ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

16 Jul 2017

ਭੁਲੇਖਾ (ਮਿੰਨੀ ਕਹਾਣੀ)

Related imageਡਾਕਟਰ ਦੇ ਕਲੀਨਿਕ 'ਤੇ ਬੈਠੀ ਉਹ ਆਪਣੀ ਵਾਰੀ ਉਡੀਕ ਰਹੀ ਸੀ। ਪੌਣੀ ਸਦੀ ਹੰਢਾ ਚੁੱਕੀ ਉਹ ਦੋ -ਚਹੁੰ ਮਹੀਨਿਆਂ ਬਾਦ ਆਪਣੇ ਜੋੜਾਂ ਦੇ ਦਰਦ ਦੀ ਦਵਾਈ ਲੈਣ ਲਈ ਇੱਥੇ ਆਉਂਦੀ ਹੈ । ਅਚਾਨਕ ਉਸ ਦੀ ਨਿਗ੍ਹਾ ਸਾਹਮਣੇ ਆਉਂਦੀ ਇੱਕ ਬੀਬਾ 'ਤੇ ਪਈ। ਲਿਸ਼ਕਦੀਆਂ ਖ਼ੁਰਾ‌ਫ਼ਾਤੀ ਅੱਖਾਂ ਤੇ ਹਸੂੰ ਹਸੂੰ ਕਰਦਾ ਚਿਹਰਾ। ਉਹੀਓ ਕੱਦ -ਕਾਠ, ਓਹੀਓ ਪਹਿਰਾਵਾ ਤੇ ਚਾਲ -ਢਾਲ। ਉਸ ਨੂੰ ਪਛਾਨਣ 'ਚ ਦੇਰ ਨਾ ਲੱਗੀ। ਇਹ ਤਾਂ ਉਸ ਦੀ ਜਮਾਤਣ ਹੈ । ਉਸ ਨੂੰ ਤਾਂ ਜਿਵੇਂ ਚਾਅ ਚੜ੍ਹ ਗਿਆ ਤੇ ਖੁਸ਼ੀ 'ਚ ਖੀਵੀ ਹੋਈ ਉਸ ਨੂੰ ਮਿਲਣ ਲਈ ਉਤਾਵਲੀ ਹੋ ਉੱਠੀ।
       ਉਸ ਨੂੰ ਆਪਣੇ ਵੱਲ ਆਉਂਦਿਆਂ ਵੇਖ ਉਹ ਉੱਠ ਖਲੋਤੀ। ਹੁਣ ਉਸ ਨੂੰ ਆਪਣੇ ਦੁੱਖਦੇ ਗੋਡਿਆਂ ਦਾ ਅਹਿਸਾਸ ਹੋਇਆ ਤੇ ਨਾਲ਼ ਹੀ ਆਪਣੀ ਉਮਰ ਦਾ। "ਓਹੋ ਕਿੱਡਾ ਭੁਲੇਖਾ ਪੈ ਗਿਆ ," ਉਸ ਆਪੂੰ ਬੁੜਬੜਾਉਂਦਿਆਂ ਕਿਹਾ। ਉਸ ਬੀਬਾ ਨੂੰ ਪੁੱਛਣ 'ਤੇ ਪਤਾ ਲੱਗਾ ਕਿ ਉਹ ਉਸ ਦੀ ਉਸੇ ਜਮਾਤਣ ਦੀ ਹੀ ਧੀ ਸੀ। ਉਸ ਬੀਬਾ ਨੂੰ ਢੇਰ ਅਸੀਸਾਂ ਦਿੰਦਿਆਂ ਅਜੇ ਵੀ  ਉਸ ਨੂੰ ਆਪਣੇ ਭੁਲੇਖੇ ਦੀ ਹਕੀਕਤ 'ਤੇ ਯਕੀਨ ਨਹੀਂ ਹੋ ਰਿਹਾ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 1155 ਵਾਰ ਪੜ੍ਹੀ ਗਈ ਹੈ।

ਲਿੰਕ 1        ਲਿੰਕ 2   ਲਿੰਕ 3

8 comments:

  1. ਜੇ ਇਸ ਕਹਾਣੀ ਨੂੰ ਮਨੋਵਿਗਿਆਨਕ ਬਿਰਤੀ ਨਾਲ ਦੇਖਿਆ ਜਾਵੇ ਤਾਂ ਇਵੇਂ ਲੱਗਦਾ ਹੈ ਕਿ ਸਾਡਾ ਦਿਮਾਗ਼ੀ ਵਰਤਾਰਾ ਏਨਾ ਸ਼ਕਤੀਸਾਲੀ ਹੈ ਕਿ ਉਹ ਸੱਚ ਨੂੰ ਭੇਲੇਖਾ ਅਤੇ ਭੁਲੇਖੇ ਨੁੰ ਸੱਚ ਬਣਾਉਣ ਦੇ ਸਮਰੱਥ ਹੇ। ਜਿੰਨ੍ਹਾਂ ਚਿਰ ਅਸੀਂ ਉਸ ਸਵੈ ਸਿਰਜੇ ਕਲਪਿਤ ਪ੍ਰਭਾਵ ਥੱਲੇ ਰਹਾਂਗੇ, ਅਸੀਂ ਸੱਚ ਤੋਂ ਕਿਨਾਰਾ ਕਸ਼ੀ ਹੀ ਕਰੀ ਜਾਵਾਂਗੇ। ਸ਼ਾਇਦ ਇਸੇ ਅਧਾਰ ਤੇ ਸਾਡੇ ਨਿੱਤਾ ਪ੍ਰਤੀ ਦੇ ਜੀਵਨ ਵਿੱਚ ਇਹ ਮਾਨਸਿਕ ਅਮਲ ਸਾਡੀਆਂ ਸਮੱਸਿਆਵਾਂ ਦੇ ਹੱਲ ਘੱਟ ਅਤੇ ਉਲਝਣਾ ਜ਼ਿਆਦਾ ਪੈਦਾ ਕਰਦਾ ਹੈ।

    ReplyDelete
    Replies
    1. ਆਪ ਨੇ ਸਹੀ ਕਿਹਾ ਅਮਰੀਕ ਭਾਜੀ ਕਿ ਸਾਡਾ ਦਿਮਾਗ ਸਵੈ ਸਿਰਜੇ ਕਲਪਿਤ ਪ੍ਰਭਾਵ ਥੱਲੇ ਜਦੋਂ ਆਉਂਦੈ ਤਾਂ ਉਸ 'ਚੋਂ ਬਾਹਰ ਨਿਕਲਣ ਤੋਂ ਇਨਕਾਰੀ ਹੋ ਜਾਂਦੈ। ਕਈ ਵਾਰ ਮੁਸ਼ਕਿਲਾਂ ਪੈਦਾ ਕਰ ਦਿੰਦਾ ਤੇ ਕਈ ਵਾਰ ਸਕੂਨ ਵੀ ਦੇ ਜਾਂਦੈ ਚਾਹੇ ਕੁਝ ਪਲਾਂ ਦਾ ਹੀ ਹੋਵੇ।
      ਇਸ ਕਹਾਣੀ 'ਚ ਵੀ ਨਾਇਕਾ ਕੁਝ ਪਲਾਂ ਲਈ ਆਪਣੇ ਕਾਲਜੀ ਦਿਨਾਂ 'ਚ ਅੱਪੜ ਜਾਂਦੀ ਹੈ ਤੇ ਆਪਣੀ ਚਿਰ ਵਿਛੜੀ ਸਹੇਲੀ ਨੂੰ ਜਾ ਮਿਲਦੀ ਹੈ। ਉਨ੍ਹਾਂ ਕੁਝ ਪਲਾਂ 'ਚ ਹੀ ਉਹ ਸਾਰੇ ਪਲ ਜਿਉਂਦੀ ਹੈ ਜੋ ਕਦੇ ਉਸ ਆਪਣੀ ਸਹੇਲੀ ਨਾਲ ਵਿਚਰਦਿਆਂ ਬਿਤਾਏ ਸਨ। ਹਕੀਕਤ ਜਾਨਣ ਤੋਂ ਬਾਦ ਵੀ ਉਹ ਉਨ੍ਹਾਂ ਪਲਾਂ 'ਚੋਂ ਬਾਹਰ ਨਿਕਲਣ ਤੋਂ ਇਨਕਾਰੀ ਹੈ ਕਿਉਂਕਿ ਉਹ ਪਲ ਉਸ ਦੇ ਮਨ ਨੂੰ ਸਕੂਨ ਦੇ ਰਹੇ ਨੇ। ਫੇਰ ਇਹਨਾਂ ਪਲਾਂ ਨੂੰ ਕਿਉਂ ਨਾ ਜੀਵਿਆ ਜਾਵੇ ?

      Delete
  2. ਭੁਲੇਖਾ ਕਹਾਣੀ ਬਹੁਤ ਹੀ ਦਿਲਚਸਪ ਕਹਾਣੀ ਹੈ।
    ਜ਼ਿੰਦਗੀ ਦੇ ਸਫ਼ਰ ਵਿੱਚ ਸਾਨੂੰ ਕਈ ਵਾਰ ਅਜਿਹੇ ਚਿਹਰੇ ਦੇਖਣ ਨੂੰ ਮਿਲਦੇ ਹਨ ਕਿ ਸਾਨੂੰ ਉਹਨਾਂ ਦੇ ਜਾਣੇ ਪਛਾਣੇ ਹੋਣ ਦਾ ਭੁਲੇਖਾ ਲੱਗਦਾ ਹੈ। ਅਸੀਂ ਇੱਕਦਮ ਹੈਰਾਨ ਹੋ ਜਾਂਦੇ ਹਾਂ ਕਿ ਅਸੀਂ ਪਹਿਲਾਂ ਵੀ ਮਿਲ ਚੁੱਕੇ ਹਾਂ। ਕਹਾਣੀ ਦੀ ਨਾਇਕਾ ਜੋ ਕਿ ਇੱਕ ਵਡੇਰੀ ਉਮਰ ਦੀ ਔਰਤ ਹੈ ਤੇ ਡਾਕਟਰ ਦੇ ਕਲੀਨਿਕ 'ਤੇ ਆਪਣੀ ਵਾਰੀ ਦੀ ਉਡੀਕ ਕਰ ਰਹੀ ਹੁੰਦੀ ਹੈ ਤੇ ਅਚਾਨਕ ਇੱਕ ਨੌਜਵਾਨ ਔਰਤ ਆਉਂਦੀ ਹੈ ਜਿਸ ਨੂੰ ਵੇਖ ਕੇ ਉਸ ਨੂੰ ਆਪਣੀ ਕਲਾਸਮੇਟ ਦੀ ਯਾਦ ਆਉਂਦੀ ਹੈ। ਪਤਾ ਕਾਰਨ 'ਤੇ ਉਹ ਕਲਾਸਮੇਟ ਦੀ ਬੇਟੀ ਨਿਕਲਦੀ ਹੈ। ਕੁਝ ਚਿਹਰੇ ਸਾਡੇ ਦਿਲ ਦਿਮਾਗ ਵਿੱਚ ਐਨੇ ਵੱਸ ਜਾਂਦੇ ਹਨ। ਬਹੁਤ ਹੀ ਉਮਦਾ ਰਚਨਾ ਹੈ।
    ਸੁਖਜਿੰਦਰ ਸਹੋਤਾ

    ReplyDelete
    Replies
    1. ਸੁਖਜਿੰਦਰ ਭੈਣ ਜੀ ਆਪਣੇ ਵੱਡਮੁੱਲੇ ਵਿਚਾਰਾਂ ਨਾਲ ਸਾਂਝ ਪਾਉਣ ਲਈ ਆਪ ਦਾ ਤਹਿ ਦਿਲੋਂ ਧੰਨਵਾਦ।
      ਮਿਲਦੇ -ਜੁਲਦੇ ਚਿਹਰਿਆਂ ਨੂੰ ਵੇਖ ਆਪਣੇ ਪਿਆਰਿਆਂ ਨੂੰ ਯਾਦ ਕਰਨਾ ਚਾਹੇ ਇੱਕ ਆਮ ਵਰਤਾਰਾ ਹੈ ਪਰ ਕਿੰਨਾ ਸਕੂਨਦਾਇਕ ਹੈ ਇਹ। ਅਸੀਂ ਉਹ ਪਲ ਦੁਬਾਰਾ ਜਿਉਂ ਲੈਂਦੇ ਹਾਂ ਜਿਹੜੇ ਸਾਡੇ ਮਨ ਦੇ ਕਰੀਬ ਹੁੰਦੇ ਨੇ। ਕਈ ਵਾਰ ਅਜਿਹੇ ਪਲ ਸੁੱਖਦਾਇਕ ਹੁੰਦੇ ਨੇ ਤੇ ਕਈ ਵਾਰ ਕੌੜੀਆਂ ਯਾਦਾਂ ਵਾਲੇ।

      Delete
  3. मिलते जुलते चेहरों को देख भुलेखा पैना स्वाभाविक है ।बहुत बार ऐसा देखा जाता है ।
    कहानी पसंद आई ।किसी और में किसी को देख कर पहले खुशी फिर शरमिंदगी होती है ।वाह निक्की सी बात भी कहानी बन सकती है क्या कहने !
    जीवन में आये भुलेखे के सुकून भरे पल अचानक ही आ जाते हैं । उन पलों का सुख कुछ देर के लिये ही सही बहुत सुख दे जाता है वर्तमान से बीते कल में पहुँचाकर ।

    ReplyDelete
    Replies
    1. ਕਮਲਾ ਜੀ ਆਪ ਨੇ ਬਿਲਕੁਲ ਸਹੀ ਕਿਹਾ ਕਿ ਭੁਲੇਖੇ ਨਾਲ ਹੀ ਸਹੀ ਕਦੇ ਕਦੇ ਅਸੀਂ ਓਸ ਸਖਸ਼ ਨੂੰ ਮਿਲ ਲੈਂਦੇ ਹਾਂ ਜਿਸ ਨੂੰ ਅਸੀਂ ਮੁੱਦਤ ਤੋਂ ਮਿਲਣਾ ਚਾਹ ਰਹੇ ਹੁੰਦੇ ਹਾਂ ।

      Delete
  4. ਮੇਰਾ ਨਿੱਜੀ ਵਿਚਾਰ:

    ਭੁਲੇਖਾ (ਮਿੰਨੀ ਕਹਾਣੀ )


    ਇਹ ਇੱਕ ਔਰਤ ਦੀ ਭਾਵਾਤਮਿਕ ਮਨੋਵਿਗਿਆਨ ਆਤਮ ਚੇਤਨਾ ਦੇ ਆਧਾਰ ਦੀ ਲਿਖਤ ਹੈ,ਜਿਸ ਵਿਚ ਇੱਕ ਵਿਅਕਤੀ ਦੀਆਂ ਭਾਵਨਾਵਾਂ ਅਤੇ ਸਬੰਧਿਤ ਵਿਵਹਾਰਾਂ ਨੂੰ ਦੂਜਿਆਂ ਲੋਕਾਂ ਵਿੱਚ ਇੱਕੋ ਜਿਹੀਆਂ ਭਾਵਨਾਵਾਂ ਅਤੇ ਵਿਵਹਾਰਾਂ ਨੂੰ ਸਿੱਧੇ ਜਾ ਅਸਿੱਧੇ ਰੂਪ ਵਿਚ ਦੇਖਣ ਦੀ ਪ੍ਰਕਿਰਿਆ ਹੈ। ਅਜਿਹੀ ਪ੍ਰਕਿਰਿਆ ਜਦ ਕਲੀਨਿਕ ਤੇ ਬੈਠੀ ਇੱਕ ਔਰਤ ਦੀ ਨਿਗ੍ਹਾ ਸਾਹਮਣਿਓ ਆਉਂਦੀ ਇੱਕ ਬੀਬਾ ਤੇ ਪੈਂਦੀ ਹੈ ਤਾਂ ਉਹ ਉਸ ਨੂੰ ਆਪਣੀ ਸਹਿ ਜਮਾਤਣ ਲੱਗਦੀ ਹੈ।ਪਰ ਅੰਤ ਵਿਚ ਉਹ ਲੜਕੀ ਉਸ ਦੀ ਸਹਿ ਪਾਠਣ ਦੀ ਬੇਟੀ ਨਿਕਲਦੀ ਹੈ। ਇਸ ਤੇ ਉਹ ਉਸ ਨੂੰ ਦਿਲ ਖ਼ੋਲ ਅਸੀਸਾਂ ਦਿੰਦੀ ਹੈ,ਪਰ ਆਪਣੇ ਭੁਲੇਖੇ ਦੀ ਹਕੀਕਤ ਨੂੰ ਵੀ ਉਸੇ ਤਰ੍ਹਾਂ ਬਰਕਰਾਰ ਰੱਖਦੀ ਹੈ।ਸ਼ਾਇਦ ਇਸ ਵਿਚ ਉਸ ਔਰਤ ਨੂੰ, ਦਿਲ ਦਾ ਚੈਨ ਮਿਲਦਾ ਹੋਵੇ ਜੋ ਉਸ ਨੇ ਉਸ ਵੇਲੇ ਦੇ ਸੁਹਾਵਣੇ ਪਲ,ਇਸ 'ਬੀਬਾ' ਦੀ ਮਾਂ ਨਾਲ ਬਿਤਾਏ ਸੀ।

    ਇਸ ਕਹਾਣੀ ਵਿਚ ਲੇਖਕਾ ਨੇ ਜਜ਼ਬਾਤ ਨੂੰ ਵੱਖ-ਵੱਖ ਤਰੀਕਿਆਂ ਵਿਚ ਵਿਅਕਤੀਗਤ ਤੌਰ ਤੇ ਸਾਂਝੇ ਕੀਤੇ ਹਨ ਜਿਵੇਂ ਚੇਤੰਨ ਤਰਕ, ਵਿਸ਼ਲੇਸ਼ਣ ਅਤੇ ਕਲਪਨਾ। ਇਨ੍ਹਾਂ ਮਿਸ਼ਰਤ ਭਾਵਾਂ ਨਾਲ ਇਹ ਕਹਾਣੀ ਰੋਚਕ ਵੀ ਬਣ ਗਈ ਅਤੇ ਅਸਲੀਅਤ ਦੇ ਨੇੜੇ ਵੀ ਪੁੱਜ ਗਈ,ਜਿਸ ਨੂੰ ਪੜ੍ਹਦਿਆਂ ਮਨ ਕਹਿ ਉੱਠਦਾ ਹੈ-ਵਾਹ,ਇੰਜ ਵੀ ਹੋ ਸਕਦਾ?

    ਮੇਰੇ ਵੱਲੋਂ ਲੇਖਕਾ ਨੂੰ ਅਜਿਹੀ ਭਾਵਪੂਰਨ ਸਿਰਜੀ ਕਹਾਣੀ ਤੇ ਮੁਬਾਰਕਬਾਦ।

    ਸੁਰਜੀਤ ਸਿੰਘ ਭੁੱਲਰ-16-07-2017

    ReplyDelete
    Replies
    1. ਭਾਵਪੂਰਣ ਵਿਚਾਰਾਂ ਨਾਲ ਸਾਂਝ ਪਾਉਣ ਲਈ ਭੁੱਲਰ ਜੀ ਬਹੁਤ ਬਹੁਤ ਸ਼ੁਕਰੀਆ। ਆਪ ਨੇ ਸਹੀ ਕਿਹਾ ਕਿ ਇਹ ਕਹਾਣੀ ਚੇਤੰਨ ਤੇ ਅਚੇਤ ਮਨ ਦੇ ਵਿਸ਼ਲੇਸ਼ਣ 'ਤੇ ਅਧਾਰਿਤ ਹੈ ਪਰ ਇਸ ਵਿੱਚ ਕੋਈ ਕਲਪਨਾ ਨਹੀਂ ਹੈ। ਇਹ ਇੰਨ ਬਿੰਨ ਵਾਪਰਿਆ ਵਰਤਾਰਾ ਹੈ ਤੇ ਵਰਤਾਰੇ ਤੋਂ ਬਾਦ ਕਹਾਣੀ ਦੀ ਪਾਤਰ ਨੂੰ ਸਜਿਹ ਹੋਣ ਲਈ ਕਾਫ਼ੀ ਸਮਾਂ ਲੱਗਾ। ਉਹ ਆਪਣੇ ਅਤੀਤ ਦੇ ਪਲ ਆਪਣੇ ਸਾਹਮਣੇ ਖਲੋਤੇ ਦੇਖ ਰਹੀ ਸੀ ਤੇ ਉਸ ਨੂੰ ਇਹ ਅਹਿਸਾਸ ਵੀ ਨਹੀਂ ਸੀ ਕਿ ਉਹ ਓਸ ਪਲ ਅਤੀਤ ''ਚ ਚਲੀ ਗਈ ਹੈ। ਬੱਸ ਇੱਥੇ ਮੈਂ ਓਸ ਭਾਵਨਾਤਮਿਕ ਵਰਤਾਰੇ ਨੂੰ ਸ਼ਬਦਾਂ ਦਾ ਜਾਮਾ ਪਾ ਮਿੰਨੀ ਕਹਾਣੀ ਦਾ ਰੂਪ ਦੇ ਦਿੱਤਾ।
      ਆਪ ਦੇ ਸ਼ਬਦ ਕਹਾਣੀ ਦੀ ਰੂਹ ਦੇ ਬਹੁਤ ਨੇੜੇ ਨੇ ਤੇ ਲਿਖਣ ਵਾਲੇ ਨੂੰ ਇਸ ਥਾਪੜੇ ਦੀ ਹਮੇਸ਼ਾਂ ਲੋੜ ਭਾਸਦੀ ਹੈ। ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ