ਬੇਬੇ ਅੱਧ ਮੀਚੀਆਂ ਜਿਹੀਆਂ ਅੱਖਾਂ ਨਾਲ਼ ਬਾਣ ਦੇ ਮੰਜੇ 'ਤੇ ਪਈ ਧੁੱਪ ਸੇਕ ਰਹੀ ਸੀ ।ਵਿਹੜੇ ਵਿੱਚ 'ਕੱਲਾ ਖੜ੍ਹਾ ਰੁੱਖ ਠੰਡੀ ਰੁਮਕਦੀ ਪੌਣ ਨਾਲ਼ ਕਿਸੇ ਅਲੌਕਿਕ ਮਸਤੀ 'ਚ ਝੂਮਦਾ ਪ੍ਰਤੀਤ ਹੋ ਰਿਹਾ ਸੀ।ਟਹਿਣੀਆਂ ਤੇ ਪੱਤਿਆਂ 'ਚੋਂ ਪੁਣ-ਪੁਣ ਕੇ ਆ ਰਹੀ ਧੁੱਪ ਵਿਹੜੇ 'ਚ ਫੈਲ ਰਹੀ ਸੀ। ਕੋਲ਼ ਹੀ ਭੁੰਜੇ ਦਰੀ ਵਿਛਾਈ ਬੈਠੀ ਆਪਣੀ ਪੜਦੋਹਤੀ ਦੇ ਗੰਭੀਰ ਪਰ ਸ਼ਾਂਤ ਚਿਹਰੇ ਨੂੰ ਬੇਬੇ ਨਿਹਾਰ ਰਹੀ ਸੀ ਜੋ ਉਸ ਵਕਤ ਸਵੈ –ਕੇਂਦ੍ਰਿਤ ਹੋਈ ਆਪਣਾ ਸਕੂਲ ਦਾ ਕੰਮ ਕਰ ਰਹੀ ਸੀ।ਹਲਕੀ ਜਿਹੀ ਪੀਲ਼ੀ ਭਾਅ ਮਾਰਦੇ ਉਸ ਕਾਗਜ਼ 'ਤੇ ਇੱਕ ਵਿਲੱਖਣ ਜਿਹੇ ਅੰਦਾਜ਼ ਨਾਲ਼ ਨਿਰੰਤਰ ਚੱਲ਼ ਰਹੀ ਉਸ ਦੀ ਪੈਨਸਿਲ ਦੀ ਨੋਕ ਬੇਬੇ ਦਾ ਧਿਆਨ ਖਿੱਚ ਰਹੀ ਸੀ।ਹੁਣ ਬੇਬੇ ਮੰਜੇ 'ਤੇ ਅੰਤਰ-ਮੁਗਧ ਹੋਈ ਉਸ ਕਾਗਜ਼ 'ਤੇ ਵਾਹੀਆਂ ਲਕੀਰਾਂ ਨੂੰ ਅਪਲਕ ਨਿਹਾਰ ਸੀ । ਦਰੀ 'ਤੇ ਖਿਲਰੀਆਂ ਅੱਧ ਖੁੱਲ੍ਹੀਆਂ ਕਿਤਾਬਾਂ ਨਿੱਕੜੀ ਦੇ ਪੁੰਗਰਦੇ ਬੋਧ ਤੋਂ ਗਿਆਨ ਤੱਕ ਦੇ ਸਫ਼ਰ ਦੀ ਹਾਮੀ ਭਰ ਰਹੀਆਂ ਸਨ।ਨਿੱਕੜੀ ਆਪਣੇ ਕਾਗਜ਼ 'ਤੇ ਨਿਰੰਤਰ ਕੁਝ ਵਾਹੀ ਜਾ ਰਹੀ ਸੀ ਤੇ ਕਦੇ-ਕਦੇ ਨਾਲ਼ ਬੈਠੀ ਆਪਣੀ ਸਹੇਲੀ ਦੇ ਕਾਗਜ਼ ਨੂੰ ਵੀ ਵੇਖ ਲੈਂਦੀ।ਅਚਾਨਕ ਇੱਕ ਤੇਜ਼ ਹਵਾ ਦੇ ਬੁੱਲੇ ਨੇ ਕਾਗਜ਼ਾਂ ਨੂੰ ਵਿਹੜੇ 'ਚ ਉਡਦੀਆਂ ਘੁੱਗੀਆਂ ਦੀ ਡਾਰ ਵਾਂਗੂ ਦੂਰ ਤੱਕ ਖਿਲਾਰ ਦਿੱਤਾ ਸੀ।
"ਕੁੜੇ ਤੇਰੇ ਕਾਗਤ, ਤੇਰੇ ਨਕਸ਼ੇ, ਭਾਰਤੀ ਨਕਸ਼ੇ ਵਾਲ਼ੇ ਕਾਗਤ ਉੱਡਗੇ।" ਬੇਬੇ ਨੇ ਹਵਾ ਨਾਲ਼ ਖਿਲਰਦੇ ਵਰਕਿਆਂ ਵੱਲ਼ ਇਸ਼ਾਰਾ ਕਰਦਿਆਂ ਕਿਹਾ।ਕਾਹਲ਼ੀ-ਕਾਹਲ਼ੀ ਵਰਕੇ ਸਮੇਟਦੀਆਂ ਕੁੜੀਆਂ ਦੀ ਘੁਸਰ-ਮੁਸਰ ਬੇਬੇ ਨੂੰ ਸੁਣ ਗਈ ਸੀ, " ਤੇਰੀ ਪੜਨਾਨੀ ਨੂੰ ਕਿਵੇਂ ਪਤੈ ਬਈ ਨਕਸ਼ਾ ਕੀ ਹੁੰਦੈ ?" ਸਹੇਲੀ ਦੇ ਬੋਲਾਂ ਨੇ ਨਿੱਕੜੀ ਨੂੰ ਅਚੰਭਿਤ ਕਰ ਦਿੱਤਾ ਸੀ।ਸਹੇਲੀ ਨੂੰ ਇੱਕ ਸੀਮਿਤ ਜਿਹਾ ਜਵਾਬ 'ਹਾਂ' ਕਹਿ ਕੇ ਉਹ ਮਨ ਹੀ ਮਨ ਆਪਣੀ ਉਲਝਣ ਨੂੰ ਸੁਲਝਾਉਣ ਲੱਗੀ।
ਸੁਪ੍ਰੀਤ ਕੌਰ ਸੰਧੂ
( ਐਮ. ਬੀ. ਬੀ. ਐਸ. -ਪਹਿਲਾ ਸਾਲ )
ਅਨੁਵਾਦ - ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 515 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 515 ਵਾਰ ਪੜ੍ਹੀ ਗਈ ਹੈ।
ਸੰਦਰ
ReplyDeletegreat ਲਿਖਤ
ReplyDelete