ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

26 Oct 2017

ਜ਼ਿੰਦ ਪ੍ਰਾਹੁਣੀ (ਮਿੰਨੀ ਕਹਾਣੀ)

ਉਹ ਘੋਰ ਉਦਾਸੀ 'ਚ ਚੁੱਪ -ਚਾਪ ਬੈਠੀ ਸੀ। ਅੱਜ ਉਸ ਦਾ ਦਿਨ ਘਸਮੈਲ਼ੀਆਂ ਯਾਦਾਂ ਦੀ ਧੁੰਦ ਤੇ ਉਸ ਅਤਿ ਦੀ ਪੀੜਾ 'ਚੋਂ ਲੰਘਿਆ ਸੀ ਜਿਸ ਨੇ ਉਸ ਦੀ ਰੂਹ ਨੂੰ ਵਰ੍ਹਿਆਂ ਤੋਂ ਜਕੜਿਆ ਹੋਇਆ ਸੀ। ਉਹ ਇਧਰ -ਉਧਰ ਨਿਗ੍ਹਾ ਮਾਰਦੀ ਸਮਝੇ ਬਿਨਾਂ ਹੀ ਕੁਝ ਲੱਭ ਰਹੀ ਸੀ। ਉਸ ਨੇ ਉਠ ਕੇ ਪਾਣੀ ਦਾ ਘੁੱਟ ਭਰਿਆ ਜਿਸ ਨਾਲ਼ ਨਾ ਤਾਂ ਉਸ ਦੀ ਪਿਆਸ ਹੀ ਬੁਝੀ ਤੇ ਨਾ ਹੀ ਸੀਨੇ 'ਚ ਵਰ੍ਹਿਆਂ ਤੋਂ ਧੁੱਖਦੀ ਅੱਗ। 
ਉਹ ਬੇਔਲਾਦ ਤਾਂ ਨਹੀਂ ਸੀ ਪਰ ਫੇਰ ਵੀ ਦੋ ਦਿਨਾਂ ਦੀ ਪ੍ਰਾਹੁਣੀ ਓਸ ਮਾਸੂਮ ਜ਼ਿੰਦ ਦੀ ਛੋਹ ਅੱਜ ਉਸ 'ਤੇ ਹਾਵੀ ਸੀ ਜੋ ਕਈ ਦਹਾਕੇ ਪਹਿਲਾਂ ਏਸ ਜਹਾਨ ਤੋਂ ਰੁਖ਼ਸਤ ਹੋ ਗਈ ਸੀ। ਜਣੇਪੇ ਦੀਆਂ ਪੀੜਾਂ ਨੂੰ ਮੁੜ ਫ਼ੇਰ ਹੰਢਾਉਂਦਿਆਂ ਅੱਜ ਉਸ ਅੰਦਰ ਖਿੱਚੋਤਾਣ ਚੱਲ ਰਹੀ ਸੀ,"ਪਤਾ ਨਹੀਂ ਕੇਹੀ ਅਭਾਗੀ ਘੜੀ ਸੀ ਜਦੋਂ ਏਸ ਬੇਦਿਲੇ ਜਿਹੇ ਦੇ ਲੜ ਲੱਗੀ ਸਾਂ ਜੀਹਨੇ  ਇਨ੍ਹਾਂ ਦੁਖਦ ਪਲਾਂ ਨੂੰ ਆਪਣੇ ਚੇਤਿਆਂ 'ਚੋਂ ਬੜੇ ਸੁਖਾਲ਼ਿਆਂ ਹੀ ਵਿਸਾਰ ਦਿੱਤੈ ਜਾਂ ਫੇਰ ਕਦੇ ਚਿਤਵਿਆ ਹੀ ਨਹੀਂ ਹੋਣੈ ।" 
ਸਾਹਮਣੇ ਕੰਧ 'ਤੇ ਟੰਗੀ ਘੜੀ ਦੀ ਟਿੱਕ -ਟਿੱਕ ਉਸ ਦੀ ਬੇਚੈਨੀ ਹੋਰ ਵਧਾ ਰਹੀ ਸੀ।  ਉਸ ਦੇ ਬੁੱਲ ਸੁੱਕ ਰਹੇ ਸਨ ਤੇ ਪਿੰਡੇ 'ਤੇ ਠੰਢੀਆਂ ਝਰਨਾਟਾਂ ਛਿੜ ਰਹੀਆਂ ਸਨ। ਹੁਣ ਜੀਵਨ ਦੀ ਕੁੜੱਤਣ ਉਸ ਦੇ ਮੂੰਹ 'ਚ ਘੁਲ਼ ਗਈ ਸੀ," ਵੇ ਤੂੰ ਕਿਹੋ ਜਿਹਾ ਨਿਰਮੋਹਾ ਬਾਪ ਏਂ  ਜੀਹਨੇ ਆਪਣੇ ਆਪੇ ਦੇ ਅੰਸ਼ ਨਾਲ਼ ਉਸ ਦੇ ਕੁੱਖ ਦੇ ਅਲੋਕਾਰੀ ਸਫ਼ਰ ਦੌਰਾਨ ਕਦੇ ਕੋਈ ਸਾਂਝ ਪਾਈ ਹੀ ਨਹੀਂ। ਵੇ ਚੰਦਰਿਆ ! ਜੇ ਤੂੰ ਮੇਰਾ ਇੱਕ ਹੰਝੂ ਵੀ ਬੋਚ ਲਵੇਂ ਤਾਂ ਓਸ ਵਿਛੜੀ ਰੂਹ ਨੂੰ ਚੈਨ ਆ ਜਾਊ  ਤੇ ਨਾਲ਼ੇ ਮੈਨੂੰ ਵੀ।" ਉਸ ਦੀਆਂ ਝੁਰੜੀਆਂ 'ਚ ਹੰਝੂ ਅਜੇ ਵੀ ਥਰਥਰਾ ਰਹੇ ਸਨ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 730 ਵਾਰ ਪੜ੍ਹੀ ਗਈ ਹੈ।
ਲਿੰਕ 1                    ਲਿੰਕ 2

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ