ਬਜਾਰ ਵਿੱਚ ਇੱਕ ਪਾਸੇ ਇੱਕ ਛੋਟਾ ਜਿਹਾ ਇੱਕਠ ਸੀ। ਉਥੇ ਛੇ -ਸੱਤ ਸਾਲ ਦਾ ਇੱਕ ਛੋਟਾ ਜਿਹਾ ਮੁੰਡਾ ਆਪਣਾ ਖੇਡਾ ਦਿਖਾ ਰਿਹਾ ਸੀ। ਉਸ ਦੇ ਮੈਲੇ ਜਿਹੇ ਕੱਪੜੇ ਸਨ। ਮੂੰਹ 'ਤੇ ਕਾਲੇ ਰੰਗ ਨਾਲ ਮੁੱਛਾਂ ਬਣਾ ਰੱਖੀਅਾਂ ਸਨ। ਕਦੇ ਪੁੱਠੀਆਂ ਛਾਲਾਂ ਲਾਉਂਦਾ ਤੇ ਕਦੇ ਲੋਹੇ ਦੇ ਇੱਕ ਕੜੇ ਵਿੱਚੋਂ ਲੰਘਦਾ ਆਪਣੇ ਛੋਟੇ ਜਿਹੇ ਸਰੀਰ ਨੂੰ ਮੋੜ ਕੇ ਦੂਹਰਾ ਕਰ ਲੈਂਦਾ ਸੀ। ਕੋਲ਼ ਬੈਠੀ ਉਸ ਦੀ ਮਾਂ ਛੇ ਕੁ ਮਹੀਨੇ ਦੇ ਬੱਚੇ ਨੂੰ ਆਪਣੀ ਗੋਦੀ 'ਚ ਪਾਈ ਢੋਲਕੀ ਵਜਾ ਰਹੀ ਸੀ।
ਮਾਂ ਬੜੀ ਅੱਖੜ ਸੁਭਾਅ ਦੀ ਔਰਤ ਲੱਗਦੀ ਸੀ। ਜਦੋਂ ਬੱਚਾ ਕਰਤੱਬ ਪਾਉਂਦਾ ਰੁਕਦਾ ਜਾਂ ਸਹੀ ਢੰਗ ਨਾਲ ਨਹੀਂ ਕਰਦਾ ਸੀ ਤਾਂ ਉਹ ਔਰਤ ਉਸ ਨੂੰ ਝਿੜਕਦੀ। ਅਾਖਰ15-20 ਮਿੰਟ ਤੱਕ ਆਪਣੇ ਕਰਤੱਬ ਦਿਖਾਉਣ ਤੋਂ ਬਾਅਦ ਉਸ ਬੱਚੇ ਨੇ ਇੱਕ ਕੌਲਾ ਚੁੱਕ ਕੇ ਖੇਡਾ ਦੇਖ ਰਹੇ ਲੋਕਾਂ ਤੋਂ ਮੰਗਣਾ ਸ਼ੁਰੂ ਕਰ ਦਿੱਤਾ। ਕੁਝ ਲੋਕਾਂ ਨੇ ਪੈਸੇ ਦਿੱਤੇ ਤੇ ਕੁਝ ਨੇ ਨਾ ਦਿੱਤੇ। ਉਹ ਬੱਚਾ ਕੋਲ ਦੀ ਲੰਘ ਰਹੇ ਹੋਰ ਬੱਚਿਆਂ ਵੱਲ ਨੀਝ ਨਾਲ ਦੇਖਣ ਲੱਗ ਪਿਆ ਤੇ ਮੰਗਣਾ ਭੁੱਲ ਗਿਆ। ਦੂਸਰੇ ਬੱਚਿਆਂ ਦੇ ਪਾਏ ਸੋਹਣੇ ਕੱਪੜੇ ਦੇਖਦਾ ਮੁਸਕਰਾ ਪਿਆ। ਸ਼ਾਇਦ ਬੱਚਾ ਆਪਣੇ ਤੇ ਦੂਸਰੇ ਬੱਚੇ ਦੇ ਪਾਏ ਕੱਪੜਿਆਂ ਬਾਰੇ ਆਪਣੇ ਕੋਮਲ ਮਨ 'ਚ ਸੋਚ ਰਿਹਾ ਹੋਣਾ ਹੈ। ਪਰ ਰੱਬ ਦੀ ਲਿਖੀ ਕਿਸਮਤ ਬਾਰੇ ਨਹੀਂ ਕਿ ਉਹ ਦੋਵੇਂ ਬੱਚੇ ਆਪਣੇ ਮਾਂ ਬਾਪ ਲਈ ਸਭ ਕੁਝ ਹਨ। ਅਮੀਰ ਮਾਂ- ਪਿਉ ਲਈ ਤੇ ਗਰੀਬ ਮਾਂ -ਪਿਉ ਲਈ ਵੀ। ਫਰਕ ਐਨਾ ਹੈ ਅਮੀਰ ਮਾਂ ਬਾਪ ਬੱਚੇ ਲਈ ਕਮਾਉਂਦੇ ਹਨ ਤੇ ਗਰੀਬ ਮਾਂ ਬਾਪ ਲਈ ਬੱਚਾ ਕਮਾਉਂਦਾ।
ਸਤਨਾਮ ਸਿੰਘ ਮਾਨ
ਗਰੀਬ ਬੱਚੇ ਦੀਆਂ ਹਸਰਤਾਂ ਤੇ ਅਮੀਰੀ ਗਰੀਬੀ ਦੇ ਫਰਕ ਨੂੰ ਦਰਸਾਉਂਦੀ ਕਹਾਣੀ ਹਰ ਇੱਕ ਨੂੰ ਸੋਚਣ ਲਈ ਜ਼ਰੂਰ ਟੁੰਬੇਗੀ।
ReplyDelete