ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Aug 2017

ਨਵੀਨ ਪੜਾਈ (ਮਿੰਨੀ ਕਹਾਣੀ)

ਉਹ ਸ਼ਹਿਰ, ਜੋ ਕਦੇ ਜੰਨਤ ਦੇ ਨਾਂ ਨਾਲ ਦੁਨੀਆਂ ਭਰ ਵਿੱਚ ਪ੍ਰਸਿੱਧ ਸੀ,ਉਹਨੁੰ ਕਿਸੇ ਚੰਦਰੇ ਗਵਾਂਢੀ ਨੇ ਅਜਿਹੀ ਨਜ਼ਰ ਲਾਈ ਕਿ ਹੁਣ ਉੱਥੇ ਆਏ ਦਿਨ ਕੋਈ ਨਾ ਕੋਈ ਫ਼ਸਾਦ ਦੀ ਚੰਗਿਆੜੀ ਧੁਖਦੀ ਹੀ ਰਹਿੰਦੀ ਹੈ, ਜੋ ਬੁਝਣ ਦਾ ਨਾਂ ਤੱਕ ਨਹੀਂ ਲੈਂਦੀ।

.
ਕਿਸੇ ਦੀ ਚੁੱਕਣਾ ਨੇ,ਮੁੱਦਤਾਂ ਤੋਂ ਪਿਆਰ ਸਤਿਕਾਰ ਨਾਲ ਵੱਸਦੇ ਵੱਖੋ ਵੱਖਰੇ ਭਾਈਚਾਰੇ ਦੇ ਲੋਕਾਂ ਦੀ ਸੋਚ ਵਿਚ ਨਫ਼ਰਤ ਦੀ ਅਜਿਹੀ ਅੱਗ ਲਾਈ ਕਿ ਉਹ ਸ਼ਹਿਰ ਆਪ ਵੀ ਇਸ ਅੱਗ ਵਿਚ ਜਲਨ ਲੱਗਾ ਅਤੇ ਆਪਣੇ ਵਾਸੀਆਂ ਨੂੰ ਵੀ ਚੈਨ ਦੀ ਨੀਂਦ ਸੌਣ ਨਹੀਂ ਦਿੰਦਾ।
.
ਸ਼ਹਿਰ ਵਿੱਚ ਫ਼ਸਾਦ ਹੁੰਦੇ ਰਹਿੰਦੇ ਹਨ। ਪੁਲਿਸ ਦਾ ਪਹਿਰਾ,ਫ਼ੌਜ ਵੱਲੋਂ ਵੀ ਚੌਕਸੀ ਤੇ ਕਰਫ਼ਿਊ ਦਾ ਲੱਗਣਾ, ਇਹ ਸਭ ਕੁਝ ਹੁਣ ਸ਼ਹਿਰੀਆਂ ਲਈ ਨਿੱਤ ਦੀ ਕਵਾਇਦ ਦਾ ਇੱਕ ਹਿੱਸਾ ਬਣ ਕੇ ਰਹਿ ਗਿਆ ਹੈ।
.
ਹੁਣ ਵੀ ਸ਼ਹਿਰ ਦੇ ਇੱਕ ਪਾਸੀਓ ਸੰਘਣਾ ਧੂੰਆਂ ਉੱਠਦਾ ਅਸਮਾਨ 'ਚ ਫੈਲਦਾ ਦਿਖਾਈ ਦੇ ਰਿਹਾ ਹੈ। ਭੜਕਦੇ ਭਾਂਬੜ ਤੇ ਗੋਲੀਆਂ ਦੀਆਂ ਆਵਾਜ਼ਾਂ,ਲੋਕਾਂ ਦੀਆਂ ਰਲਵੀਂਆਂ ਚੀਕਾਂ, ਪੁਕਾਰਾਂ ਵਿਚੋਂ ਕੁਝ ਸਮਝ ਨਹੀਂ ਪੈਂਦੀ ਕਿ ਉਹ ਕੀ ਕਹਿੰਦੇ ਹਨ?
.
ਕਈ ਦਿਨਾਂ ਦੀ ਮਿਹਨਤ ਨਾਲ, ਸ਼ਹਿਰ ਵਿਚ ਅਮਨ ਅਮਾਨ ਦੀ ਸਥਿਤੀ ਬਹਾਲ ਹੋ ਗਈ ਹੈ। ਜੀਵਨ ਰੋਜ਼ ਦੀ ਤਰ੍ਹਾਂ,ਆਮ ਢੰਗ ਨਾਲ ਮੁੜ ਤੋਂ ਸ਼ੁਰੂ ਹੋ ਗਿਆ ਹੈ। ਬੰਦ ਕੀਤੇ ਸਕੂਲ ਖੁੱਲ ਗਏ ਹਨ। 
.
ਛੋਟੀ ਜਮਾਤ ਦੇ ਬੱਚਿਆਂ ਨੇ ਮੈਡਮ ਦੇ ਕਹਿਣ 'ਤੇ ਆਪਣੇ ਆਪਣੇ ਬਸਤੇ ਚੋਂ ਕਿਤਾਬ ਕੱਢ ਲਈ ਹੈ। 
.
ਮੈਡਮ ਉਨ੍ਹਾਂ ਨੂੰ ਪੁੱਛਣ ਲੱਗੀ,'ਦੱਸੋ ਬਚਿਓ,--ੳ (ਊੜਾ) ਤੋਂ ਕੀ ਬਣਦਾ?
.
ਉਹ ਬਿਨਾਂ ਕਿਤਾਬ ਖੋਲਿਆਂ ਹੀ,ਤੋਤਲੀ ਜ਼ਬਾਨ ਵਿਚ ਬੋਲੇ,--- ਉਠਾਊ --(ਉਡਾਊ)
.
ਮੈਡਮ ਚੁੱਪ ਰਹੀ ਤੇ ਅੱਗੋਂ ਬੋਲੀ,'ਅ' (ਐੜਾ) ਤੋਂ---ਰਲਵੀਂਆਂ ਮਿਲਵੀਂਆਂ ਆਵਾਜ਼ਾਂ ਆਈਆਂ,--'ਅੱਗ, ਆਰਮੀ'
.
ਤੇ ਫਿਰ--'ਚ' ( ਚੱਚੇ) ਤੋਂ --- ਬੱਚੇ ਜ਼ੋਰ ਦੀ ਬੋਲੇ,--'ਚਿੱਟਾ'
.
ਤੇ- 'ਬ' (ਬੱਬੇ) ਤੋਂ --- ਸਾਰੇ ਇੱਕ ਸੁਰ ਬੋਲੇ, --- 'ਬੰਬ., ਬਦੂਖ -- (ਬੰਦੂਕ),ਬੀਅਰ'
.
ਤੇ ਅੰਤ 'ਚ--'ਪ' (ਪੱਪੇ) ਤੋਂ--- ਫੇਰ ਇੱਕ ਸੁਰ ਉੱਠੀ-- --‘ਪਸ਼ਟੌਲ--(ਪਸਤੌਲ) --ਪੁਲਸ਼ --(ਪੁਲਿਸ)’
.

ਮੈਡਮ ਆਪ ਹੈਰਾਨ ਸੀ ਕਿ ਸਕੂਲ ਦੀਆਂ ਛੁੱਟੀਆਂ ਦੇ ਵਿਚ ਉਸ ਦੇ ਬੱਚਿਆਂ ਨੂੰ ਇਹ ਕੀ ਹੋ ਗਿਆ?

ਉਹ ਉਨ੍ਹਾਂ ਨੂੰ ਮੁੜ ਤੋਂ ਸਹੀ ਸੋਚ ਵਲ ਲਿਆਉਣ ਦੀ ਕੋਸ਼ਿਸ਼ ਕਰਨ ਲੱਗੀ ਤੇ ਪੜਾਉਣ ਲੱਗੀ।
-0-
ਸੁਰਜੀਤ ਸਿੰਘ ਭੁੱਲਰ
___________________________________________________
ਰੱਬ ਖ਼ੈਰ ਕਰੇ, ਸਾਡੀ ਨਵੀਂ ਪੌਦ ਦੀ, ਜਿਨ੍ਹਾਂ ਦੀ ਅਰਧ ਚੇਤਨਾ ਸੋਚ ਵਿਚ ਅਜਿਹੇ ਵਿਹਾਰਕ ਅਯੋਗ ਚਿੱਤਰ/ਤਸਵੀਰਾਂ ਦੇ ਰੂਪ ਸਮਾਏ ਹੋਏ ਹਨ, ਜਿਸ ਦੇ ਜ਼ਿੰਮੇਵਾਰ ਕੌਣ ਹਨ? ਇਹ ਇੱਕ ਵਿਚਾਰਨਯੋਗ ਵਿਸ਼ਾ ਹੈ।
ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।

1 comment:

  1. ਸਾਡੇ ਚੌਗਿਰਦੇ 'ਚ ਜੋ ਕੁਝ ਵਾਪਰਦਾ ਹੈ ਉਸ ਦਾ ਸਿੱਧਾ ਅਸਰ ਬਾਲ ਮਨਾਂ 'ਤੇ ਹੋਣਾ ਸੁਭਾਵਿਕ ਹੈ। ਇਸ ਬਾਰੂਦੀ ਹਵਾ ਨੇ ਬਾਲ ਮਨਾਂ ਦੀ ਮੁਹਾਰਨੀ ਹੀ ਬਦਲ ਦਿੱਤੀ। ਕਿੰਨਾਂ ਭਿਆਨਕ ਦੌਰ ਹੈ। ਅਜਿਹੇ ਨੂੰ ਸਹਿਜ ਕਰਨਾ ਬਹੁਤ ਜ਼ਰੂਰੀ ਹੈ। ਇੱਕ ਔਖੇ ਵਿਸ਼ੇ ਨੂੰ ਛੋਹੰਦੀ ਕਹਾਣੀ ਜੋ ਆਪਣੇ ਵਿਸ਼ੇ ਪੂਰਾ ਇਨਸਾਫ਼ ਕਰਦੀ ਹੈ ਪਾਠਕਾਂ ਨਾਲ ਸਾਂਝੀ ਕਰਨ ਲਈ ਭੁੱਲਰ ਸਾਹਿਬ ਦਾ ਤਹਿ ਦਿਲੋਂ ਸ਼ੁਕਰੀਆ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ