ਰਾਤ ਅੱਧੀ ਤੋਂ ਜ਼ਿਆਦਾ ਬੀਤ ਚੁੱਕੀ ਸੀ। ਅੱਜ ਫੇਰ ਦਿਨ ਭਰ ਮਨ ਦੀ ਬੇਚੈਨੀ ਤਰਲ ਹੋ ਵਹਿੰਦੀ ਰਹੀ ਤੇ ਹੁਣ ਤੱਕ ਵਹਿ ਰਹੀ ਸੀ। ਨੀਂਦ ਨਾਲ਼ ਬੋਝਲ ਅੱਖਾਂ 'ਚ ਉਪਰਾਮਤਾ ਅਜੇ ਵੀ ਭਾਰੂ ਸੀ।
" ਪੁੱਤ ਕੀ ਹੋਇਆ? ਐਂ ਚਿੱਤ ਹੌਲ਼ਾ ਕਿਉਂ ਕਰਦੀ ਐਂ? ਚੱਲ ਬੱਸ ਮੇਰੀ ਬੀਬੀ ਧੀ। ਮੈਂ ਤੈਨੂੰ ਏਥੇ ਰਹਿਣ ਈ ਨੀ ਦੇਣਾ। ਚੱਲ ਤੁਰ ਮੇਰੇ ਨਾਲ਼। " ਬੇਬੇ ਤੋਂ ਉਸ ਦੀ ਉਦਾਸੀ ਸਹਾਰ ਨਾ ਹੋਈ।
" ਹਾਂ ਬੇਬੇ ਬਹੁਤ ਹੋ ਗਿਆ। ਮੈਂ ਵੀ ਹੁਣ ਏਥੇ ਨੀ ਰਹਿਣਾ। "
" ਚੱਲ ਫੇਰ ਤੁਰ। "
ਬੇਬੇ ਹੁਣ ਮੱਲੋਮੱਲੀ ਉਸ ਨੂੰ ਆਪਣੇ ਨਾਲ਼ ਲੈ ਜਾਣ ਲਈ ਕਾਹਲ਼ੀ ਸੀ। ਪਰ ਉਹ ਅਜੇ ਵੀ ਦੁਚਿੱਤੀ 'ਚ ਸੀ। ਨਿੱਕੇ ਨਿਆਣਿਆਂ ਦਾ ਕੀ ਬਣੂ ? ਐਨੇ ਨੂੰ ਨਿੱਕੜੀ ਨੇ ਚੀਕ ਮਾਰੀ ਤੇ ਉਸ ਦੀ ਨੀਂਦ ਖੁੱਲ੍ਹ ਗਈ। ਸਿਆਲਾਂ ਦੀ ਰਾਤ ਨੂੰ ਵੀ ਉਹ ਮੁੜਕੇ ਨਾਲ਼ ਭਿੱਜੀ ਪਈ ਸੀ। ਉਸ ਨੇ ਕੋਲ਼ ਪਏ ਨਿੱਕੂ ਨੂੰ ਟੋਹਿਆ ਤੇ ਘੁੱਟ ਕੇ ਨਿੱਕੜੀ ਨੂੰ ਆਪਣੀ ਹਿੱਕ ਨਾਲ਼ ਲਾਇਆ।
" ਹਾਏ !ਹਾਏ ! ਐ ਮੈਂ ਕੀ ਕਰਨ ਚੱਲੀ ਸੀ? ਮੈਂ ਤਾਂ ਬੇਬੇ ਨਾਲ ਸੱਚੀਂ ਹੀ ਤੁਰ ਚੱਲੀ ਸੀ। ਮੈਨੂੰ ਤਾਂ ਮੇਰੀ ਲਾਡੋ ਨੇ ਬਚਾ ਲਿਆ।"
ਹੁਣ ਉਹ ਆਪਣੀ ਉਮਰ ਦੇ ਪੰਜ ਦਹਾਕੇ ਵਿਹਾ ਚੁੱਕੀ ਹੈ। ਉਸ ਨੂੰ ਅਜੇ ਵੀ ਇਹੋ ਲੱਗਦੈ ਕਿ ਓਸ ਡਰਾਉਣੀ ਰਾਤ ਨੂੰ ਬੇਬੇ ਦੀ ਰੂਹ ਉਸ ਨੂੰ ਲੈਣ ਆਈ ਸੀ। "ਵਿਛੜੀਆਂ ਰੂਹਾਂ ਦੇ ਨਾਲ਼ ਨਹੀਂ ਜਾਈਦਾ", ਨਿੱਕੀ ਹੁੰਦੀ ਨੂੰ ਮਾਂ ਨੇ ਜੋ ਕਿਹਾ ਸੀ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 130 ਵਾਰ ਪੜ੍ਹੀ ਗਈ ਹੈ।
ਬਹੁਤ ਮਾਰਮਿਕ ਕਹਾਣੀ , ਪਤਾ ਨਹੀਂ ਇਹ ਸਭ ਸਾਡੀਆਂ ਮਾਵਾਂ ਧੀਆਂ ਨਾਲ ਕਿਓਂ ਹੁੰਦਾ . ਕਹਿੰਦੇ ਹਨ ਕੀ ਸੰਯੁਕਤ ਪਰੀਵਾਰ ਵਿਚ ਰਹਿਣਾ ਬਹੁਤ ਚੰਗਾ ਹੁੰਦਾ ਲੇਕਿਨ ਔਰਤ ਦੀਆਂ ਤਕਲੀਫਾਂ ਅਤੇ ਉਸ ਨਾਲ ਹੁੰਦੇ ਧੱਕੇ ਵਾਰੇ ਸਾਰੇ ਖਾਮੋਸ਼ ਹੋ ਜਾਂਦੇ ਹਨ.
ReplyDelete