ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

22 Oct 2017

ਹਾਣੀ (ਮਿੰਨੀ ਕਹਾਣੀ)

Image result for soul mate
ਅੱਜ ਘਰ ਚੁੱਪ ਹੀ ਨਹੀਂ ਸਗੋਂ ਘੋਰ ਉਦਾਸ ਸੀ। ਉਸ ਦੇ ਘਰ ਦੀਆਂ ਕੰਧਾਂ 'ਤੇ ਉਗਮਦੀਆਂ ਪੀੜਾਂ ਦਾ ਰੁਦਨ ਅੱਜ ਹਟਕੋਰੇ ਲੈਂਦਾ ਥੱਕ ਕੇ ਸਦਾ ਲਈ ਖ਼ਾਮੋਸ਼ ਹੋ ਗਿਆ ਸੀ। ਨਾਨੀ ਤੇ ਦੋਹਤੀ ਨੂੰ ਇੱਕਲਿਆਂ ਛੱਡ ਅੱਜ ਉਹ ਇੱਕ ਰਾਖ ਦੀ ਦੇਰੀ ਬਣ ਗਈ ਸੀ। ਉਸ ਦੀ ਮਾਂ ਦੀ ਪੀੜ ਪਰੁੰਨੀ ਇੱਕ ਮੰਦ ਹੂੰਗ ਨੇ ਚੁੱਪੀ ਤੋੜੀ," ਪਤਾ ਨਹੀਂ ਕਿਉਂ ਉਹ ਨਿੱਤ ਜ਼ਿੰਦਗੀ ਤੇ ਮੌਤ ਵਿਚਲੇ ਫ਼ਾਸਲੇ ਦੀਆਂ ਮਿਣਤੀਆਂ ਕਰਦੀ ਧੁਰ ਦਰਗਾਹ ਦਾ ਰਾਹ ਤੱਕਦੀ ਰਹਿੰਦੀ। ਨਾਲ਼ੇ ਕਹਿੰਦੀ ਮਾਂ ਤੈਨੂੰ ਪਤੈ ਬਈ ਪਹਿਲਾਂ ਮੋਹ ਤੇ ਫੇਰ ਕੁਦਰਤ ਲੋਚਦੇ ਨੇ, ਇਹ ਰਿਸ਼ਤੇ ਕੋਮਲ ਪੌਦਿਆਂ ਵਰਗੇ ਹੁੰਦੇ ਨੇ।ਵਿਛੜੀ ਧੀ ਦਾ ਹੇਰਵਾ ਮਾਂ ਦੀ ਰੂਹ 'ਚ ਉਤਰ ਇੱਕ ਨਾ ਭਰ ਸਕਣ ਵਾਲ਼ਾ ਖ਼ਲਾਅ ਬਣ ਗਿਆ ਸੀ। 
ਉਸ ਦੀਆਂ ਛੇਕੜਲੀਆਂ ਘੜੀਆਂ ਦੀਆਂ ਗੱਲਾਂ ਨੂੰ ਉਸ ਫੇਰ ਛੋਹ ਲਿਆ, " ਚੰਦਰੀ ਨਿੱਤ ਜੰਮਦੀ ਤੇ ਨਿੱਤ ਮਰਦੀ ਰਹੀ ਆ। ਤਨਹਾਈ ਤੇ ਦਰਦ ਨੇ ਤਾਂ ਉਸ ਦਾ ਖਹਿੜਾ ਹੀ ਨਾ ਛੱਡਿਆ। ਬੁੱਝੀਆਂ ਅੱਖਾਂ ਦੇ ਦੁਆਲੇ ਕਾਲ਼ੇ ਧੱਬੇ, ਬੇਜਾਨ ਤਨ, ਨੀਰਸ ਮਨ,ਨਿੱਤ ਨਵਾਂ ਜ਼ਖਮ ਤੇ ਨਿੱਤ ਨਹੀਂ ਪੀੜ। ਬਥੇਰਾ ਘੁਲ਼ੀ ਆਪਣੀ ਖੁਦੀ ਨਾਲ਼ ਤੇ ਨਾਲ਼ੇ ਆਪਣੇ ਰੂਹ ਦੇ ਹਾਣੀ ਨਾਲ ਵੀ ਜਿਸ ਨੂੰ ਉਹ ਸੁਪਨਿਆਂ 'ਚ ਵੀ 'ਵਾਜ਼ਾਂ ਮਾਰਦੀ ਰਹੀ। ਮੰਜੇ ਨਾਲ ਜੁੜੀ ਬੇਹਾਲ ਪਈ ਨੂੰ ਉਹ ਬੇਮਾਅਨੇ ਸਵਾਲਾਂ ਦੇ ਭੰਵਰ 'ਚ ਅਜਨਬੀਆਂ ਵਾਂਗ ਛੱਡ ਗਿਆ। ਉਸ ਤੋਂ ਬਗ਼ੈਰ ਜਿਉਣਾ ਆ ਗਿਆ ਸੀ ਉਸ ਨੂੰ। ਪਰ ਫੇਰ ਵੀ ਪਤਾ ਨਹੀਂ ਉਸ ਨੂੰ ਅੰਦਰੇ- ਅੰਦਰ ਕੀ ਖਾਈ ਗਿਆ? ਬੇਗਾਨਿਆਂ ਵੱਸ ਧੀਆਂ ਪਾ ਕੇ ਮਾਂਵਾਂ ਬੇਵੱਸ ਹੋ ਜਾਂਦੀਆਂ ਨੇ। ਮੇਰੇ ਢਿੱਡ ਦੀ ਆਂਦਰ ਮੇਰੇ ਸਾਹਮਣੇ ਤੁਰਗੀ।"
ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 105 ਵਾਰ ਪੜ੍ਹੀ ਗਈ ਹੈ।

   ਲਿੰਕ 1         

1 comment:

  1. ਬਹੁਤ ਦੁਖ ਭਰੀ ਕਹਾਣੀ ਹੈ . ਮੈਨੂੰ ਲਗਦਾ, ਸਾਰਾ ਦੁਖ ਸਾਡੇ ਦੇਸ਼ ਦੀਆਂ ਧੀਆਂ ਦੇ ਹਿੱਸੇ ਹੀ ਆਇਆ ਹੈ .

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ