ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

7 Sept 2017

ਰੰਗਸੁਰ (ਹਾਇਬਨ)

Image result for orange and violet flower
 ਅੰਮ੍ਰਿਤ ਵੇਲਾ ਸੀ। ਚੁਫ਼ੇਰੇ ' ਸਵਰਗ ਵਰਗੀ ਸ਼ਾਂਤੀ ਸੀ। ਪੂਰਬ ਦੀ ਗੁੱਠ 'ਚੋਂ ਚੜ੍ਹਦੀ ਟਿੱਕੀ ਨੇ ਲਾਲੀ ਬਿਖੇਰ ਦਿੱਤੀ ਸੀ। ਅੰਬਰੀ ਰਿਸ਼ਮਾਂ ਦੀ ਪਹਿਲੀ ਰਹਿਮਤੀ ਕਿਰਨ ਦੀ ਬਖਸ਼ਿਸ਼ ਠੰਢ ਨਾਲ ਸੁੰਗੜੀ ਧਰਤ ਨੂੰ ਬੁੱਢੀ ਦਾਦੀ ਦੀ ਅਸੀਸ ਵਰਗੀ ਨਿੱਘੀ -ਨਿੱਘੀ ਜਾਪਦੀ ਸੀ। ਅੱਖਾਂ ਮਲਦੀ ਕੁਦਰਤ ਆਪਣੇ ਆਹਰ ਲੱਗ ਗਈ ਸੀ।ਧਰਤ ਤਾਂ ਨਿਰੰਤਰ ਘੁੰਮਦੀ ਹੀ ਰਹਿੰਦੀ ਹੈ। ਉਹ ਕਦੇ ਵੀ ਵਿਰਾਮ ਨਹੀਂ ਕਰਦੀ। ਸ਼ਾਇਦ ਤਾਰਿਆਂ ਦੀ ਲੋਅ ' ਹੀ ਸੁੱਤ ਉਨੀਂਦਰੀ ਜਿਹੀ ਆਪਣੀ ਨੀਂਦ ਪੂਰੀ ਕਰ ਲੈਂਦੀ ਹੋਵੇਗੀ
ਮੈਂ ਅੰਗੜਾਈ ਭੰਨਦਿਆਂ ਕਮਰੇ ' ਲੱਗੇ ਰੰਗੀਨ ਰੇਸ਼ਮੀ ਪਰਦੇ ਪਰ੍ਹਾਂ ਹਟਾਏ। ਸੁਨਹਿਰੀ ਚਾਨਣ ਨਾਲ ਕਮਰਾ ਭਰ ਗਿਆ ਸੀ  ਬਾਹਰ ਧੁੱਪ ਸੇਕਦੀ ਕਾਇਨਾਤ ਨਿੱਘ ਨਾਲ ਪੰਘਰਦੀ ਜਾਪ ਰਹੀ ਸੀ। ਖੰਭਾਂ ਨੇ ਉਡਾਰੀ ਭਰ ਲਈ ਸੀ। ਵਿਹੜੇ ' ਪਏ ਸੱਖਣੇ ਭਾਂਡੇ ਕੋਲ ਅਦਨੇ ਜਿਹੇ ਰੰਗੀਨ ਪਰਿੰਦੇ ਮੇਰੇ ਜਾਗਣ ਤੋਂ ਪਹਿਲਾਂ ਹੀ ਆਣ ਬੈਠੇ ਸਨ। ਸੁਰ ਕੇਰਦੀਆਂ ਇਹਨਾਂ ਚੁੰਝਾਂ ਨਾਲ ਮੇਰੀ ਸਾਂਝ ਹੁਣ ਕਾਫ਼ੀ ਪੁਰਾਣੀ ਹੋ ਗਈ ਹੈ।ਉਹ ਮੇਰੀ ਹੀ ਉਡੀਕ ਕਰ ਰਹੀਆਂ ਸਨ  ਚਾਹ ਦੀ ਘੁੱਟ ਭਰਨ ਤੋਂ ਪਹਿਲਾਂ ਮੈਂ ਭਾਂਡੇ ' ਪਾਣੀ ਤੇ ਰੋਟੀ ਭੋਰ ਕੇ ਪਾ ਆਈ ਸੀ। ਅਗਲੇ ਹੀ ਪਲ ਪਰਿੰਦਿਆਂ ਦੀ ਚਹਿਕ ਮੈਨੂੰ 'ਸੁਭਾਨ ਤੇਰੀ ਕੁਦਰਤ' ਦਾ ਗਾਣ ਅਲਾਪਦੀ ਜਾਪੀ।
ਬਗੀਚੀ ਦਾ ਖ਼ਿਆਲ ਆਉਂਦਿਆਂ ਹੀ ਮੈਂ ਓਧਰ ਨੂੰ ਹੋ ਤੁਰੀ  ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ।ਧਰਤ ਦੀ ਨਿੱਘੀ ਬੁੱਕਲ ' ਪਏ ਬਹੁਤੇ ਬੀਜਾਂ ਨੇ ਫੁਟਾਰਾ ਲੈ ਲਿਆ ਸੀ। ਪਰ ਕੁਝ ਮੀਂਹ -ਹਨ੍ਹੇਰੀਆਂ ਤੋਂ ਡਰਦੇ ਬਾਹਰ ਆਉਣ ਤੋਂ ਮੁਨਕਰ ਹੋਇਆਂ ਨੂੰ ਜਨੌਰ ਚੁੱਗ ਗਏ ਹੋਣੇ ਆ।
ਸੂਹੀ ਸਵੇਰ ਦੇ ਤ੍ਰੇਲ ਧੋਤੇ ਫ਼ੁੱਲ ਆਪਣੀ ਮਹਿਕ ਅਤੇ ਖ਼ੂਬਸੂਰਤੀ ਬਖ਼ੇਰ ਰਹੇ ਸਨ। ਸਾਹਮਣੇ ਸੂਹੇ ਫੁੱਲਾਂ ਲੱਗੀ ਹਿੱਲਦੀ ਟਹਿਣੀ ਨੂੰ ਤੱਕਦਿਆਂ ਮੈਂ ਵੀ ਸਹਿਜ ਸੁਭਾਅ ਹੱਥ ਹਿਲਾ ਦਿੱਤਾ। ਮੈਨੂੰ ਪਤਾ ਹੈ ਕਿ ਇਹ ਟਹਿਣੀ ਹਵਾ ਦੇ ਬੁੱਲੇ ਨਾਲ ਹਿੱਲ ਰਹੀ ਸੀ ਪਰ ਮੈਨੂੰ ਇਹ ਹਿੱਲਦੀ ਟਹਿਣੀ ਇਸ ਸੂਹੀ ਸਵੇਰ ' ਸ਼ੁੱਭ ਪ੍ਰਭਾਤ ਕਹਿੰਦੀ ਜਾਪੀ।ਮੇਰਾ ਇਹ ਭਰਮ ਮੈਨੂੰ ਧੁਰ ਅੰਦਰ ਤੱਕ ਸਰਸ਼ਾਰ ਕਰ ਗਿਆ।ਇੱਕ ਹੋਰ ਟਹਿਣੀ 'ਤੇ ਬੈਠਾ ਇੱਕ ਰੰਗੀਨ ਤੋਤਾ ਹੁਣੇ- ਹੁਣੇ ਕਿਧਰੇ ਉਡਾਰੀ ਮਾਰ ਗਿਆ ਸੀ।ਉਸ ਦੀ ਅਣਹੋਂਦ ' ਅਜੇ ਵੀ ਇਹ ਟਹਿਣੀ ਕੰਬ ਰਹੀ ਹੈ।ਲੱਗਦੈ ਇਸ ਦਾ ਕੋਈ ਬੇਨਾਮ ਰਿਸ਼ਤਾ ਸੀ ਉਸ ਰੰਗੀਨ ਪੰਛੀ ਨਾਲ
 ਅੱਜ ਮੈਨੂੰ ਕਿਤੇ ਜਾਣ ਦੀ ਕੋਈ ਕਾਹਲ਼ ਨਹੀਂ ਸੀ ਜਿਵੇਂ ਸੂਰਜ ਨੂੰ ਸੰਝ ਤੱਕ ਜਾਣ ਦੀ ਕੋਈ ਤੇਜ਼ੀ ਨਹੀਂ ਹੁੰਦੀ। ਧੁੱਪ ਹੋਰ ਵੀ ਗੋਰੀ -ਗੋਰੀ ਹੋ ਗਈ ਸੀ। ਕਿਆਰੀ 'ਚ ਲੱਗੇ ਫੁੱਲ ਨਿੱਤ ਸਵੇਰੇ ਸਾਜਰੇ ਮੈਨੂੰ ਉਡੀਕਦੇ ਲੱਗਦੇ ਨੇ। ਜੇ ਕਿਸੇ ਦਿਨ ਮੈਂ ਉਨ੍ਹਾਂ ਨੂੰ ਨਹੀਂ ਮਿਲਦੀ ਤਾਂ ਇਨ੍ਹਾਂ ਫੁੱਲਾਂ ਦੀਆਂ ਮਲੂਕ ਪੰਖੜੀਆਂ ਕੁਮਲਾ ਜਾਂਦੀਆਂ ਨੇ। ਹੁਣ ਮੈਂ  ਸੰਤਰੀ ਤੇ ਪਿਆਜ਼ੀ ਫੁੱਲਾਂ ਨੂੰ ਪਾਣੀ ਦੇ ਰਹੀ ਸਾਂ। ਤਿੰਨ ਫੁੱਲ ਤਾਂ ਅੱਜ ਹੀ ਖਿੜੇ ਨੇ। ਕੱਲ ਤੱਕ ਤਾਂ ਇਹ ਅਜੇ ਅੱਧ ਖਿੜੀਆਂ ਡੋਡੀਆਂ ਹੀ ਸਨ। ਸਾਵੇ ਘਾਹ 'ਤੇ ਝੜੀਆਂ ਕੁਝ ਪੰਖੜੀਆਂ ਨਾਲ ਹਵਾ 'ਚ ਮੱਧਮ ਜਿਹੀ ਮਿੱਠੀ ਮਹਿਕ ਭਰ ਗਈ ਸੀ।
 ਕਾਦਰ ਦੀ ਏਸ ਕਾਇਨਾਤ ਦੀ ਸੁੰਦਰਤਾ ਅਸਲ 'ਚ ਅਕਹਿ ਹੈ ਤੇ ਇਸ ਦਾ ਸੁਹੱਪਣ ਕਦੇ ਪੁਰਾਣਾ ਨਹੀਂ ਹੁੰਦਾ। ਇਸ ਨੂੰ ਵੇਖ ਕੇ ਕੋਈ ਅੱਕਦਾ -ਥੱਕਦਾ ਨਹੀਂ। ਇਸ ਅਦੁੱਤੀ ਖੂਬਸੂਰਤੀ ਨੂੰ ਨਿਹਾਰਦੀ ਹੁਣ ਮੈਂ ਸੋਚ ਰਹੀ ਸਾਂ ਕਿ ਮੈਂ ਆਪਣੀ ਰੂਹ ਦੀ ਮਿੱਟੀ 'ਚ ਅਜਿਹਾ ਕਿਹੜਾ ਰੰਗ ਬੀਜਾਂ ਕਿ ਧੁੱਪ ਖਿੜੇ ਫੁੱਲਾਂ ਨਾਲ ਮੇਰੀ ਝੋਲੀ ਨਿੱਤ ਭਰਦੀ ਰਹੇ। 
ਫੱਗਣੀ ਧੁੱਪ 
ਚੁੰਝੋਂ ਕਿਰਦੇ ਸੁਰ 
ਬਿਖਰੇ ਰੰਗ। 
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ  180 ਵਾਰ ਪੜ੍ਹੀ ਗਈ ਹੈ। 
link1           link 2      link3        link4

12 comments:

  1. Jagroop kaur Grewal7.9.17

    ਕਾਦਰ ਦੀ ਕੁਦਰਤ ਦਾ ਸਾਕਸ਼ਾਤ ਚਿੱਤਰਣ...ਸੁਭ੍ਹਾਨ ਅੱਲਾ..ਜਿਵੇਂ ਮੈਂ ਖੁਦ ਖਿੜਕੀ ਵਿੱਚ ਖਲੋਤੀ ਸਭ ਮਾਣ ਰਹੀ ਹੋਵਾਂ । ਪਰਿੰਦਿਆਂ ਦੇ ਰਾਗ ਕੰਨਾਂ ਵਿੱਚ ਘੁਲਦੇ ਮਹਿਸੂਸ ਕਰ ਰਹੀ ਹਾਂ ...।
    ਆਹਾ..ਭੈਣ ਜੀ ਬਹੁਤ ਖੂਬਸੂਰਤ ਬਹੁਤ ਖੂਬਸੂਰਤ......ਕਮਾਲ ਦਾ ਚਿੱਤਰਣ ।

    ReplyDelete
    Replies
    1. ਮੇਰੇ ਨਾਲ ਖਲੋ ਖਿੜਕੀ 'ਚੋਂ ਨਿਹਾਰਣ ਲਈ ਤੇ ਨਿੱਘਾ ਹੁੰਗਾਰਾ ਭਰਨ ਲਈ ਜਗਰੂਪ ਭੈਣ ਜੀ ਬਹੁਤ ਬਹੁਤ ਸ਼ੁਕਰੀਆ।

      Delete
  2. ਭਾਵੇਂ ਮੇਰੇ ਕੋਲ ਸ਼ਾਮ ਹੋ ਗਈ ਹੈ ਬਾਿਰਸ਼ ਵੀ ਹੋ ਰਹੀ ਹੈ ਪਰ ਨਿੱਘ ਜ਼ਰੂਰ ਮਹਿਸੂਸ ਕੀਤਾ ਕੁਝ ਪਲਾੰ ਲਈ ਤਾਂ ਇੰਝ ਲੱਿਗਆ ਜਿਵੇਂ ਤੁਹਾਡੇ ਕੋਲ ਹੀ ਸੀ ।।।।।।

    ReplyDelete
    Replies
    1. ਰਾਜਵਿੰਦਰ ਮੇਰੇ ਕੋਲ ਮੇਰੀ ਬਗੀਚੀ 'ਚ ਆ ਕੇ ਕੁਝ ਪਲ ਗੁਜਾਰਨ ਲਈ ਤਹਿ ਦਿਲੋਂ ਧੰਨਵਾਦ।

      Delete
  3. ਬਹੁਤ ਸੋਹਣੀ ਜਹੀ ਕਹਾਣੀ ।

    ReplyDelete
  4. ਆਹਾ ਏਨੇ ਸੁੰਦਰ ਫੁੱਲ ਵਿੱਚ ਬੈਠ ਕੇ ਜਾਂਦਾ ਸਭ ਕੁਝ ਭੁੱਲ

    ReplyDelete
  5. ਦੀਪੀ ਬਹੁਤ ਵਧੀਆ ਪ੍ਰਕਿਰਤੀ ਦਾ ਪ੍ਰਦਰਸ਼ਨ ਕੀਤਾ ਹੈ। ਕੁਦਰਤ ਦੇ ਸੋਹਣੇ ਦ੍ਰਿਸ਼ਾਂ ਦਾ ਅਨੰਦ ਮਾਣਿਆ।
    ਤੇਰੀ ਮੰਮੀ

    ReplyDelete
  6. ਰੰਗਾਸੁਰ
    ਇਹ ਹਾਇਬਨ ਪੜ੍ਹਦਿਆਂ ਇਹ ਨਹੀਂ ਲਗਦਾ ਕਿ ਅਸੀਂ ਖੁਝ ਲਿਖਤ ਪੜ ਰਹੇਂ ਹੈਂ ,ਇੰਝ ਲੜਤਾ ਕਿ ਅਸੀਂ ਕਿਸੀ ਚਿੱਤਰ ਕਾਰ ਦੇ ਹੁਣੇ ਹੁਣੇ ਕੈਨਵਸ ਤੇ ਉਕੇਰੇ ਚਿਤ੍ਰ ਨੂੰ ਦੇਖ ਰਹੇ ਹਾਂ।ਕੁਦਰਤ ਦੇ ਮਾਨਵੀ ਕਰਨ ਦੀ ਛਬਿ ਬਹੁਤ ਮੋਹਿਤ ਕਰਦੀ ਹੈ।ਪੰਛੀਆਂ ਦੀਆਂ ਚੁੰਜ ਦਾ ਸੰਗੀਤ ਇਕ ਅਲਗ ਨਜ਼ਾਰਾ ਪੇਸ਼ ਕਰਦਾ ਹੈ। ਜੋ ਕੋਈ ਸੰਗੀਤਪ੍ਰੇਮੀ ਹੀ ਸੁਨ ਸਕਤਾ ਹੈ। ਜਿਸ ਨਾਲ ਭੀ ਇਨਸਾਨ ਦਾ ਦਿਲ ਜੁੜ ਜਾਏ ਉਹ ਪੰਛੀ ਹੋਵੇ ਯਾ ਫੁੱਲ ਪੌਦੇ ਯਾ ਕੁਦਰਤ ਕਾ ਕੋਈ ਭੀ ਰੂਪ।ਦਿਲ ਸਬ ਕਿ ਮੁਕ ਭਾਸ਼ਾ ਸਮਝ ਲੇਤਾ ਹੈ।
    ਹਰਦੀਪ ਜੀ ਕੀ ਲੇਖਣੀ ਜੈਸੇ ਕੁਦਰਤ ਕੇ ਰੰਗੀਤ ਚਿੱਤਰ ਉਕੇਰਨੇ ਮੇਂ ਹੀ ਆਨੰਦ ਮਾਨਤੀ ਹੈ। ਔਰ ਦੁਸਰੋਂ ਕੋ ਭੀ ਉਸ ਆਨੰਦ ਮੇਂ ਗੋਤ ਲਗਵਾ ਦਿਤੀ ਹੈ। ਪੜਨੇ ਵਾਲਾ ਭੀ ਆਨੰਦ ਸੇ ਭਰ ਜਾਤਾ ਹੈ।
    ਇਨ ਕੀ ਰਚਨਾ ਕੀ ਵਿਸ਼ੇਸ਼ਤਾ ਤਾਂ ਸ਼ਬਦੋਂ ਕਾ ਚੁਣਾਵ ਹੈ। ਕਹਾਂ ਕੀ ਬਾਤ ਕੈਸੇ ਸਮਝਣੇ ਕੇ ਲੀਯੇ ਕਹਾਂ ਸੇ ਜੋੜ ਦਿਤੀ ਹੈ।ਦੇਖੀਏ ਜ਼ਰਾ - ਧਰਤ ਕੇ ਘੁੱਮਣੇ ਕੀ ਬਾਤ ਮੇਂ ਸੁਤ ਉਣੀਂਦੀ ਕਹਿਣਾ ਬਹੁਤ ਅਧਿਕ ਕਾਮ ਕੇ ਕਾਰਨ ਕਿਸੇ ਕੀ ਨੀਦ ਕਾ ਪੂਰਾ ਨਹੀਂ ਹੋਨਾ ਕਹਿਣਾ ।ਅਨੁਭਵ ਸਿੱਧ ਬਾਤ ਹੈ।


    ReplyDelete
  7. Wah . Kadar Di kudrat da nazara dikha dita . Parh k is tarah laggea k sab kujh hakeekat hai .

    ReplyDelete
  8. ਪ੍ਰਕਿਰਤੀ ਦੀ ਸੁੰਦਰ ਸਿਰਜਣਾ ਦੇ ਨਾਲ ਨਾਲ ਵਿਚਾਰਾਂ ਦੇ ਸੁਮੇਲ ਦਾ ਅਤਿ ਵਧੀਆਂ ਵਰਣਨ।
    -0-
    ਸੁਰਜੀਤ ਸਿੰਘ ਭੁੱਲਰ

    ReplyDelete
  9. अत्ती सुन्दर शब्द ,एक एक शब्द मोती , इतना सुन्दर वर्णन कभी नहीं पड़ा . क्या कहूँ मेरे पास भी इस लेखनी की पर्शंषा के लिए शब्द नहीं हैं . पहली दफा मालूम हुआ कि हायेबन इस को कहते हैं .

    ReplyDelete
    Replies
    1. ਗੁਰਮੇਲ ਅੰਕਲ ਜੀ ਹਾਇਬਨ ਪਸੰਦ ਕਰਨ ਲਈ ਤਹਿ ਦਿਲੋਂ ਧੰਨਵਾਦ। ਕੁਦਰਤ ਨੂੰ ਨੇੜੇ ਹੋ ਕੇ ਜੇ ਵਾਚੀਏ ਤਾਂ ਇਹ ਸੱਚੀਂ ਹੀ ਸੋਹਣੀ ਹੈ। ਬੱਸ ਦੇਖਣ ਵਾਲੀ ਅੱਖ ਚਾਹੀਦੀ ਹੈ , ਸ਼ਬਦ ਤਾਂ ਫੇਰ ਆਪੇ ਕਿਰਦੇ ਰਹਿੰਦੇ ਨੇ ਫੁੱਲਾਂ ਵਾਂਗਰ ਓਸ ਕੁਦਰਤ ਦੇ ਸੁਹੱਪਣ ਨੂੰ ਬਿਆਨਣ ਲਈ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ