਮਿੰਨੀ ਕਹਾਣੀ

    ਕਹਾਣੀ ਰਾਹੀਂ ਕਿਸ਼ੋਰ ਉਮਰ ਦੇ ਦੋ ਪਾਤਰਾਂ ਵਿਚਕਾਰ ਤਬਦੀਲੀਆਂ ਆਉਣ ਕਾਰਨ,ਉਹ ਜਿਨਸੀ ਛੇੜ-ਛਾੜ ਲਈ ਗੱਲਬਾਤ ਕਰਨ ਦੇ ਉੱਤੋਂ ਉੱਤੋਂ ਮੌਕਿਆਂ ਦੀ ਮੰਗ ਕਰਦੇ ਦਿਸਦੇ ਹਨ।ਇਸ ਸੰਵਾਦ ਨੂੰ ਅੱਗੇ ਤੋਰਨ ਲਈ ਲੇਖਕ ਕਸ਼ਮੀਰੋਂ ਦੇ ਵਿਆਹ ਬਾਰੇ ਗੱਲ ਤੋਰਦਾ ਹੈ। ਦੋਹਾਂ ਦੇ ਮਨਾਂ ਵਿਚ ਮਨੋਰੰਜਨ ਸਥਿਤੀ ਕਿਸੇ ਪੱਕੀ ਦੋਸਤੀ ਵਲ ਕੋਈ ਸੰਕੇਤ ਤਾਂ ਨਹੀਂ ਦਿੰਦੀ ਪਰ ਜਨੂਨ,ਨਜ਼ਦੀਕੀ,ਭਾਵਾਤਮਿਕ ਸਰੀਰਕ ਖਿੱਚ ਅਤੇ ਜਿਨਸੀ ਸਬੰਧ ਵਧਾਉਣ ਦੀ ਪ੍ਰੇਰਨਾ ਜ਼ਰੂਰ ਦੱਸਦੀ ਹੈ। ਕਿਸ਼ੋਰ ਉਮਰ ਦੇ ਬਚਿਆਂ ਵਾਲੀ ਕੱਚੀ ਵਚਨਬੱਧਤਾ ਦੇ ਜਾਰੀ ਰੱਖਣ ਦੀ ਗੱਲ ਕੀਤੀ ਜਾਂਦੀ ਹੈ।ਇੱਕ ਵਾਅਦਾ ਲਿਆ ਜਾਂਦਾ ਹੈ,ਜਦ ਕਸ਼ਮੀਰੋਂ ਇਹ ਕਹਿੰਦੀ ਹੈ,'ਮੇਰੇ ਵਿਆਹ 'ਤੇ ਜ਼ਰੂਰ ਆਵੀ,ਭਾਵੇਂ ਛੁੱਟੀ ਹੋਰ ਲੈਣੀ ਪਵੇ।' ਅਤੇ ਇਸ ਦੇ ਜਵਾਬ ਵਿਚ ਲੇਖਕ ਵੀ ਕੱਚੀ ਵਫ਼ਾਦਾਰੀ ਦੇ ਬੋਲਾਂ 'ਚ ਕਹਿੰਦਾ ਹੈ, 'ਠੀਕ ਏ ਜ਼ਰੂਰ ਆਵਾਂਗਾ।'

    ਇਹ ਕੇਵਲ ਦੋ ਪਾਤਰਾਂ ਦੀ ਕਹਾਣੀ ਨਹੀਂ,ਸਗੋਂ ਇਸ ਕਿਸ਼ੋਰ ਉਮਰ ਦੇ ਬੱਚਿਆਂ 'ਚ ਜੋ ਬਦਲਾਓ ਆਉਂਦੇ ਹਨ ਉਸ ਬਾਰੇ ਸੰਕੇਤ ਮਿਲਦਾ ਹੈ, ਜਿਸ ਦਾ ਅੰਤ ਲੇਖਕ ਨੇ ਬਹੁਤ ਢੁਕਵੇਂ ਅੰਦਾਜ਼ ਵਿਚ ਕੀਤਾ ਹੈ,- - 'ਅਤੇ ਮੈਂ ਸੁੰਨ ਖੜ੍ਹਾ ਮਟਕ -ਮਟਕ ਜਾਂਦੀ ਨੂੰ ਪਿੱਛੋਂ ਦੇਖ ਰਹਾ ਸੀ।' - - ਜੋ ਦੋਵੇਂ ਪਾਸਿਆਂ ਦੇ ਪੁੰਗਰਦੇ ਪਿਆਰ ਦੀ ਕੱਚੀ ਵਫ਼ਾਦਾਰੀ, ਵਾਅਦਾ ਤੇ ਇੱਕ ਦੂਜੇ ਪ੍ਰਤੀ ਆਰਜ਼ੀ ਖਿੱਚ ਦਾ ਪ੍ਰਤੀਕ ਹੈ।

    ਇਸ ਘਟਨਾ ਦੇ ਆਧਾਰ ਤੇ ਸੁਹਣੇ ਸ਼ਬਦਾਂ ਨਾਲ ਸਿਰਜੀ ਕਹਾਣੀ ਲਈ ਮੈਂ ਸਰਦਾਰ ਦਿਲਜੋਧ ਸਿੰਘ ਹੋਰਾਂ ਨੂੰ ਵਧਾਈ ਦਿੰਦਾ ਹਾਂ।
    -0-
    ਸੁਰਜੀਤ ਸਿੰਘ ਭੁੱਲਰ-08-06-2017

    ReplyDelete
    Replies
    1. Lot of thanks for your comments.

      Delete
  2. ਮਿੰਨੀ ਕਹਾਣੀ 'ਕਸ਼ਮੀਰੋ' ਅੱਲੜ ਉਮਰ ਦੇ ਪਿਆਰ ਭਿੱਜੇ ਵਲਵਲਿਆਂ ਦੀ ਕਹਾਣੀ ਹੈ ਜੋ ਥੁੜ ਚਿਰ ਹੁੰਦੇ ਨੇ ਤੇ ਸਮਾਂ ਪਾ ਕੇ ਕਿਧਰੇ ਗਾਇਬ ਹੋ ਜਾਂਦੇ ਨੇ। ਕਹਾਣੀ ਪਾਠਕ ਤੋਂ ਹੁੰਗਾਰਾ ਭਰਵਾਉਂਦੀ ਉਸ ਨੂੰ ਨੂੰ ਨਾਲ ਲਈ ਤੁਰਦੀ ਹੈ।

    ReplyDelete
    Replies
    1. Thanks for posting the story and your comments

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ