ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

31 Aug 2017

ਪੁਨਰ ਮਿਲਣ

ਸਤੀਸ਼ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਸਿਗਰੇਟ ਪੀ ਰਿਹਾ ਸੀ। ਸੰਤੋਸ਼ ਨਾਲ ਉਹਦਾ ਤਲਾਕ ਹੋਏ ਨੂੰ ਦਸ ਸਾਲ ਹੋ ਗਏ ਸਨ। ਅੱਜ ਉਹ ਬਹੁਤ ਹੀ ਉਦਾਸ ਸੀ ਕਿ ਇਹ ਸਭ ਕਿਓਂ ਹੋ ਗਿਆ ਸੀ? ਕਿੰਨੇ ਖੁਸ਼ ਸਨ ਉਹ ਆਪਸ ਵਿੱਚ । ਸੋਚ ਸੋਚ ਕੇ ਉਹਦਾ ਸਿਰ ਦੁੱਖਣ ਲੱਗ ਪਿਆ ਸੀ। ਉਹ ਰੇਡੀਓ ਸੁਣਨ ਲੱਗਾ। ਕੋਈ ਕਹਾਣੀ ਚੱਲ ਰਹੀ ਸੀ। ਕਹਾਣੀ ਖਤਮ ਹੋਣ ਉਪਰੰਤ ਉਸ ਦੀਆਂ ਅੱਖਾਂ 'ਚ ਇੱਕ ਚਮਕ ਜਿਹੀ ਆ ਗਈ। ਕਹਾਣੀ ਉਸ ਦੀ ਜ਼ਿੰਦਗੀ ਨਾਲ ਕਿੰਨੀ ਮਿਲਦੀ ਜੁਲਦੀ ਸੀ। ਉਹਨੇ ਸਿਗਰੇਟ ਨੂੰ ਐਸ਼ ਟਰੇ 'ਚ ਮਸਲ ਦਿੱਤਾ। ਪੇਪਰ ਪੈਨਸਲ ਲੈ ਕੇ ਉਸ ਨੇ ਸੰਤੋਸ਼ ਨੂੰ ਖਤ ਲਿਖਣਾ ਸ਼ੁਰੂ ਕਰ ਦਿੱਤਾ। ਸੰਤੋਸ਼ ! ਪੜ੍ਹੇ ਤੋਂ ਬਗੈਰ ਹੀ ਮੇਰਾ ਖਤ ਪਾੜ ਨਾ ਦੇਣਾ। ਇਹ ਖਤ ਮੈਂ ਇਸ ਲਈ ਲਿਖਿਆ ਹੈ ਕਿ ਤੈਨੂੰ ਟੈਲੀਫੂਨ ਕਰਨ ਦੀ ਮੇਰੇ 'ਚ ਹਿੰਮਤ ਨਹੀਂ ਸੀ। ਜ਼ਿੰਦਗੀ ਦਾ ਕੀ ਭਰੋਸਾ, ਅਗਰ ਮੈਂ ਤੈਥੋਂ ਆਪਣੇ ਗੁਨਾਹਾਂ ਦੀ ਮੁਆਫੀ ਨਹੀਂ ਮੰਗਦਾ ਤਾਂ ਮਰ ਕੇ ਵੀ ਮੈਨੂੰ ਚੈਨ ਨਹੀਂ ਮਿਲੇਗਾ । ਚੰਗੀ ਭਲੀ ਸਾਡੀ ਜ਼ਿੰਦਗੀ ਸੀ।  ਦੋ ਬੇਟੇ ਸੀ, ਲੇਕਿਨ ਘਰ ਦੇ ਵਾਤਾਵਰਨ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ, ਜਿਸ ਵਿਚ ਮੈਂ ਆਪਣੇ ਆਪ ਨੂੰ ਜ਼ਿਆਦਾ ਕਸੂਰਵਾਰ ਮੰਨਦਾ ਹਾਂ ਕਿਓਂਕਿ ਆਪਣੇ ਭੈਣ ਭਰਾਵਾਂ ਦੀਆਂ ਗੱਲਾਂ 'ਚ ਆ ਕੇ  ਮੈਂ  ਆਪਣੇ ਪੈਰੀਂ ਆਪ ਕੁਹਾੜਾ ਮਾਰ ਲਿਆ। ਮੈਨੂੰ ਸੁਰਤ ਹੁਣ ਆਈ, ਜਦ ਮੇਰੇ ਭੈਣ ਭਾਈ ਵੀ ਮੇਰੇ ਤੋਂ ਕਿਨਾਰਾ ਕਰ ਗਏ। ਮੇਰੇ ਮਾਂ ਬਾਪ ਨੇ ਤੈਨੂੰ ਕਦੇ ਉਹ ਸਥਾਨ ਨਹੀਂ ਦਿੱਤਾ, ਜਿਸ ਦੀ ਤੂੰ ਹੱਕਦਾਰ ਸੀ ਅਤੇ ਮੈਂ ਵੀ ਉਸੇ ਵਹਿਣ 'ਚ ਵਹਿ  ਗਿਆ। ਸਾਡਾ ਤਲਾਕ ਹੋ ਗਿਆ। ਮੈਂ ਕਮਜ਼ੋਰ ਨਿਕਲਿਆ ਲੇਕਿਨ ਤੂੰ ਬੱਚਿਆਂ ਨੂੰ ਲੈ ਕੇ ਅਲੱਗ ਰਹਿਣ ਲੱਗੀ। ਕਿੰਨੀ ਅੱਛੀ ਹੈਂ ਤੂੰ ਕਿ ਸਾਡੇ ਬੇਟਿਆਂ ਨੂੰ ਮੈਨੂੰ ਮਿਲਣ ਤੋਂ ਤੂੰ  ਕਦੇ ਵੀ ਨਹੀਂ ਸੀ ਰੋਕਿਆ। ਹੁਣ ਤਾਂ ਦੋਨੋਂ ਬੇਟਿਆਂ ਨੇ ਯੂਨੀਵਰਸਿਟੀ ਦੀ ਪੜ੍ਹਾਈ ਵੀ ਖਤਮ ਕਰ ਲਈ ਹੈ, ਕਿੰਨੇ ਅੱਛੇ ਸੰਸਕਾਰ ਤੂੰ ਬੇਟਿਆਂ ਨੂੰ ਦਿੱਤੇ ਹਨ ! ਮੇਰੀ ਦਿਲੀ ਤਮੰਨਾ ਹੈ ਕਿ ਬੇਟੇ ਤੈਨੂੰ ਬਹੁਤ ਸੁੱਖ ਦੇਣ। ਅਗਰ ਹੋ ਸਕਦਾ ਹੋਵੇ ਤਾਂ ਮੈਨੂੰ ਮੁਆਫ ਕਰ ਦੇਵੀਂ।" ਉਹਨੇ ਖਤ ਪੋਸਟ ਕਰ ਦਿੱਤਾ। 
    ਉਸ ਨੂੰ ਕੋਈ ਆਸ ਨਹੀਂ ਸੀ ਕਿ ਸੰਤੋਸ਼ ਜਵਾਬ ਦੇਵੇਗੀ ਲੇਕਿਨ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ, ਜਦ ਕੁਝ ਦਿਨਾਂ ਬਾਅਦ ਹੀ ਉਸ ਨੂੰ ਸੰਤੋਸ਼ ਦਾ ਜਵਾਬ ਆ ਗਿਆ। ਉਸ ਨੇ ਲਿਖਿਆ ਸੀ, "ਸਤੀਸ਼ ! ਹੁਣ ਕਿਸੇ ਨੂੰ ਦੋਸ਼ ਦੇਣ ਦਾ ਕੀ ਫਾਇਦਾ ਹੈ ? ਜਦ ਜਵਾਨੀ ਦੇ ਅੱਛੇ ਦਿਨ ਹੀ ਨਿਕਲ ਗਏ। ਫਿਰ ਮੈਂ ਵੀ  ਤਾਂ ਇਸ ਵਿਚ ਦੋਸ਼ੀ ਸੀ ਜਿਸ ਨੇ ਗੁੱਸੇ ਵਿਚ ਆ ਕੇ ਝੱਟ ਪੱਟ ਤਲਾਕ ਦੇ ਪੇਪਰ ਫਾਈਲ ਕਰ ਦਿੱਤੇ। ਹੁਣ ਮੈਂ ਵੀ  ਬਹੁਤ ਵਾਰੀ ਸੋਚਦੀ ਹਾਂ ਕਿ ਕੁਝ  ਕਸੂਰ ਆਪ ਦਾ ਸੀ ਅਤੇ ਕੁਝ ਮੇਰਾ। ਬਹੁਤ ਸੋਚ ਸੋਚ ਕੇ ਮੈਂ ਇਸ ਨਤੀਜੇ ਤੇ ਪਹੁੰਚੀ ਹਾਂ ਕਿ ਹੁਣ ਵੀ  ਅਗਰ ਆਪ ਦੀ ਇੱਛਾ ਉਹਨਾਂ ਪੁਰਾਣੇ ਦਿਨਾਂ ਨੂੰ ਵਾਪਸ ਲਿਆਉਣ ਦੀ ਹੋਵੇ ਤਾਂ ਆਪਣੇ ਦੋਨੋਂ ਬੇਟਿਆਂ ਨੂੰ ਦੱਸ ਦੇਣਾ। ਜਿੱਦਾਂ ਉਹ ਕਹਿਣਗੇ ਮੈਂ ਕਰ ਲਵਾਂਗੀ।"
         ਜਦੋਂ ਦੋਨੋਂ ਬੇਟਿਆਂ ਨੂੰ ਮੰਮੀ ਡੈਡੀ ਦੇ ਇੱਕ ਦੂਜੇ ਦੇ ਨੇੜੇ ਨੇੜੇ ਆਉਣ ਦਾ ਪਤਾ ਲੱਗਾ ਤਾਂ ਉਹਨਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਉਹਨਾਂ ਨੇ ਆਪਣੇ ਮਾਂ -ਬਾਪ ਲਈ ਨਵੇਂ ਸਾਲ ਦੀ ਰਾਤ ਨੂੰ ਇੱਕ ਹੋਟਲ ਵਿੱਚ ਪੁਨਰ ਮਿਲਣ ਦਾ ਪ੍ਰੋਗਰਾਮ ਬੁੱਕ ਕਰਵਾ ਦਿੱਤਾ। ਉਸ ਰਾਤ ਹੋਟਲ ਦਾ ਕਮਰਾ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ। ਦੋਨੋ ਬੇਟੇ ਆਪਣੇ ਮੰਮੀ ਡੈਡੀ ਨੂੰ ਫੁੱਲਾਂ ਦੇ ਹਾਰ ਪਾ ਕੇ ਕਮਰੇ ਵਿਚ ਲੈ ਆਏ । ਸਾਰਾ ਕਮਰਾ ਤਾਲੀਆਂ ਨਾਲ ਗੂੰਜ ਉਠਿਆ। ਹੁਣ ਸਾਰੇ ਖਾਣ ਪੀਣ ਵਿਚ ਮਗਨ ਹੋ ਗਏ। ਇੱਕ ਵੱਡੇ ਟੀਵੀ ਸਕਰੀਨ ਤੇ ਬੀਬੀਸੀ ਚੈਨਲ 'ਤੇ  ਇੱਕ ਸ਼ੋ ਚੱਲ ਰਿਹਾ ਸੀ। ਜਦੋਂ ਬਾਰਾਂ ਵੱਜਣ ਵਿਚ ਕੁਝ  ਮਿੰਟ ਰਹਿ ਗਏ ਤਾਂ ਸਾਰਿਆਂ ਦਾ ਧਿਆਨ ਲੰਡਨ ਦੇ ਬਿਗ ਬੈੱਨ ਅਤੇ ਉਥੇ ਲੋਕਾਂ ਦੀ ਭੀੜ ਦੇਖਣ ਵਿਚ ਹੋ ਗਿਆ ਜੋ ਟੀਵੀ ਸਕ੍ਰੀਨ 'ਤੇ ਨਸ਼ਰ ਹੋਣ ਲੱਗੀ ਸੀ। ਜਦੋਂ ਹੀ ਬਾਰਾਂ ਵੱਜਣ ਨੂੰ ਹੋਏ, ਬਿਗ ਬੈਨ ਜ਼ੋਰ ਜ਼ੋਰ ਨਾਲ ਟੰਨ ਟੰਨ ਕਰਨ ਲੱਗਾ। ਜਦੋਂ ਹੀ ਆਖਰੀ ਟੰਨ ਖਤਮ ਹੋਈ, ਸਾਰੇ ਆਪਣੇ ਆਪਣੇ ਗਲਾਸ ਫੜੀ ਹੈਪੀ ਨਿਊ ਯੀਅਰ ਬੋਲਣ ਲੱਗੇ ਅਤੇ ਆਪਣੇ ਆਪਣੇ ਗਲਾਸ ਸਤੀਸ਼ ਅਤੇ ਸੰਤੋਸ਼ ਵੱਲ ਉਲਾਰ ਕੇ ਬੋਲਣ ਲੱਗੇ, ਹੈਪੀ ਨਿਊ ਯੀਅਰ ਸਤੀਸ਼ ਸੰਤੋਸ਼, ਹੈਪੀ ਰੀਯੂਨੀਅਨ ਟੂ ਯੂ। ਕੁਝ ਦੇਰ ਬਾਅਦ ਸਤੀਸ਼ ਅਤੇ ਸੰਤੋਸ਼ ਡਾਂਸ ਫਲੋਰ 'ਤੇ ਡਾਂਸ ਕਰਨ ਲੱਗੇ ਅਤੇ ਨਾਲ ਹੀ ਦੋਨੋਂ ਬੇਟੇ। ਫਿਰ ਕੀ ਸੀ ਸਾਰੇ ਉੱਠ ਕੇ ਡਾਂਸ ਕਰਨ ਲੱਗੇ। 
ਗੁਰਮੇਲ ਸਿੰਘ ਭੰਮਰਾ 
ਯੂ ਕੇ    

ਨੋਟ : ਇਹ ਪੋਸਟ ਹੁਣ ਤੱਕ 85 ਵਾਰ ਪੜ੍ਹੀ ਗਈ ਹੈ।

link 1           link 2     link 3     link 4

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ